“ਗਰਮੀਆਂ ਦਾ ਸਮਾਂ ਸਾਡੇ ਹੱਥੋਂ ਨਿਕਲ਼ ਰਿਹਾ ਹੈ! ਇਹੀ ਸਮਾਂ ਹੁੰਦਾ ਜਦੋਂ [ਸਭ ਤੋਂ ਵੱਧ] ਮਿੱਟੀ ਦੇ ਘੜੇ ਸਭ ਤੋਂ ਜ਼ਿਆਦਾ ਵਿਕਦੇ ਹਨ ਪਰ ਹੁਣ ਅਸੀਂ ਬਹੁਤਾ ਕੁਝ ਵੇਚਣ ਦੇ ਯੋਗ ਨਹੀਂ ਰਹਿ ਗਏ,”ਰੇਖਾ ਕੁੰਭਕਰ ਨੇ ਕਿਹਾ ਜੋ ਆਪਣੇ ਘਰ ਦੇ ਬਾਹਰ ਉਸ ਘੜੇ ਨੂੰ ਰੰਗ ਰਹੀ ਹਨ ਜੋ ਅਜੇ ਤੰਦੂਰ ਦੀ ਅੱਗ ਵਿੱਚ ਪਕਾਇਆ ਜਾਣਾ ਹੈ।ਤਾਲਾਬੰਦੀ ਦੌਰਾਨ, ਉਹ ਆਪਣੇ ਘਰ ਦੇ ਅੰਦਰ ਰਹਿ ਕੇ ਹੀ ਘੜੇ ਬਣਾਉਂਦੀ ਰਹੀ, ਬੱਸ ਕਦੇ-ਕਦਾਈਂ ਘਰੋਂ ਬਾਹਰ ਨਿਕਲ਼ਦੀ।
ਲਾਲ ਮਿੱਟੀ ਦੇ ਘੜੇ ਜੋ ਆਮ ਤੌਰ 'ਤੇ ਮਾਰਚ ਤੋਂ ਮਈ ਤੱਕ ਬਜ਼ਾਰ ਵਿੱਚ ਵਿਕ ਜਾਇਆ ਕਰਦੇ, ਇਸ ਵਾਰ ਉਹੀ ਘੜੇ ਇਸ ਘੁਮਿਆਰ ਬਸਤੀ ਦੇ ਹਰ ਘਰ ਦੇ ਬਾਹਰ ਥਾਂ-ਥਾਂ ਫੈਲੇ ਹੋਏ ਹਨ ਉਹੀ ਬਸਤੀ ਜੋ ਛੱਤੀਸਗੜ੍ਹ ਦੇ ਧਮਤਰੀ ਕਸਬੇ ਵਿੱਚ ਪੈਂਦੀ ਹੈ। ਰੇਖਾ ਨੇ ਕਿਹਾ,"ਜਿਵੇਂ ਬਾਜ਼ਾਰ ਵਿੱਚ ਸਬਜ਼ੀ ਵੇਚਣ ਵਾਲ਼ਿਆਂ ਨੂੰ ਸਵੇਰੇ 7 ਵਜੇ ਤੋਂ 12 ਵਜੇ ਤੱਕ ਸਬਜ਼ੀ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ, ਸਾਨੂੰ ਵੀ ਘੜੇ ਵੇਚਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਸਾਡੀ ਮੁਸੀਬਤ ਦਾ ਕੋਈ ਪਾਰ ਹੀ ਨਹੀਂ ਰਹਿਣਾ।"
ਉਦੋਂ ਹੀ, ਭੁਵਨੇਸ਼ਵਰੀ ਕੁੰਭਕਰ ਆਪਣੇ ਸਿਰ 'ਤੇ ਖ਼ਾਲੀ ਛਿੱਕੂ ਟਿਕਾਈ ਕੁਮਹਾਰਪਾੜਾ ਵਾਪਸ ਮੁੜ ਆ ਗਈ। ਉਨ੍ਹਾਂ ਨੇ ਕਿਹਾ,“ਮੈਂ ਸਵੇਰੇ ਹੀ ਮਿੱਟੀ ਦੇ ਘੜੇ ਵੇਚਣ ਲਈ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਨਿਕਲ਼ ਗਈ।ਅੱਠ ਘੜੇ ਤਾਂ ਵਿਕ ਗਏ ਅਤੇ ਹੁਣ ਮੈਂ ਹੋਰ ਅੱਠ ਘੜੇ ਲੈ ਕੇ ਦੁਬਾਰਾ ਗਲ਼ੀਓ-ਗਲ਼ੀਏ ਜਾ ਰਹੀ ਹਾਂ।ਪਰ ਮੈਨੂੰ ਜਲਦੀ ਵਾਪਸ ਆਉਣਾ ਪਏਗਾ ਕਿਉਂਕਿ ਦੁਪਹਿਰੋਂ ਬਾਅਦ ਤਾਲਾਬੰਦੀ ਸ਼ੁਰੂ ਹੋ ਜਾਣੀ ਹੈ।ਸਾਨੂੰ ਮੰਡੀ ਜਾਣ ਦੀ ਇਜਾਜ਼ਤ ਨਹੀਂ ਹੈ, ਸੋ ਅਸੀਂ ਬਹੁਤਾ ਮਾਲ਼ ਵੇਚਣ ਵਿੱਚ ਅਸਮਰੱਥ ਹਾਂ। ਸਰਕਾਰ ਵੱਲੋਂ ਦਿੱਤੇ ਗਏ ਚੌਲ਼ ਅਤੇ 500ਰੁਪਏ ਨਾਲ਼ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲ ਸਕਦਾ ਹੈ?"
ਕੁਮਹਾਰ ਓਬੀਸੀ ਭਾਈਚਾਰੇ ਨਾਲ਼ ਸਬੰਧ ਰੱਖਣ ਵਾਲ਼ੇ ਕੁਮਹਾਰਪਾੜਾ ਦੇ ਇਹ ਪਰਿਵਾਰ ਵੱਡਾ ਘੜਾ 50-70 ਰੁਪਏ ਵਿੱਚ ਵੇਚਦੇ ਹਨ। ਮਾਰਚ ਤੋਂ ਮਈ ਮਹੀਨਿਆਂ ਦੌਰਾਨ ਹਰੇਕ ਪਰਿਵਾਰ 200 ਤੋਂ 700 ਦੇ ਵਿਚਕਾਰ ਘੜੇ ਬਣਾਉਂਦਾ ਹੈ ਜੋ ਕਿ ਵਿਕਰੀ ਦਾ ਸਰਵੋਤਮ ਸਮਾਂ ਹੁੰਦਾ ਹੈ ਜਦੋਂ ਲੋਕ ਪਾਣੀ ਨੂੰ ਠੰਡਾ ਰੱਖਣ ਲਈ ਇਹ ਘੜੇ ਖਰੀਦਦੇ ਹਨ। ਬਣਾਏ ਜਾਣ ਵਾਲ਼ੇ ਘੜਿਆਂ ਦੀ ਗਿਣਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਪਰਿਵਾਰ ਦੇ ਕਿੰਨੇ ਜੀਅ ਘੜੇ ਬਣਾਉਣ ਦੇ ਇਸ ਕੰਮ ਵਿੱਚ ਸ਼ਾਮਲ ਹੁੰਦੇ ਹਨ।ਆਮ ਮੌਕਿਆਂ ‘ਤੇ ਘੁਮਿਆਰ ਤਿਉਹਾਰਾਂ ਲਈ ਛੋਟੀਆਂ ਮੂਰਤੀਆਂ, ਦੀਵਾਲ਼ੀ ਲਈ ਦੀਵੇ, ਵਿਆਹ ਦੀਆਂ ਰਸਮਾਂ ਲਈ ਛੋਟੇ ਘੜੇ, ਕੁੱਜੇ ਅਤੇ ਹੋਰ ਚੀਜ਼ਾਂ ਬਣਾਉਂਦੇ ਹਨ।
ਮਾਨਸੂਨ ਦੌਰਾਨ ਉਨ੍ਹਾਂ ਦਾ ਕੰਮ ਅੱਧ ਜੂਨ ਤੋਂ ਸਤੰਬਰ ਦੇ ਅਖ਼ੀਰ ਤੱਕ ਰੁਕਿਆ ਰਹਿੰਦਾ ਹੈ, ਉਸ ਵੇਲ਼ੇ ਗਿੱਲੀ ਮਿੱਟੀ ਛੇਤੀ ਨਹੀਂ ਸੁੱਕਦੀ ਅਤੇ ਹਵਾ ਵਿੱਚ ਵੱਧ ਨਮੀਂ ਹੋਣ ਕਾਰਨ ਘਰੋਂ ਬਾਹਰ ਕੰਮ ਕਰਨਾ ਸੰਭਵ ਨਹੀਂ ਹੁੰਦਾ।ਇਹਨਾਂ ਮਹੀਨਿਆਂ ਦੌਰਾਨ ਕੁਝ ਘੁਮਿਆਰ (ਪਰਿਵਾਰਾਂ ਵਿੱਚੋਂ ਕਿਸੇ ਕੋਲ਼ ਵੀ ਆਪਣਾ ਖੇਤ ਨਹੀਂ) ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਭਾਲ਼ਦੇ ਹਨ ਜਿੱਥੇ ਉਨ੍ਹਾਂ ਨੂੰ 150-200 ਰੁਪਏ ਦਿਹਾੜੀ ਮਿਲ਼ਦੀ ਹੈ।
ਛੱਤੀਸਗੜ੍ਹ ਵਿੱਚ ਜਨਤਕ ਵੰਡ ਪ੍ਰਣਾਲੀ (ਪੀਡੀਐਸ) 'ਤੇ, ਹਰ ਵਿਅਕਤੀ ਇੱਕ ਮਹੀਨੇ ਵਿੱਚ 7 ਕਿਲੋ ਚੌਲ਼ ਪਾਉਣ ਦਾ ਹੱਕਦਾਰ ਹੈ। ਲੌਕਡਾਊਨ ਦੇ ਸ਼ੁਰੂਆਤੀ ਪੜਾਅ ਦੌਰਾਨ, ਪਰਿਵਾਰ ਇੱਕ ਲਾਟ ਵਿੱਚ ਵਾਧੂ 5 ਕਿਲੋ ਅਤੇ ਦੋ ਮਹੀਨਿਆਂ ਦਾ ਅਨਾਜ ਲੈ ਸਕਦੇ ਸਨ - ਭੁਵਨੇਸ਼ਵਰੀ ਦੇ ਪਰਿਵਾਰ ਨੂੰ ਮਾਰਚ ਦੇ ਅੰਤ ਵਿੱਚ (ਦੋ ਮਹੀਨਿਆਂ ਲਈ) 70 ਕਿਲੋ ਚੌਲ਼ ਅਤੇ ਫਿਰ ਮਈ ਵਿੱਚ 35 ਕਿਲੋ ਚੌਲ਼ ਮਿਲ਼ੇ। ਕੁਮਹਾਰਪਾੜਾ ਦੇ ਵਸਨੀਕਾਂ ਨੂੰ ਵੀ ਮਾਰਚ ਤੋਂ ਮਈ ਤੱਕ ਹਰ ਮਹੀਨੇ ਪ੍ਰਤੀ ਪਰਿਵਾਰ 500 ਰੁਪਏ ਵੀ ਪ੍ਰਾਪਤ ਹੋਏ। “ਪਰ ਅਸੀਂ 500 ਰੁਪਏ ਨਾਲ਼ ਕਰ ਵੀ ਕੀ ਸਕਦੇ ਹਾਂ?" ਭੁਵਨੇਸ਼ਵਰੀ ਨੇ ਪੁੱਛਿਆ।“ਇਸੇ ਲਈ ਮੈਂ ਆਪਣੇ ਘਰ ਦੇ ਖ਼ਰਚੇ ਚਲਾਉਣ ਲਈ ਗਲੀਆਂ ਵਿੱਚ ਘੜੇ ਵੇਚਣ ਲਈ ਮਜਬੂਰ ਹਾਂ।”
“ਮੈਂ ਦੇਰ ਨਾਲ਼ ਕੰਮ ਸ਼ੁਰੂ ਕੀਤਾ ਹੈ [ਸਾਡੇ ਮਿਲਣ ਤੋਂ ਇੱਕ ਦਿਨ ਪਹਿਲਾਂ],” ਸੂਰਜ ਕੁੰਭਕਰ ਨੇ ਕਿਹਾ, “ਕਿਉਂਕਿ ਮੇਰੀ ਪਤਨੀ ਅਸ਼ਵਨੀ ਦਾ ਧਮਤਰੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਓਪਰੇਸ਼ਨ (ਹਿਸਟਰੇਕਟੋਮੀ/ਬੱਚੇਦਾਨੀ ਕੱਢਣ ਦਾ) ਹੋ ਰਿਹਾ ਸੀ, ਜਿਸ ਵਾਸਤੇ ਕਰਜ਼ੇ ਦੀ ਲੋੜ ਪੈ ਗਈ। ਇਹ ਸਾਡਾ ਪਰਿਵਾਰਕ ਕਿੱਤਾ ਹੈ ਅਤੇ ਇਸ ਕੰਮ ਵਿੱਚ ਸਾਨੂੰ ਇੱਕ ਤੋਂ ਵੱਧ ਹੱਥਾਂ ਦੀ ਮਦਦ ਦੀ ਲੋੜ ਰਹਿੰਦੀ ਹੈ।” ਸੂਰਜ ਅਤੇ ਅਸ਼ਵਨੀ ਦੇ ਦੋ ਬੇਟੇ ਅਤੇ ਦੋ ਧੀਆਂ ਹਨ, ਜਿਨ੍ਹਾਂ ਦੀ ਉਮਰ 10 ਤੋਂ 16 ਸਾਲ ਦੇ ਵਿਚਕਾਰ ਹੈ। “ਲਾਕਡਾਊਨ ਕਾਰਨ ਸਾਡਾ ਕੰਮ ਬੰਦ ਹੋ ਗਿਆ। ਦੀਵਾਲ਼ੀ ਤੋਂ ਬਾਅਦ ਮੌਸਮ ਖ਼ਰਾਬ [ਰੁੱਕ-ਰੁੱਕ ਕੇ ਬਾਰਿਸ਼] ਹੋਣ ਕਾਰਨ, ਘੜੇ ਬਣਾਉਣੇ ਪਹਿਲਾਂ ਹੀ ਮੁਸ਼ਕਲ ਹੋ ਰਹੇ ਸਨ, ਉੱਤੋਂ ਹਰ ਦੁਪਹਿਰੇ ਪੁਲਿਸ ਵਾਲ਼ੇ ਆ ਜਾਂਦੇ ਹਨ ਅਤੇ ਸਾਨੂੰ ਬਾਹਰ ਕੰਮ ਕਰਨ ਤੋਂ ਰੋਕ ਦਿੰਦੇ ਹਨ। ਸਾਡੀ ਰੋਜ਼ੀ-ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ,” ਸੂਰਜ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ।
ਜਦੋਂ ਅਸੀਂ ਉਨ੍ਹਾਂ ਨੂੰ ਮਿਲੇ ਤਾਂ ਸੂਰਜ ਵੱਡੇ ਦੀਵੇ ਬਣਾ ਰਹੇ ਸਨ। ਦੀਵਾਲੀ ਦੌਰਾਨ ਹਰੇਕ ਵੱਡਾ ਦੀਵਾ 30-40 ਰੁਪਏ ਵਿੱਚ ਵਿਕਦਾ ਹੈ।ਅਕਾਰ ਦੇ ਹਿਸਾਬ ਨਾਲ਼ ਛੋਟੇ ਦੀਵਿਆਂ ਦੀ ਕੀਮਤ ਵੱਖੋਂ ਵੱਖ ਹੁੰਦੀ ਹੈ ਜਿਵੇਂ 1 ਰੁਪਏ ਤੋਂ ਲੈ ਕੇ 20 ਰੁਪਏ ਤੱਕ। ਪਰਿਵਾਰ ਦੁਰਗਾ ਪੂਜਾ, ਗਣੇਸ਼ ਚਤੁਰਥੀ ਅਤੇ ਹੋਰ ਤਿਉਹਾਰਾਂ ਲਈ ਮਿੱਟੀ ਦੀਆਂ ਮੂਰਤੀਆਂ ਵੀ ਬਣਾਉਂਦਾ ਹੈ।
ਸੂਰਜ ਦਾ ਅੰਦਾਜ਼ਾ ਹੈ ਕਿ ਕੁਮਹਾਰਪਾੜਾ ਦੇ 120 ਪਰਿਵਾਰਾਂ ਵਿੱਚੋਂ, ਲਗਭਗ 90 ਅਜੇ ਵੀ ਘੜੇ ਅਤੇ ਹੋਰ ਚੀਜ਼ਾਂ ਬਣਾ ਕੇ ਜੀਵਨ ਬਸਰ ਕਰਦੇ ਹਨ, ਜਦੋਂਕਿ ਬਾਕੀ ਖੇਤ ਮਜ਼ਦੂਰੀ, ਸਰਕਾਰੀ ਨੌਕਰੀਆਂ ਜਾਂ ਰੋਜ਼ੀ-ਰੋਟੀ ਦੇ ਹੋਰਨਾਂ ਵਸੀਲਿਆਂ ਵੱਲ ਚਲੇ ਗਏ ਹਨ।
ਅਪ੍ਰੈਲ ਦੇ ਅੰਤ ਵਿੱਚ, ਅਸੀਂ ਪੁਰਾਣੀ ਮੰਡੀ ਦਾ ਵੀ ਦੌਰਾ ਕੀਤਾ ਜਿੱਥੇ ਧਮਤਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਅਸਥਾਈ ਤੌਰ 'ਤੇ ਸਬਜ਼ੀ ਮੰਡੀ ਲਗਾਈ ਜਾ ਰਹੀ ਸੀ। ਅਸੀਂ ਕੁਝ ਘੁਮਿਆਰਾਂ ਨੂੰ ਮਿੱਟੀ ਦੇ ਖਿਡੌਣੇ (ਜ਼ਿਆਦਾਤਰ ਲਾੜੀ ਅਤੇ ਲਾੜੀ ਦੇ ਜੋੜੇ) ਅਤੇ ਕੁਝ ਘੜੇ ਵੇਚਦੇ ਦੇਖ ਕੇ ਖੁਸ਼ੀ ਮਹਿਸੂਸ ਕੀਤੀ। ਤਾਲਾਬੰਦੀ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ, ਘੁਮਿਆਰਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਸੀ, ਸਿਰਫ ਸਬਜ਼ੀਆਂ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਵੇਚਣ ਦੀ ਆਗਿਆ ਸੀ।
ਇਹ ਸਮਾਂ ਅਕਸ਼ੈ ਤ੍ਰਿਤੀਆ ਦਾ ਸੀ, ਜਿਸਨੂੰ ਹਿੰਦੂ ਕੈਲੰਡਰ ਵਿੱਚ ਇੱਕ ਸ਼ੁਭ ਦਿਨ ਮੰਨਿਆ ਜਾਂਦਾ ਹੈ, ਇਹੀ ਸਮਾਂ ਹੁੰਦਾ ਹੈ ਜਦੋਂ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਿਸਾਨ ਖੇਤੀ ਸ਼ੁਰੂ ਕਰਦੇ ਹਨ ਅਤੇ ਜਦੋਂ ਛੱਤੀਸਗੜ੍ਹ ਵਿੱਚ ਬਹੁਤ ਸਾਰੇ ਲਾੜੇ-ਲਾੜੀ ਦੀਆਂ ਮੂਰਤੀਆਂ (ਪੁਤਰਾ ਅਤੇ ਪੁਤਰੀ) ਦਾ ਵਿਆਹ ਕਰਕੇ ਰਵਾਇਤੀ ਰਸਮ ਮਨਾਉਂਦੇ ਹਨ। "ਮੇਰੇ ਕੋਲ਼ 400 ਜੋੜੇ ਹਨ, ਪਰ ਹੁਣ ਤੱਕ ਸਿਰਫ 50 ਹੀ ਵਿਕੇ ਹਨ," ਪੂਰਬ ਕੁੰਭਕਰ ਨੇ ਕਿਹਾ, ਜੋ ਹਰੇਕ ਜੋੜੇ ਨੂੰ 40 ਜਾਂ 50 ਰੁਪਏ ਵਿੱਚ ਵੇਚਦਾ ਹੈ।“ਪਿਛਲੇ ਸਾਲ, ਇਸ ਸਮੇਂ ਤੱਕ, ਮੈਂ 15,000 ਰੁਪਏ ਦੀਆਂ ਮੂਰਤਾਂ ਵੇਚ ਲਈਆਂ ਸਨ ਪਰ ਇਸ ਸਾਲ ਹੁਣ ਤੱਕ ਸਿਰਫ਼ 2,000 ਰੁਪਏ ਦੀ ਹੀ ਵਿਕਰੀ ਹੋਈ ਹੈ। ਦੇਖਦੇ ਹਾਂ ਬਾਕੀ ਬਚੇ ਦੋ ਦਿਨਾਂ (ਤਿਓਹਾਰ ਦਾ ਬਚਿਆ ਸਮਾਂ) ਵਿੱਚ ਕੀ ਹੁੰਦਾ... । ਜਨਾਬ, ਤਾਲਾਬੰਦੀ ਕਾਰਨ ਸਾਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।''
ਕੁਮਹਾਰਪਾੜਾ ਦੇ ਜ਼ਿਆਦਾਤਰ ਪਰਿਵਾਰਾਂ ਦੇ ਬੱਚੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਹਨ - ਇਸਦਾ ਮਤਲਬ ਹੋਇਆ ਫੀਸਾਂ, ਕਿਤਾਬਾਂ, ਵਰਦੀਆਂ ਵਰਗੇ ਖ਼ਰਚਿਆਂ ਦਾ ਆਉਂਦੇ ਰਹਿਣਾ। ਪੂਰੇ ਸਾਲ ਵਿੱਚ ਗਰਮੀਆਂ ਦਾ ਮੌਸਮ ਹੀ ਅਜਿਹਾ ਸਮਾਂ ਹੁੰਦਾ ਹੈ ਜਦੋਂ ਘੁਮਿਆਰ ਕੁਝ ਵਾਧੂ ਪੈਸੇ ਕਮਾ ਸਕਦਾ ਹੁੰਦਾ ਹੈ।
ਪੂਰਬ ਨੇ ਅੱਗੇ ਕਿਹਾ, “ਪਰ ਕੁਝ ਦਿਨਾਂ ਤੋਂ ਮੀਂਹ ਪੈਣ ਕਾਰਨ ਘੜੇ ਵੀ ਨਹੀਂ ਵਿਕ ਰਹੇ। ਗਰਮੀਆਂ ਵਿੱਚ ਜਦੋਂ ਮੌਸਮ ਗਰਮ ਹੁੰਦਾ ਹੈ ਤਾਂ ਲੋਕਾਂ ਨੂੰ ਮਿੱਟੀ ਦੇ ਘੜਿਆਂ ਦੀ ਲੋੜ ਹੁੰਦੀ ਹੈ। ਪਰ ਮੌਸਮ ਅਤੇ ਤਾਲਾਬੰਦੀ ਦੋਵਾਂ ਨੇ ਰਲ਼ ਕੇ ਸਾਡੀ ਜ਼ਿੰਦਗੀ ਨੂੰ ਅਯਾਬ ਬਣਾ ਦਿੱਤਾ ਹੈ।”
ਮਈ ਦੇ ਅੱਧ ਤੱਕ, ਛੱਤੀਸਗੜ੍ਹ ਵਿੱਚ ਲਾਕਡਾਊਨ ਦੀਆਂ ਪਾਬੰਦੀਆਂ ਵਿੱਚ ਹੌਲ਼ੀ-ਹੌਲ਼ੀ ਢਿੱਲ ਦਿੱਤੀ ਜਾਣ ਲੱਗੀ ਜਿਸ ਕਾਰਨ ਘੁਮਿਆਰ ਹੁਣ ਆਪਣਾ ਮਾਲ਼ ਵੇਚਣ ਲਈ ਬਜ਼ਾਰ ਜਾ ਸਕਦੇ ਸਨ ਅਤੇ ਇੰਨਾ ਹੀ ਨਹੀਂ ਹੁਣ ਉਹ ਧਮਤਰੀ ਵਿਖੇ ਲੱਗਦੇ ਐਤਵਾਰ ਦੇ ਵੱਡੇ ਬਾਜ਼ਾਰ (ਇਤਵਾਰੀ ਬਾਜ਼ਾਰ) ਵਿੱਚ ਵੀ ਜਾ ਸਕਦੇ ਸਨ। ਨਿਯਮਤ ਬਾਜ਼ਾਰ ਹੁਣ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਦੇ ਹਨ। ਪਰ ਮਈ ਦੇ ਇਸ ਅੱਧ ਤੱਕ, ਗਰਮੀ ਦੇ ਨਾਲ਼ ਹੀ ਘੁਮਿਆਰਾਂ ਦੀ ਵਿਕਰੀ ਦਾ ਸਰਵੋਤਮ ਸਮਾਂ ਹੱਥੋਂ ਨਿਕਲ਼ ਗਿਆ ਸੀ ਅਤੇ ਇਹ ਘਾਟਾ ਰਹਿੰਦੇ ਸਾਲ ਦੇ ਨਾਲ਼ ਉਨ੍ਹਾਂ ਨੂੰ ਕੋਹ-ਕੋਹ ਮਾਰੇਗਾ।
ਤਰਜਮਾ: ਰਸ਼ਮੀ ਸ਼ਰਮਾ