"ਸਾਰੀਆਂ ਕਬਰਾਂ ਦੇ ਪੱਥਰਾਂ 'ਤੇ ਖੂਬਸੂਰਤੀ ਨਾਲ਼ ਉਕੇਰੀ ਇੱਕੋ ਸਤਰ ਮਿਲ਼ਦੀ ਹੈ,''ਹਰ ਰੂਹ ਮੌਤ ਦਾ ਸੁਆਦ ਚੱਖੇਗੀ,'' ਇਹ ਸਤਰ ਕਿਸੇ ਭਵਿੱਖਬਾਣੀ ਦੇ ਤੌਰ 'ਤੇ ਨਹੀਂ ਲਿਖੀ ਲੱਗਦੀ, ਸਗੋਂ ਦਿੱਲੀ ਦੇ ਸਭ ਤੋਂ ਵੱਡੇ ਕਬਰਿਸਤਾਨ ਅਹਲ-ਜਦੀਦ ਵਿੱਚ ਜ਼ਿਆਦਾਤਰ ਕਬਰਾਂ ਦੇ ਪੱਥਰਾਂ 'ਤੇ ਉਕਰੀ ਹੁੰਦੀ ਹੈ।
ਇਹ ਸਤਰ — كُلُّ نَفْسٍ ذَائِقَةُ الْمَوْتِ – ਕੁਰਾਨ ਦੀ ਇੱਕ ਆਇਤ ਹੈ ਅਤੇ ਇਸ ਕਬਰਿਸਤਾਨ ਦੀ ਉਦਾਸੀ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਜੋੜਦੀ ਹੈ। ਇਸੇ ਦਰਮਿਆਨ ਇੱਕ ਹੋਰ ਐਂਬੂਲੈਂਸ ਅੰਦਰ ਵੜ੍ਹਦੀ ਹੈ ਅਤੇ ਜਿਹਦੀ ਮੌਤ ਹੋਈ ਹੈ ਉਹਦੇ ਪਰਿਵਾਰ ਦੇ ਜੀਅ ਆਖ਼ਰੀ ਇਬਾਦਤ ਪੜ੍ਹਦੇ ਹਨ। ਜਲਦੀ ਹੀ ਵੈਨ ਖਾਲੀ ਹੋ ਜਾਂਦੀ ਹੈ ਅਤੇ ਲਾਸ਼ ਆਪਣੇ ਆਖ਼ਰੀ ਟਿਕਾਣੇ ਪਹੁੰਚ ਜਾਂਦੀ ਹੈ। ਇੱਕ ਮਸ਼ੀਨ ਇੱਕ ਹੋਰ ਕਬਰ ਪੁੱਟਣ ਲੱਗਦੀ ਹੈ।
ਬਹਾਦੁਰ ਸ਼ਾਹ ਜ਼ਫ਼ਰ ਮਾਰਗ 'ਤੇ ਮੌਜੂਦ ਮੀਡੀਆ ਕੰਪਨੀਆਂ ਦੀਆਂ ਇਮਾਰਤਾਂ ਦੇ ਠੀਕ ਨਾਲ਼ ਕਰਕੇ ਸਥਿਤ, ਇਸ ਕਬਰਿਸਤਾਨ ਦੇ ਇੱਕ ਕੋਨੇ ਵਿੱਚ 62 ਸਾਲ ਦੇ ਨਿਜ਼ਾਮ ਅਖ਼ਤਰ, ਕਬਰ ਦੇ ਪੱਥਰਾਂ 'ਤੇ ਮਰਨ ਵਾਲ਼ਿਆਂ ਦੇ ਨਾਮ ਲਿਖਦੇ ਦਿੱਸਦੇ ਹਨ। ਨਿਜ਼ਾਮ ਉਨ੍ਹਾਂ ਨੂੰ ਮਹਿਰਾਬ ਦੇ ਨਾਮ ਨਾਲ਼ ਸੱਦਦੇ ਹਨ। ਆਪਣੀਆਂ ਉਂਗਲਾਂ ਵਿੱਚ ਮਲ੍ਹਕੜੇ ਜਿਹੇ ਪਰਕਜਾ (ਕੈਲੀਗ੍ਰਾਫੀ ਬੁਰਸ਼)ਫੜ੍ਹ ਕੇ ਉਹ ਇੱਕ ਨੁਕਤਾ- ਜੋ ਉਰਦੂ ਦੇ ਕੁਝ ਖਾਸ ਅੱਖਰਾਂ 'ਤੇ ਲੱਗਣ ਵਾਲ਼ਾ ਇੱਕ ਬਿੰਦੂ ਹੈ, ਜਿਸ ਨਾਲ਼ ਉਨ੍ਹਾਂ ਨੂੰ ਢੁਕਵਾਂ ਉਚਾਰਨ ਮਿਲ਼ਦਾ ਹੈ- ਝਰੀਟਦੇ ਹਨ। ਨਿਜ਼ਾਮ ਜੋ ਹਰਫ਼ ਲਿਖ ਰਹੇ ਹਨ ਉਹ ਹੈ 'ਦੁਰਦਾਨਾ'- ਜੋ ਕੋਵਿਡ-19 ਦੇ ਸ਼ਿਕਾਰ ਹੋਏ ਕਿਸੇ ਵਿਅਕਤੀ ਦਾ ਨਾਮ ਹੈ।
ਦਰਅਸਲ ਨਿਜ਼ਾਮ ਕਬਰ ਦੇ ਪੱਥਰਾਂ 'ਤੇ ਬਰੀਕ ਅਤੇ ਪੇਚੀਦਾ ਕੈਲੀਗ੍ਰਾਫੀ (ਸਜਾਵਟੀ ਲਿਖਤ) ਵਿੱਚ ਮਰਨ ਵਾਲ਼ੇ ਦਾ ਨਾਮ ਅਤੇ ਬਾਕੀ ਵੇਰਵਾ ਪੇਂਟ ਕਰ ਰਹੇ ਹਨ। ਬਾਅਦ ਵਿੱਚ ਉਨ੍ਹਾਂ ਦਾ ਇੱਕ ਸਹਿਕਰਮੀ ਹਥੌੜੇ ਅਤੇ ਛੈਣੀ ਦੀ ਮਦਦ ਨਾਲ਼ ਪੱਥਰ 'ਤੇ ਝਰੀਟੀ ਲਿਖਾਵਟ ਨੂੰ ਸਟੀਕ ਅੰਦਾਜ ਵਿੱਚ ਉਕੇਰੇਗਾ- ਜਦੋਂ ਉਹ ਉਕੇਰਦਾ ਹੈ ਤਾਂ ਪੇਂਟ ਗਾਇਬ ਹੋ ਜਾਂਦਾ ਹੈ।
ਇਹ ਕਾਤਿਬ (ਮਹਿਤਾ ਜਾਂ ਸਜਾਵਟੀ ਲਿਖਤ) ਜਿਨ੍ਹਾਂ ਦਾ ਨਾਮ ਨਿਜ਼ਾਮ ਹੈ, 40 ਤੋਂ ਵੀ ਜ਼ਿਆਦਾ ਸਾਲਾਂ ਤੋਂ ਕਬਰ ਦੇ ਪੱਥਰਾਂ 'ਤੇ ਮਰਨ ਵਾਲ਼ਿਆਂ ਦੇ ਨਾਮ ਉਕੇਰ ਰਹੇ ਹਨ। ਨਿਜ਼ਾਮ ਦੱਸਦੇ ਹਨ, ''ਮੈਨੂੰ ਨਹੀਂ ਚੇਤਾ ਕਿ ਮੈਂ ਕਬਰ ਦੇ ਕਿੰਨੇ ਪੱਥਰਾਂ 'ਤੇ ਕੰਮ ਕੀਤਾ ਹੈ। ਅਪ੍ਰੈਲ ਅਤੇ ਮਈ ਦੇ ਹਾਲੀਆ ਮਹੀਨਿਆਂ ਵਿੱਚ, ਮੈਂ ਕਰੀਬ 150 ਅਜਿਹੇ ਲੋਕਾਂ ਦੇ ਨਾਮ ਲਿਖੇ ਜੋ ਕਰੋਨਾ ਕਾਰਨ ਮਾਰੇ ਗਏ ਸਨ ਅਤੇ ਕਰੀਬ ਇੰਨੇ ਹੀ ਉਨ੍ਹਾਂ ਮ੍ਰਿਤਕਾਂ ਦੇ ਨਾਮ ਲਿਖੇ ਜਿਨ੍ਹਾਂ ਦੀ ਮੌਤ ਕਰੋਨਾ ਨਾਲ਼ ਨਹੀਂ ਹੋਈ ਸੀ। ਹਰ ਦਿਨ, ਮੈਂ ਤਿੰਨ ਤੋਂ ਪੰਜ ਪੱਥਰਾਂ ਨੂੰ ਤਿਆਰ ਕਰਦਾ ਹਾਂ। ਕਿਸੇ ਪੱਥਰ ਦੇ ਇੱਕ ਪਾਸਿਓਂ ਲਿਖਣ ਵਿੱਚ ਲਗਭਗ ਇੱਕ ਘੰਟੇ ਦਾ ਸਮਾਂ ਲੱਗਦਾ ਹੈ।'' ਉਹ ਵੀ ਉਰਦੂ ਵਿੱਚ। ਪੱਥਰ ਦੇ ਦੂਸਰੇ ਪਾਸੇ, ਆਮ ਤੌਰ 'ਤੇ ਮਰਨ ਵਾਲ਼ੇ ਦਾ ਨਾਮ ਸਿਰਫ਼ ਅੰਗਰੇਜ਼ੀ ਵਿੱਚ ਲਿਖਿਆ ਜਾਂਦਾ ਹੈ। ਉਹ ਬੇਹੱਦ ਸਾਫ਼ਗੋ ਮੁਸਕਾਨ ਬਿਖੇਰਦੇ ਹੋਏ ਮੇਰੇ ਨੋਟ ਲੈਣ ਦੇ ਢੰਗ ਦਾ ਮਜਾਕ ਉਡਾਉਂਦਿਆਂ ਕਹਿੰਦੇ ਹਨ,''ਉਹ ਕੁਝ ਸੈਕੰਡ ਅੰਦਰ ਪੂਰਾ ਪੇਜ ਭਰਨ ਜਿੰਨਾ ਸੁਖਾਲਾ ਕੰਮ ਨਹੀਂ ਹੈ।''
ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ, ਅਹਲ-ਜਦੀਦ ਕਬਰਿਸਤਾਨ ਵਿੱਚ ਹਰ ਰੋਜ਼ ਇੱਕ ਜਾਂ ਦੋ ਪੱਥਰ ਹੀ ਲਿਖਾਈ ਲਈ ਆਉਂਦੇ ਸਨ। ਹੁਣ ਹਰ ਰੋਜ਼ ਚਾਰ ਤੋਂ ਪੰਜ ਆਉਂਦੇ ਹਨ, ਕੰਮ ਦਾ ਬੋਝ 200 ਫੀਸਦ ਵੱਧ ਗਿਆ ਹੈ। ਇਹ ਕੰਮ ਚਾਰ ਮਜ਼ਦੂਰਾਂ ਵਿੱਚ ਵੰਡਿਆ ਜਾਵੇਗਾ। ਇਸ ਹਫ਼ਤੇ, ਉਹ ਕੋਈ ਨਵਾਂ ਆਰਡਰ ਨਹੀਂ ਲੈ ਰਹੇ। ਫਿਲਹਾਲ, ਕਰੀਬ 120 ਪੱਥਰ ਅਜਿਹੇ ਹਨ ਜਿਨ੍ਹਾਂ 'ਤੇ ਅਜੇ ਸਿਰਫ਼ ਅੱਧਾ ਹੀ ਕੰਮ ਹੋਇਆ ਹੈ ਅਤੇ 150 ਪੱਥਰਾਂ 'ਤੇ ਅਜੇ ਕੰਮ ਸ਼ੁਰੂ ਹੋਣਾ ਬਾਕੀ ਹੈ।
ਇਹ ਕਾਰੋਬਾਰ ਕਾਫੀ ਵੱਧ-ਫੁਲ ਰਿਹਾ
ਹੈ, ਪਰ ਇਹ ਗੱਲ ਸੋਚਦਿਆਂ ਹੀ ਇਸ ਨਾਲ਼ ਜੁੜੇ ਲੋਕਾਂ ਦਾ ਦਿਲ ਇਸ ਗੱਲੋਂ ਟੁੱਟ ਜਾਂਦਾ ਹੈ। ਇਸ
ਕਬਰਿਸਤਾਨ ਵਿੱਚ ਚੰਮ ਕਰਨ ਵਾਲ਼ੇ ਮੁਹੰਮਤ ਸ਼ਮੀਮ ਕਹਿੰਦੇ ਹਨ,''ਬਹੁਤ ਸਾਰੇ ਇਨਸਾਨਾਂ ਦੀ ਮੌਤ ਹੋ
ਗਈ ਹੈ ਅਤੇ ਉਨ੍ਹਾਂ ਦੇ ਨਾਲ਼ ਇਨਸਾਨੀਅਨ ਵੀ ਕਬਰ ਵਿੱਚ ਜਾ ਸੁੱਤੀ ਹੈ। ਮੌਤ ਦਾ ਅਜਿਹਾ ਤਾਂਡਵ
ਦੇਖ ਕੇ ਮੇਰਾ ਦਿਲ ਰੋਂਦਾ ਹੈ।'' ਸ਼ਮੀਮ ਇਸ ਕਬਰਿਸਤਾਨ ਵਿੱਚ ਕੰਮ ਕਰਨ ਵਾਲ਼ੀ ਆਪਣੇ ਪਰਿਵਾਰ ਦੀ ਤੀਸਰੀ ਪੀੜ੍ਹੀ 'ਚੋਂ ਹਨ।
''ਜ਼ਿੰਦਗੀ ਦਾ ਸੱਚ- ਜੋ ਲੋਕ ਇਸ ਧਰਤੀ 'ਤੇ ਪੈਦਾ ਹੋਏ ਅਤੇ ਜਿਊਂਦੇ ਹਨ- ਮੌਤ ਦੀ ਆਖ਼ਰੀ ਸੱਚ ਵਾਂਗ ਹੀ ਸਾਰੇ ਮਰ ਜਾਣਗੇ'', ਨਿਜ਼ਾਮ ਕਹਿੰਦੇ ਹਨ। ''ਲੋਕ ਜਾਈ ਜਾ ਰਹੇ ਹਨ ਅਤੇ ਮੈਨੂੰ ਕਬਰ ਵਾਸਤੇ ਤਿਆਰ ਕਰਨ ਲਈ ਪੱਥਰ ਮਿਲ਼ਦੇ ਜਾਂਦੇ ਹਨ,'' ਉਹ ਮੌਤ ਦੇ ਇੱਕ ਦਾਰਸ਼ਨਿਕ ਵਾਂਗ ਕਹਿੰਦੇ ਹਨ। ''ਪਰ ਮੈਂ ਅਜਿਹਾ ਵਾਕਿਆ ਪਹਿਲਾਂ ਕਦੇ ਨਹੀਂ ਦੇਖਿਆ ਸੀ।''
ਕਾਰੋਬਾਰ ਵਿੱਚ ਇਹ ਤੇਜ਼ੀ ਇਸ ਗੱਲ ਦੇ ਬਾਵਜੂਦ ਵੀ ਦੇਖੀ ਜਾ ਰਹੀ ਹੈ ਜਦੋਂ ਹਰ ਪਰਿਵਾਰ ਕਬਰ ਲਈ ਪੱਥਰ ਨਹੀਂ ਬਣਵਾ ਪਾਉਂਦਾ। ਕੁਝ ਲੋਕ ਇਹਦਾ ਖ਼ਰਚਾ ਨਹੀਂ ਝੱਲ ਪਾਉਂਦੇ। ਉਹ ਸਿਰਫ਼ ਲੋਹੇ ਦੇ ਬੋਰਡ ਨਾਲ਼ ਕੰਮ ਸਾਰ ਲੈਂਦੇ ਹਨ ਜਿਸ 'ਤੇ ਸਿੱਧਾ ਟੈਕਸਟ ਹੀ ਪੇਂਟ ਕਰ ਦਿੱਤਾ ਜਾਂਦਾ ਹੈ ਅਤੇ ਇਹਦੀ ਕੀਮਤ ਵੀ ਬੜੀ ਘੱਟ ਹੀ ਹੁੰਦੀ ਹੈ। ਕਈ ਕਬਰਾਂ 'ਤੇ ਕੋਈ ਪਛਾਣ ਨਹੀਂ ਹੁੰਦੀ। ਨਿਜ਼ਾਮ ਕਹਿੰਦੇ ਹਨ,''ਕਈ ਵਾਰ ਦਫ਼ਨਾਏ ਜਾਣ ਦੇ 15 ਤੋਂ 45 ਦਿਨਾਂ ਬਾਅਦ ਕਬਰ ਦਾ ਪੱਥਰ ਤਿਆਰ ਕਰਨ ਦਾ ਆਰਡਰ ਆਉਂਦਾ ਹੈ।'' ਨਿਜ਼ਾਮ ਦੇ ਸਹਿਕਰਮੀ ਅਤੇ ਹਰਿਆਣਾ ਦੇ ਫਰੀਦਾਬਾਅਦ ਜਿਲ੍ਹੇ ਦੇ ਬੱਲਭਗੜ੍ਹ ਦੇ ਵਾਸੀ ਆਸਿਮ (ਉਨ੍ਹਾਂ ਦੀ ਬੇਨਤੀ 'ਤੇ ਨਾਮ ਬਦਲਿਆ ਗਿਆ) ਕਹਿੰਦੇ ਹਨ,''ਅਸੀਂ ਜੋ ਵੀ ਆਰਡਰ ਲੈਂਦੇ ਹਾਂ ਉਹਦੇ ਲਈ ਪਰਿਵਾਰ ਵਾਲ਼ਿਆਂ ਨੂੰ ਘੱਟ ਤੋਂ ਘੱਟ 20 ਦਿਨਾਂ ਤੱਕ ਉਡੀਕ ਕਰਨੀ ਪੈਂਦੀ ਹੈ।''
ਪਿਛਲੇ ਸਾਲ ਤੋਂ ਉਲਟ, ਜਦੋਂ 35 ਸਾਲਾ ਆਸਿਮ ਨੂੰ ਸਿਰਫ਼ ਸ਼ੱਕ (ਕਰੋਨਾ ਨੂੰ ਲੈ ਕੇ) ਸੀ, ਪਰ ਇਸ ਵਾਰ ਉਨ੍ਹਾਂ ਨੂੰ ਕਰੋਨਾ ਵਾਇਰਸ ਵਜੂਦ ਨੂੰ ਲੈ ਕੇ ਯਕੀਨ ਹੋ ਗਿਆ ਹੈ। ਉਹ ਕਹਿੰਦੇ ਹਨ,''ਲਾਸ਼ਾਂ ਝੂਠ ਨਹੀਂ ਬੋਲਦੀਆਂ। ਮੈਂ ਇੰਨੀਆਂ ਲਾਸ਼ਾਂ ਦੇਖ ਲਈਆਂ ਹਨ, ਜਿਨ੍ਹਾਂ ਕਰਕੇ ਮੇਰੇ ਕੋਲ਼ ਕਰੋਨਾ ਨੂੰ ਮੰਨ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਛੱਡਿਆ।'' ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਲਈ ਆਪ ਹੀ ਕਬਰ ਪੁੱਟਣੀ ਪਈ। ''ਕਦੇ-ਕਦੇ ਕਬਰ ਪੁੱਟਣ ਵਾਲ਼ੇ ਹੀ ਪੂਰੇ ਨਹੀਂ ਪੈਂਦੇ,'' ਉਹ ਕਹਿੰਦੇ ਹਨ।
''ਪਹਿਲਾਂ ਪਹਿਲ, ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ, ਇਸ ਕਬਰਿਸਤਾਨ ਵਿੱਚ ਆਮ ਤੌਰ 'ਤੇ ਰੋਜਾਨਾ ਚਾਰ ਤੋਂ ਪੰਜ ਲਾਸ਼ਾਂ ਆਉਂਦੀਆਂ ਸਨ। ਇੱਕ ਮਹੀਨੇ ਵਿੱਚ 150,'' ਕਬਰਿਸਤਾਨ ਚਲਾਉਣ ਵਾਲ਼ੀ ਕਮੇਟੀ ਦੇ ਦੇਖਭਾਲ਼ ਕਰਤਾ ਨੇ ਸਾਨੂੰ ਦੱਸਿਆ।
ਇਸ ਸਾਲ, ਸਿਰਫ਼ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਅੰਦਰ ਹੀ, ਕਬਰਿਸਤਾਨ ਵਿੱਚ ਦਫ਼ਨਾਏ ਜਾਣ ਲਈ 1,068 ਲਾਸ਼ਾਂ ਆਈਆਂ। ਇਨ੍ਹਾਂ ਵਿੱਚੋਂ 453 ਮੌਤਾਂ ਕਰੋਨਾ ਕਾਰਨ ਹੋਈਆਂ ਸਨ ਅਤੇ 615 ਦੂਸਰੇ ਹੋਰ ਕਾਰਨਾਂ ਕਰਕੇ। ਖੈਰ, ਇਹ ਕਬਰਿਸਤਾਨ ਦੇ ਮਹਿਜ ਅਧਿਕਾਰਤ ਅੰਕੜੇ ਹੀ ਹਨ। ਇੱਥੇ ਕੰਮ ਕਰਨ ਵਾਲ਼ੇ ਮਜ਼ਦੂਰ ਨਾਮ ਨਾ ਦੱਸੇ ਜਾਣ ਦੀ ਸ਼ਰਤ 'ਤੇ ਕਹਿੰਦੇ ਹਨ ਕਿ ਸੰਖਿਆ ਸ਼ਾਇਦ ਇਸ ਨਾਲ਼ੋਂ ਵੀ 50 ਫੀਸਦੀ ਵੱਧ ਹਨ।
ਆਸਿਮ ਕਹਿੰਦੇ ਹਨ,''ਇੱਕ ਔਰਤ ਆਪਣੇ ਡੇਢ ਸਾਲ ਦੇ ਬੱਚੇ ਨਾਲ਼ ਕਬਰਿਸਤਾਨ ਆਈ ਸੀ। ਉਹਦਾ ਪਤੀ ਦੂਸਰੇ ਰਾਜ ਤੋਂ ਮਜ਼ਦੂਰੀ ਕਰਨ ਇਸ ਸ਼ਹਿਰ ਵਿੱਚ ਆਇਆ ਸੀ, ਜਿਹਦੀ ਮੌਤ ਕਰੋਨਾ ਕਰਕੇ ਹੋ ਗਈ ਸੀ। ਉਸ ਔਰਤ ਦਾ ਆਪਣਾ ਇੱਥੇ ਕੋਈ ਵੀ ਨਹੀਂ ਸੀ। ਦਫ਼ਨਾਉਣ ਨਾਲ਼ ਜੁੜੇ ਸਾਰੇ ਬੰਦੋਬਸਤ ਅਸੀਂ ਕੀਤੇ ਸਨ। ਆਪਣੇ ਪਿਤਾ ਦੀ ਕਬਰ 'ਤੇ ਮਿੱਟੀ ਉਹ ਬੱਚਾ ਪਾ ਰਿਹਾ ਸੀ।'' ਜਿਵੇਂ ਇੱਕ ਪੁਰਾਣੀ ਕਹਾਵਤ ਕਹਿੰਦੀ ਹੈ: ਜੇਕਰ ਇੱਕ ਬੱਚਾ ਮਰਦਾ ਹੈ ਤਾਂ ਉਹ ਆਪਣੇ ਮਾਪਿਆਂ ਦੇ ਦਿਲਾਂ ਵਿੱਚ ਦਫ਼ਨ ਹੁੰਦਾ ਹੈ।ਜਦੋਂ ਇੱਕ ਬੱਚੇ ਨੂੰ ਮਾਂ-ਬਾਪ ਦੀ ਕਬਰ 'ਤੇ ਮਿੱਟੀ ਦੇਣੀ ਪਵੇ ਤਾਂ ਇਸ ਵਰਤਾਰੇ ਲਈ ਕਿਹੜੀ ਕਹਾਵਤ ਸਹੀ ਰਹੇਗੀ?
ਆਸਿਮ ਅਤੇ ਉਨ੍ਹਾਂ ਦਾ ਪਰਿਵਾਰ ਵੀ ਕਰੋਨਾ ਦੀ ਚਪੇਟ ਵਿੱਚ ਆ ਗਿਆ ਸੀ। ਉਨ੍ਹਾਂ ਨੂੰ, ਉਨ੍ਹਾਂ ਦੀਆਂ ਦੋਵਾਂ ਪਤਨੀਆਂ ਅਤੇ ਉਨ੍ਹਾਂ ਮਾਂ-ਬਾਪ ਨੂੰ ਕਰੋਨਾ ਦੇ ਸਾਰੇ ਲੱਛਣਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਉਨ੍ਹਾਂ ਦੇ ਪੰਜੋ ਬੱਚੇ ਸੁਰੱਖਿਅਤ ਰਹੇ। ਪਰਿਵਾਰ ਵਿੱਚ ਕੋਈ ਵੀ ਜਾਂਚ ਕਰਾਉਣ ਨਹੀਂ ਗਿਆ ਸੀ, ਪਰ ਸਾਰੇ ਸਹੀ ਸਲਾਮਤ ਰਹੇ। ਪੱਥਰ ਦੀ ਸਲੈਬ 'ਤੇ ਕੰਮ ਕਰਦਿਆਂ ਆਸਿਮ ਕਹਿੰਦੇ ਹਨ,''ਮੈਂ ਆਪਣਾ ਪਰਿਵਾਰ ਪਾਲਣ ਲਈ ਇੱਥੇ ਪੱਥਰ ਤੋੜਦਾ ਹਾਂ।'' ਅਹਲ-ਜਦੀਦ ਕਬਰਿਸਤਾਨ ਵਿੱਚ ਹਰ ਮਹੀਨੇ 9,000 ਰੁਪਏ ਦੀ ਤਨਖਾਹ ਲੈਣ ਵਾਲ਼ੇ ਆਸਿਮ ਸੈਂਕੜੇ ਮਰਨ ਵਾਲ਼ਿਆਂ ਲਈ (ਇਨ੍ਹਾਂ ਵਿੱਚ ਕਰੋਨਾ ਨਾਲ਼ ਮਰਨ ਵਾਲ਼ੇ ਅਤੇ ਦੂਸਰੇ ਕਾਰਨਾਂ ਕਾਰਨ ਮਰਨ ਵਾਲ਼ੇ ਸ਼ਾਮਲ ਹਨ) ਨਮਾਜ਼-ਏ-ਜਨਾਜਾ (ਆਖ਼ਰੀ ਇਬਾਦਤ) ਵੀ ਪੜ੍ਹ ਚੁੱਕੇ ਹਨ।
''ਮੇਰਾ ਪਰਿਵਾਰ ਮੈਨੂੰ ਇੱਥੇ ਕੰਮ ਕਰਨ ਲਈ ਹੱਲ੍ਹਾਸ਼ੇਰੀ ਦਿੰਦਾ ਹੈ, ਕਿਉਂਕਿ ਜੋ ਲੋਕ ਅੰਤਮ
ਯਾਤਰਾ ਵੇਲ਼ੇ ਕਿਸੇ ਇਨਸਾਨ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਬਾਅਦ ਵਿੱਚ ਮੇਵਾ (ਇਨਾਮ) ਮਿਲ਼ਦਾ
ਹੈ,'' ਆਸਿਮ ਕਹਿੰਦੇ ਹਨ। ਨਿਜ਼ਾਮ ਦੇ ਪਰਿਵਾਰ ਨੇ ਵੀ ਉਨ੍ਹਾਂ ਨੂੰ ਇੱਥੇ ਕੰਮ ਕਰਨ ਲਈ
ਹੱਲ੍ਹਾਸ਼ੇਰੀ ਦਿੱਤੀ ਸੀ ਅਤੇ ਉਹ ਵੀ ਇਸ ਗੱਲ ਵਿੱਚ ਯਕੀਨ ਰੱਖਦੇ ਹਨ। ਦੋਵਾਂ ਹੀ ਸ਼ੁਰੂਆਤ ਵਿੱਚ ਇਸ
ਨੌਕਰੀ ਤੋਂ ਡਰਦੇ ਸਨ, ਪਰ ਜਲਦੀ ਹੀ ਉਨ੍ਹਾਂ ਦਾ ਡਰ ਰਫੂ ਚੱਕਰ ਹੋ ਗਿਆ। ਆਸਿਮ ਕਹਿੰਦੇ ਹਨ,''ਜਦੋਂ ਕੋਈ ਲਾਸ਼ ਜ਼ਮੀਨ 'ਤੇ ਪਈ ਹੁੰਦੀ ਹੈ ਤਾਂ ਤੁਸੀਂ ਡਰ
ਬਾਰੇ ਨਹੀਂ, ਸਗੋਂ ਉਹਨੂੰ ਦਫ਼ਨਾਉਣ ਬਾਰੇ ਸੋਚਦੇ ਹੋ।''
ਅਹਲ-ਜਦੀਦ ਵਿੱਚ, ਕਬਰ ਦਾ ਪੱਥਰ ਤਿਆਰ ਕਰਨ ਵਿੱਚ 1500 ਰੁਪਏ ਖ਼ਰਚ ਹੁੰਦੇ ਹਨ। ਇਸ ਵਿੱਚ ਨਿਜ਼ਾਮ ਨੂੰ 250 ਤੋਂ 300 ਰੁਪਏ ਮਿਲ਼ਦੇ ਹਨ, ਜੋ ਉਨ੍ਹਾਂ ਨੂੰ ਸਜਾਵਟੀ ਲਿਖਾਵਟ ਭਾਵ ਕਿਤਾਬਤ ਲਈ ਦਿੱਤੇ ਜਾਂਦੇ ਹਨ। ਉਹ ਪੱਥਰ ਦੀ ਜਿਹੜੀ ਸਲੈਬ 'ਤੇ ਕੰਮ ਕਰਕਦੇ ਹਨ ਉਹ ਕਰੀਬ 6 ਫੁੱਟ ਲੰਬੀ ਅਤੇ 3 ਫੁੱਟ ਚੌੜਾ ਹੁੰਦਾ ਹੈ। ਇਸ ਵਿੱਚੋਂ 3 ਫੁੱਟ ਲੰਬੇ ਅਤੇ 1.5 ਫੁੱਟ ਚੌੜੇ 4 ਪੱਥਰ ਕੱਟ ਕੇ ਕੱਢੇ ਜਾਂਦੇ ਹਨ। ਇਸ ਤੋਂ ਬਾਅਦ ਹਰ ਪੱਥਰ ਦੇ ਓਪਰੀ ਹਿੱਸੇ ਨੂੰ ਗੁੰਬਦ ਦਾ ਅਕਾਰ ਦਿੱਤਾ ਜਾਂਦਾ ਹੈ। ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤਾਂ ਉਸੇ ਨੂੰ ਹੀ ਮਹਿਰਾਬ ਕਿਹਾ ਜਾਂਦਾ ਹੈ। ਕੁਝ ਲੋਕ ਸੰਗਮਰਮਰ ਦਾ ਵੀ ਇਸਤੇਮਾਲ ਕਰਦੇ ਹਨ। ਪੱਥਰ ਦੀ ਥਾਂ ਲੋਹੇ ਦਾ ਬੋਰਡ ਇਸਤੇਮਾਲ ਕਰਨ ਵਾਲ਼ਿਆਂ ਨੂੰ 250 ਤੋਂ 300 ਰੁਪਏ ਹੀ ਖਰਚ ਕਰਨੇ ਪੈਂਦੇ ਹਨ। ਇਹ ਮਹਿਰਾਬ 'ਤੇ ਹੋਣ ਵਾਲ਼ੇ ਖ਼ਰਚੇ ਦੇ ਕਰੀਬ ਸੱਠਵੇਂ ਹਿੱਸੇ ਦੇ ਬਰਾਬਰ ਹੈ।
ਹਰ ਆਰਡਰ ਲੈਣ ਤੋਂ ਬਾਅਦ, ਨਿਜ਼ਾਮ ਉਸ ਪਰਿਵਾਰ ਦੇ ਕਿਸੇ ਮੈਂਬਰ ਤੋਂ ਕਾਗ਼ਜ਼ 'ਤੇ, ਸਾਫ਼-ਸੁਥਰੀ ਭਾਸ਼ਾ ਵਿੱਚ ਸਾਰੇ ਲਾਜ਼ਮੀ ਵੇਰਵੇ ਲਿਖਣ ਨੂੰ ਕਹਿੰਦੇ ਹਨ। ਇਸ ਵਿੱਚ ਆਮ ਤੌਰ 'ਤੇ ਮਰਨ ਵਾਲ਼ੇ ਦਾ ਨਾਮ, ਪਤੀ ਜਾਂ ਪਿਤਾ ਦਾ ਨਾਮ (ਔਰਤਾਂ ਦੇ ਮਾਮਲੇ ਵਿੱਚ), ਪੈਦਾਇਸ਼ ਅਤੇ ਮੌਤ ਦੀ ਤਰੀਖ ਅਤੇ ਪਤਾ ਸ਼ਾਮਲ ਹੁੰਦਾ ਹੈ। ਇਸ ਤੋਂ ਇਲਾਵਾ, ਕੁਰਾਨ ਦੀ ਕੋਈ ਆਇਤ ਵੀ ਸ਼ਾਮਲ ਹੁੰਦੀ ਹੈ, ਜਿਹਨੂੰ ਪਰਿਵਾਰ ਪੱਥਰ 'ਤੇ ਦਰਜ਼ ਕਰਾਉਣਾ ਚਾਹੁੰਦਾ ਹੈ। ਨਿਜ਼ਾਮ ਦੱਸਦੇ ਹਨ,''ਇਸ ਨਾਲ਼ ਦੋ ਮਕਸਦ ਪੂਰੇ ਹੁੰਦੇ ਹਨ। ਪਹਿਲਾ, ਰਿਸ਼ਤੇਦਾਰਾਂ ਨੂੰ ਮਰਨ ਵਾਲ਼ੇ ਦਾ ਨਾਮ ਲਿਖਣ ਦਾ ਮੌਕਾ ਮਿਲ਼ਦਾ ਹੈ; ਅਤੇ ਦੂਸਰਾ, ਇਹਦੇ ਜ਼ਰੀਏ ਕਿਸੇ ਵੀ ਗ਼ਲਤੀ ਰਹਿਣ ਦੀ ਗੁਜਾਇੰਸ਼ ਘੱਟ ਜਾਂਦੀ ਹੈ।'' ਕਈ ਵਾਰ ਟੈਕਸਟ ਵਿੱਚ ਕੋਈ ਉਰਦੂ ਟੂਕ/ਦੋਹਾ ਵੀ ਸ਼ਾਮਲ ਹੁੰਦਾ ਹੈ, ਜਿਹੋ-ਜਿਹਾ ਹੇਠਾਂ ਦਿੱਤਾ ਗਿਆ ਹੈ। ਇਹ ਟੂਕ ਜਹਾਨ ਆਰਾ ਹਸਨ ਦੀ ਕਬਰ ਦੇ ਪੱਥਰ 'ਤੇ ਲਿਖਿਆ ਜਾਵੇਗਾ, ਜਿਹਨੂੰ ਬਣਾਉਣ ਦਾ ਆਰਡਰ ਹੁਣੇ ਜਿਹੇ ਹੀ ਪਰਿਵਾਰ ਵੱਲੋਂ ਦਿੱਤਾ ਗਿਆ ਹੈ।
ਅਬਰ-ਏ-ਰਹਿਮਤ
ਉਨਕੀ ਮਰਕਦ ਪਰ ਗੁਹਾਰ-ਬਾਰੀ ਕਰੇ
ਹਸ਼ਰ ਤਕ
ਸ਼ਾਨ-ਏ-ਕਰੀਮੀ ਨਾਜ਼ ਬਰਦਾਰੀ ਕਰੇ।
ਨਿਜ਼ਾਮ ਨੇ ਸਾਲ 1975 ਵਿੱਚ ਕਿਤਾਬਤ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਪਿਤਾ ਪੇਂਟਰ ਸਨ ਅਤੇ ਸਾਲ 1979 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਨਿਜ਼ਾਮ ਨੇ ਕਬਰ ਦੇ ਪੱਥਰਾਂ 'ਤੇ ਲਿਖਣ ਦਾ ਕੰਮ ਸ਼ੁਰੂ ਕੀਤਾ। ਉਹ ਕਹਿੰਦੇ ਹਨ,''ਮੇਰੇ ਪਿਤਾ ਇੱਕ ਕਲਾਕਾਰ ਸਨ, ਪਰ ਮੈਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ। ਮੈਂ ਉਨ੍ਹਾਂ ਨੂੰ ਸਿਰਫ਼ ਪੇਂਟਿੰਗ ਕਰਦਿਆਂ ਹੀ ਦੇਖਿਆ। ਮੈਨੂੰ ਇਹ ਕਲਾ ਇੱਕ ਖੂਬਸੂਰਤ ਤੋਹਫੇ ਵਾਂਗ ਆਪਣੇ-ਆਪ ਮਿਲ਼ ਗਈ।''
ਸਾਲ 1980 ਵਿੱਚ ਨਿਜ਼ਾਮ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮਲ ਕਾਲਜ ਤੋਂ ਊਰਦੂ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਇੱਕ ਸਿੰਗਲ ਸਕਰੀਨ ਮੂਵੀ ਥੀਏਟਰ, ਜਗਤ ਸਿਨੇਮਾ ਦੇ ਸਾਹਮਣੇ ਇੱਕ ਦੁਕਾਨ ਖੋਲ੍ਹੀ। ਕਿਸੇ ਜ਼ਮਾਨੇ ਵਿੱਚ ਪਾਕੀਜ਼ਾ ਅਤੇ ਮੁਗ਼ਲ-ਏ-ਆਜ਼ਮ ਵਰਗੀਆਂ ਇਤਿਹਾਸਕ ਫ਼ਿਲਮਾਂ ਦਿਖਾਉਣ ਵਾਲ਼ਾ ਇਹ ਥੀਏਟਰ ਹੁਣ ਪੱਕੇ ਤੌਰ 'ਤੇ ਬੰਦ ਹੋ ਗਿਆ ਹੈ। ਨਿਜ਼ਾਮ ਨੇ ਸਾਲ 1986 ਵਿੱਚ ਨਸੀਮ ਆਰਾ ਨਾਲ਼ ਵਿਆਹ ਕੀਤਾ। ਇਸ ਮਾਹਰ ਕੈਲੀਗ੍ਰਾਫਰ ਨੇ ਕਦੇ ਆਪਣੀ ਬੀਵੀ ਨੂੰ ਖ਼ਤ ਨਹੀਂ ਲਿਖਿਆ। ਉਨ੍ਹਾਂ ਨੂੰ ਇਹਦੀ ਲੋੜ ਹੀ ਨਹੀਂ ਪਈ। ਉਹ ਜਦੋਂ ਵੀ ਆਪਣੇ ਮਾਂ-ਬਾਪ ਕੋਲ਼ ਜਾਂਦੀ ਸੀ ਤਾਂ ਜਲਦੀ ਹੀ ਵਾਪਸ ਵੀ ਆ ਜਾਂਦੀ ਸਨ, ਕਿਉਂਕਿ ਉਨ੍ਹਾਂ ਦਾ ਘਰ ਗੁਆਂਢ ਵਿੱਚ ਹੀ ਸੀ। ਇਸ ਜੋੜੇ ਦਾ ਇੱਕ ਬੇਟਾ, ਇੱਕ ਬੇਟੀ ਅਤੇ ਛੇ ਪੋਤੇ-ਪੋਤੀਆਂ ਹਨ। ਉਹ ਪੁਰਾਣੀ ਦਿੱਲੀ ਦੇ ਜਾਮਾ ਮਸਜਿਦ ਦੇ ਕੋਲ਼ ਰਹਿੰਦੇ ਹਨ।
''ਉਸ ਜ਼ਮਾਨੇ ਵਿੱਚ, ਮੈਂ ਮੁਸ਼ਾਰਿਆਂ (ਊਰਦੂ ਕਵਿਤਾਂ ਦੀ ਮਹਿਫਲਾਂ), ਮਜ਼ਲਿਸਾਂ, ਇਸ਼ਤਿਹਾਰਾਂ, ਸੈਮੀਨਾਰਾਂ, ਧਾਰਮਿਕ ਅਤੇ ਸਿਆਸੀ ਸਭਾਵਾਂ ਦੇ ਲਈ ਹੋਰਡਿੰਗ ਪੇਂਟ ਕਰਦਾ ਸਾਂ।'' ਉਨ੍ਹਾਂ ਨੇ ਆਪਣੀ ਦੁਕਾਨ 'ਤੇ ਮਹਿਰਾਬ ਪੇਂਟ ਕਰਨ ਦਾ ਆਰਡਰ ਵੀ ਲਿਆ। ਦੁਕਾਨ 'ਤੇ ਵਿਰੋਧ ਪ੍ਰਦਰਸ਼ਨਾਂ ਨਾਲ਼ ਜੁੜੀਆਂ ਸਮੱਗਰੀਆਂ, ਬੈਨਰ, ਹੋਰਡਿੰਗ ਅਤੇ ਤਖ਼ਤੀਆਂ ਵੀ ਬਣਨ ਆਉਂਦੀਆਂ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੇ ਤਤਕਾਲੀਨ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੇ 80 ਦੇ ਦਹਾਕੇ ਦੇ ਵਿਚਕਾਰ ਬਾਬਰੀ ਮਸਜਿਦ ਦੇ ਤਾਲੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਨਿਜ਼ਾਮ ਦੱਸਦੇ ਹਨ, ''ਇਹਦੇ ਵਿਰੋਧ ਵਿੱਚ ਮੁਸਲਮ ਭਾਈਚਾਰੇ ਅਤੇ ਹੋਰ ਬਹੁਤ ਸਾਰੇ ਲੋਕ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰ ਰਹੇ ਸਨ। ਮੈਂ ਅੰਦੋਲਨ ਦੇ ਬੈਨਰ ਅਤੇ ਵਿਰੋਧ ਦਾ ਸੱਦਾ ਦਿੰਦੇ ਪੋਸਟਰ ਕੱਪੜੇ 'ਤੇ ਹੀ ਬਣਾਉਂਦਾ। ਸਾਲ 1992 ਵਿੱਚ ਬਾਬਰੀ ਨੂੰ ਡੇਗੇ ਜਾਣ ਬਾਅਦ, ਅੰਦੋਲਨ ਹੌਲ਼ੀ-ਹੌਲ਼ੀ ਮਰਦਾ ਚਲਾ ਗਿਆ। ਲੋਕਾਂ ਅੰਦਰ (ਢਾਹੇ ਜਾਣ ਖਿਲਾਫ਼) ਗੁੱਸਾ ਸੀ, ਪਰ ਹੁਣ ਘੱਟ ਹੀ ਬਾਹਰ ਨਿਕਲ਼ਦਾ।'' ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਵਿੱਚ, ਉਸ ਤਰ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਘੱਟ ਹੁੰਦੀਆਂ ਗਈਆਂ ਜਿਸ ਵਿੱਚ ਇਸ ਤਰ੍ਹਾਂ ਦੇ ਕੰਮ ਦੀ ਲੋੜ ਪੈਂਦੀ। ਉਹ ਅੱਗੇ ਕਹਿੰਦੇ ਹਨ,''ਮੈਂ ਅੱਠ ਲੋਕਾਂ ਨੂੰ ਕੰਮ 'ਤੇ ਰੱਖਿਆ ਸੀ। ਉਨ੍ਹਾਂ ਸਾਰਾਂ ਨੂੰ ਹੌਲ਼ੀ-ਹੌਲ਼ੀ ਇਹ ਕੰਮ ਛੱਡਣਾ ਪਿਆ। ਮੇਰੇ ਕੋਲ਼ ਉਨ੍ਹਾਂ ਨੂੰ ਦੇਣ ਲਈ ਪੈਸੇ ਨਹੀਂ ਸਨ। ਉਹ ਹੁਣ ਕਿੱਥੇ ਹਨ, ਮੈਨੂੰ ਨਹੀਂ ਪਤਾ। ਇਸ ਗੱਲ ਨਾਲ਼ ਮੈਨੂੰ ਦੁੱਖ ਹੁੰਦਾ ਹੈ।''
''ਸਾਲ 2009-10 ਦੌਰਾਨ, ਗਲ਼ੇ ਦੀ ਲਾਗ ਕਾਰਨ ਮੇਰੀ ਅਵਾਜ਼ ਚਲੀ ਗਈ ਅਤੇ ਕਰੀਬ 18 ਮਹੀਨਿਆਂ ਬਾਅਦ ਸਿਰਫ਼ ਅੱਧੀ-ਪਚੱਦੀ ਅਵਾਜ਼ ਹੀ ਵਾਪਸ ਆ ਸਕੀ। ਮੈਨੂੰ ਸਮਝਣ ਲਈ ਤੁਹਾਡੇ ਲਈ ਇੰਨਾ ਹੀ ਕਾਫੀ ਹੈ,'' ਉਹ ਹੱਸਦੇ ਹਨ। ਉਸੇ ਸਾਲ ਨਿਜ਼ਾਮ ਦੀ ਦੁਕਾਨ ਬੰਦ ਹੋ ਗਈ ਸੀ। ਉਹ ਕਹਿੰਦੇ ਹਨ,''ਪਰ, ਮੈਂ ਮਹਿਰਾਬ 'ਤੇ ਨਾਮ ਝਰੀਟਣਾ ਕਦੇ ਬੰਦ ਨਾ ਕੀਤਾ।''
''ਜਿਓਂ ਹੀ ਕਰੋਨਾ ਭਾਰਤ ਪੁੱਜਿਆ, ਇਸ ਕਬਰਿਸਤਾਨ ਦੇ ਮਜ਼ਦੂਰਾਂ ਨੂੰ ਮੇਰੀਆਂ ਸੇਵਾਵਾਂ ਦੀ ਜ਼ਰੂਰ ਸੀ ਅਤੇ ਮੈਂ ਉਨ੍ਹਾਂ ਨੂੰ ਮਨ੍ਹਾ ਨਹੀਂ ਕਰ ਸਕਦਾ ਸਾਂ। ਮੈਂ ਬੀਤੇ ਸਾਲ ਜੂਨ ਵਿੱਚ ਇੱਥੇ ਆ ਗਿਆ ਸਾਂ। ਮੈਂ ਇੱਥੇ ਇਸ ਲਈ ਵੀ ਆਇਆ ਸਾਂ, ਕਿਉਂਕਿ ਮੈਂ ਆਪਣਾ ਟੱਬਰ ਪਾਲ਼ਣਾ ਸੀ।'' ਨਿਜ਼ਾਮ ਦਾ ਬੇਟਾ ਜਾਮਾ ਮਸਜਿਦ ਦੇ ਕੋਲ਼ ਜੁੱਤੀਆਂ ਦੀ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਪਰ ਮਹਾਂਮਾਰੀ ਅਤੇ ਤਾਲਾਬੰਦੀ ਕਰਕੇ ਉਹਦੀ ਕਮਾਈ ਬਹੁਤ ਘੱਟ ਗਈ ਹੈ।
ਸਾਲ 2004 ਵਿੱਚ ਬੰਦ ਹੋਏ ਜਗਤ ਸਿਨੇਮਾ ਵਾਂਗ, ਨਿਜ਼ਾਮ ਨੂੰ ਉਸ ਦੌਰ ਦੀਆਂ ਬਾਕੀ ਚੀਜ਼ਾਂ ਵੀ ਹੁਣ ਤੱਕ ਚੇਤੇ ਹਨ। ਉਹ ਸਾਹਿਰ ਲੁਧਿਆਣਵੀਂ ਦੀ ਸ਼ਾਇਰੀ ਨਾਲ਼ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੇ ਲਿਖੇ ਗੀਤ ਸੁਣਦੇ ਹਨ। ਜਿਸ ਸਿਲਾ ਨਿਜ਼ਾਮ ਨੇ ਗ੍ਰੈਜੂਏਸ਼ਨ ਦਾ ਇਮਤਿਹਾਨ ਪਾਸ ਕੀਤਾ ਸੀ ਉਸੇ ਸਾਲ ਇਸ ਮਹਾਨ ਕਵੀ ਦੀ ਮੌਤ ਹੋ ਗਈ ਸੀ। ਸਾਹਿਰ ਵੱਲੋਂ ਲਿਖੀ ਉਨ੍ਹਾਂ ਦੀ ਪਸੰਦੀਦਾ ਸਤਰ ਹੈ: 'ਚਲੋ ਏਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ।' ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ ਜ਼ਿੰਦਗੀ ਅਤੇ ਮੌਤ ਦੀ ਆਪਸ ਵਿੱਚ ਕਦੇ ਬੋਲਚਾਲ ਨਹੀਂ ਰਿਹਾ।
''ਨਿਜ਼ਾਮ ਕਹਿੰਦੇ ਹਨ,''ਪਹਿਲਾਂ ਅਜਿਹੇ ਕਲਾਕਾਰ ਹੋਇਆ ਕਰਦੇ ਸਨ ਜੋ ਉਰਦੂ ਵਿੱਚ ਲਿਖ ਸਕਦੇ ਸਨ। ਹੁਣ ਅਜਿਹੇ ਲੋਕ ਆਉਂਦੇ ਹਨ ਜੋ ਪੱਥਰਾਂ 'ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖ ਸਕਦੇ ਹਨ। ਦਿੱਲੀ ਵਿੱਚ ਹੁਣ ਬਾਮੁਸ਼ਕਲ ਹੀ ਕੋਈ ਮਿਲ਼ਦਾ ਹੈ, ਜੋ ਮਹਿਰਾਬ 'ਤੇ ਉਰਦੂ ਵਿੱਚ ਨਾਮ ਲਿਖ ਸਕਣ। ਸਿਆਸਤ ਨੇ ਐਸਾ ਮਿੱਥ ਫੈਲਾਇਆ ਅਤੇ ਉਰਦੂ ਨੂੰ ਮੁਸਲਮਾਨਾਂ ਦੀ ਜ਼ੁਬਾਨ ਗਰਦਾਨ ਛੱਡਿਆ ਅਤੇ ਉਰਦੂ ਨੂੰ ਬੁਰੀ ਸੱਟ ਮਾਰੀ ਹੈ ਅਤੇ ਇਹਨੂੰ ਬਰਬਾਦ ਹੀ ਕਰ ਦਿੱਤਾ ਹੈ। ਉਰਦੂ ਕੈਲੀਗ੍ਰਾਫੀ ਦੀ ਦੁਨੀਆ ਵਿੱਚ ਪਹਿਲਾਂ ਦੇ ਮੁਕਾਬਲੇ, ਹੁਣ ਰੁਜ਼ਗਾਰ ਬਹੁਤ ਹੀ ਘੱਟ ਬਚਿਆ ਹੈ।''
ਨਿਜ਼ਾਮ ਜਿਸ ਮਹਿਰਾਬ 'ਤੇ ਕੰਮ ਕਰ ਰਹੇ ਸਨ ਉਸ ਕਿਤਾਬਤ ਨੂੰ ਪੂਰਾ ਕਰਨ ਤੋਂ ਬਾਦ, ਪੇਂਟ ਨੂੰ ਥੋੜ੍ਹੀ ਦੇਰ ਸੁੱਕਣ ਲਈ ਛੱਡ ਦਿੰਦੇ ਹਨ। ਇਹਦੇ ਬਾਅਦ ਆਸਿਮ, ਸੁਲੇਮਾਨ ਅਤੇ ਨੰਦਕਿਸ਼ੋਰ ਇਹਨੂੰ ਤਰਾਸ਼ਣ ਦਾ ਕੰਮ ਕਰਨਗੇ। ਆਪਣੀ ਉਮਰ ਦੇ 50 ਤੋਂ ਵੱਧ ਸਾਲ ਦੇ ਹੋ ਚੁੱਕੇ ਨੰਦਕਿਸ਼ੋਰ 30 ਤੋਂ ਜ਼ਿਆਦਾ ਸਾਲਾਂ ਤੋਂ ਇਸ ਕਬਰਿਸਤਾਨ ਵਿੱਚ ਕੰਮ ਕਰ ਰਹੇ ਹਨ। ਉਹ ਪੱਥੜਾਂ ਨੂੰ ਕੱਟਣ ਅਤੇ ਹਥੌੜੇ ਅਤੇ ਸ਼ੈਣੀ ਨਾਲ਼ ਤਰਾਸ਼ ਕੇ ਉਨ੍ਹਾਂ ਨੂੰ ਗੁੰਬਦ ਦਾ ਅਕਾਰ ਦੇਣ ਵਿੱਚ ਮਾਹਰ ਹਨ। ਉਹ ਇਸ ਕੰਮ ਲਈ ਮਸ਼ੀਨ ਦਾ ਇਸਤੇਮਾਲ ਨਹੀਂ ਕਰਦੇ। ਉਹ ਕਹਿੰਦੇ ਹਨ,''ਇਸ ਕਬਰਿਸਤਾਨ ਨੇ ਕਦੇ ਇੰਨੀ ਭਿਆਨਕ ਹਾਲਤ ਨਹੀਂ ਦੇਖੀ ਜਿੰਨੀ ਕਿ ਅੱਜ ਹੈ।''
ਨੰਦਕਿਸ਼ੋਰ ਕੋਰੋਨਾ ਨਾਲ਼ ਮਰਨ ਵਾਲ਼ਿਆਂ ਦੀ ਕਬਰ ਦੇ ਲਈ ਪੱਥਰ ਨਹੀਂ ਤਰਾਸ਼ਦੇ। ਉਹ ਅਹਲ-ਜਦੀਦ ਦੇ ਦੂਸਰੇ ਕੋਨੇ ਵਿੱਚ ਇਸ ਉਮੀਦ ਨਾਲ਼ ਬੈਠਦੇ ਹਨ ਕਿ ਇੰਝ ਕਰਕੇ ਉਹ ਵਾਇਰਸ ਤੋਂ ਬੱਚ ਜਾਣਗੇ। ਉਹ ਦੱਸਦੇ ਹਨ ਕਿ ''ਮੈਨੂੰ ਹਰ ਰੋਜ਼ ਇੱਕ ਪੱਥਰ ਦੇ ਲਈ 500 ਰੁਪਏ ਮਿਲ਼ਦੇ ਹਨ, ਜਿਹਨੂੰ ਮੈਂ ਤਰਾਸ਼ਦਾ, ਕੱਟਦਾ, ਧੋਂਦਾ ਅਤੇ ਪੂਰਾ ਕਰਦਾ ਹਾਂ। ਯੇ ਅੰਗਰੇਜ਼ੋਂ ਕੇ ਜ਼ਮਾਨੇ ਕਾ ਕਬਰਿਸਤਾਨ ਹੈ,'' ਉਹ ਅੱਗੇ ਕਹਿੰਦੇ ਹਨ। ਉਹ ਹੱਸ ਪੈਂਦੇ ਹਨ ਜਦੋਂ ਮੈਂ ਪੁੱਛਦਾ ਹਾਂ ਕਿ ਕੀ ਅੰਗਰੇਜ਼ਾਂ ਨੇ ਸਾਡੇ ਲਈ ਬੱਸ ਇਹੀ ਕੁਝ ਛੱਡਿਆ ਹੈ- ਕਬਰਿਸਤਾਨ?
ਨੰਦਕਿਸ਼ੋਰ ਦੱਸਦੇ ਹਨ,''ਉਨ੍ਹਾਂ ਨੂੰ ਕਬਰਿਸਤਾਨ ਵਿੱਚ
ਕੰਮ ਕਰਦਾ ਦੇਖ ਕੇ ਕਦੇ-ਕਦੇ ਕੁਝ ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਅਜਿਹੇ ਮੌਕਿਆਂ 'ਤੇ ਮੈਂ ਸਿਰਫ਼ ਉਨ੍ਹਾਂ ਦੇ
ਚਿਹਰਿਆਂ ਨੂੰ ਹੀ ਦੇਖਦਾ ਹਾਂ ਅਤੇ ਮੁਸਕਰਾ ਦਿੰਦਾ ਹਾਂ; ਮੈਨੂੰ ਸਮਝ ਨਹੀਂ ਆਉਂਦੀ ਕਿ ਕੀ
ਬੋਲਾਂ। ਹਾਲਾਂਕਿ, ਕਦੇ-ਕਦੇ ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ: 'ਮੈਂ ਤੁਹਾਡੇ ਲਈ ਕੁਰਾਨ ਦੀਆਂ ਆਇਤਾਂ
ਤਰਾਸ਼ਦਾ ਹਾਂ, ਮੈਂ ਅਜਿਹਾ ਕੁਝ ਕਰਦਾ ਹਾਂ ਜੋ ਤੁਸੀਂ ਆਪਣੇ ਜੀਵਨ ਵਿੱਚ ਮੁਸਲਮਾਨ ਹੋਣ ਦੇ ਬਾਵਜੂਦ
ਕਦੇ ਨਹੀਂ ਕੀਤਾ ਹੋਣਾ।'
''ਕਬਰਾਂ ਅੰਦਰ ਦਫ਼ਨ ਲੋਕ ਮੇਰੇ ਆਪਣਿਆਂ ਜਿਹੇ ਹਨ। ਜਦੋਂ ਮੈਂ ਇੱਥੋਂ ਬਾਹਰ ਪੈਰ ਰੱਖਦਾਂ ਹਾਂ, ਤਾਂ ਦੁਨੀਆ ਮੈਨੂੰ ਆਪਣੀ ਨਹੀਂ ਲੱਗਦੀ। ਇੱਥੇ ਮੈਨੂੰ ਸਕੂਨ ਮਿਲ਼ਦਾ ਹੈ।''
ਦੋ ਮਹੀਨੇ ਪਹਿਲਾਂ ਇੱਥੇ ਇੱਕ ਨਵੇਂ ਬੰਦਾ ਨੂੰ ਕੰਮ 'ਤੇ ਰੱਖਿਆ ਗਿਆ ਸੀ। ਉਨ੍ਹਾਂ ਦਾ ਨਾਮ ਪਵਨ ਕੁਮਾਰ ਹੈ ਅਤੇ ਉਹ ਬਿਹਾਰ ਦੇ ਬੇਗੁਸਰਾਏ ਜਿਲ੍ਹੇ ਤੋਂ ਆਉਂਦੇ ਹਨ। ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਬਿਹਾਰ ਵਾਪਸ ਚਲੇ ਗਏ ਹਨ। 31 ਸਾਲ ਦੇ ਪਵਨ ਵੀ ਇੱਥੇ ਪੱਥਰ ਕੱਟਦੇ ਹਨ। ਪੱਥਰ ਕੱਟਣ ਵਾਲ਼ੀ ਇੱਕ ਛੋਟੀ ਜਿਹੀ ਮਸ਼ੀਨ ਦੀ ਮਦਦ ਨਾਲ਼ 20 ਸਲੈਬ ਕੱਟਣ ਬਾਅਦ ਉਹ ਕਹਿੰਦਾ ਹੈ,''ਮੇਰਾ ਚਿਹਰਾ ਲਾਲ ਹੋ ਗਿਆ।'' ਪੱਥਰ ਕੱਟਦੇ ਵੇਲ਼ੇ ਉੱਡਣ ਵਾਲ਼ਾ ਘੱਟਾ (ਧੂੜ) ਉਨ੍ਹਾਂ ਦੇ ਪੂਰੇ ਸਰੀਰ 'ਤੇ ਬਹਿ ਗਈ। ਉਹ ਦੱਸਦੇ ਹਨ, ''ਕਰੋਨਾ ਹੋਵੇ ਜਾਂ ਨਾ ਹੋਵੇ, ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮੈਨੂੰ ਪੂਰਾ ਸਾਲ ਕੰਮ ਕਰਨਾ ਪੈਂਦਾ ਹੈ। ਇੱਥੇ ਮੈਨੂੰ ਕਦੇ-ਕਦੇ ਇੱਕ ਦਿਨ ਦੇ 700 ਰੁਪਏ ਮਿਲ਼ ਜਾਂਦੇ ਹਨ।'' ਪਹਿਲਾਂ ਉਨ੍ਹਾਂ ਦੇ ਕੋਲ਼ ਕੋਈ ਪੱਕਾ ਰੁਜ਼ਗਾਰ ਨਹੀਂ ਸੀ ਅਤੇ ਨੰਦਕਿਸ਼ੋਰ ਅਤੇ ਸ਼ਮੀਮ ਵਾਂਗ ਹੀ ਉਨ੍ਹਾਂ ਨੂੰ ਕਦੇ ਸਕੂਲ ਜਾਣ ਦਾ ਮੌਕਾ ਨਹੀਂ ਮਿਲ਼ਿਆ।
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਰਹਿਣ ਵਾਲ਼ੇ 27 ਸਾਲ ਦੇ ਆਸ ਮੁਹੰਮਦ ਵੀ ਇੱਥੇ ਮਜ਼ਦੂਰੀ ਕਰਦੇ ਹਨ। ਉਹ ਬਹੁ-ਕੰਮ (ਆਲਰਾਊਂਡਰ) ਕਰਨ ਵਾਲ਼ੇ ਹਨ ਅਤੇ ਕਬਰਿਸਤਾਨ ਦੇ ਹਰ ਕੰਮ ਵਿੱਚ ਹੱਥ ਵਟਾਉਂਦੇ ਹਨ। ਉਹ ਇੱਥੇ ਕਰੀਬ ਛੇ ਸਾਲ ਤੋਂ ਕੰਮ ਕਰ ਰਹੇ ਹਨ। ਆਸ ਦੇ ਪਰਿਵਾਰ ਨੇ ਉੱਤਰ ਪ੍ਰਦੇਸ਼ ਦੇ ਕਾਸਗੰਜ ਜਿਲ੍ਹੇ ਵਿੱਚ ਰਹਿਣ ਵਾਲ਼ੇ ਇੱਕ ਦੂਰ ਦੇ ਰਿਸ਼ਤੇਦਾਰ ਦੀ ਬੇਟੀ ਨਾਲ਼ ਉਨ੍ਹਾਂ ਦਾ ਵਿਆਹ ਤੈਅ ਕੀਤਾ ਸੀ।
ਆਸ ਦੱਸਦੇ ਹਨ,''ਮੈਨੂੰ ਉਸ ਨਾਲ਼ ਪਿਆਰ ਹੋ ਗਿਆ ਸੀ। ਪਿਛਲੇ ਸਾਲ ਤਾਲਾਬੰਦੀ ਦੌਰਾਨ, ਕਰੋਨਾ ਨਾਲ਼ ਉਹਦੀ ਮੌਤ ਹੋ ਗਈ।'' ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਇੱਕ ਹੋਰ ਰਿਸ਼ਤਾ ਦੇਖਿਆ। ਇਸ ਸਾਲ ਮਾਰਚ ਵਿੱਚ ਕੁੜੀ ਨੇ ਰਿਸ਼ਤਾ ਤੋਂ ਨਾਂਹ ਕਰ ਦਿੱਤੀ, ਕਿਉਂਕਿ ਉਹ ਕਿਸੇ ਅਜਿਹੇ ਵਿਅਕਤੀ ਨਾਲ਼ ਵਿਆਹ ਨਹੀਂ ਕਰਨਾ ਚਾਹੁੰਦੀ ਜੋ ਕਬਰਿਸਤਾਨ ਵਿੱਚ ਕੰਮ ਕਰਦੇ ਹੋਵੇ।
''ਦੁਖੀ ਹੋ ਕੇ, ਮੈਂ ਜ਼ਿਆਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜ਼ਿਆਦਾ ਗਿਣਤੀ ਵਿੱਚ ਕਬਰਾਂ ਪੁੱਟਣ ਲੱਗਿਆ, ਜ਼ਿਆਦਾ ਪੱਥਰ ਕੱਟਣ ਲੱਗਿਆ। ਮੈਂ ਹੁਣ ਵਿਆਹ ਕਰਨਾ ਹੀ ਨਹੀਂ ਚਾਹੁੰਦਾ,'' ਆਸ ਕਹਿੰਦੇ ਹਨ। ਉਹ ਬੋਲਦੇ ਸਮੇਂ ਵੀ ਸਲੈਬ ਕੱਟ ਰਹੇ ਹਨ। ਉਹ ਵੀ ਸਿਰੋਂ ਲੈ ਕੇ ਪੈਰਾਂ ਤੀਕਰ ਘੱਟੇ ਨਾਲ਼ ਭਰੇ ਹੋਏ ਹਨ। ਉਨ੍ਹਾਂ ਨੂੰ ਹਰ ਮਹੀਨੇ 8,000 ਰੁਪਏ ਮਿਲ਼ਦੇ ਹਨ।
ਨੇੜੇ ਹੀ, ਪੀਲ਼ੇ ਰੰਗ ਦੀ ਇੱਕ ਤਿਤਲੀ ਕਬਰਾਂ ਦੇ ਆਸ-ਪਾਸ ਮੰਡਰਾ ਰਹੀ ਹੈ ਜਿਵੇਂ ਉਹ ਇਸ ਦੁਚਿੱਤੀ ਵਿੱਚ ਹੋਵੇ ਕਿ ਫੁੱਲਾਂ ਨੂੰ ਚੁੰਮੇ ਜਾਂ ਕਬਰਾਂ 'ਤੇ ਗੱਡੇ ਪੱਥਰਾਂ ਨੂੰ।
ਮਰਨ ਵਾਲ਼ਿਆਂ ਦੀਆਂ ਯਾਦਾਂ ਉਕੇਰਨ ਵਾਲ਼ੇ ਨਿਜ਼ਾਮ ਕਹਿੰਦੇ ਹਨ: ''ਜਿਨ੍ਹਾਂ ਦੀ ਮੌਤ ਹੁੰਦੀ ਹੈ, ਮਰ ਜਾਂਦੇ ਹਨ। ਅੱਲ੍ਹਾ ਦੀ ਮਦਦ ਨਾਲ਼, ਮੈਂ ਹੀ ਉਨ੍ਹਾਂ ਹੀ ਆਖ਼ਰੀ ਵਾਰ ਉਨ੍ਹਾਂ ਦਾ ਨਾਮ ਦਿੰਦਾ ਹਾਂ। ਦੁਨੀਆ ਨੂੰ ਦੱਸਦਾ ਹਾਂ ਕਿ ਇੱਥੇ ਕੋਈ ਸੀ, ਕਿਸੇ ਦਾ ਪਿਆਰਾ।'' ਉਨ੍ਹਾਂ ਦੇ ਬੁਰਸ਼ ਜਿਨ੍ਹਾਂ ਦੇ ਸਿਰੇ ਚਿੱਟੇ ਅਤੇ ਕਾਲ਼ੇ ਪੇਂਟ ਵਿੱਚ ਡੁੱਬੇ ਹੋਏ ਹਨ, ਨਿਜ਼ਾਮ ਦੇ ਇਸ਼ਾਰਿਆਂ 'ਤੇ ਮਹਿਰਾਬ ' ਤੇ ਲਹਿਰਾਉਂਦੇ ਦਿੱਸਦੇ ਹਨ। ਉਹ ਆਖਰੀ ਸ਼ਬਦ ਦੇ ਆਖ਼ਰੀ ਹਰਫ਼ 'ਤੇ ਨੁਕਤਾ ਲਾਉਂਦੇ ਹੋਏ, ਇੱਕ ਹੋਰ ਪੱਥਰ 'ਤੇ ਅਰਬੀ ਵਿੱਚ ਉਹ ਆਇਤ ਪੂਰੀ ਕਰਦੇ ਹਨ: ''ਹਰ ਰੂਹ ਨੇ ਮੌਤ ਦਾ ਸੁਆਦ ਚੱਖਣਾ ਹੀ ਹੈ।''
ਤਰਜਮਾ: ਕਮਲਜੀਤ ਕੌਰ