ਐਤਵਾਰ ਸਵੇਰੇ 10:30 ਵਜੇ ਦਾ ਸਮਾਂ ਹੈ। ਹਨੀ (ਬਦਲਿਆ ਨਾਮ) ਕੰਮ ਲਈ ਤਿਆਰ ਹੋ ਰਹੀ ਹਨ। ਡ੍ਰੈਸਿੰਗ ਟੇਬਲ ਦੇ ਸਾਹਮਣੇ ਖੜ੍ਹੀ ਹੋ ਕੇ, ਉਹ ਸੁਰਖ ਲਿਪਸਟਿਕ ਲਗਾਉਂਦੀ ਹਨ। ''ਇਹ ਮੇਰੇ ਸੂਟ ਨਾਲ਼ ਮੇਲ਼ ਖਾਵੇਗੀ,'' ਆਪਣੀ ਸੱਤ ਸਾਲਾ ਧੀ ਨੂੰ ਖੁਆਉਣ ਲਈ ਭੱਜਦਿਆਂ ਜਾਂਦਿਆਂ ਉਹ ਕਹਿੰਦੀ ਹਨ। ਡ੍ਰੈਸਿੰਗ ਟੇਬਲ 'ਤੇ ਕੁਝ ਮਾਸਕ ਅਤੇ ਇੱਕ ਜੋੜਾ ਏਅਰਫੋਨ ਦਾ ਲਮਕ ਰਿਹਾ ਹੈ। ਕਾਸਮੈਟਿਕ ਅਤੇ ਮੇਕਅਪ ਦਾ ਸਮਾਨ ਟੇਬਲ 'ਤੇ ਖਿਲਰਿਆ ਪਿਆ ਹੈ, ਜਦੋਂਕਿ ਸ਼ੀਸ਼ੇ ਵਿੱਚੋਂ ਦੀ ਕਮਰੇ ਦੇ ਇੱਕ ਖੂੰਝੇ ਵਿੱਚ ਦੇਵੀ-ਦੇਵਤਿਆਂ ਅਤੇ ਰਿਸ਼ਤੇਦਾਰਾਂ ਦੀ ਤਸਵੀਰਾਂ ਲਮਕਦੀਆਂ ਦਿੱਸ ਰਹੀਆਂ ਹਨ।
ਹਨੀ ਨਵੀਂ ਦਿੱਲੀ ਦੇ ਮੰਗੋਲਪੁਰੀ ਇਲਾਕੇ ਦੀ ਇੱਕ ਬਸਤੀ ਵਿਖੇ ਸਥਿਤ ਆਪਣੇ ਇੱਕ ਕਮਰੇ ਦੇ ਘਰ ਤੋਂ ਕਰੀਬ 7-8 ਕਿਲੋਮੀਟਰ ਦੂਰ, ਹੋਟਲ ਵਿੱਚ ਮੌਜੂਦ ਇੱਕ ਗ੍ਰਾਹਕ ਕੋਲ਼ ਜਾਣ ਲਈ ਤਿਆਰ ਹੋ ਰਹੀ ਹਨ। ਉਹ ਕਰੀਬ 32 ਸਾਲਾਂ ਦੀ ਹਨ ਅਤੇ ਪੇਸ਼ੇ ਵਜੋਂ ਸੈਕਸ-ਵਰਕਰ ਹਨ, ਜੋ ਰਾਜਧਾਨੀ ਦੇ ਨਾਂਗਲੋਈ ਜਾਟ ਇਲਾਕੇ ਵਿੱਚ ਕੰਮ ਕਰਦੀ ਹਨ। ਉਹ ਮੂਲ਼ ਰੂਪ ਨਾਲ਼ ਗ੍ਰਾਮੀਣ ਹਰਿਆਣਾ ਦੀ ਰਹਿਣ ਵਾਲ਼ੀ ਹਨ। ''ਮੈਂ 10 ਸਾਲ ਪਹਿਲਾਂ ਦਿੱਲੀ ਆਈ ਸਾਂ ਅਤੇ ਹੁਣ ਇੱਥੋਂ ਦੀ ਹੋ ਕੇ ਰਹਿ ਗਈ ਹਾਂ। ਪਰ ਦਿੱਲੀ ਆਉਣ ਤੋਂ ਬਾਅਦ ਮੇਰੇ ਜੀਵਨ ਵਿੱਚ ਇੱਕ ਬਾਅਦ ਇੱਕ ਬਦਨਸੀਬੀ ਆਉਂਦੀ ਰਹੀ।''
ਕਿਹੋ ਜਿਹੀ ਬਦਨਸੀਬੀ?
''ਚਾਰ ਵਾਰ ਗਰਭਪਾਤ ਹੋਣਾ ਤੋ ਬਹੁਤ ਬੜੀ ਬਾਤ ਹੈ ! ਮੇਰੇ ਲਈ ਤਾਂ ਹੋਰ ਜ਼ਿਆਦਾ ਵੱਡੀ ਗੱਲ ਸੀ ਜਦੋਂ ਨਾ ਮੈਨੂੰ ਕੋਈ ਖਾਣਾ ਖੁਆਉਣ ਵਾਲ਼ਾ ਸੀ, ਨਾ ਹੀ ਕੋਈ ਦੇਖਭਾਲ਼ ਕਰਨ ਵਾਲ਼ਾ ਅਤੇ ਨਾ ਹੀ ਕੋਈ ਮੈਨੂੰ ਹਸਪਤਾਲ ਲਿਜਾਣ ਵਾਲ਼ਾ ਸੀ,'' ਹਨੀ ਨੇ ਨਕਲ਼ੀ ਜਿਹੇ ਹਾਸੇ ਰਾਹੀਂ ਇਹ ਸੰਕੇਤ ਦਿੱਤਾ ਕਿ ਉਹ ਇੱਕ ਲੰਬਾ ਸਫ਼ਰ ਤੈਅ ਕਰ ਚੁੱਕੀ ਹਨ।
''ਇਹੀ ਇੱਕ ਕਾਰਨ ਸੀ ਕਿ ਮੈਨੂੰ ਇਸ ਕੰਮ ਨੂੰ ਅਪਣਾਉਣਾ ਪਿਆ। ਮੇਰੇ ਕੋਲ਼ ਖਾਣ ਅਤੇ ਆਪਣੇ ਬੱਚੇ ਨੂੰ ਖੁਆਉਣ ਲਈ ਪੈਸੇ ਨਹੀਂ ਸਨ ਜੋ ਕਿ ਅਜੇ ਵੀ ਮੇਰੇ ਅੰਦਰ ਸੀ। ਮੈਂ ਪੰਜਵੀਂ ਵਾਰ ਗਰਭਧਾਰਨ ਕੀਤਾ ਸੀ। ਜਦੋਂ ਮੈਂ ਸਿਰਫ਼ ਦੋ ਮਹੀਨੇ ਦੀ ਗਰਭਵਤੀ ਸਾਂ ਤਾਂ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ। ਮੇਰੀ ਬੀਮਾਰੀ ਤੋਂ ਫਿਰ ਉਤਪੰਨ ਘਟਨਾਵਾਂ ਦੀ ਐਸੀ ਕੜੀ ਸ਼ੁਰੂ ਹੋਈ ਕਿ ਪੁੱਛੋ ਨਾ ਪਹਿਲਾਂ ਮੇਰੇ ਬਾਸ ਨੇ ਮੈਨੂੰ ਕੰਮ ਤੋਂ ਕੱਢ ਦਿੱਤਾ ਜਿਸ ਫ਼ੈਕਟਰੀ ਵਿੱਚ ਮੈਂ ਕੰਮ ਕਰਦੀ ਸਾਂ ਉਹ ਪਲਾਸਟਿਕ ਦੇ ਡੱਬੇ ਬਣਾਉਂਦੀ ਸੀ। ਮੈਨੂੰ ਮਹੀਨੇ ਦੇ 10,000 ਰੁਪਏ ਮਿਲ਼ਿਆ ਕਰਦੇ ਸਨ,'' ਉਹ ਕਹਿੰਦੀ ਹਨ।
ਹਨੀ ਦੇ ਮਾਤਾ-ਪਿਤਾ ਨੇ ਹਰਿਆਣਾ ਵਿੱਚ 16 ਸਾਲ ਦੀ ਉਮਰੇ ਉਨ੍ਹਾਂ ਦੀ ਵਿਆਹ ਕਰ ਦਿੱਤਾ ਸੀ। ਉਹ ਅਤੇ ਉਨ੍ਹਾਂ ਦੇ ਪਤੀ ਕੁਝ ਸਾਲ ਉੱਥੇ ਹੀ ਰਹੇ- ਜਿੱਥੇ ਉਹ ਬਤੌਰ ਇੱਕ ਟਰੱਕ ਡਰਾਈਵਰ ਕੰਮ ਕਰਦੇ ਸਨ। ਜਦੋਂ ਉਹ ਕਰੀਬ 22 ਸਾਲ ਦੀ ਹੋਈ ਤਾਂ ਦੋਵੇਂ ਦਿੱਲੀ ਚਲੇ ਗਏ। ਪਰ ਹਨੀ ਦਾ ਸ਼ਰਾਬੀ ਪਤੀ ਅਕਸਰ ਘਰੋਂ ਗਾਇਬ ਰਹਿਣ ਲੱਗਿਆ। ''ਉਹ ਮਹੀਨਿਆਂ ਵਾਸਤੇ ਕਿਤੇ ਚਲਿਆ ਜਾਂਦਾ। ਕਿੱਥੇ? ਮੈਂ ਨਹੀਂ ਜਾਣਦੀ। ਉਹ ਹੁਣ ਵੀ ਇੰਝ ਹੀ ਕਰਦਾ ਹੈ ਅਤੇ ਕਦੇ ਦਿਲ ਦੀ ਗੱਲ ਨਹੀਂ ਦੱਸਦਾ। ਬੱਸ ਹੋਰਨਾਂ ਔਰਤਾਂ ਨਾਲ਼ ਕਿਤੇ ਚਲਾ ਜਾਂਦਾ ਹੈ ਅਤੇ ਜਦੋਂ ਪੈਸੇ ਮੁੱਕ ਜਾਂਦੇ ਹਨ, ਮੁੜ ਆਉਂਦਾ ਹੈ। ਇਹ ਇੱਕ ਫੂਡ ਸਰਵਿਸ ਡਿਲਵਰੀ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਜ਼ਿਆਦਾਤਰ ਖ਼ੁਦ 'ਤੇ ਪੈਸਾ ਖਰਚਾ ਕਰਦਾ ਰਹਿੰਦਾ ਹੈ। ਮੇਰੇ ਬਾਰ-ਬਾਰ ਗਰਭਪਾਤ ਹੋਣ ਦਾ ਕਾਰਨ ਵੀ ਇਹੀ ਸੀ। ਉਹ ਮੇਰੇ ਲਈ ਨਾ ਤਾਂ ਲਾਜ਼ਮੀ ਦਵਾਈਆਂ ਲਿਆਉਂਦਾ ਤੇ ਨਾ ਹੀ ਪੌਸ਼ਟਿਕ ਭੋਜਨ ਹੀ। ਮੈਂ ਬੜੀ ਕਮਜ਼ੋਰੀ ਮਹਿਸੂਸ ਕਰਦੀ ਸਾਂ,'' ਉਹ ਕਹਿੰਦੀ ਹਨ।
ਹੁਣ ਹਨੀ, ਆਪਣੀ ਧੀ ਦੇ ਨਾ਼ਲ਼ ਮੰਗੋਲਪੁਰੀ ਵਿੱਚ ਆਪਣੇ ਘਰ ਵਿੱਚ ਰਹਿੰਦੀ ਹਨ, ਜਿਹਦਾ ਉਹ 3,500 ਰੁਪਏ ਮਹੀਨਾ ਕਿਰਾਇਆ ਦਿੰਦੀ ਹਨ। ਉਨ੍ਹਾਂ ਦਾ ਪਤੀ ਵੀ ਨਾਲ਼ ਹੀ ਰਹਿੰਦਾ ਹੈ ਪਰ ਕੁਝ ਮਹੀਨਿਆਂ ਬਾਅਦ ਦੋਬਾਰਾ ਗਾਇਬ ਹੋ ਜਾਂਦਾ ਹੈ। ''ਮੈਂ ਆਪਣੀ ਨੌਕਰੀ ਖੁੱਸਣ ਤੋਂ ਬਾਅਦ ਕੁਝ ਮਹੀਨੇ ਜਿਊਣ ਦੀ ਕੋਸ਼ਿਸ਼ ਕੀਤੀ, ਪਰ ਇੰਝ ਹੋ ਨਹੀਂ ਸਕਿਆ। ਫਿਰ ਗੀਤਾ ਦੀਦੀ ਨੇ ਮੈਨੂੰ ਦੇਹ-ਵਪਾਰ ਦੇ ਇਸ ਕੰਮ ਬਾਰੇ ਦੱਸਿਆ ਅਤੇ ਮੈਨੂੰ ਪਹਿਲਾ ਗਾਹਕ ਦਵਾਇਆ। ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਮੈਂ ਪਹਿਲਾਂ ਹੀ ਪੰਜ ਮਹੀਨਿਆਂ ਦੀ ਗਰਭਵਤੀ ਸਾਂ ਅਤੇ 25 ਸਾਲਾਂ ਦੀ ਸਾਂ,'' ਉਹ ਦੱਸਦੀ ਹਨ। ਹਨੀ ਸਾਡੇ ਨਾਲ਼ ਗੱਲ ਕਰਦੀ ਕਰਦੀ ਆਪਣੀ ਬੱਚੀ ਨੂੰ ਖਾਣਾ ਖੁਆਉਂਦੀ ਰਹੀ। ਉਨ੍ਹਾਂ ਦੀ ਧੀ ਇੱਕ ਨਿੱਜੀ ਸਕੂਲ ਵਿੱਚ 2 ਜਮਾਤ ਵਿੱਚ ਪੜ੍ਹਦੀ ਹਨ, ਜਿਨ੍ਹਾਂ ਦੀ ਮਹੀਨੇ ਦੀ 600 ਰੁਪਏ ਫ਼ੀਸ ਹੈ। ਤਾਲਾਬੰਦੀ ਦੌਰਾਨ, ਬੱਚੀ ਨੇ ਹਨੀ ਦੇ ਫ਼ੌਨ 'ਤੇ ਹੀ ਆਪਣੀਆਂ ਆਨਲਾਈਨ ਕਲਾਸਾਂ ਲਗਾਈਆਂ। ਇਹੀ ਉਹ ਫ਼ੋਨ ਹੈ ਜਿਸ 'ਤੇ ਗਾਹਕ ਹਨੀ ਨਾਲ਼ ਸੰਪਰਕ ਕਰਦੇ ਹਨ।
''ਸੈਕਸ ਵਰਕਰ ਰਹਿੰਦਿਆਂ ਮੈਂ ਇੰਨਾ ਪੈਸਾ ਤਾਂ ਕਮਾਉਣ ਲੱਗੀ ਕਿ ਘਰ ਦਾ ਕਿਰਾਇਆ ਫਲ ਅਤੇ ਦਵਾਈਆਂ ਖ਼ਰੀਦਣ ਲੱਗੀ। ਮੈਂ ਸ਼ੁਰੂਆਤੀ ਦੌਰ ਵਿੱਚ ਇੱਕ ਮਹੀਨੇ ਵਿੱਚ 50,000 ਰੁਪਏ ਤੱਕ ਕਮਾਏ। ਉਦੋਂ ਮੈਂ ਜਵਾਨ ਸਾਂ ਅਤੇ ਖ਼ੂਬਸੂਰਤ ਵੀ। ਹੁਣ ਮੈਂ ਮੋਟੀ ਹੋ ਗਈ ਹਾਂ,'' ਠਹਾਕਾ ਲਾ ਕੇ ਹਨੀ ਕਹਿੰਦੀ ਹਨ। ''ਮੈਂ ਸੋਚਿਆ ਸੀ ਕਿ ਬੱਚੇ ਦੇ ਜੰਮਣ ਤੋਂ ਬਾਅਦ ਇਹ ਕੰਮ ਛੱਡ ਦਿਆਂਗੀ ਅਤੇ ਕੋਈ ਚੰਗਾ ਕੰਮ ਕਰ ਲਵਾਂਗੀ, ਭਾਵੇਂ ਮੈਨੂੰ
ਕਾਮਵਾਲੀ
(ਘਰੇਲੂ ਨੌਕਰਾਣੀ) ਹੀ ਕਿਉਂ ਨਾ ਬਣਨਾ ਪਵੇ। ਪਰ ਮੇਰੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
''ਮੈਂ ਆਪਣੀ ਗਰਭਅਵਸਥਾ ਦੌਰਾਨ ਵੀ ਕਮਾਉਣ ਲਈ ਕਾਫ਼ੀ ਉਤਸੁਕ ਸਾਂ ਕਿਉਂਕਿ ਮੈਂ ਪੰਜਵੀਂ ਵਾਰ
ਗਰਭਪਾਤ ਨਹੀਂ ਚਾਹੁੰਦੀ ਸਾਂ। ਮੈਂ ਆਪਣੇ ਆਉਣ ਵਾਲ਼ੇ ਬੱਚਿਆਂ ਨੂੰ ਬੇਹਤਰੀਨ ਦਵਾਈ ਅਤੇ ਆਲ੍ਹਾ
ਦਰਜ਼ੇ ਦਾ ਪੋਸ਼ਣ ਦੇਣਾ ਚਾਹੁੰਦੀ ਸਾਂ, ਇਸਲਈ ਮੈਂ ਪੂਰੇ ਦਿਨੀਂ ਬੈਠੀ ਹੋਣ ਦੇ ਬਾਵਜੂਦ ਗਾਹਕਾਂ
ਨੂੰ ਪ੍ਰਵਾਨ ਕੀਤਾ। ਇਹ ਕਾਫ਼ੀ ਪੀੜ੍ਹਾਦਾਇਕ ਰਹਿੰਦਾ ਸੀ ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।
ਮੈਨੂੰ ਭੋਰਾ ਵੀ ਇਲਮ ਨਹੀਂ ਸੀ ਕਿ ਮੇਰੀ ਇਸ ਡਿਲਵਰੀ ਵੇਲੇ ਇੰਨੀਆਂ ਪੇਚਦਗੀਆਂ ਪੈਦਾ ਹੋ
ਜਾਣਗੀਆਂ,'' ਹਨੀ ਕਹਿੰਦੀ ਹਨ।
''ਗਰਭਅਵਸਥਾ ਦੇ ਅਖੀਰਲੇ ਤਿੰਨ ਮਹੀਨਿਆਂ ਵਿੱਚ ਯੌਨ ਸਬੰਧ ਸਥਾਪਤ ਕਰਨੇ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ,'' ਲਖਨਊ ਦੀ ਇੱਕ ਜਨਾਨਾ-ਰੋਗ ਮਾਹਰ, ਡਾਕਟਰ ਨੀਲਮ ਸਿੰਘ ਨੇ ਪਾਰੀ ਨੂੰ ਦੱਸਿਆ। ''ਉਨ੍ਹਾਂ ਦੀ ਝਿੱਲੀ ਫਟ ਸਕਦੀ ਹੈ ਅਤੇ ਉਹ ਯੌਨ ਸੰਚਾਰਤ ਰੋਗ (ਐੱਸਟੀਡੀ) ਤੋਂ ਪੀੜਤ ਹੋ ਸਕਦੀ ਹਨ। ਜੇਕਰ ਗਰਭਅਵਸਥਾ ਦੇ ਸ਼ੁਰੂਆਤੀ ਦਿਨੀਂ ਅਕਸਰ ਸੰਭੋਗ ਹੁੰਦਾ ਰਹੇ ਤਾਂ ਉਨ੍ਹਾਂ ਦਾ ਗਰਭਪਾਤ ਵੀ ਹੋ ਸਕਦਾ ਹੈ। ਸੈਕਸ-ਵਰਕਰ ਦੇ ਰੂਪ ਵਿੱਚ ਕੰਮ ਕਰਨ ਵਾਲ਼ੀਆਂ ਬਹੁਤੇਰੀਆਂ ਔਰਤਾਂ ਗਰਭਧਾਰਨ ਤੋਂ ਬਚਦੀਆਂ ਹਨ। ਪਰ ਗਰਭਵਤੀ ਹੋਣ 'ਤੇ ਵੀ ਜੇਕਰ ਉਹ ਕੰਮ ਕਰਨਾ ਜਾਰੀ ਰੱਖਦੀਆਂ ਹਨ ਤਾਂ ਕਦੇ-ਕਦੇ ਦੇਰੀ ਨਾਲ਼ ਗਰਭਪਾਤ ਹੋ ਸਕਦਾ ਹੈ ਜੋ ਇੰਨਾ ਅਸੁਰੱਖਿਅਤ ਰਹਿੰਦਾ ਹੈ ਕਿ ਉਨ੍ਹਾਂ ਦੀ ਪ੍ਰਜਨਨ ਸਿਹਤ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।''
ਹਨੀ ਦੱਸਦੀ ਹਨ ਕਿ ''ਬਰਦਾਸ਼ਤ ਤੋਂ ਬਾਹਰ ਖ਼ੁਰਕ ਅਤੇ ਪੀੜ੍ਹ ਤੋਂ ਬਾਅਦ ਇੱਕ ਵਾਰ ਜਦੋਂ ਮੈਂ ਸੋਨੋਗ੍ਰਾਫ਼ੀ ਲਈ ਗਈ ਤਾਂ ਮੈਨੂੰ ਪਤਾ ਚੱਲਿਆ ਕਿ ਮੇਰੇ ਪੱਟਾਂ, ਢਿੱਡ ਦੇ ਹੇਠਲੇ ਹਿੱਸੇ 'ਤੇ ਕੋਈ ਅਸਧਾਰਣ ਐਲਰਜੀ ਅਤੇ ਯੋਨੀ-ਸੋਜਸ਼ ਸੀ। ਮੈਨੂੰ ਜਿੰਨੀ ਪੀੜ੍ਹ ਹੋ ਰਹੀ ਸੀ ਅਤੇ ਇਸ ਸਭ ਦਾ ਇਲਾਜ ਕਰਾਉਣ ਵਿੱਚ ਜਿੰਨਾ ਪੈਸਾ ਖ਼ਰਚ ਹੋਣ ਵਾਲ਼ਾ ਸੀ, ਉਹਦੇ ਬਾਰੇ ਸੋਚ ਕੇ ਮੈਂ ਖ਼ੁਦ ਨੂੰ ਮਾਰ ਹੀ ਸੁੱਟਣਾ ਚਾਹੁੰਦੀ ਸਾਂ।'' ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਯੌਨ ਸੰਚਾਰਤ ਰੋਗ ਹੈ। ''ਪਰ ਫਿਰ, ਮੇਰੇ ਗਾਹਕਾਂ ਵਿੱਚੋਂ ਹੀ ਕਿਸੇ ਇੱਕ ਨੇ ਮੈਨੂੰ ਭਾਵਨਾਤਮਕ ਅਤੇ ਮਾਇਕ ਸਹਾਇਤਾ ਪ੍ਰਦਾਨ ਕੀਤੀ। ਮੈਂ ਡਾਕਟਰ ਨੂੰ ਕਦੇ ਆਪਣੇ ਪੇਸ਼ੇ ਬਾਰੇ ਨਹੀਂ ਦੱਸਿਆ। ਉਸ ਰਾਹੀਂ ਸਮੱਸਿਆ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਜੇ ਮੇਰੇ ਪਤੀ ਨਾਲ਼ ਮਿਲ਼ਣ ਦੀ ਗੱਲ ਕੀਤੀ ਹੁੰਦੀ ਤਾਂ ਮੈਂ ਆਪਣੇ ਇੱਕ ਗਾਹਕ ਨੂੰ ਉਨ੍ਹਾਂ ਦੇ ਕੋਲ਼ ਲੈ ਜਾਂਦੀ।
''ਉਸ ਆਦਮੀ ਦਾ ਧੰਨਵਾਦ ਕਿ ਮੈਂ ਅਤੇ ਮੇਰੀ ਧੀ ਅੱਜ ਠੀਕ ਠਾਕ ਹਾਂ। ਉਹਨੇ ਮੇਰੇ ਇਲਾਜ ਦੌਰਾਨ ਕਰੀਬ ਅੱਧਾ ਬਿੱਲ ਅਦਾ ਕੀਤਾ। ਉਦੋਂ ਮੈਂ ਫ਼ੈਸਲਾ ਲਿਆ ਕਿ ਮੈਂ ਇਸ ਕੰਮ ਨੂੰ ਜਾਰੀ ਰੱਖ ਸਕਦੀ ਹਾਂ,'' ਹਨੀ ਕਹਿੰਦੀ ਹਨ।
''ਕਈ ਸੰਗਠਨ ਉਨ੍ਹਾਂ ਨੂੰ ਕੰਡੋਮ ਦੇ ਇਸਤੇਮਾਲ ਦੇ ਮਹੱਤਵ ਬਾਰੇ ਦੱਸਦੇ ਹਨ,'' ਨੈਸ਼ਨਲ ਨੈਟਵਰਕ ਆਫ਼ ਸੈਕਸ ਵਰਕਰਸ (NNSW) ਦੀ ਕੋਆਰਡੀਨੇਟਰ, ਕਿਰਨ ਦੇਸ਼ਮੁਖ ਕਹਿੰਦੀ ਹਨ। ''ਹਾਲਾਂਕਿ, ਸੈਕਸ-ਵਰਕਰ ਔਰਤਾਂ ਅੰਦਰ ਆਪੋਂ ਗਰਭਪਾਤ ਹੋਣਾ ਕੁਦਰਤੀ ਗਰਭਪਾਤ ਹੋਣ ਜਾਣ ਦੇ ਮੁਕਾਬਲੇ ਕਿਤੇ ਆਮ ਹੈ। ਪਰ ਆਮ ਤੌਰ 'ਤੇ, ਉਹ ਜਦੋਂ ਸਰਕਾਰੀ ਹਸਪਤਾਲ ਜਾਂਦੀ ਹਨ ਤਾਂ ਉੱਥੋਂ ਦੇ ਡਾਕਟਰ ਉਨ੍ਹਾਂ ਦੇ ਪੇਸ਼ੇ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਦੀ ਅਣਦੇਖੀ ਕਰਦੇ ਹਨ।''
ਡਾਕਟਰਾਂ ਨੂੰ ਇਹ ਸਭ ਕਿਵੇਂ ਪਤਾ ਚੱਲਦਾ ਹੈ?
''ਉਹ ਜਨਾਨਾ-ਰੋਗ ਮਾਹਰ ਹਨ,'' ਦੇਸ਼ਮੁਖ ਦੱਸਦੀ ਹਨ, ਜੋ ਮਹਾਰਾਸ਼ਟਰ ਦੇ ਸਾਂਗਲੀ ਸਥਿਤ ਵੈਸ਼ਯਾ ਅਨਿਆ ਮੁਕਤੀ ਪਰਿਸ਼ਦ (VAMP) ਦੀ ਪ੍ਰਧਾਨ ਹਨ। ''ਇੱਕ ਵਾਰ ਉਨ੍ਹਾਂ ਦਾ ਪਤਾ ਪੁੱਛਣ ਅਤੇ ਮਹਿਲਾਵਾਂ ਦੇ ਇੱਕ ਖ਼ਾਸ ਇਲਾਕੇ ਤੋਂ ਆਉਣ ਕਰਕੇ ਉਹ ਸਮਝ ਜਾਂਦੇ ਹਨ। ਮਹਿਲਾਵਾਂ ਨੂੰ ਤਰੀਕਾਂ (ਗਰਭਪਾਤ ਕਰਾਉਣ ਦੀਆਂ) ਦਿੱਤੀਆਂ ਜਾਂਦੀਆਂ ਹਨ ਜੋ ਅਕਸਰ ਮੁਲਤਵੀ ਹੋ ਜਾਂਦੀਆਂ ਹਨ ਅਤੇ ਕਈ ਵਾਰੀ ਤਾਂ ਡਾਕਟਰ ਅਖ਼ੀਰ ਇਹ ਕਹਿੰਦਿਆਂ ਗਰਭਪਾਤ ਕਰਨ ਦੀ ਸੰਭਾਵਨਾ ਨੂੰ ਰੱਦ ਕਰਦੇ ਹਨ: 'ਤੁਸਾਂ (ਗਰਭਅਵਸਥਾ) ਚਾਰ ਮਹੀਨੇ ਪੂਰੇ ਕਰ ਲਏ ਹਨ ਅਤੇ ਹੁਣ ਗਰਭਪਾਤ ਕਰਨਾ ਗ਼ੈਰ-ਕਨੂੰਨੀ ਹੋਵੇਗਾ'।''
ਕਾਫ਼ੀ ਸਾਰੀਆਂ ਔਰਤਾਂ ਸਰਕਾਰੀ ਹਸਪਤਾਲਾਂ ਵਿੱਚ ਕਿਸੇ ਵੀ ਕਿਸਮ ਦੀ ਇਲਾਜ ਸਹਾਇਤਾ ਲੈਣ ਤੋਂ ਬਚਦੀਆਂ ਹਨ। ਤਸਕਰੀ ਅਤੇ ਐੱਚਆਈਵੀ/ਏਡਜ਼ ਪ੍ਰੋਜੈਕਟ 'ਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ 2007 ਦੀ ਇੱਕ ਰਿਪੋਰਟ ਮੁਤਾਬਕ, ਕਰੀਬ ''50 ਫੀਸਦ ਸੈਕਸ-ਵਰਕਰਾਂ (ਨੌ ਰਾਜਾਂ ਵਿੱਚ ਹੋਏ ਸਰਵੇਖਣ ਦੇ ਅਧਾਰ 'ਤੇ) ਨੇ ਜਨਤਕ ਸਿਹਤ ਕੇਂਦਰਾਂ ਵਿਖੇ ਪ੍ਰਸਵ-ਪੂਰਵ ਦੇਖਭਾਲ਼ ਅਤੇ ਸੰਸਥਾਗਤ ਪ੍ਰਸਵ ਜਿਹੀਆਂ ਸੇਵਾਵਾਂ ਲੈਣ ਤੋਂ ਮਨ੍ਹਾ ਕੀਤਾ।'' ਇਹਦਾ ਕਾਰਨ ਸ਼ਾਇਦ ਪ੍ਰਸਵ ਤੋਂ ਬਾਅਦ ਹੋਣ ਵਾਲ਼ੀ ਬਦਨਾਮੀ, ਸਲੂਕ ਅਤੇ ਤਾਗੀਦਗੀ ਦਾ ਖ਼ਦਸ਼ਾ ਹੈ।
''ਇਸ ਪੇਸ਼ੇ ਦਾ ਪ੍ਰਜਨਨ ਸਿਹਤ ਨਾਲ਼ ਸਿੱਧਾ ਸਬੰਧ ਹੈ,'' ਅਜੀਤ ਸਿੰਘ ਕਹਿੰਦੇ ਹਨ। ਉਹ ਵਾਰਾਣਸੀ ਸਥਿਤ ਗੁੜੀਆ ਸੰਸਥਾ ਦੇ ਮੋਢੀ ਅਤੇ ਨਿਰਦੇਸ਼ਕ ਹਨ। ਉਨ੍ਹਾਂ ਦੀ ਸੰਸਥਾ 25 ਸਾਲਾਂ ਤੋਂ ਵੱਧ ਸਮੇਂ ਤੋਂ ਸੈਕਸ ਤਸਕਰੀ ਦੇ ਖ਼ਿਲਾਫ਼ ਲੜਾਈ ਲੜ ਰਹੀ ਹੈ। ਦਿੱਲੀ ਦੇ ਜੀਬੀ ਰੋਡ ਇਲਾਕੇ ਵਿੱਚ ਔਰਤਾਂ ਦੀ ਮਦਦ ਕਰਨ ਵਾਲ਼ੇ ਸੰਗਠਨਾਂ ਦੇ ਨਾਲ਼ ਰਲ਼ ਕੇ ਕੰਮ ਕਰ ਚੁੱਕੇ, ਅਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਜ਼ਰਬੇ ਵਿੱਚ ''ਸੈਕਸ ਵਰਕਰ ਔਰਤਾਂ ਵਿੱਚੋਂ 75-80 ਫੀਸਦ ਹਿੱਸੇ ਨੂੰ ਪ੍ਰਜਨਨ ਸਿਹਤ ਸਬੰਧੀ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੁੰਦੀ ਹੈ।''
''ਸਾਡੇ ਕੋਲ਼ ਹਰ ਕਿਸਮ ਦੇ ਗਾਹਕ ਹਨ,'' ਨਾਂਗਲੋਈ ਜਾਟ ਵਿਖੇ ਰਹਿੰਦੀ ਹਨੀ ਕਹਿੰਦੀ ਹਨ। ''ਐੱਮਬੀਬੀਐੱਸ ਡਾਕਟਰ ਤੋਂ ਲੈ ਕੇ ਪੁਲਿਸਕਰਮੀ, ਵਿਦਿਆਰਥੀ ਤੋਂ ਲੈ ਕੇ ਰਿਕਸ਼ਾ ਚਾਲਕ ਤੱਕ, ਉਹ ਸਾਰੇ ਸਾਡੇ ਕੋਲ਼ ਆਉਂਦੇ ਹਨ। ਛੋਟੀ ਉਮਰ ਦਾ ਹੋਣ ਦੀ ਸੂਰਤ ਵਿੱਚ, ਅਸੀਂ ਸਿਰਫ਼ ਉਨ੍ਹਾਂ ਲੋਕਾਂ ਦੇ ਨਾਲ਼ ਜਾਂਦੇ ਹਨ ਜੋ ਚੰਗੇ ਪੈਸੇ ਦੇਣ ਵਾਲ਼ੇ ਹਨ। ਪਰ ਜਿਓਂ-ਜਿਓਂ ਸਾਡੀ ਉਮਰ ਵੱਧਦੀ ਜਾਂਦੀ ਹੈ, ਅਸੀਂ ਚੋਣ ਕਰਨੀ ਛੱਡ ਦਿੰਦੇ ਹਾਂ। ਦਰਅਸਲ, ਸਾਨੂੰ ਇਨ੍ਹਾਂ ਡਾਕਟਰਾਂ ਅਤੇ ਪੁਲਿਸਕਰਮੀਆਂ ਦੇ ਨਾਲ਼ ਚੰਗਾ ਰਿਸ਼ਤਾ ਬਣਾ ਕੇ ਰੱਖਣਾ ਪੈਂਦਾ ਹੈ। ਪਤਾ ਨਹੀਂ ਹੁੰਦਾ ਤੁਹਾਨੂੰ ਕਦੋਂ ਇਨ੍ਹਾਂ ਦੀ ਲੋੜ ਪੈ ਜਾਵੇ।''
ਹੁਣ ਉਹ ਇੱਕ ਮਹੀਨੇ ਵਿੱਚ ਕਿੰਨਾ ਕਮਾ ਲੈਂਦੀ ਹਨ?
''ਜੇਕਰ ਅਸੀਂ ਇਸ ਤਾਲਾਬੰਦੀ ਦੇ ਵਕਫ਼ੇ ਨੂੰ ਛੱਡ ਵੀ ਦੇਈਏ ਤਾਂ ਮੈਂ ਇੱਕ ਮਹੀਨੇ ਵਿੱਚ 25,000 ਰੁਪਏ ਤੱਕ ਕਮਾ ਰਹੀ ਸਾਂ। ਪਰ ਇਹ ਮੋਟਾ-ਮੋਟੀ ਅੰਦਾਜ਼ਾ ਹੈ। ਅਸਲ ਭੁਗਤਾਨ ਤਾਂ ਗਾਹਕ ਦੇ ਪੇਸ਼ੇ ਦੇ ਅਧਾਰ 'ਤੇ ਅੱਡੋ-ਅੱਡ ਹੁੰਦਾ ਹੈ। ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ (ਉਨ੍ਹਾਂ ਦੇ ਨਾਲ਼) ਪੂਰੀ ਰਾਤ ਬਿਤਾਉਂਦੇ ਹਾਂ, ਜਾਂ ਸਿਰਫ਼ ਕੁਝ ਘੰਟੇ,'' ਹਨੀ ਕਹਿੰਦੀ ਹਨ। ''ਗਾਹਕ ਬਾਰੇ ਕੋਈ ਸ਼ੱਕ ਹੋਣ ਦੀ ਸੂਰਤ ਵਿੱਚ ਅਸੀਂ ਉਨ੍ਹਾਂ ਦੇ ਨਾਲ਼ ਹੋਟਲਾਂ ਵਿੱਚ ਨਹੀਂ ਜਾਂਦੀਆਂ ਸਗੋਂ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦੀਆਂ ਹਾਂ। ਪਰ ਮੇਰੇ ਮਾਮਲੇ ਵਿੱਚ, ਮੈਂ ਉਨ੍ਹਾਂ ਨੂੰ ਨਾਂਗਲੋਈ ਜਾਟ ਵਿਖੇ ਗੀਤਾ ਦੀਦੀ ਦੇ ਘਰ ਲੈ ਜਾਂਦੀ ਹਾਂ। ਮੈਂ ਹਰ ਮਹੀਨੇ ਕੁਝ ਰਾਤਾਂ ਅਤੇ ਦਿਨ ਉਨ੍ਹਾਂ ਕੋਲ਼ ਹੀ ਰਹਿੰਦੀ ਹਾਂ। ਗਾਹਕ ਮੈਨੂੰ ਜਿੰਨੇ ਪੈਸੇ ਦਿੰਦੇ ਹਨ, ਉਹ ਉਸ ਦਾ ਅੱਧਾ ਹਿੱਸਾ ਲੈਂਦੀ ਹਨ। ਇਹੀ ਉਨ੍ਹਾਂ ਦਾ ਕਮਿਸ਼ਨ ਰਹਿੰਦਾ ਹੈ।'' ਮਿਲ਼ਣ ਵਾਲ਼ੀ ਰਾਸ਼ੀ ਅੱਡੋ-ਅੱਡ ਹੁੰਦੀ ਹੈ, ਪਰ ਪੂਰੀ ਰਾਤ ਕੱਟਣ ਦੀ ਘੱਟੋ-ਘੱਟ ਫ਼ੀਸ 1,000 ਰੁਪਏ ਹੈ, ਉਹ ਦੱਸਦੀ ਹਨ।
ਲਗਭਗ 40 ਸਾਲਾ ਗੀਤਾ, ਆਪਣੇ ਇਲਾਕੇ ਵਿੱਚ ਸੈਕਸ-ਵਰਕਰਾਂ ਦੀ ਨਿਗਾਹਬਾਨ ਹਨ। ਉਹ ਵੀ ਦੇਹ ਵਪਾਰ ਵਿੱਚ ਹੀ ਹਨ, ਪਰ ਮੁੱਖ ਰੂਪ ਨਾਲ਼ ਹੋਰਨਾਂ ਔਰਤਾਂ ਨੂੰ ਆਪਣਾ ਕਮਰਾ ਦੇ ਕੇ ਉਨ੍ਹਾਂ ਤੋਂ ਕਮਿਸ਼ਨ ਲੈ ਕੇ ਆਪਣਾ ਗੁਜ਼ਾਰਾ ਚਲਾਉਂਦੀ ਹਨ। ''ਮੈਂ ਲੋੜਵੰਦ ਔਰਤਾਂ ਨੂੰ ਇਸ ਪੇਸ਼ੇ ਵੱਲ ਲਿਆਉਂਦੀ ਹਾਂ ਅਤੇ ਜਦੋਂ ਉਨ੍ਹਾਂ ਕੋਲ ਕੰਮ ਕਰਨ ਲਈ ਕੋਈ ਥਾਂ ਨਹੀਂ ਹੁੰਦੀ ਤਾਂ ਮੈਂ ਉਨ੍ਹਾਂ ਨੂੰ ਆਪਣੇ ਘਰ ਦਿੰਦੀ ਹਾਂ। ਮੈਂ ਉਨ੍ਹਾਂ ਪਾਸੋਂ ਉਨ੍ਹਾਂ ਦੀ ਕਮਾਈ ਦਾ ਸਿਰਫ਼ 50 ਫੀਸਦ ਹੀ ਲੈਂਦੀ ਹਾਂ,'' ਗੀਤਾ ਕਹਿੰਦੀ ਹਨ।
''ਮੈਂ ਆਪਣੇ ਜੀਵਨ ਵਿੱਚ ਬੜਾ ਕੁਝ ਦੇਖਿਆ ਹੈ,'' ਹਨੀ ਕਹਿੰਦੀ ਹਨ। ''ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਸੀ ਇਸਲਈ ਪਲਾਸਟਿਕ ਦੀ ਇੱਕ ਫ਼ੈਕਟਰੀ ਵਿੱਚ ਕੰਮ ਕਰਨ ਤੋਂ ਲੈ ਕੇ ਕੰਮ ਤੋਂ ਬਾਹਰ ਕੱਢੇ ਜਾਣ ਤੱਕ ਅਤੇ ਹੁਣ ਜਦੋਂ ਮੈਂ ਫੰਗਲ ਅਤੇ ਯੌਨੀ-ਲਾਗ ਤੋਂ ਪੀੜਤ ਹਾਂ ਤਾਂ ਵੀ ਦਾ ਸਾਰਾ ਜੁੰਮਾ ਮੇਰੇ ਪਤੀ ਦੇ ਸਿਰ ਆਉਂਦਾ ਹੈ, ਹਾਲਾਂਕਿ ਬੀਮਾਰੀ ਦਾ ਇਲਾਜ ਤਾਂ ਦਵਾਈ ਨਾਲ਼ ਹੋ ਸਕਦਾ ਹੈ ਪਰ... ਇੰਝ ਜਾਪਦਾ ਹੈ ਮੇਰੀ ਕਿਸਮਤ ਹੀ ਖ਼ਰਾਬ ਹੈ।'' ਇਨ੍ਹੀਂ ਦਿਨੀਂ, ਉਨ੍ਹਾਂ ਦਾ ਪਤੀ ਹਨੀ ਅਤੇ ਧੀ ਨਾਲ਼ ਰਹਿ ਰਿਹਾ ਹੈ।
ਕੀ ਉਹ ਉਨ੍ਹਾਂ ਦੇ ਪੇਸ਼ੇ ਬਾਰੇ ਜਾਣਦਾ ਹੈ?
''ਬੜੀ ਚੰਗੀ ਤਰ੍ਹਾਂ,'' ਹਨੀ ਕਹਿੰਦੀ ਹਨ। ''ਉਹ ਸਾਰਾ ਕੁਝ ਜਾਣਦਾ ਹੈ। ਹੁਣ ਤਾਂ ਉਹਨੂੰ ਵੈਸੇ ਵੀ ਪੈਸਿਆਂ ਖ਼ਾਤਰ ਮੇਰੇ 'ਤੇ ਨਿਰਭਰ ਰਹਿਣ ਦਾ ਬਹਾਨਾ ਜੋ ਮਿਲ਼ ਗਿਆ ਹੈ। ਸਗੋਂ ਅੱਜ ਤਾਂ ਉਹ ਖ਼ੁਦ ਮੈਨੂੰ ਹੋਟਲ ਛੱਡ ਜਾ ਰਿਹਾ ਹੈ। ਪਰ ਮੇਰੇ ਮਾਪੇ (ਜੋ ਕਿਸਾਨ ਹਨ) ਇਸ ਬਾਰੇ ਕੁਝ ਨਹੀਂ ਜਾਣਦੇ ਅਤੇ ਨਾ ਹੀ ਮੈਂ ਕਦੇ ਉਨ੍ਹਾਂ ਨੂੰ ਪਤਾ ਹੀ ਲੱਗਣ ਦਿਆਂਗੀ। ਉਹ ਕਾਫ਼ੀ ਬਜ਼ੁਰਗ ਹਨ, ਹਰਿਆਣਾ ਵਿੱਚ ਰਹਿੰਦੇ ਹਨ।''
''ਅਨੈਤਿਕ ਤਸਕਰੀ (ਰੋਕਥਾਮ) ਐਕਟ, 1956 ਤਹਿਤ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਦੇ ਲਈ ਸੈਕਸ-ਵਰਕਰ ਦੀ ਕਮਾਈ 'ਤੇ ਜਿਊਣਾ ਇੱਕ ਅਪਰਾਧ ਹੈ,'' ਵੀਏਐੱਮਪੀ ਅਤੇ ਐੱਨਐੱਨਐੱਸਡਬਲਿਊ ਦੋਵਾਂ ਦੀ ਪੂਨੇ ਸਥਿਤ ਕਨੂੰਨੀ ਸਲਾਹਕਾਰ, ਆਰਤੀ ਪਾਈ ਕਹਿੰਦੀ ਹਨ। ''ਇਸ ਅਪਰਾਧ ਅਧੀਨ ਸੈਕਸ-ਵਰਕਰ ਔਰਤ ਦੇ ਨਾਲ਼ ਰਹਿਣ ਵਾਲ਼ੇ ਅਤੇ ਉਨ੍ਹਾਂ ਦੀ ਕਮਾਈ 'ਤੇ ਪਲ਼ਣ ਵਾਲੇ ਬਾਲਗ਼ ਬੱਚੇ, ਸਾਥੀ/ਪਤੀ ਅਤੇ ਮਾਪੇ ਤੱਕ ਸ਼ਾਮਲ ਹੋ ਸਕਦੇ ਹਨ। ਅਜਿਹੇ ਵਿਅਕਤੀ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।'' ਪਰ ਹਨੀ ਦੁਆਰਾ ਆਪਣੇ ਪਤੀ ਖ਼ਿਲਾਫ਼ ਕਾਰਵਾਈ ਕਰਨ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ।
''ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਮੈਂ ਪਹਿਲੀ ਵਾਰ ਕਿਸੇ ਗਾਹਕ ਨੂੰ ਮਿਲ਼ਣ ਜਾ ਰਹੀ ਹਾਂ। ਇਨ੍ਹੀਂ ਦਿਨੀਂ ਬਾਮੁਸ਼ਕਲ ਹੀ ਕੋਈ ਗਾਹਕ ਮਿਲ਼ਦਾ ਹੈ, ਕਈ ਵਾਰੀ ਤਾਂ ਮਿਲ਼ਦਾ ਵੀ ਨਹੀਂ,'' ਉਹ ਕਹਿੰਦੀ ਹਨ। ''ਹੁਣ ਜੋ ਲੋਕ ਇਸ ਮਹਾਂਮਾਰੀ ਦੌਰਾਨ ਵੀ ਸਾਡੇ ਕੋਲ਼ ਆਉਂਦੇ ਹਨ, ਉਨ੍ਹਾਂ 'ਤੇ ਜ਼ਿਆਦਾਤਰ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ, ਸਾਨੂੰ ਸਿਰਫ਼ ਐੱਚਆਈਵੀ ਅਤੇ ਹੋਰ (ਯੌਨ-ਸੰਚਾਰਤ) ਰੋਗਾਂ ਤੋਂ ਮੁਕਤ ਰਹਿਣ ਲਈ ਸਾਵਧਾਨੀ ਵਰਤਣੀ ਪੈਂਦੀ ਸੀ। ਹੁਣ, ਇਹ ਕਰੋਨਾ ਬੀਮਾਰੀ ਦਾ ਸਿਆਪਾ ਆ ਗਿਆ। ਇਹ ਪੂਰੀ ਦੀ ਪੂਰੀ ਤਾਲਾਬੰਦੀ ਕਿਸੇ ਸ਼ਰਾਪ ਤੋਂ ਘੱਟ ਨਹੀਂ ਰਹੀ। ਨਾ ਕੋਈ ਕਮਾਈ ਅਤੇ ਜੋ ਬਚਤ ਪੂੰਜੀ ਸੀ ਉਹ ਵੀ ਖ਼ਤਮ ਹੋ ਗਈ। ਦੋ ਮਹੀਨੇ ਤੋਂ ਮੈਂ ਆਪਣੀਆਂ ਦਵਾਈਆਂ (ਫੰਗਲ-ਰੋਧਕ ਕਰੀਮ ਅਤੇ ਮਲ੍ਹਮ) ਤੱਕ ਨਹੀਂ ਲੈ ਸਕੀ ਕਿਉਂਕਿ ਜਿਊਣ ਲਈ ਢਿੱਡ ਭਰਨਾ ਵੱਧ ਜ਼ਰੂਰੀ ਹੈ,'' ਹਨੀ ਕਹਿੰਦੀ ਹਨ ਅਤੇ ਨਾਲ਼ ਦੀ ਨਾਲ਼ ਆਪਣੇ ਪਤੀ ਨੂੰ ਮੋਟਰਸਾਈਕਲ ਬਾਹਰ ਕੱਢਣ ਲਈ ਕਹਿੰਦੀ ਹਨ ਤਾਂ ਕਿ ਉਹ ਉਨ੍ਹਾਂ ਨੂੰ ਹੋਟਲ ਛੱਡ ਆਵੇ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਜਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਸਮੱਗਰੀ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।
ਤਰਜਮਾ: ਕਮਲਜੀਤ ਕੌਰ