ਇਹ ਪੈਨਲ ' ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ

ਜਦ ਤੱਕ ਗਾਵਾਂ ਘਰ ਨਹੀਂ ਮੁੜਦੀਆਂ

ਗੋਹੇ ਨਾਲ਼ ਪਾਥੀਨੁਮਾ ਗੋਲ਼ੇ ਜਿਹੇ ਬਣਾਉਂਦੀ ਬਿਹਾਰ ਦੀ ਇਹ ਔਰਤ ਰਾਸ਼ਟਰੀ ਅਰਥਚਾਰੇ ਵਿੱਚ ਹੈਰਾਨੀਜਨਕ ਯੋਗਦਾਨ ਪਾ ਰਹੀ ਹੈ। ਹਾਲਾਂਕਿ, ਇਹਦੀ ਗਣਨਾ ਸਾਡੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਨਹੀਂ ਹੋਵੇਗੀ। ਬਾਲਣ ਦੇ ਰੂਪ ਵਿੱਚ ਗਾਂ ਦੇ ਗੋਹੇ (ਪਾਥੀਆਂ ਬਣਾ ਕੇ) ਦਾ ਇਸਤੇਮਾਲ ਕਰਨ ਵਾਲ਼ੇ ਲੱਖਾਂ-ਲੱਖ ਪਰਿਵਰ ਜੇਕਰ ਗੋਹੇ ਦੀ ਥਾਂ ਕਿਤੇ ਕੋਲ਼ੇ ਜਾਂ ਤੇਲ ਜਿਹੇ ਬਾਲਣਾਂ ਦੀ ਵਰਤੋਂ ਕਰਨ ਲੱਗ ਗਏ ਤਾਂ ਤਬਾਹੀ ਦੀ ਹਾਲਤ ਬਣ ਜਾਵੇਗੀ। ਪੈਟ੍ਰੋਲੀਅਮ ਅਤੇ ਉਹਦੇ ਉਤਪਾਦਾਂ ਦੇ ਅਯਾਤ 'ਤੇ ਭਾਰਤ ਕਿਸੇ ਹੋਰ ਵਸਤੂ ਦੇ ਮੁਕਾਬਲੇ ਵੱਧ ਵਿਦੇਸ਼ੀ ਮੁਦਰਾ ਖਰਚ ਕਰਦਾ ਹੈ। ਸਾਲ 1999-2000 ਵਿੱਚ ਇਹ ਰਾਸ਼ੀ 47,421 ਕਰੋੜ ਰੁਪਏ ਸੀ।

ਅਸੀਂ ਅਨਾਜ ਵਸਤੂਆਂ, ਖਾਣਯੋਗ ਤੇਲ, ਦਵਾਈਆਂ ਅਤੇ ਇਲਾਜ ਸਬੰਧੀ ਉਤਪਾਦਾਂ, ਰਸਾਇਣ, ਲੋਹੇ ਅਤੇ ਸਟੀਲ ਦੇ ਅਯਾਤ 'ਤੇ ਜਿੰਨੀ ਵਿਦੇਸ਼ੀ ਮੁਦਰਾ ਖਰਚ ਕਰਦੇ ਹਾਂ, ਇਹ ਰਾਸ਼ੀ ਉਸ ਨਾਲ਼ੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਪੈਟ੍ਰੋਲੀਅਮ ਅਤੇ ਉਹਦੇ ਉਤਪਾਦਾਂ 'ਤੇ ਅਸੀਂ ਜਿੰਨਾ ਖਰਚ ਕਰਦੇ ਹਾਂ, ਉਹ ਸਾਡੇ ਕੁੱਲ ਅਯਾਤ ਬਿੱਲ ਦਾ ਕਰੀਬ ਇੱਕ ਚੌਥਾਈ ਹਿੱਸਾ ਹੁੰਦਾ ਹੈ।

ਇਹ ਰਾਸ਼ੀ ਸਾਡੇ ਦੁਆਰਾ ਖਾਦਾਂ ਦੇ ਅਯਾਤ 'ਤੇ ਖਰਚ ਕੀਤੀ ਜਾਣ ਵਾਲ਼ੀ ਵਿਦੇਸ਼ੀ ਮੁਦਰਾ-1.4 ਬਿਲੀਅਨ ਡਾਲਰ ਦਾ ਕਰੀਬ ਕਰੀਬ ਅੱਠ ਗੁਣਾ ਹੈ। ਗੋਹਾ ਇੱਕ ਮਹੱਤਵਪੂਰਨ ਜੈਵਿਕ ਖਾਦ ਹੈ, ਜਿਹਨੂੰ ਲੱਖਾਂ ਲੋਕ ਫ਼ਸਲ ਉਗਾਉਣ ਵਿੱਚ ਵਰਤਦੇ ਹਨ। ਇੰਝ ਇਹ ਉਸ ਮੋਰਚੇ 'ਤ ਵੀ ਸਾਡੀ ਲਈ ਅਣਗਿਣਤ ਪੈਸੇ ਬਚਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਇਹਦੇ ਹੋਰ ਵੀ ਕਈ ਉਪਯੋਗ ਹਨ। ਤੁਸੀਂ ਜਿਸ ਤਰ੍ਹਾਂ ਚਾਹੋ ਇਹਨੂੰ ਇਸਤੇਮਾਲ ਕਰ ਲਓ। ਜੋ ਔਰਤਾਂ ਪੂਰੇ ਦੇਸ਼ ਵਿੱਚ ਗੋਹਾ ਇਕੱਠਾ ਕਰਦੀਆਂ ਹਨ ਜੋ ਕੰਮ ਵੀ ਸਿਰਫ਼ 'ਔਰਤਾਂ ਦਾ ਕੰਮ' ਹੀ ਹੈ, ਉਹ ਭਾਰਤ ਵਾਸਤੇ ਸਲਾਨਾ ਲੱਖਾਂ-ਕਰੋੜਾਂ, ਸ਼ਾਇਦ ਅਰਬਾਂ ਅਰਬ ਡਾਲਰ ਬਚਾ ਰਹੀਆਂ ਹਨ। ਪਰ ਗੋਹਾ ਤਾਂ ਸਟਾਕ ਐਕਸਚੇਂਜ ਵਿੱਚ ਪੰਜੀਕ੍ਰਿਤ ਹੀ ਨਹੀਂ ਹੈ ਅਤੇ ਸ਼ਾਇਦ ਇਸਲਈ ਨਹੀਂ ਕਿ ਉਹ ਗੋਹਾ ਇਕੱਠਾ ਕਰਨ ਵਾਲ਼ੀਆਂ ਔਰਤਾਂ ਦੇ ਜੀਵਨ ਬਾਰੇ ਬਹੁਤ ਘੱਟ ਜਾਣਦੇ ਹਨ ਜਾਂ ਉਨ੍ਹਾਂ ਦੀ ਪਰਵਾਹ ਹੀ ਨਹੀਂ ਕਰਦੇ। ਮੁੱਖ ਧਾਰਾ ਦੇ ਅਰਥਸ਼ਾਸਤਰੀ ਆਪਣੇ ਵਿਸ਼ਲੇਸ਼ਣ ਵਿੱਚ ਇਹਨੂੰ ਕਿਤੇ ਵੀ ਖੜ੍ਹਾ ਨਹੀਂ ਮੰਨਦੇ। ਉਹ ਇਸ ਤਰ੍ਹਾਂ ਦੀ ਮਜ਼ਦੂਰੀ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਨਾ ਹੀ ਉਹਦਾ ਸਨਮਾਨ ਹੀ ਕਰਦੇ ਹਨ।

ਵੀਡਿਓ ਦੇਖੋ : ' ਜਿਸ ਤਰ੍ਹਾਂ ਨਾਲ਼ ਉਹ ਲੱਕ ਝੁਕਾਈ ਝਾੜੂ ਫੇਰ ਰਹੀ ਹੈ, ਇੰਝ ਜਾਪਦਾ ਹੈ ਜਿਓਂ ਆਪਣੇ ਦੂਹਰੇ ਲੱਕ ' ਤੇ ਛੱਤ ਹੀ ਚੁੱਕ ਰੱਖੀ ਹੋਵੇ '

ਔਰਤਾਂ ਹੀ ਗਾਵਾਂ ਅਤੇ ਮੱਝਾਂ ਲਈ ਪੱਠੇ ਅਤੇ ਚਾਰਾ ਤਿਆਰ ਕਰਦੀਆਂ ਹਨ ਉਹ ਹੀ ਗੋਹੇ ਵਿੱਚ ਤੂੜੀ ਅਤੇ ਫ਼ਸਲਾਂ ਦੇ ਕਾਨੇ ਰਲ਼ਾ ਕੇ ਪਾਥੀਆਂ ਪੱਥ ਕੇ ਘਰ ਲਈ ਬਾਲਣ ਤਿਆਰ ਕਰਦੀਆਂ ਹਨ। ਇਹ ਕੰਮ ਉਹ ਆਪਣੀ ਸਿਹਤ ਗਾਲ਼ ਗਾਲ਼ ਕੇ ਕਰਦੀਆਂ ਹਨ ਕਿਉਂਕਿ ਉਨ੍ਹਾਂ ਕੋਲ਼ ਹੋਰ ਕੋਈ ਚਾਰਾ ਨਹੀਂ ਹੁੰਦਾ। ਗੋਹਾ ਇਕੱਠਾ ਕਰਨਾ ਇੱਕ ਥਕਾ ਦੇਣ ਵਾਲ਼ਾ ਕੰਮ ਹੁੰਦਾ ਹੈ ਅਤੇ ਇਹਨੂੰ ਬਾਲਣ ਦਾ ਰੂਪ ਦੇ ਕੇ ਇਸਤੇਮਾਲ ਕਰਨਾ ਵੀ ਸੌਖ਼ਾ ਕੰਮ ਨਹੀਂ ਹੁੰਦਾ।

ਲੱਖਾਂ ਲੱਖ ਔਰਤਾਂ ਭਾਰਤ ਨੂੰ ਦੁੱਧ ਉਤਪਾਦ ਵਿੱਚ ਸਿਖਰਲਾ ਦੇਸ਼ ਬਣਾਉਣ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਸਿਰਫ਼ ਇਸਲਈ ਨਹੀਂ ਕਿ ਉਹ ਮੁੱਖ ਰੂਪ ਨਾਲ਼ ਭਾਰਤ ਦੀਆਂ 10 ਕਰੋੜ ਗਾਵਾਂ ਅਤੇ ਮੱਝਾਂ ਦਾ ਦੁੱਧ ਚੋਣ ਵਿੱਚ ਮੋਹਰੀ ਭੂਮਿਕਾ ਵਿੱਚ ਹਨ। ਆਂਧਰਾ ਪ੍ਰਦੇਸ਼ ਦੇ ਵਿਜਯਾਨਗਰਮ ਦੀ ਇਸ ਔਰਤ ਵਾਸਤੇ ਗਾਂ ਦਾ ਦੁੱਧ ਚੋਣਾ ਉਹਦੇ ਕੰਮ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਉਹ ਗਾਂ ਲਈ ਚਾਰਾ ਇਕੱਠਾ ਕਰੇਗੀ, ਇਹਨੂੰ ਖੁਆਵੇਗੀ, ਨਹਿਲਾਵੇਗੀ, ਗਾਂ ਦੀ ਵਾੜੇ ਨੂੰ ਸਾਫ਼ ਕਰੇਗੀ ਅਤੇ ਗੋਹਾ ਇਕੱਠਾ ਕਰੇਗੀ। ਉਹਦੀ ਗੁਆਂਢਣ ਆਪਣੀ ਗਾਂ ਦਾ ਦੁੱਧ ਲਈ ਪਹਿਲਾਂ ਤੋਂ ਹੀ ਦੁੱਧ-ਕਮੇਟੀ ਵਿਖੇ ਮੌਜੂਦ ਹੈ, ਜਿੱਥੇ ਉਹ ਹਰ ਤਰ੍ਹਾਂ ਦੇ ਲੈਣ-ਦੇਣ ਨੂੰ ਸੰਭਾਲ਼ੇਗੀ। ਡੇਅਰੀ ਸੈਕਟਰ ਵਿੱਚ ਕੰਮ ਕਰਨ ਵਾਲ਼ੀਆਂ ਔਰਤਾਂ ਦੀ ਅਨੁਮਾਨਤ ਸੰਖਿਆ 69 ਫ਼ੀਸਦ ਤੋਂ ਲੈ ਕੇ 93 ਫ਼ੀਸਦ ਤੱਕ ਹੈ। ਔਰਤਾਂ ਹੀ ਦੁੱਧ-ਉਤਪਾਦਾਂ ਦੀਆਂ ਅਗਲੀਆਂ ਪ੍ਰਕਿਰਿਆਵਾਂ ਦਾ ਬਹੁਤੇਰਾ ਕੰਮ ਸਾਂਭਦੀਆਂ ਹਨ। ਦਰਅਸਲ, ਔਰਤਾਂ ਹੀ ਹਨ ਜੋ ਡੰਗਰਾਂ ਨਾਲ਼ ਜੁੜੇ ਪ੍ਰਬੰਧਨ ਅਤੇ ਦੁੱਧ ਅਤੇ ਦੁੱਧ ਤੋਂ ਤਿਆਰ ਉਤਪਾਦਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

PHOTO • P. Sainath

ਇੱਕ ਹੋਰ ਗੁਆਂਢਣ ਮੱਝ ਨੂੰ ਖੇਤਾਂ ਵਿੱਚ (ਕਵਰ ਫ਼ੋਟੋ ਵਿੱਚ) ਚਰਾਉਣ ਤੋਂ ਬਾਅਦ ਵਾਪਸ ਲਿਜਾ ਰਹੀ ਹੈ। ਡੰਗਰ (ਮੱਝ) ਰਤਾ ਕੁ ਘਬਰਾਹਟ ਵਿੱਚ ਹੈ ਕਿਉਂਕਿ ਉਹਨੇ ਆਪਣੇ ਤੋਂ ਛੋਟੇ ਹੀ ਸਹੀ ਪਰ ਤਾਕਤਵਰ ਹਮਲਾਵਰ ਕੁੱਤੇ ਨੂੰ ਦੇਖ ਲਿਆ ਹੈ ਜੋ ਉਹਦੀ ਲੱਤ ਫੜ੍ਹਨ ਦੀ ਘਾਤ ਲਾਈ ਬੈਠਾ ਹੈ। ਔਰਤ ਨੇ ਹਾਲਾਤ ਨੂੰ ਤਾੜ ਤਾਂ ਲਿਆ ਹੈ ਪਰ ਸਥਿਤੀ 'ਤੇ ਕਾਬੂ ਬਣਾਈ ਰੱਖਿਆ ਹੈ। ਉਹ ਮੱਝ 'ਤੇ ਨਜ਼ਰ ਰੱਖੇਗੀ ਅਤੇ ਇਹਨੂੰ ਸੁਰੱਖਿਅਤ ਘਰ ਲੈ ਜਾਵੇਗੀ... ਜਿਵੇਂ ਕਿ ਉਹ ਹਰ ਰੋਜ਼ ਕਰਦੀ ਹੈ।

ਡੰਗਰ ਸਿਰਫ਼ ਆਪਣੇ ਦੁੱਧ ਜਾਂ ਮਾਸ ਨਾਲ਼ ਹੀ ਇਨਸਾਨਾਂ ਲਈ ਪੈਸੇ ਦਾ ਇੰਤਜ਼ਾਮ ਨਹੀਂ ਕਰਦੇ, ਸਗੋਂ ਕਰੋੜਾਂ ਗ਼ਰੀਬ ਭਾਰਤੀਆਂ ਲਈ ਮਹੱਤਵਪੂਰਨ ਬੀਮੇ ਵਾਂਗਰ ਵੀ ਕੰਮ ਕਰਦੇ ਹਨ। ਔਖ਼ੀ ਘੜੀ ਵਿੱਚ, ਜਦੋਂ ਆਮਦਨੀ ਦੇ ਸਾਰੇ ਸ੍ਰੋਤ ਮੁੱਕ ਜਾਂਦੇ ਹਨ ਤਾਂ ਕੰਗਾਲ਼ ਪਰਿਵਾਰ ਗੁਜ਼ਾਰੇ ਵਾਸਤੇ ਆਪਣੇ ਇੱਕ ਜਾਂ ਦੋ ਡੰਗਰਾਂ ਨੂੰ ਵੇਚ ਦਿੰਦੇ ਹਨ। ਇਸਲਈ ਬਹੁਤ ਸਾਰੇ ਗ਼ਰੀਬ ਭਾਰਤੀਆਂ ਦੀ ਖ਼ੁਸ਼ਹਾਲੀ ਦੇਸ਼ ਦੇ ਡੰਗਰਾਂ ਦੀ ਸਿਹਤ ਨਾਲ਼ ਜੁੜੀ ਹੋਈ ਹੈ ਅਤੇ ਡੰਗਰਾਂ ਦੀ ਸਿਹਤ ਔਰਤਾਂ ਦੇ ਸਿਰ ਹੀ ਹੁੰਦੀ ਹੈ। ਫਿਰ ਵੀ, ਕੁਝ ਹੀ ਔਰਤਾਂ ਹਨ ਜਿਨ੍ਹਾਂ ਦਾ ਡੰਗਰਾਂ 'ਤੇ ਮਾਲਿਕਾਨਾ ਹੱਕ ਹੁੰਦਾ ਹੈ ਜਾਂ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ਼ ਪਾਲਣ-ਪੋਸਣ ਦਾ ਹੱਕ ਪ੍ਰਾਪਤ ਹੁੰਦਾ ਹੈ। ਪੇਂਡੂ ਭਾਰਤ ਦੀ 70,000 ਡੇਅਰੀ ਸਹਿਕਾਰੀ ਕਮੇਟੀਆਂ (ਡੀਸੀ) ਵਿੱਚੋਂ ਬਹੁਤੇਰਿਆਂ 'ਤੇ ਪੁਰਸ਼ਾਂ ਦੀ ਹੈਜੇਮਨੀ ਹੈ। ਇਨ੍ਹਾਂ ਕਮੇਟੀਆਂ ਦੇ ਕੁੱਲ ਮੈਂਬਰਾਂ ਵਿੱਚੋਂ ਸਿਰਫ਼ 18 ਫ਼ੀਸਦ ਹੀ ਔਰਤਾਂ ਹਨ। ਡੀਸੀ ਬੋਰਡ ਦੇ ਮੈਂਬਰਾਂ ਵਿੱਚ ਵੀ ਉਨ੍ਹਾਂ ਦੀ ਗਿਣਤੀ ਤਿੰਨ ਪ੍ਰਤੀਸ਼ਤ ਤੋਂ ਘੱਟ ਹੀ ਹੈ।

PHOTO • P. Sainath

ਤਰਜਮਾ: ਕਮਲਜੀਤ ਕੌਰ

P. Sainath

পি. সাইনাথ পিপলস আর্কাইভ অফ রুরাল ইন্ডিয়ার প্রতিষ্ঠাতা সম্পাদক। বিগত কয়েক দশক ধরে তিনি গ্রামীণ ভারতবর্ষের অবস্থা নিয়ে সাংবাদিকতা করেছেন। তাঁর লেখা বিখ্যাত দুটি বই ‘এভরিবডি লাভস্ আ গুড ড্রাউট’ এবং 'দ্য লাস্ট হিরোজ: ফুট সোলজার্স অফ ইন্ডিয়ান ফ্রিডম'।

Other stories by পি. সাইনাথ
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur