''ਹਰ ਕੋਈ ਇਹਦੀ ਹੀ ਤਾਂ ਵਰਤੋਂ ਕਰ ਰਿਹਾ ਹੈ। ਇਸਲਈ ਅਸੀਂ ਵੀ ਕਰ ਰਹੇ ਹਾਂ,'' ਰੂਪਾ ਪਿਰਿਕਾਕਾ ਨੇ ਥੋੜ੍ਹੀ ਬੇਯਕੀਨੀ ਨਾਲ਼ ਕਿਹਾ।
'ਇਹ' ਜੈਨੇਟਿਕ (ਜਿਣਸੀ) ਤੌਰ 'ਤੇ ਸੋਧੇ (ਜੀਬੀ) ਬੀਟੀ ਕਪਾਹ ਦੇ ਬੀਜ ਹਨ, ਜਿਨ੍ਹਾਂ ਨੂੰ ਹੁਣ ਸੌਖ਼ਿਆਂ ਹੀ ਸਥਾਨਕ ਬਜ਼ਾਰ ਤੋਂ ਖ਼ਰੀਦਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਆਪਣੇ ਪਿੰਡ ਦੀ ਹੱਟੀ ਤੋਂ ਵੀ। 'ਹਰ ਕੋਈ' ਤੋਂ ਉਨ੍ਹਾਂ (ਰੂਪਾ) ਦਾ ਮਤਲਬ ਇਸ ਪਿੰਡ ਅਤੇ ਦੱਖਣ-ਪੱਛਮ ਓੜੀਸਾ ਦੇ ਰਾਇਗੜਾ ਜ਼ਿਲ੍ਹੇ ਦੇ ਬਾਕੀ ਪਿੰਡਾਂ ਦੇ ਅਣਗਿਣਤ ਬਾਕੀ ਕਿਸਾਨਾਂ ਤੋਂ ਹੈ।
''ਉਨ੍ਹਾਂ ਦੇ ਹੱਥੀਂ ਨਕਦੀ ਲੱਗ ਰਹੀ ਆ,'' ਉਹ ਕਹਿੰਦੀ ਹਨ।
40 ਸਾਲ ਤੋਂ ਵੱਧ ਉਮਰ ਨੂੰ ਢੁੱਕਣ ਵਾਲ਼ੀ ਪਿਰਿਕਾਕਾ ਇੱਕ ਕੋਂਧ ਆਦਿਵਾਸੀ ਕਿਸਾਨ ਹਨ ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਰ ਸਾਲ ਡੋਂਗਰ ਚਾਸ ਵਾਸਤੇ ਪਹਾੜੀ ਢਲ਼ਾਣ ਤਿਆਰ ਕਰਦੀ ਹਨ। ਡੋਂਗਰ ਚਾਸ ਦਾ ਸ਼ਾਬਦਿਕ ਅਰਥ ਹੈ 'ਪਹਾੜੀ ਖੇਤੀ'। ਇਸ ਇਲ਼ਾਕੇ ਦੇ ਕਿਸਾਨਾਂ ਦੁਆਰਾ ਸਦੀਆਂ ਤੋਂ ਅਪਣਾਈਆਂ ਗਈਆਂ ਪਰੰਪਰਾਵਾਂ ਦੇ ਪੂਰਨਿਆਂ 'ਤੇ ਚੱਲਦੇ ਹੋਏ ਪਿਰਿਕਾਕਾ, ਫ਼ਸਲਾਂ ਤੋਂ ਬਚਾ ਕੇ ਰੱਖੇ ਗਏ ਬੀਜਾਂ ਨੂੰ ਰਲੇਵੀਂਆਂ ਜੋਤਾਂ ਵਿੱਚ ਬੀਜਦੀ ਹਨ। ਇਨ੍ਹਾਂ ਰਾਹੀਂ ਕਾਫ਼ੀ ਮਾਤਰਾ ਵਿੱਚ ਅਨਾਜ ਫ਼ਸਲਾਂ ਪ੍ਰਾਪਤ ਹੋਣਗੀਆਂ: ਮੰਡੀਆਂ ਅਤੇ ਕੰਗੂ ਜਿਵੇਂ ਬਾਜਰਾ, ਅਰਹਰ ਅਤੇ ਕਾਲ਼ੇ ਛੋਲੇ ਜਿਹੀਆਂ ਦਾਲ਼ਾਂ ਦੇ ਨਾਲ਼ ਹੀ ਲੰਬੀਆਂ ਫਲ਼ੀਆਂ, ਕਾਲੇ ਤਿਲ ਦੇ ਬੀਜ ਅਤੇ ਤਿਲ ਦੀਆਂ ਰਵਾਇਤੀ (ਜੱਦੀ) ਕਿਸਮਾਂ ਵੀ ਸ਼ਾਮਲ ਹਨ।
ਇਸ ਜੁਲਾਈ ਵਿੱਚ, ਪਿਰਿਕਾਕਾ ਨੇ ਪਹਿਲੀ ਦਫ਼ਾ ਬੀਟੀ ਕਪਾਹ ਦੀ ਬੀਜਾਈ ਕੀਤੀ। ਇਹੀ ਉਹ ਸਮਾਂ ਸੀ, ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ੇ। ਉਦੋਂ ਉਹ ਬਿਸ਼ਮਕਟਕ ਬਲਾਕ ਵਿਖੇ ਪੈਂਦੇ ਆਪਣੇ ਪਿੰਡ ਵਿੱਚ ਇਹ ਪਹਾੜੀ ਢਲ਼ਾਣ 'ਤੇ ਗੂੜ੍ਹੇ ਗੁਲਾਬੀ ਰੰਗੇ ਅਤੇ ਰਸਾਇਣ ਵਿੱਚ ਡੁੱਬੇ ਬੀਜਾਂ ਨੂੰ ਬੀਜ ਰਹੀ ਸਨ। ਆਦਿਵਾਸੀਆਂ ਦੀ ਪੌੜੀਦਾਰ ਖੇਤੀ ਦੀਆਂ ਪਰੰਪਰਾਵਾਂ ਵਿੱਚ ਕਪਾਹ ਦਾ ਪ੍ਰਵੇਸ਼ ਹੈਰਾਨ ਕਰਨ ਵਾਲ਼ਾ ਸੀ, ਜਿਹਨੇ ਸਾਨੂੰ ਉਨ੍ਹਾਂ ਤੋਂ ਇਸ ਬਦਲਾਅ ਬਾਰੇ ਪੁੱਛਣ 'ਤੇ ਮਜ਼ਬੂਰ ਕੀਤਾ।
''ਪਿਰਿਕਾਕਾ ਪ੍ਰਵਾਨ ਕਰਦੀ ਹਨ,''ਹਲਦੀ ਜਿਹੀਆਂ ਹੋਰ ਫ਼ਸਲਾਂ ਤੋਂ ਵੀ ਪੈਸਾ ਆਉਂਦਾ ਹੈ। ਪਰ ਕੋਈਵੀ ਇਨ੍ਹਾਂ ਦੀ ਖੇਤੀ ਨਹੀਂ ਕਰ ਰਿਹਾ। ਸਾਰੇ ਲੋਕ ਮੰਡਿਆਂ (ਬਾਜਰਾ) ਨੂੰ ਛੱਡ ਰਹੇ ਹਨ ਅਤੇ ਨਰਮਾ ਦਾ ਰਾਹ ਫੜ੍ਹ ਰਹੇ ਹਨ।''
ਰਾਇਗੜਾ ਜ਼ਿਲ੍ਹੇ ਵਿੱਚ ਕਪਾਹ ਦਾ ਰਕਬਾ 16 ਸਾਲਾਂ ਅੰਦਰ 5,200 ਪ੍ਰਤੀਸ਼ਤ ਵੱਧ ਗਿਆ ਹੈ। ਅਧਿਕਾਰਕ ਅੰਕੜਿਆਂ ਦੀ ਮੰਨੀਏ ਤਾਂ 2002-03 ਵਿੱਚ ਸਿਰਫ਼ 1,631 ਏਕੜ ਜ਼ਮੀਨ 'ਤੇ ਹੀ ਨਰਮੇ ਦੀ ਖੇਤੀ ਹੋਈ ਸੀ। ਜ਼ਿਲ੍ਹਾ ਖੇਤੀ ਦਫ਼ਤਰ ਮੁਤਾਬਕ, 2018-19 ਵਿੱਚ ਇਹ ਰਕਬਾ ਵੱਧ ਕੇ 86,907 ਏਕੜ ਹੋ ਗਿਆ ਸੀ।
ਰਾਇਗੜਾ, ਜਿੱਥੋਂ ਦੀ ਅਬਾਦੀ 10 ਲੱਖ ਦੇ ਕਰੀਬ ਹੈ, ਕੋਰਾਪੁਟ ਇਲਾਕੇ ਦਾ ਹਿੱਸਾ ਹੈ, ਜੋ ਦੁਨੀਆ ਦੀ ਜੀਵ-ਵਿਭਿੰਨਤਾ ਵਾਲ਼ੇ ਸਭ ਤੋਂ ਵੱਡੇ ਇਲਾਕੇ ਵਿੱਚੋਂ ਇੱਕ ਹੈ ਅਤੇ ਚੌਲ਼ ਦੀ ਵੰਨ-ਸੁਵੰਨਤਾ ਵਾਲ਼ਾ ਇਹ ਇਤਿਹਾਸਕ ਇਲਾਕਾ ਹੈ। ਕੇਂਦਰੀ ਚੌਲ ਖ਼ੋਜ਼ ਸੰਸਥਾ ਦੇ 1959 ਦੇ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਵੀ ਇਸ ਇਲਾਕੇ ਅੰਦਰ 1,700 ਤੋਂ ਵੱਧ ਚੌਲ਼ ਦੀਆਂਕ ਕਿਸਮਾਂ ਸਨ। ਪਰ, ਹੁਣ ਇਹ ਸੰਖਿਆ ਹੇਠਾਂ ਡਿੱਗ ਕੇ ਕਰੀਬ 200 'ਤੇ ਅੱਪੜ ਗਈ ਹੈ। ਕੁਝ ਖ਼ੋਜਾਰਥੀ ਤਾਂ ਇਸ ਇਲਾਕੇ ਨੂੰ ਚੌਲ਼ ਦੀ ਖੇਤੀ ਦਾ ਜਨਮ ਅਸਥਾਨ ਮੰਨਦੇ ਹਨ।
ਇੱਥੋਂ ਦੇ ਕੋਂਧ ਆਦਿਵਾਸੀ, ਵੱਡੇ ਪੱਧਰ 'ਤੇ ਖੇਤੀ 'ਤੇ ਹੀ ਨਿਰਭਰ ਰਹਿਣ ਵਾਲ਼ੇ ਕਿਸਾਨ, ਖੇਤੀ-ਜੰਗਲਾਤ ਦੇ ਆਪਣੇ ਵਧੀਆ ਅਭਿਆਸਾਂ ਲਈ ਜਾਣੇ ਜਾਂਦੇ ਹਨ। ਅੱਜ ਵੀ, ਕੋਈ ਕੋਂਧ ਪਰਿਵਾਰ ਇਸ ਇਲਾਕੇ ਦੇ ਹਰੇ-ਭਰੇ ਪੌੜੀਦਾਰ ਖੇਤਾਂ ਅਤੇ ਪਹਾੜੀ ਖੇਤਾਂ ਵਿੱਚ ਝੋਨੇ ਅਤੇ ਬਾਜਰੇ ਦੀਆਂ ਵੱਖ-ਵੱਖ ਕਿਸਮਾਂ, ਦਾਲ ਅਤੇ ਸਬਜ਼ੀਆਂ ਉਗਾਉਂਦੇ ਹਨ। ਰਾਇਗੜਾ ਦੀ ਇੱਕ ਗ਼ੈਰ-ਲਾਭਕਾਰੀ ਸੰਸਥਾ, ਲਿਵਿੰਗ ਫਾਰਮਸ ਦੇ ਹਾਲ ਦੇ ਸਰਵੇਖਣਾਂ ਵਿੱਚ ਬਾਜਰੇ ਦੀਆਂ 36 ਕਿਸਮਾਂ ਅਤੇ 250 ਜੰਗਲੀ ਅਨਾਜ ਪਦਾਰਥਾਂ ਦਾ ਦਸਤਾਵੇਜੀਕਰਨ ਕੀਤਾ ਗਿਆ ਹੈ।
ਇੱਥੋਂ ਦੇ ਬਹੁਤੇਰੇ ਆਦਿਵਾਸੀ ਕਿਸਾਨ 1 ਤੋਂ 5 ਏਕੜ ਤੱਕ ਦੇ ਨਿੱਜੀ ਜਾਂ ਸਾਂਝੇ ਖੇਤਾਂ ਵਿਖੇ ਕੰਮ ਕਰਦੇ ਹਨ।
ਉਨ੍ਹਾਂ ਦੇ ਬੀਜ ਵੱਡੇ ਪੱਧਰ 'ਤੇ ਭਾਈਚਾਰੇ ਅੰਦਰ ਹੀ ਪੋਸ਼ਤ ਅਤੇ ਆਪਸ ਵਿੱਚ ਸਾਂਝੇ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਕਿਸੇ ਵੀ ਸਿੰਥੇਟਿਕ ਖਾਦ ਜਾਂ ਹੋਰ ਖੇਤੀ-ਰਸਾਇਣਾਂ ਦੀ ਵਰਤੋਂ ਕੀਤਿਆਂ ਬਗ਼ੈਰ ਇਹ ਪ੍ਰਕਿਰਿਆ ਕੀਤੀ ਜਾਂਦੀ ਹੈ।
ਫਿਰ ਵੀ, ਰਾਇਗੜਾ ਵਿਖੇ ਝੋਨੇ ਤੋਂ ਬਾਅਦ ਨਰਮਾ ਦੂਸਰੀ ਸਭ ਤੋਂ ਵੱਧ ਉਗਾਈ ਜਾਣ ਵਾਲ਼ੀ ਫ਼ਸਲ ਬਣ ਗਿਆ ਹੈ ਜੋ ਇਸ ਇਲਾਕੇ ਦੀ ਪ੍ਰਮੁੱਖ ਪਰੰਪਰਿਕ ਖਾਦ ਫ਼ਸਲ- ਬਾਜਰੇ ਨਾਲ਼ੋਂ ਅੱਗੇ ਨਿਕਲ਼ ਗਈ ਹੈ। ਇਹ ਫ਼ਸਲ ਇਸ ਜ਼ਿਲ੍ਹੇ ਵਿੱਚ ਖੇਤੀ ਦੀ ਕੁੱਲ 428,947 ਏਕੜ ਦੀ ਜ਼ਮੀਨ ਦੇ ਪੰਜਵੇਂ ਹਿੱਸੇ ਵਿੱਚ ਉਗਾਈ ਜਾਂਦੀ ਹੈ। ਨਰਮੇ ਦਾ ਤੇਜ਼ੀ ਨਾਲ਼ ਵਿਸਤਾਰ ਇਸ ਭੂਮੀ ਦੇ ਅਕਾਰ ਨੂੰ ਬਦਲ ਰਿਆ ਹੈ ਅਤੇ ਲੋਕ ਖੇਤੀ-ਵਾਤਾਵਰਣ ਸਬੰਧੀ ਗਿਆਨ ਵਿੱਚ ਫਸੇ ਹੋਏ ਹਨ।
ਕਪਾਹ ਦੀ ਖੇਤੀ ਭਾਰਤ ਦੇ ਕੁੱਲ ਫ਼ਸਲੀ ਇਲਾਕੇ ਦੇ ਲਗਭਗ 5 ਫ਼ੀਸਦੀ ਹਿੱਸੇ 'ਤੇ ਕੀਤੀ ਜਾਂਦੀ ਹੈ ਪਰ ਰਾਸ਼ਟਰੀ ਪੱਧਰ 'ਤੇ ਇਸਤੇਮਾਲ ਹੋਣ ਵਾਲ਼ੇ ਕੀਟਨਾਸ਼ਕਾਂ, ਬੂਟੀਨਾਸ਼ਕ ਅਤੇ ਉੱਲੀਨਾਸ਼ਕਾਂ ਦੀ ਕੁੱਲ ਮਾਤਰਾ ਦੇ 36 ਤੋਂ 50 ਫ਼ੀਸਦ ਦੀ ਵਰਤੋਂ ਇਸੇ ਅੰਦਰ ਹੁੰਦੀ ਹੈ। ਇਹ ਇੱਕ ਅਜਿਹੀ ਫ਼ਸਲ ਵੀ ਹੈ ਜੋ ਪੂਰੇ ਭਾਰਤ ਵਿੱਚ ਕਰਜ਼ੇ ਅਤੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਵਾਸਤੇ ਸਭ ਤੋਂ ਵੱਧ ਜ਼ਿੰਮੇਦਾਰ ਹੈ।
ਇੱਥੋਂ ਦਾ ਦ੍ਰਿਸ਼ 1998 ਅਤੇ 2002 ਦਰਮਿਆਨ ਵਿਦਰਭਾ ਦੀ ਯਾਦ ਦਵਾਉਂਦਾ ਹੈ-ਨਵੇਂ ਚਮਤਕਾਰ (ਅਤੇ ਫਿਰ ਨਜਾਇਜ਼) ਬੀਜਾਂ ਅਤੇ ਭਾਰੀ ਮੁਨਾਫ਼ੇ ਦੇ ਸੁਪਨਿਆਂ ਨੂੰ ਲੈ ਕੇ ਸ਼ੁਰੂਆਤੀ ਉਤਸ਼ਾਹ, ਇਹਦੇ ਬਾਅਦ ਸਿੰਚਾਈ ਵਾਸਤੇ ਪਾਣੀ ਦੀ ਵਿਤੋਂਵੱਧ ਵਰਤੋਂ ਦਾ ਅਸਰ, ਖ਼ਰਚਿਆਂ ਅਤੇ ਕਰਜ਼ੇ ਵਿੱਚ ਭਾਰੀ ਵਾਧਾ ਅਤੇ ਵੱਖ-ਵੱਖ ਵਾਤਾਵਰਣਕ ਦਬਾਅ। ਵਿਦਰਭਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੇਸ਼ ਦੇ ਕਿਸਾਨਾਂ ਦੀ ਆਤਮਹੱਤਿਆਵਾਂ ਦੇ ਕੇਂਦਰ ਬਣ ਕੇ ਰਹਿ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤੇਰੇ ਕਿਸਾਨ ਬੀਟੀ ਕਪਾਹ ਉਗਾਉਣ ਵਾਲ਼ੇ ਕਿਸਾਨ ਸਨ।
*****
ਅਸੀਂ ਜਿਹੜੀ ਦੁਕਾਨ 'ਤੇ ਖੜ੍ਹੇ ਹਾਂ, ਉਹਦੇ ਮਾਲਕ 24 ਸਾਲਾ ਕੋਂਧ ਆਦਿਵਾਸੀ ਚੰਦਰ ਕੁਦਰੁਕਾ (ਬਦਲਿਆ ਨਾਮ) ਹਨ। ਭੁਵਨੇਸ਼ਵਰ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਲੈ ਕੇ ਮੁੜਨ ਬਾਅਦ ਉਨ੍ਹਾਂ ਨੇ ਇਸ ਸਾਲ ਜੂਨ ਵਿੱਚ, ਨਿਯਮਗਿਰੀ ਪਹਾੜੀਆਂ ਵਿਖੇ ਸਥਿਤ ਆਪਣੇ ਪਿੰਡ ਰੁਕਾਗੁੜਾ (ਬਦਲਿਆ ਨਾਮ) ਵਿੱਚ ਇਹ ਦੁਕਾਨ ਖੋਲ੍ਹੀ ਸੀ। ਇੱਥੇ ਆਲੂ, ਪਿਆਜ, ਤਲ਼ੇ ਹੋਏ ਸਨੈਕਸ, ਮਿਠਾਈਆਂ ਰੱਖੀਆਂ ਹੋਈਆਂ ਸਨ ਅਤੇ ਇਹ ਪਿੰਡ ਦੀ ਕਿਸੇ ਵੀ ਹੋਰ ਦੁਕਾਨ ਵਾਂਗਰ ਹੀ ਜਾਪ ਰਹੀ ਸੀ।
ਉਨ੍ਹਾਂ ਦੀ ਦੁਕਾਨ ਦੇ ਸਭ ਤੋਂ ਵੱਧ ਵਿਕਰੀ ਵਾਲ਼ੇ ਉਤਪਾਦਾਂ (ਜੋ ਕਾਊਂਟਰ ਦੇ ਹੇਠਾਂ ਸਜਾ ਕੇ ਰੱਖੇ ਹੋਏ ਸਨ) ਨੂੰ ਛੱਡ ਕੇ- ਨਰਮੇ ਦੇ ਬੀਜਾਂ ਦੇ ਚਮਕੀਲੇ, ਬਹੁਰੰਗੀ ਪੈਕੇਟਾਂ ਦੀ ਇੱਕ ਵੱਡੀ ਸਾਰੀ ਬੋਰੀ, ਜਿਸ 'ਤੇ ਕਈ ਖ਼ੁਸ਼ਹਾਲ ਕਿਸਾਨਾਂ ਦੀਆਂ ਤਸਵੀਰਾਂ ਅਤੇ 2,000 ਰੁਪਏ ਦੇ ਨੋਟ ਬਣੇ ਹੋਏ ਹਨ।
ਕੁਦਰੂਕਾ ਦੀ ਦੁਕਾਨ ਵਿੱਚ ਰੱਖੇ ਬੀਜਾਂ ਦੇ ਕਾਫ਼ੀ ਸਾਰੇ ਪੈਕੇਟ, ਨਜਾਇਜ਼ ਅਤੇ ਅਣਅਧਿਕਾਰਕ ਸਨ। ਕੁਝ ਪੈਕੇਟਾਂ 'ਤੇ ਤਾਂ ਲੇਬਲ ਤੱਕ ਨਹੀਂ ਸੀ ਲੱਗਿਆ। ਉਨ੍ਹਾਂ ਵਿੱਚੋਂ ਕਈ ਓੜੀਸਾ ਵਿੱਚ ਵਿਕਰੀ ਲਈ ਮਨਜ਼ੂਰਸ਼ੁਦਾ ਨਹੀਂ ਸਨ। ਇੰਨਾ ਹੀ ਨਹੀਂ ਉਨ੍ਹਾਂ ਕੋਲ਼ ਬੀਜਾਂ ਅਤੇ ਖੇਤੀ ਰਸਾਇਣ ਵੇਚਣ ਦਾ ਲਾਈਸੈਂਸ ਤੱਕ ਵੀ ਨਹੀਂ ਸੀ।
ਇਸ ਤੋਂ ਇਲਾਵਾ ਸਟਾਕ ਵਿੱਚ, ਬੀਜ ਦੇ
ਨਾਲ਼ ਵੇਚੇ ਜਾਣ ਵਾਸਤੇ, ਵਿਵਾਦਕ ਬੂਟੀਨਾਸ਼ਕ ਗਲਾਇਫ਼ੋਸੇਟ ਦੀਆਂ ਹਰੀਆਂ ਅਤੇ ਲਾਲ ਬੋਤਲਾਂ ਦੇ
ਡੱਬੇ ਸਨ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ 2015 ਦੀ ਇੱਕ ਰਿਪੋਰਟ (ਜਿਹਨੂੰ ਇੰਡਸਟ੍ਰੀ ਦੇ
ਦਬਾਅ ਵਿੱਚ ਡਬਲਿਊਐੱਚਓ ਵੱਲੋਂ ਬਦਲਿਆ ਗਿਆ) ਵਿੱਚ ਗਲਾਇਫ਼ੋਸੇਟ ਨੂੰ 'ਇਨਸਾਨਾਂ ਲਈ ਸੰਭਾਵਤ ਕੈਂਸਰਕਾਰੀ' ਮੰਨਿਆ ਸੀ। ਇਹ ਪੰਜਾਬ ਅਤੇ ਕੇਰਲ ਜਿਹੇ ਰਾਜਾਂ ਵਿੱਚ ਵਰਜਿਤ ਹੈ, ਗੁਆਂਢੀ ਰਾਜ ਆਂਧਰਾ
ਪ੍ਰਦੇਸ਼ ਵਿੱਚ ਪਾਬੰਦੀ ਹੇਠ ਹੈ ਅਤੇ ਵਰਤਮਾਨ ਵਿੱਚ ਇਹਦੇ ਮੂਲ਼ ਦੇਸ਼ ਅਮੇਰਿਕਾ ਵਿਖੇ ਕੈਂਸਰ ਦੇ
ਰੋਗੀਆਂ ਦੁਆਰਾ ਮਿਲੀਅਨ ਡਾਲਰਾਂ ਦੇ ਲਿਆਂਦੇ ਮੁਕੱਦਮੇ ਦੇ ਕੇਂਦਰ ਵਿੱਚ
ਹੈ।
ਰਾਇਗੜਾ ਦੇ ਕਿਸਾਨ ਇਸ ਗੱਲੋਂ ਅਣਜਾਣ ਹਨ। ਗਲਾਇਫ਼ੋਸੇਟ, ਜਿਹਨੂੰ ਕਿ ' ਘਾਸ ਮਾਰਾ ' ਭਾਵ ਘਾਹ ਮਾਰਨ ਵਾਲ਼ਾ ਕਿਹਾ ਜਾਂਦਾ ਹੈ ਅਤੇ ਇਹੀ ਹਵਾਲਾ ਦੇ ਦੇ ਕੇ ਉਨ੍ਹਾਂ ਨੂੰ ਵੇਚਿਆ ਜਾਂਦਾ ਹੈ ਤਾਂਕਿ ਉਹ ਆਪਣੇ ਖੇਤਾਂ ਵਿੱਚੋਂ ਘਾਹ-ਬੂਟ ਨੂੰ ਤੇਜ਼ੀ ਨਾਲ਼ ਸਾੜ ਸਕਣ। ਪਰ ਇਹ ਇੱਕ ਵਿਆਪਕ ਬੂਟੀਨਾਸ਼ਕ ਹੈ ਜੋ ਆਪਣੀ ਮਾਰ ਤੋਂ ਸਿਰਫ਼ ਸੋਧੇ ਹੋਏ ਬੀਜਾਂ ਨੂੰ ਹੀ ਛੱਡਦਾ ਹੈ ਅਤੇ ਬਾਕੀ ਹਰ ਪ੍ਰਕਾਰ ਦੀਆਂ ਬੂਟੀਆਂ ਨੂੰ ਮਾਰ ਮੁਕਾਉਂਦਾ ਹੈ। ਕੁਦਰੂਕਾ ਨੇ ਵੀ ਫ਼ੁਰਤੀ ਨਾਲ਼ ਸਾਨੂੰ ਕਪਾਹ ਦੇ ਉਹ ਬੀਜ ਦਿਖਾਏ ਜਿਨ੍ਹਾਂ 'ਤੇ ਗਲਾਇਫ਼ੋਸੇਟ ਦੇ ਛਿੜਕਾਅ ਦਾ ਕੋਈ ਅਸਰ ਨਹੀਂ ਪੈਣਾ। ਇਸ ਤਰ੍ਹਾਂ ਦੇ 'ਹਰਬੀਸਾਇਡ ਟੌਲਰੈਂਟ/ਬੂਟੀਨਾਸ਼ਕ ਝੱਲ਼ਣ ਵਾਲ਼ੇ' ਜਾਂ 'ਐੱਚਟੀ ਬੀਜ' ਭਾਰਤ ਵਿੱਚ ਵਰਜਿਤ ਹਨ।
ਕੁਦਰੂਕਾ ਨੇ ਸਾਨੂੰ ਦੱਸਿਆ ਕਿ ਉਹ ਪਿਛਲੇ ਪੰਦਰ੍ਹਾਂ ਦਿਨਾਂ ਵਿੱਚ 150 ਪੈਕੇਟ ਕਿਸਾਨਾਂ ਨੂੰ ਵੇਚ ਚੁੱਕਿਆ ਹੈ। ''ਮੈਂ ਹੋਰ ਮੰਗਵਾਏ ਨੇ। ਉਹ ਕੱਲ੍ਹ ਤੱਕ ਆ ਜਾਣਗੇ,'' ਉਨ੍ਹਾਂ ਸਾਨੂੰ ਇਹ ਵੀ ਦੱਸਿਆ।
ਕਾਰੋਬਾਰ ਵਧੀਆ ਰਿੜ੍ਹਦਾ ਜਾਪਿਆ।
''ਰਾਇਗੜਾ ਵਿਖੇ ਇਸ ਸਮੇਂ ਕਪਾਹ ਦਾ ਕਰੀਬ 99.9 ਫੀਸਦ ਹਿੱਸਾ ਬੀਟੀ ਕਪਾਹ ਦਾ ਹੈ- ਗ਼ੈਰ-ਬੀਟੀ ਬੀਜ ਇੱਥੇ ਮਿਲ਼ਦੇ ਹੀ ਨਹੀਂ। ਅਧਿਕਾਰਕ ਤੌਰ 'ਤੇ ਓੜੀਸਾ ਵਿੱਚ ਬੀਟੀ ਕਪਾਹ ਠਹਿਰੀ ਹੋਈ ਹਾਲਤ ਵਿੱਚ ਹੈ। ਇ ਨਾ ਤਾਂ ਮਨਜ਼ੂਰਸ਼ੁਦਾ ਹੈ ਅਤੇ ਨਾ ਹੀ ਵਰਜਿਤ।''
ਸਾਨੂੰ ਓੜੀਸਾ ਰਾਜ ਵਿੱਚ ਬੀਟੀ ਕਪਾਹ ਜਾਰੀ ਕਰਨ ਦੀ ਆਗਿਆ ਦੇਣ ਲਈ ਜ਼ਿੰਮੇਦਾਰ ਕੇਂਦਰ ਸਰਕਾਰ ਦੀ ਏਜੰਸੀ ਪਾਸੋਂ ਕੋਈ ਲਿਖਤੀ ਪ੍ਰਮਾਣ ਨਹੀਂ ਮਿਲ਼ਿਆ। ਸਗੋਂ, ਖੇਤੀ ਮੰਤਰਾਲੇ ਦੀ 2016 ਦੀ ਕਪਾਹ ਦੀ ਹਾਲਤ ਦੀ ਰਿਪੋਰਟ, ਓੜੀਸਾ ਵਿੱਚ ਬੀਟੀ ਕਪਾਹ ਦੇ ਅੰਕੜਿਆਂ ਨੂੰ, ਸਾਲ ਦਰ ਸਾਲ, ਜ਼ੀਰੋ ਦੇ ਰੂਪ ਵਿੱਚ ਦਰਸਾਉਂਦੀ ਹੈ, ਜਿਹਦਾ ਮਤਲਬ ਇਹ ਹੈ ਕਿ ਸਰਕਾਰਾਂ ਇਹਦੇ ਵਜੂਦ ਨੂੰ ਪ੍ਰਵਾਨ ਨਹੀਂ ਕਰਦੀਆਂ। ਰਾਜ ਦੇ ਖੇਤੀ ਸਕੱਤਰ ਡਾ. ਸੌਰਭ ਗਰਗ ਨੇ ਸਾਨੂੰ ਫ਼ੋਨ 'ਤੇ ਦੱਸਿਆ,''ਮੈਨੂੰ ਐੱਚਟੀ ਕਪਾਹ ਦੀ ਜਾਣਕਾਰੀ ਨਹੀਂ ਆ। ਬੀਟੀ ਕਪਾਹ ਨੂੰ ਲੈ ਕੇ ਭਾਰਤ ਸਰਕਾਰ ਦੀ ਜੋ ਨੀਤੀ ਆ, ਉਹ ਨੀਤੀ ਸਾਡੀ ਵੀ ਹੈ। ਓੜੀਸਾ ਵਾਸਤੇ ਸਾਡੇ ਕੋਲ਼ ਕੁਝ ਵੱਖਰਾ ਨਹੀਂ ਐ।''
ਇਸ ਰਵੱਈਏ ਦੇ ਗੰਭੀਰ ਨਤੀਜੇ ਸਾਹਮਣੇ ਆਏ ਹਨ। ਅਣਅਧਿਕਾਰਕ ਬੀਟੀ ਅਤੇ ਨਜਾਇਜ਼ ਐੱਚਟੀ ਬੀਜਾਂ ਦੇ ਨਾਲ਼ ਨਾਲ਼ ਖੇਤੀ ਰਸਾਇਣਾਂ ਦਾ ਵਪਾਰ ਵੱਧ ਰਿਹਾ ਹੈ ਅਤੇ ਰਾਇਗੜਾ ਦੇ ਨਵੇਂ ਇਲਾਕਿਆਂ ਵਿੱਚ ਤੇਜ਼ੀ ਨਾਲ਼ ਫ਼ੈਲਦਾ ਜਾ ਰਿਹਾ ਹੈ, ਜਿਵੇਂ ਕਿ ਨਿਯਮਗਿਰੀ ਦੀਆਂ ਪਹਾੜੀਆਂ ਵਿੱਚ ਕੁਦਰੂਕਾ ਦੀ ਦੁਕਾਨ ਵਿੱਚ ਸਪੱਸ਼ਟ ਦੇਖਿਆ ਜਾ ਸਕਦਾ ਸੀ।
ਸੰਸਾਰ-ਪੱਧਰ 'ਤੇ ਖੇਤੀ ਰਸਾਇਣਾਂ ਨੇ ਮਿੱਟੀ ਦੇ ਜੀਵਾਣੂਆਂ ਨੂੰ ਤਬਾਹ ਕਰ ਦਿੱਤਾ ਹੈ, ਉਪਜਾਊ ਸਮਰੱਥਾ ਖ਼ਤਮ ਕਰ ਦਿੱਤੀ ਹੈ ਅਤੇ ਜਿਵੇਂ ਕਿ ਪ੍ਰੋਫ਼ੈਸਰ ਸ਼ਾਹਿਦ ਨਈਮ ਨੇ ਹਾਲ ਹੀ ਵਿੱਚ ਕਿਹਾ ਹੈ,''ਭੂਮੀ 'ਤੇ ਅਤੇ ਪਾਣੀ ਵਿੱਚ ਉਗਣ ਵਾਲ਼ੇ ਪੌਦਿਆਂ ਅਤੇ ਜਾਨਵਰਾਂ ਦੇ ਅਣਗਿਣਤੀ ਨਿਵਾਸ ਸਥਾਨਾਂ ਨੂੰ'' ਨੁਕਸਾਨ ਪਹੁੰਚਾਇਆ ਹੈ। ਨਇਮ, ਜੋ ਨਿਊਯਾਰਕ ਦੇ ਕੋਲੰਬੀਆ ਯੂਨੀਵਰਸਿਟੀ ਵਿਖੇ ਵਾਤਾਵਰਣ ਸਬੰਧੀ, ਵਿਕਾਸ ਅਤੇ ਵਾਤਾਵਰਣ-ਜੀਵ ਵਿਗਿਆਨ ਵਿਭਾਗ ਦੇ ਪ੍ਰਮੁੱਖਕ ਹਨ, ਦਾ ਕਹਿਣਾ ਹੈ,''ਇਹ ਸਾਰੇ ਜੀਵ ਮਹੱਤਵਪੂਰਨ ਹਨ, ਕਿਉਂਕਿ ਸਮੂਹਿਕ ਰੂਪ ਨਾਲ਼ ਇਹ ਸਿਹਤ ਵਾਤਾਵਰਣਕ ਤੰਤਰ ਬਣਾਉਂਦੇ ਹਨ ਜੋ ਸਾਡੇ ਪਾਣੀ ਅਤੇ ਹਵਾ 'ਚੋਂ ਪ੍ਰਦੂਸ਼ਣ ਨੂੰ ਕੱਢ ਬਾਹਰ ਕਰਦੇ ਹਨ, ਸਾਡੀ ਮਿੱਟੀ ਨੂੰ ਖ਼ੁਸ਼ਹਾਲ ਬਣਾਉਂਦੇ ਹਨ, ਸਾਡੀਆਂ ਫ਼ਸਲਾਂ ਦਾ ਪੋਸ਼ਣ ਕਰਦੇ ਹਨ ਅਤੇ ਸਾਡੀ ਜਲਵਾਯੂ ਪ੍ਰਣਾਲੀਆਂ ਨੂੰ ਨਿਯਮਤ ਕਰਦੇ ਹਨ।''
*****
''ਇਹ ਸੁਖ਼ਾਲਾ ਨਹੀਂ ਸੀ, ਮੈਨੂੰ ਉਨ੍ਹਾਂ ਨੂੰ (ਆਦਿਵਾਸੀ ਕਿਸਾਨਾਂ ਨੂੰ) ਨਰਮੇ ਦੀ ਖੇਤੀ ਵੱਲੋਂ ਮੋੜਨ ਵਾਸਤੇ ਬੜੀ ਮਿਹਨਤ ਕਰਨੀ ਪਈ,'' ਪ੍ਰਸਾਦ ਚੰਦਰ ਪਾਂਡਾ ਨੇ ਕਿਹਾ।
'ਕੱਪਾ ਪਾਂਡਾ'- ਸ਼ਾਬਦਿਕ ਮਤਲਬ 'ਕਪਾਹ ਪਾਂਡਾ' ਦੇ ਨਾਮ ਨਾਲ਼ ਆਪਣੇ ਗਾਹਕਾਂ ਵਿੱਚ ਮਸ਼ਹੂਰ, ਉਹ ਸਾਡੇ ਨਾਲ਼ ਰਾਇਗੜ ਦੀ ਤਹਿਸੀਲ ਸ਼ਹਿਰ, ਬਿਸ਼ਮਕਟਕ ਵਿਖੇ ਆਪਣੇ ਬੀਜ ਅਤੇ ਰਸਾਇਣਕ ਖਾਦਾਂ ਦੀ ਦੁਕਾਨ, ਕਾਮਾਖਯਾ ਟਰੇਡਰਸ ਵਿੱਚ ਸਾਡੇ ਨਾਲ਼ ਗੱਲ ਕਰ ਰਹੇ ਸਨ।
ਪਾਂਡਾ ਨੇ ਇਹ ਦੁਕਾਨ 25 ਸਾਲ ਪਹਿਲਾਂ ਖੋਲ੍ਹੀ ਸੀ, ਜਦੋਂਕਿ ਇਨ੍ਹਾਂ ਸਾਰੇ ਸਾਲਾਂ ਵਿੱਚ ਉਹ ਜ਼ਿਲ੍ਹੇ ਦੇ ਖੇਤੀ ਵਿਭਾਗ ਵਿੱਚ ਵਿਸਤਾਰ ਅਧਿਕਾਰੀ ਦੇ ਰੂਪ ਵਿੱਚ ਆਪਣੇ ਅਹੁਦੇ 'ਤੇ ਬਣ ਰਹੇ। ਉੱਥੇ 37 ਸਾਲ ਨੌਕਰੀ ਕਰਨ ਤੋਂ ਬਾਅਦ, ਉਹ 2017 ਵਿੱਚ ਸੇਵਾਮੁਕਤ ਹੋਏ। ਇੱਕ ਸਰਕਾਰੀ ਅਧਿਕਾਰੀ ਵਜੋਂ ਉਨ੍ਹਾਂ ਨੇ ਗ੍ਰਾਮੀਣਆਂ ਨੂਂ ਆਪਣੀ ''ਪਿਛੜੀ ਖੇਤੀ'' ਛੱਡ, ਨਰਮੇ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ, ਜਦੋਂਕਿ ਉਨ੍ਹਾਂ ਦੀ ਦੁਕਾਨ ਤੋਂ, ਜਿਹਦਾ ਲਾਈਸੈਂਸ ਉਨ੍ਹਾਂ ਦੇ ਬੇਟੇ ਸੁਮਨ ਪਾਂਡਾ ਦੇ ਨਾਮ 'ਤੇ ਹੈ, ਉਨ੍ਹਾਂ ਕਿਸਾਨਾਂ ਨੂੰ ਬੀਜ ਅਤੇ ਸਬੰਧਤ ਖੇਤੀ-ਰਸਾਇਣ ਵੇਚੇ ਜਾਂਦੇ ਰਹੇ।
ਪਾਂਡਾ ਨੂੰ ਇਸ ਵਿੱਚ ਹਿੱਤਾਂ ਦਾ ਕੋਈ ਟਕਰਾਅ ਨਹੀਂ ਜਾਪਿਆ। ਉਹ ਕਹਿੰਦੇ ਹਨ,''ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਪਾਹ ਦੀ ਸ਼ੁਰੂਆਤ ਕਿਸਾਨਾਂ ਵਾਸਤੇ ਨਕਦੀ ਫ਼ਸਲ ਦੇ ਰੂਪ ਵਿੱਚ ਕੀਤੀ ਗਈ। ਫ਼ਸਲ ਨੂੰ ਬਜ਼ਾਰ ਦੇ ਇਨਪੁਟ ਦੀ ਲੋੜ ਸੀ, ਇਸਲਈ ਮੈਂ ਇੱਕ ਦੁਕਾਨ ਖੋਲ੍ਹੀ।''
ਪਾਂਡਾ ਦੀ ਦੁਕਾਨ ਵਿੱਚ ਸਾਡੀ ਗੱਲਬਾਤ ਦੋ ਘੰਟੇ ਤੱਕ ਚੱਲੀ। ਇਸੇ ਦਰਮਿਆਨ ਉੱਥੇ ਕਿਸਾਨ ਬੀਜ ਅਤੇ ਰਸਾਇਣ ਖਰੀਦਣ ਲਈ ਆਉਂਦੇ ਰਹੇ ਅਤੇ ਉਨ੍ਹਾਂ ਤੋਂ ਇਹ ਵੀ ਪੁੱਛਦੇ ਰਹੇ ਕਿ ਕੀ ਖਰੀਦਣਾ ਹੈ, ਕਦੋਂ ਬੀਜਣਾ ਹੈ, ਕਿੰਨਾ ਕੁ ਛਿੜਕਾਅ ਕਰਨਾ ਹੈ, ਆਦਿ। ਉਹ ਹਰ ਇੱਕ ਨੂੰ ਕਿਸੇ ਵਿਦਵਾਨ ਵਾਂਗਰ ਜਵਾਬ ਦਿੰਦੇ ਰਹੇ। ਉਨ੍ਹਾਂ ਕਿਸਾਨਾਂ ਲਈ ਉਹ ਇੱਕ ਵਿਗਿਆਨਕ ਮਾਹਰ, ਵਿਸਤਾਰ ਅਧਿਕਾਰੀ, ਉਨ੍ਹਾਂ ਦੇ ਸਲਾਹਕਾਰ, ਸਾਰਾ ਕੁਝ ਹੀ ਸਨ। ਉਨ੍ਹਾਂ ਦਾ 'ਚੋਣ' ਇਨ੍ਹਾਂ ਦਾ ਆਦੇਸ਼ ਸੀ।
ਇਸ ਨਿਰਭਰਤਾ ਦਾ ਦ੍ਰਿਸ਼ ਅਸੀਂ ਪਾਂਡਾ ਦੀ ਦੁਕਾਨ 'ਤੇ ਦੇਖਿਆ ਸੀ, ਉੱਥੇ ਅਸੀਂ ਕਪਾਹ ਉਗਾਉਣ ਵਾਲ਼ੇ ਉਨ੍ਹਾਂ ਸਾਰੇ ਪਿੰਡਾਂ ਵਿੱਚ ਨਜ਼ਰ ਆਇਆ ਜਿੱਥੇ ਅਸੀਂ ਗਏ। 'ਬਜ਼ਾਰ' ਆਉਣ ਦਾ ਪ੍ਰਭਾਵ ਕਪਾਹ ਦੀ ਫ਼ਸਲ ਦੇ ਨਾਲ਼ ਨਾਲ਼ ਹੋਰ ਕਈ ਤਰੀਕਿਆਂ ਨਾਲ਼ ਪਿਆ ਹੈ।
''ਖੇਤੀ ਯੋਗ ਭੂਮੀ ਕਿਉਂਕਿ ਪੂਰੀ ਤਰ੍ਹਾਂ ਨਾਲ਼ ਕਪਾਹ ਲਈ ਗ੍ਰਹਿਣ ਕੀਤੀ ਜਾਂਦੀ ਹੈ, ਇਸਲਈ ਕਿਸਾਨਾਂ ਨੂੰ ਆਪਣੀਆਂ ਘਰੇਲੂ ਲੋੜਾਂ ਦਾ ਸਾਰਾ ਸਮਾਨ ਬਜ਼ਾਰੋਂ ਖਰੀਦਣਾ ਪੈਂਦਾ ਹੈ,'' ਵਿਗਿਆਨਕ ਅਤੇ ਨੰਗੇ ਪੈਰੀਂ ਰਹਿਣ ਵਾਲ਼ੇ ਸੰਰਖਣਵਾਦੀ, ਦੇਬਲ ਦੇਬ ਨੇ ਸਾਨੂੰ ਦੱਸਿਆ। ਰਾਇਗੜਾ ਵਿਖੇ 2011 ਤੋਂ ਸਥਿਤ, ਦੇਬ ਇੱਕ ਜ਼ਿਕਰਯੋਗ ਇਨ-ਸੀਟੂ ਰਾਈਸ ਸੰਰਖਣ ਪ੍ਰਾਜੈਕਟ ਚਲਾਉਂਦੇ ਹਨ ਅਤੇ ਕਿਸਾਨਾਂ ਨੂੰ ਸਿਖਲਾਈ ਦਿੰਦੇ ਹਨ।
ਉਨ੍ਹਾਂ ਨੇ ਕਿਹਾ,''ਖੇਤੀ ਨਾਲ਼ ਸਬੰਧਤ ਰਵਾਇਤੀ ਗਿਆਨ ਅਤੇ ਨਾਲ਼ ਹੀ ਗ਼ੈਰ-ਖੇਤੀ ਕਾਰੋਬਾਰ ਤੇਜ਼ੀ ਨਾਲ਼ ਗਾਇਬ ਹੋ ਰਿਹਾ ਹੈ। ਇੱਕ ਪਿੰਡ ਤੋਂ ਲੈ ਕੇ ਦੂਸਰੇ ਪਿੰਡ ਤੱਕ ਨਾ ਤਾਂ ਕੋਈ ਘੁਮਿਆਰ ਬਚਿਆ ਹੈ ਨਾ ਹੀ ਕੋਈ ਮਿਸਤਰੀ ਅਤੇ ਨਾ ਹੀ ਕੋਈ ਜੁਲਾਹਾ। ਹਰ ਕੋਈ ਲੋੜਵੰਦਾਂ ਸਮਾਨ ਲੈਣ ਬਜ਼ਾਰ ਹੀ ਜਾਂਦਾ ਹੈ ਅਤੇ ਇਨ੍ਹਾਂ ਵਿੱਚੋਂ ਬਹੁਤੇਰੀਆਂ ਚੀਜ਼ਾਂ ਜਿਵੇਂ ਘੜੇ ਤੋਂ ਲੈ ਕੇ ਚਟਾਈ ਤੱਕ ਪਲਾਸਟਿਕ ਦੇ ਬਣੇ ਹੁੰਦੇ ਹਨ, ਜੋ ਦੂਰ-ਦੁਰੇਡੇ ਦੇ ਸ਼ਹਿਰਾਂ ਤੋਂ ਮੰਗਵਾਏ ਹੁੰਦੇ ਹਨ। ਬਾਂਸ ਜ਼ਿਆਦਾਤਰ ਪਿੰਡਾਂ ਤੋਂ ਗਾਇਬ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਲ਼ ਬਾਂਸ ਦੇ ਸ਼ਿਲਪਕਾਰ ਵੀ। ਹੁਣ ਉਨ੍ਹਾਂ ਦੀ ਥਾਂ ਜੰਗਲ ਦੀ ਲੱਕੜ ਅਤੇ ਮਹਿੰਗੀ ਕੰਕਰੀਟ ਨੇ ਲੈ ਲਈ ਹੈ। ਹਾਲਤ ਇਹ ਹੈ ਕਿ ਇੱਕ ਖੰਭਾ ਗੱਡਣ ਜਾਂ ਵਾੜ ਲਾਉਣ ਲਈ ਵੀ, ਪਿੰਡ ਦੇ ਲੋਕਾਂ ਨੂੰ ਜੰਗਲ ਦੇ ਰੁੱਖ ਕੱਟਣੇ ਪੈਂਦੇ ਹਨ। ਵੱਧ ਲਾਭ ਦੇ ਚੱਕਰ ਵਿੱਚ ਲੋਕ ਜਿੰਨਾ ਬਜ਼ਾਰ 'ਤੇ ਨਿਰਭਰ ਹੁੰਦੇ ਜਾ ਰਹੇ ਹਨ, ਵਾਤਾਵਰਣ ਨੂੰ ਓਨਾ ਹੀ ਨੁਕਸਾਨ ਪਹੁੰਚਦਾ ਜਾਂਦਾ ਹੈ।''
*****
ਰਾਮਦਾਸ (ਉਹ ਸਿਰਫ਼ ਆਪਣਾ ਪਹਿਲਾ ਨਾਮ ਇਸਤੇਮਾਲ ਕਰਦੇ ਹਨ) ਨੇ ਸਾਨੂੰ ਝਿਜਕਦਿਆਂ ਬੀਟੀ ਕਪਾਹ ਦੇ ਬੀਜ ਵਾਲ਼ੇ ਉਨ੍ਹਾਂ ਤਿੰਨ ਪੈਕਟਾਂ ਬਾਰੇ ਦੱਸਿਆ, ਜੋ ਉਨ੍ਹਾਂ ਨੇ ਕੁਦਰੂਕਾ ਦੀ ਦੁਕਾਨ ਤੋਂ ਉਧਾਰ ਖਰੀਦੇ ਸਨ,''ਦੁਕਾਨਦਾਰ ਨੇ ਕਿਹਾ ਸੀ ਕਿ ਇਹ ਚੰਗੇ ਹਨ।'' ਇਸ ਕੋਂਧ ਆਦਿਵਾਸੀ ਨਾਲ਼ ਸਾਡੀ ਮੁਲਾਕਾਤ ਨਿਯਮਗਿਰੀ ਦੀ ਤਲਹਟੀ ਵਿਖੇ ਹੋਈ ਸੀ, ਜਦੋਂ ਉਹ ਬਿਸ਼ਮਕਟਕ ਬਲਾਕ ਵਿਖੇ ਪੈਂਦੇ ਆਪਣੇ ਪਿੰਡ, ਕਾਲੀਪੋਂਗਾ ਪਰਤ ਰਹੇ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਬੀਜ ਦੇ ਉਨ੍ਹਾਂ ਪੈਕਟਾਂ ਨੂੰ ਖਰੀਦਣ ਦਾ ਇੱਕੋ ਹੀ ਕਾਰਨ ਹੈ ਉਹ ਹੈ ਦੁਕਾਨਦਾਰ ਦੁਆਰਾ ਦਿੱਤੀ ਸਲਾਹ।
ਇਨ੍ਹਾਂ ਦੇ ਕਿੰਨੇ ਪੈਸੇ ਦਿੱਤੇ? ''ਜੇ ਮੈਂ ਫ਼ੌਰਨ ਅਦਾ ਕਰਾਂ ਤਾਂ ਹਰੇਕ ਲਈ 800 ਰੁਪਏ ਦੇਣੇ ਪੈਂਦੇ ਹਨ। ਪਰ ਉਸ ਸਮੇਂ ਮੇਰੇ ਕੋਲ਼ ਸਿਰਫ਼ 2,400 ਰੁਪਏ ਨਹੀਂ ਸਨ, ਇਸਲਈ ਦੁਕਾਨਦਾਰ ਹੁਣ ਮੈਨੂੰ ਫ਼ਸਲ ਦੀ ਵਾਢੀ ਮੌਕੇ 3,000 ਰੁਪਏ ਲਵੇਗਾ,'' ਜਵਾਬ ਵਿੱਚ ਉਨ੍ਹਾਂ ਕਿਹਾ। ਪਰ ਜੇ ਉਹ 1,000 ਰੁਪਏ ਦੀ ਥਾਂ 800 ਰੁਪਏ ਪ੍ਰਤੀ ਪੈਕਟ ਵੀ ਭੁਗਤਾਨ ਕਰ ਰਹੇ ਹੁੰਦੇ ਤਾਂ ਵੀ ਇਹ ਸਭ ਤੋਂ ਮਹਿੰਗੇ ਬੀਜ ਹਨ-ਬੋਲਗਾਰਡ II ਬੀਟੀ ਕਾਟਨ। ਇਹਦੀ ਤੈਅ ਕੀਮਤ 730 ਰੁਪਏ ਤੋਂ ਵੱਧ ਹੁੰਦੀ ਹੈ।
ਪਿਰਿਕਾਕਾ, ਰਾਮਦਾਸ, ਸੁਨਾ ਅਤੇ ਹੋਰ ਕਿਸਾਨਾਂ ਨੇ ਸਾਨੂੰ ਦੱਸਿਆ ਕਿ ਕਪਾਹ ਉਨ੍ਹਾਂ ਸਾਰੀਆਂ ਫ਼ਸਲਾਂ ਨਾਲ਼ੋਂ ਬਿਲਕੁਲ ਅੱਡ ਸੀ ਜੋ ਉਹ ਪਹਿਲਾਂ ਬੀਜ ਚੁੱਕੇ ਸਨ: 'ਸਾਡੀਆਂ ਰਵਾਇਤੀ ਫ਼ਸਲਾਂ ਨੂੰ ਵਧਣ-ਫੁੱਲਣ ਵਾਸਤੇ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪੈਂਦੀ...'
ਰਾਮਦਾਸ ਨੇ ਜੋ ਪੈਕੇਟ ਖਰੀਦੇ ਸਨ ਉਨ੍ਹਾਂ ਵਿੱਚੋਂ ਕਿਸੇ 'ਤੇ ਵੀ ਖਰੀਦ ਮੁੱਲ, ਨਿਰਮਾਣ ਜਾਂ ਪੁੱਗ ਚੁੱਕੀ ਤਰੀਕ, ਕੰਪਨੀ ਦਾ ਨਾਮ ਜਾਂ ਉਸ ਨਾਲ਼ ਸੰਪਰਕ ਸਾਧਣ ਦਾ ਵੇਰਵਾ, ਕੁਝ ਵੀ ਨਹੀਂ ਲਿਖਿਆ ਸੀ। ਸਿਰਫ਼ ਕਪਾਹ ਦੇ ਇੱਕ ਕੀੜੇ ਦੇ ਚਿੱਤਰ ਦੇ ਉੱਪਰ ਲਾਲ ਰੰਗ ਨਾਲ਼ 'X' ਦਾ ਵੱਡਾ ਸਾਰਾ ਨਿਸ਼ਾਨ ਲੱਗਿਆ ਸੀ, ਪਰ ਬੀਟੀ ਬੀਜਾਂ ਦਾ ਲੇਬਲ ਕਿਤੇ ਨਹੀਂ ਸੀ। ਪੈਕੇਟ 'ਤੇ 'ਐੱਚਟੀ' ਦਾ ਨਿਰਦੇਸ਼ ਕਿਤੇ ਨਹੀਂ ਸੀ, ਪਰ ਰਾਮਦਾਸ ਦਾ ਮੰਨਣਾ ਸੀ ਕਿ ''ਘਾਸ ਮਾਰਾ (ਬੂਟੀਨਾਸ਼ਕ)'' ਦਾ ਛਿੜਕਾਅ ਫ਼ਸਲ 'ਤੇ ਕੀਤਾ ਜਾ ਸਕਦਾ ਹੈ ਕਿਉਂਕਿ ਦੁਕਾਨਦਾਰ ਨੇ ਉਨ੍ਹਾਂ ਨੂੰ ਇਹੀ ਦੱਸਿਆ ਸੀ।
ਜੁਲਾਈ ਦੇ ਇੱਕ ਪੰਦਰਵਾੜੇ ਅਸੀਂ ਜਿੰਨੇ ਵੀ ਕਿਸਾਨਾਂ ਦੀ ਇੰਟਰਵਿਊ ਲਈ ਉਨ੍ਹਾਂ ਸਾਰਿਆਂ ਵਾਂਗਰ, ਰਾਮਦਾਸ ਵੀ ਇਸ ਗੱਲ਼ ਤੋਂ ਅਣਜਾਣ ਸਨ ਕਿ ਭਾਰਤ ਵਿੱਚ ਬੂਟੀਨਾਸ਼ਕ ਨੂੰ ਝੱਲਣ ਵਾਲ਼ੇ ਬੀਜਾਂ ਨੂੰ ਇਸਤੇਮਾਲ ਕਰਨ ਦੀ ਆਗਿਆ ਨਹੀਂ ਹੈ। ਉਹ ਨਹੀਂ ਜਾਣਦੇ ਸਨ ਕਿ ਕੰਪਨੀਆਂ ਬਿਨਾ ਲੇਬਲ ਵਾਲ਼ੇ ਬੀਜ ਵੇਚ ਨਹੀਂ ਸਕਦੀ ਹੈ ਜਾਂ ਇਹ ਕਿ ਕਪਾਹ ਦੇ ਬੀਜਾਂ ਦੇ ਮੁੱਲ ਦੀਆਂ ਕੁਝ ਸੀਮਾਵਾਂ ਹਨ। ਕਿਉਂਕਿ ਬੀਜ ਦੇ ਪੈਕਟ ਅਤੇ ਖੇਤੀ-ਰਸਾਇਣ ਦੀਆਂ ਬੋਤਲਾਂ 'ਤੇ ਓੜੀਆ ਵਿੱਚ ਕੁਝ ਲਿਖਿਆ ਨਹੀਂ ਸੀ, ਇਸਲਈ ਇੱਥੋਂ ਦੇ ਕਿਸਾਨਾਂ ਨੂੰ ਪਤਾ ਹੀ ਨਹੀਂ ਚੱਲਿਆ ਹੋਣਾ ਕਿ ਇਨ੍ਹਾਂ ਦੇ ਨਿਰਮਾਤਾ ਕੀ ਦਾਅਵਾ ਕਰ ਰਹੇ ਹਨ ਭਾਵੇਂ ਕਿ ਉਹ ਉਹਨੂੰ ਪੜ੍ਹ ਸਕਦੇ ਹੋਣ।
ਫਿਰ ਵੀ, ਪੈਸੇ ਦੀ ਸੰਭਾਵਨਾ ਉਨ੍ਹਾਂ ਨੂੰ ਕਪਾਹ ਵੱਲ ਆਕਰਸ਼ਥ ਕਰ ਰਹੀ ਸੀ।
ਬੂਟੀਨਾਸ਼ਕ ਬਲਾਕ ਦੇ ਕੇਰੰਦਿਗੁੜਾ ਪਿੰਡ ਦੇ ਇੱਕ ਦਲਿਤ ਰਾਹਕ ਕਿਸਾਨ ਸ਼ਿਆਮਸੁੰਦਰ ਸੁਨਾ ਨੂੰ ਉਮੀਦ ਸੀ,''ਜੇ ਅਸੀਂ ਇਹ ਬੀਜਦੇ ਹਾਂ ਤਾਂ ਸ਼ਾਇਦ ਕੁਝ ਪੈਸਾ ਮਿ਼ਲ਼ ਜਾਵੇ ਜਿਹਦੀ ਲੋੜ ਮੈਨੂੰ ਇਸ ਸਾਲ ਅੰਗਰੇਜ਼ੀ-ਮਾਧਿਆ ਦੇ ਨਿੱਜੀ ਸਕੂਲ ਪੜ੍ਹਦੇ ਆਪਣੇ ਬੇਟੇ ਦੀ ਫ਼ੀਸ ਭਰਨ ਲਈ ਹੈ।'' ਅਸੀਂ ਉਨ੍ਹਾਂ ਨੂੰ, ਉਨ੍ਹਾਂ ਦੀ ਕੋਂਧ ਆਦਿਵਾਸੀ ਪਤਨੀ ਕਮਲਾ ਅਤੇ ਉਨ੍ਹਾਂ ਦੋ ਬੱਚਿਆਂ ਐਲਿਜ਼ਾਬੇਥ ਅਤੇ ਆਸ਼ੀਸ ਨੂੰ ਸਖ਼ਤ ਮੁਸ਼ੱਕਤ ਕਰਕੇ ਕਪਾਹ ਦੇ ਬੀਜ ਬੀਜਦੇ ਦੇਖਿਆ। ਸੁਨਾ ਨੇ ਆਪਣੇ ਬੀਜਾਂ ਵਿੱਚ ਹਰ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਸੀ, ਜਿਨ੍ਹਾਂ ਬਾਰੇ ਉਹ ਬੜਾ ਘੱਟ ਜਾਣਦੇ ਸਨ। ਉਨ੍ਹਾਂ ਨੇ ਦੱਸਿਆ,''ਖੁਦਰਾ ਵਿਕਰੇਤਾ ਨੇ ਮੈਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਕਪਾਹ ਚੰਗਾ ਝਾੜ ਦਵੇਗੀ।''
ਪਿਰਿਕਾਕਾ, ਰਾਮਦਾਸ, ਸੁਨਾ ਅਤੇ ਹੋਰ ਕਿਸਾਨਾਂ ਨੇ ਸਾਨੂੰ ਦੱਸਿਆ ਕਿ ਕਪਾਹ ਉਨ੍ਹਾਂ ਸਾਰੀਆਂ ਫ਼ਸਲਾਂ ਨਾਲ਼ੋਂ ਬਿਲਕੁਲ ਵੱਖ ਸੀ ਜੋ ਉਹ ਪਹਿਲਾਂ ਉਗਾ ਚੁੱਕੇ ਸਨ। ਪਿਰਿਕਾਕਾ ਨੇ ਕਿਹਾ,''ਸਾਡੀਆਂ ਰਵਾਇਤੀ ਫ਼ਸਲਾਂ ਨੂੰ ਵਧਣ ਵਾਸਤੇ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪੈਂਦੀ ਨਾ ਕੋਈ ਖਾਦ ਨਾ ਕੋਈ ਕੀਟਨਾਸ਼ਕ।'' ਓਧਰ ਰਾਮਦਾਸ ਨੇ ਦੱਸਿਆ, ਪਰ ਕਪਾਹ ਵਿੱਚ ''ਹਰੇਕ ਪੈਕਟ ਦੇ ਨਾਲ਼ 10,000 ਰੁਪਏ ਹੋਰ ਲਾਉਣੇ ਪੈਂਦੇ ਹਨ। ਜੇ ਤੁਸੀਂ ਇਨ੍ਹਾਂ ਬੀਜ਼ਾਂ, ਖਾਦਾਂ ਅਤੇ ਕੀਟਨਾਸ਼ਕਾਂ 'ਤੇ ਖ਼ਰਚਾ ਕਰ ਸਕਦੇ ਹੋ ਤਾਂ ਸਿਰਫ਼ ਉਦੋਂ ਹੀ ਤੁਹਾਨੂੰ ਫ਼ਸਲ ਵਾਢੀ ਸਮੇਂ ਕੁਝ ਲਾਭ ਮਿਲ਼ ਸਕਦਾ ਹੈ। ਜੇ ਤੁਸੀਂ ਇੰਝ ਨਹੀਂ ਕਰ ਸਕਦੇ ਤਾਂ ਤੁਸੀਂ ਆਪਣਾ ਸਾਰਾ ਪੈਸਾ ਡੋਬ ਲਵੋਗੇ। ਜੇ ਤੁਸੀਂ ਕਰ ਸਕਦੇ ਹੋ ਅਤੇ ਸਥਿਰ ਮੌਸਮ ਦੇ ਨਾਲ਼ ਚੀਜ਼ਾਂ ਚੰਗੀਆਂ ਰਹੀਆਂ ਤਾਂ ਤੁਸੀਂ ਇਹਨੂੰ (ਆਪਣੀ ਫ਼ਸਲ) 30,000-40,000 ਰੁਪਏ ਵਿੱਚ ਵੇਚ ਸਕਦੇ ਹੋ।''
ਹਾਲਾਂਕਿ ਇਹ ਕਿਸਾਨ ਪੈਸਾ ਕਮਾਉਣ ਦੀ ਉਮੀਦ ਵਿੱਚ ਹੀ ਕਪਾਹ ਦੀ ਖੇਤੀ ਕਰ ਰਹੇ ਸਨ, ਪਰ ਉਨ੍ਹਾਂ ਵਿੱਚੋਂ ਕੁਝ ਨੇ ਹੀ ਬੜਾ ਜ਼ੋਰ ਪਾਉਣ ਤੋਂ ਬਾਅਦ ਦੱਸਿਆ ਕਿ ਇਸ ਤੋਂ ਉਨ੍ਹਾਂ ਨੇ ਕਮਾਈ ਕਿੰਨੀ ਕੁ ਕੀਤੀ।
ਜਨਵਰੀ-ਫਰਵਰੀ ਆਉਂਦੇ ਹੀ, ਕਿਸਾਨਾਂ ਨੂੰ ਆਪਣੀ ਪੈਦਾਵਾਰ ਖਾਦ-ਬੀਜ ਆਦਿ ਦੇ ਖੁਦਰਾ ਵਿਕਰੇਤਾ ਦੇ ਜ਼ਰੀਏ ਹੀ ਵੇਚਣੀ ਪਵੇਗੀ, ਜੋ ਉਨ੍ਹਾਂ ਦੀਆਂ ਲਾਗਤਾਂ ਨੂੰ ਬਹੁਤ ਜ਼ਿਆਦਾ ਵਿਆਜ ਦੇ ਨਾਲ਼ ਵਾਪਸ ਲੈ ਲੈਣਗੇ ਅਤੇ ਜੋ ਬਚੇਗਾ ਉਨ੍ਹਾਂ ਦੇ ਸਪੁਰਦ ਕਰਨਗੇ। ਚੰਦਰ ਕੁਦਰੂਕਾ ਨੇ ਸਾਨੂੰ ਦੱਸਿਆ,''ਮੈਂ ਹੁਣੇ-ਹੁਣੇ ਗੁਣਪੁਰ ਦੇ ਵਾਪਰੀ ਪਾਸੋਂ 100 ਪੈਕੇਟ ਉਧਾਰ ਮੰਗਵਾਏ ਹਨ। ਮੈਂ ਉਹਨੂੰ ਵਾਢੀ ਵੇਲ਼ੇ ਚੁਕਾ ਦਿਆਂਗਾ ਅਤੇ ਅਸੀਂ ਕਿਸਾਨਾਂ ਦੁਆਰਾ ਦਿੱਤੇ ਗਏ ਵਿਆਜ ਦੀ ਵੰਡ ਕਰਾਂਗੇ।''
ਜੇ ਕਿਸਾਨਾਂ ਦੀਆਂ ਫ਼ਸਲਾਂ ਸਹੀ ਨਾ ਹੋਈਆਂ ਅਤੇ ਉਹ ਉਨ੍ਹਾਂ ਪੈਕਟਾਂ ਦੇ ਪੈਸੇ ਨਾ ਚੁਕਾ ਸਕੇ ਜੋ ਉਨ੍ਹਾਂ ਨੇ ਉਧਾਰ ਚੁੱਕੇ ਸਨ, ਫਿਰ ਕੀ ਹੋਊਗਾ? ਕੀ ਇਹ ਇੱਕ ਵੱਡਾ ਖ਼ਤਰਾ ਨਹੀਂ ਹੈ?
ਨੌਜਵਾਨ ਨੇ ਹੱਸਦਿਆਂ ਪੁੱਛਿਆ,''ਕੈਸਾ ਖ਼ਤਰਾ? ਕਿਸਾਨ ਨੇ ਜਾਣਾ ਕਿੱਥੇ ਆ? ਉਨ੍ਹਾਂ ਨੇ ਕਪਾਹ ਤਾਂ ਮੇਰੇ ਜ਼ਰੀਏ ਹੀ ਵੇਚਣੀ ਆ। ਭਾਵੇਂ ਉਹ 1-2 ਕੁਵਿੰਟਲ ਫ਼ਸਲ ਵੀ ਕਿਉਂ ਨਾ ਵੱਢਣ ਮੈਂ ਤਾਂ ਆਪਣਾ ਬਕਾਇਆ ਵਸੂਲ ਹੀ ਲਵਾਂਗਾ।''
ਇੱਥੇ ਜੋ ਗੱਲ ਅਣਕਹੀ ਰਹਿ ਗਈ ਹੈ ਉਹ ਇਹੀ ਹੈ ਕਿ ਕਿਸਾਨ ਦੇ ਪੱਲੇ ਕੁਝ ਨਹੀਂ ਪੈਣਾ।
ਰਾਇਗੜਾ ਨੂੰ ਵੀ ਉਹਦੀ ਕੀਮਤੀ ਜੀਵ-ਵਿਭਿੰਨਤਾ ਤੋਂ ਵਾਂਝੇ ਕਰ ਦਿੱਤਾ ਜਾਊਗਾ। ਜਿਵੇਂ ਕਿ ਪ੍ਰੋਫ਼ੈਸਰ ਨਇਮ ਕਹਿੰਦੇ ਹਨ, ਸੰਸਾਰ ਪੱਧਰ 'ਤੇ ਫ਼ਸਲ ਦੀ ਵਿਭਿੰਨਤਾ ਨੂੰ ਖ਼ਤਰ ਕਰਨ ਦਾ ਅਰਥ ਹੈ ਖਾਦ ਸੁਰੱਖਿਆ ਨੂੰ ਖਤਰੇ ਵਿੱਚ ਪਾਉਣਾ ਅਤੇ ਆਲਮੀ ਤਪਸ਼ ਦੇ ਅਨੁਕੂਲ ਹੋਣ ਦੀ ਸਮਰੱਥਾ ਨੂੰ ਘੱਟ ਕਰਨਾ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜਲਵਾਯੂ ਤਬਦੀਲੀ ਅਤੇ ਜੀਵ-ਵਿਭਿੰਨਤਾ ਦੀ ਹਾਨੀ ਵਿਚਾਲੇ ਡੂੰਘਾ ਸਬੰਧ ਹੈ: ''ਜੋ ਗ੍ਰਹਿ ਘੱਟ ਹਰਿਆਲੀ ਵਾਲ਼ਾ ਅਤੇ ਜੈਵਿਕ ਰੂਪ ਨਾਲ਼ ਘੱਟ ਵੰਨ-ਸੁਵੰਨਾ ਹੈ, ਉਹਦੇ ਵੱਧ ਗਰਮ ਹੋਣ ਅਤੇ ਸੁੱਕਣ ਦੀ ਸੰਭਾਵਨਾ ਹੈ।''
ਅਤੇ ਜਿਸ ਤਰੀਕੇ ਨਾਲ਼ ਰਾਇਗੜਾ ਦੇ ਆਦਿਵਾਸੀ ਕਿਸਾਨ ਬੀਟੀ ਕਪਾਹ ਦੀ ਇਕਹਿਰੀ ਖੇਤੀ ਲਈ ਜੀਵ-ਵਿਭਿੰਨਤਾ ਨੂੰ ਛੱਡ ਰਹੇ ਹਨ ਅਤੇ ਜਿਸ ਤਰ੍ਹਾਂ ਓੜੀਸਾ ਵਾਤਾਵਰਣਕ ਤੰਤਰ ਅਤੇ ਅਰਥ ਚਾਰੇ ਦੇ ਦੂਰਗਾਮੀ ਬਦਲਾਵਾਂ ਦੇ ਦੌਰ 'ਚੋਂ ਲੰਘ ਰਿਹਾ ਹੈ, ਜਿਹਦੇ ਕਾਰਨ ਕਰਕੇ ਨਿੱਜੀ ਅਤੇ ਜਲਵਾਯੂ ਪ੍ਰਭਾਵ, ਦੋਵੇਂ ਹੀ ਪੱਧਰ 'ਤੇ ਸੰਕਟ ਪੈਦਾ ਹੋਣ ਲੱਗਿਆ ਹੈ। ਪਿਰਿਕਾਕਾ, ਕੁਦਰੂਕਾ, ਰਾਮਦਾਸ ਅਤੇ 'ਕਪਾਹ ਪਾਂਡਾ' ਇਨ੍ਹਾਂ ਬਦਲਾਵਾਂ ਵਿੱਚ ਫੱਸ ਚੁੱਕੇ ਪਾਤਰਾਂ ਵਿੱਚੋਂ ਇੱਕ ਹਨ।
ਦੇਬਲ ਦੇਬ ਨੇ ਕਿਹਾ,''ਦੱਖਣੀ ਓੜੀਸਾ ਰਵਾਇਤੀ ਕਪਾਹ ਉਗਾਉਣ ਵਾਲ਼ਾ ਇਲਾਕਾ ਕਦੇ ਨਹੀਂ ਸੀ। ਇਹਦੀ ਮਜ਼ਬੂਤੀ ਬਹੁ-ਫ਼ਸਲੀ ਖੇਤੀ ਵਿੱਚ ਲੁਕੀ ਹੈ। ਇਸ ਕਮਰਸ਼ੀਅਲ ਕਪਾਹ ਦੀ ਇਸ ਇਕਹਿਰੀ ਖੇਤੀ ਨੇ ਫ਼ਸਲਾਂ ਦੀ ਵੰਨ-ਸੁਵੰਨਤਾ, ਮਿੱਟੀ ਦੀ ਸੰਰਚਨਾ, ਘਰੇਲੂ ਆਮਦਨੀ ਦੀ ਸਥਿਰਤਾ, ਕਿਸਾਨਾਂ ਦੀ ਅਜ਼ਾਦੀ ਅਤੇ ਅੰਤ ਵਿੱਚ, ਖਾਦ ਸੁਰੱਖਿਆ ਦੀ ਤਸਵੀਰ ਨੂੰ ਬਦਲ ਕੇ ਰੱਖ ਦਿੱਤਾ ਹੈ।'' ਇਹ ਖੇਤੀ ਸੰਕਟ ਦੇ ਨਾ ਟਾਲ਼ੇ ਜਾ ਸਕਣ ਵਾਲ਼ੇ ਦੌਰ ਦੀ ਗਵਾਹੀ ਭਰਨ ਲੱਗਾ ਹੈ।
ਪਰ ਇਹ ਕਾਰਕ, ਵਿਸ਼ੇਸ਼ ਰੂਪ ਨਾਲ਼ ਜੋ ਚੀਜ਼ਾਂ ਭੂਮੀ ਉਪਯੋਗ ਵਿੱਚ ਬਦਲਾਅ ਨਾਲ਼ ਸਬੰਧਤ ਹਨ, ਨਾਲ਼ ਹੀ ਪਾਣੀ ਅਤੇ ਨਦੀਆਂ 'ਤੇ ਇਨ੍ਹਾਂ ਸਾਰਿਆਂ ਦੇ ਕੀ ਅਸਰ ਪੈਂਦੇ ਹਨ ਅਤੇ ਜੀਵ-ਵਿਭਿੰਨਤਾ ਦੀ ਹਾਨੀ-ਖ਼ੁਦ ਵੀ ਇੱਕ ਹੋਰ ਦੀਰਘਕਾਲਕ, ਵੱਡੇ ਪੱਧਰ ਦੀ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਦੇ ਰਹੇ ਹੋਣਗੇ। ਦਰਅਸਲ, ਅਸੀਂ ਇਸ ਇਲਾਕੇ ਵਿੱਚ ਜਲਵਾਯੂ ਤਬਦੀਲੀ ਦੇ ਬੀਜ ਨੂੰ ਪੁੰਗਰਦਿਆਂ ਦੇਖ ਰਹੇ ਹਾਂ।
ਕਵਰ ਫ਼ੋਟੋ : ਕਾਲੀਪੋਂਗਾ ਪਿੰਡ ਵਿੱਚ ਕਿਸਾਨ ਰਾਮਦਾਸ, ਬੂਟੀਨਾਸ਼ਕ ਗਲਾਇਫ਼ੋਸੇਟ ਵਿੱਚ ਆਪਣੀ ਜ਼ਮੀਨ ਨੂੰ ਪੂਰੀ ਤਰ੍ਹਾਂ ਡੁਬੋਣ ਤੋਂ ਕੁਝ ਦਿਨਾਂ ਬਾਅਦ ਬੀਟੀ ਅਤੇ ਐੱਚਟੀ ਕਪਾਹ ਬੀਜ ਰਹੇ ਹਨ (ਫ਼ੋਟੋ : ਚਿਤਰਾਂਗਦਾ ਚੌਧਰੀ)
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ (PARI) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP-ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ