ਔਚਿਤ ਮਹਾਤ੍ਰੇ ਆਪਣੀ ਕਲਾਸ ਦਾ ਇਕਲੌਤਾ ਵਿਦਿਆਰਥੀ ਹੋਣ ਦਾ ਆਦੀ ਤਾਂ ਹੋ ਚੁੱਕਿਆ ਸੀ । ਪਰ ਸਾਰੇ ਸਕੂਲ ਵਿੱਚ ਆਖ਼ਰੀਲਾ ਵਿਦਿਆਰਥੀ ਹੋਣਾ ਉਸਦੇ ਲਈ ਨਿਸ਼ਚਿਤ ਤੌਰ ’ਤੇ ਨਵਾਂ ਸੀ ।
ਇਹ ਉਦੋਂ ਹੋਇਆ ਜਦੋਂ ਪਿਛਲੇ ਸਾਲ 4 ਅਕਤੂਬਰ ਨੂੰ ਸਵੇਰੇ ਲਗਭਗ 11 ਵਜੇ, 12 ਸਾਲਾ ਔਚਿਤ ਨੇ ਆਪਣੀ ਜਮਾਤ ਵਿੱਚ ਕਦਮ ਰੱਖਿਆ, ਜੋ ਮਹਾਂਮਾਰੀ ਕਾਰਨ ਪਿਛਲੇ 18 ਮਹੀਨਿਆਂ ਤੋਂ ਬੰਦ ਸੀ । ਸਕੂਲ ਦੇ ਤਿੰਨ ਕਮਰੇ ਬਿਲਕੁਲ ਖ਼ਾਲੀ ਸਨ । ਕੁਰਸੀ ’ਤੇ ਰੱਖੀ ਮਹਾਤਮਾ ਗਾਂਧੀ ਦੀ ਫਰੇਮ ਵਾਲ਼ੀ ਫੋਟੋ ਦੇ ਨਾਲ਼ ਨਾਲ਼ ਸਿਰਫ਼ ਉਸਦਾ ਇੱਕੋ-ਇੱਕ ਅਧਿਆਪਕ ਹੀ ਉਸ ਦੀ ਉਡੀਕ ਕਰ ਰਹੇ ਸਨ ।
2015 ਵਿੱਚ ਔਚਿਤ ਦੇ ਪਹਿਲੀ ਕਲਾਸ ਵਿੱਚ ਦਾਖ਼ਲ ਹੋਣ ਸਮੇਂ ਤੋਂ ਹੀ, ਜਦੋਂ ਉਹ ਛੇ ਵਰ੍ਹਿਆਂ ਦਾ ਸੀ , ਉਸਦਾ ਹੋਰ ਕੋਈ ਸਹਿਪਾਠੀ ਨਹੀਂ ਸੀ । “ਫ਼ਕਤ ਮੀਚ ਹੋਤੋ [ਸਿਰਫ਼ ਮੈਂ ਇਕੱਲਾ ਸੀ],” ਉਹ ਕਹਿੰਦਾ ਹੈ । ਆਪਣੇ ਸਕੂਲ ਵਿੱਚ ਦਾਖ਼ਲਾ ਲੈਣ ਵਾਲ਼ਾ ਉਹ ਹੀ ਆਖ਼ਰੀ ਵਿਦਿਆਰਥੀ ਸੀ – ਜਿਸ ਵਿੱਚ ਉਸ ਸਮੇਂ ਲਗਭਗ 25 ਹੋਰ ਵਿਦਿਆਰਥੀ ਸਨ ਜੋ ਘਾਰਾਪੁਰੀ ਦੀਆਂ ਤਿੰਨ ਬਸਤੀਆਂ ਤੋਂ ਆਉਂਦੇ ਸਨ – ਮੋਰਬੰਦਰ, ਰਾਜਬੰਦਰ, ਸ਼ੇਤਬੰਦਰ - ਜਿੱਥੇ ਲਗਭਗ 1,100 ਲੋਕਾਂ ਦੇ ਘਰ ਹਨ । ਘਾਰਾਪੁਰੀ ਟਾਪੂ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਪ੍ਰਸਿੱਧ ਸੈਲਾਨੀ ਜਗ੍ਹਾ ਹੈ ਜੋ ਐਲੀਫੈਂਟਾ ਗੁਫ਼ਾਵਾਂ ਲਈ ਮਸ਼ਹੂਰ ਹੈ। ਇਹ ਦੱਖਣੀ ਮੁੰਬਈ ਦੇ ਗੇਟਵੇਅ ਆਫ਼ ਇੰਡੀਆਂ ਤੋਂ ਕਿਸ਼ਤੀ ਸਹਾਰੇ ਇੱਕ ਘੰਟੇ ਦੀ ਦੂਰੀ ‘ਤੇ ਸਥਿਤ ਹੈ ।
ਇੱਕ ਦਹਾਕੇ ਪਹਿਲਾਂ ਔਚਿਤ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਵਿੱਚ, ਪਹਿਲੀ ਤੋਂ ਸੱਤਵੀਂ ਜਮਾਤ ਤੱਕ, 55-60 ਵਿਦਿਆਰਥੀ ਹੁੰਦੇ ਸਨ । ਸਾਲ ਦਰ ਸਾਲ ਗਿਣਤੀ ਘੱਟਣ ਲੱਗੀ ਅਤੇ 2019 ਤੱਕ ਸਿਰਫ਼ 13 ਵਿਦਿਆਰਥੀ ਹੀ ਰਹਿ ਗਏ । ਮਾਰਚ 2020 ਤੱਕ ਇਹ ਸੰਖਿਆ ਘੱਟ ਕੇ 7 ਹੋ ਗਈ । 2020-21 ਦੇ ਅਕਾਦਿਮਕ ਸਾਲ ਵਿੱਚ ਜਦੋਂ ਤਿੰਨਾਂ ਨੇ ਸੱਤਵੀਂ ਜਮਾਤ ਪਾਸ ਕਰ ਲਈ ਅਤੇ ਦੋ ਛੱਡ ਕੇ ਚਲੇ ਗਏ , ਇਥੇ ਸਿਰਫ਼ ਦੋ ਵਿਦਿਆਰਥੀ ਹੀ ਰਹਿ ਗਏ – 6ਵੀਂ ਕਲਾਸ ਵਿੱਚ ਔਚਿਤ ਅਤੇ 7 ਵੀਂ ਕਲਾਸ ਵਿੱਚ ਗ਼ੌਰੀ ਮਹਾਤ੍ਰੇ । ਉਹ ਦੱਸਦੀ ਹੈ ,“ ਇਥੇ ਪੜ੍ਹਾਈ ਸਹੀ ਢੰਗ ਨਾਲ਼ ਨਹੀਂ ਹੁੰਦੀ ਸੀ, ਇਸੇ ਕਰਕੇ ਹਰ ਕੋਈ ਛੱਡ ਕੇ ਜਾਣ ਲੱਗਾ।”
ਇਸ ਸਕੂਲ ਦੇ ਮਿੱਟਦੇ ਜਾਣ ਮਗਰ ਕਈ ਕਾਰਨ ਹਨ – ਸਕੂਲ ਦਾ ਦੂਰੀ ‘ਤੇ ਸਥਿਤ ਹੋਣਾ, ਅਧਿਆਪਕਾਂ ਦੇ ਪਹੁੰਚਣ ਦੀ ਅਸਥਿਰਤਾ ਦਾ ਬਾਇਸ ਬਣਦਾ ਹੈ, ਟਾਪੂ ਦੇ ਬੁਨਿਆਦੀ ਢਾਂਚੇ ਦੀ ਖ਼ਸਤਾ ਹਾਲਤ, ਘੱਟ ਆਮਦਨੀ ਅਤੇ ਸੀਮਿਤ ਕੰਮ ਦੇ ਵਿਕਲਪਾਂ ਨਾਲ਼ ਸੰਘਰਸ਼ ਕਰ ਰਹੇ ਪਰਿਵਾਰ, ਉਹਨਾਂ ਦੀ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਦੀ ਜ਼ਰੂਰਤ ਅਤੇ ਵਿਦਿਆਰਥੀਆਂ ਦਾ ਘਾਰਾਪੁਰੀ ਦੇ ਮਰਾਠੀ-ਮਾਧਿਅਮ ਸਕੂਲ ‘ਚੋਂ ਨਿਕਲਣ ਤੋਂ ਬਾਅਦ ਅਗਲੇਰੀ ਸਿੱਖਿਆ ਲਈ ਆਪਣਾ ਸੰਘਰਸ਼ ।
ਕਿਸੇ ਸਮੇਂ ਜ਼ਿਆਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰੀਸ਼ਦ ਸਕੂਲ ਵਿੱਚ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਨਹੀਂ ਸੀ। ਪਿੰਡ ਵਾਲ਼ੇ ਚੇਤੇ ਕਰਦੇ ਹਨ ਕਿ ਸਾਲ 2000 ਤੋਂ ਘਾਰਾਪੁਰੀ ਵਿੱਚ ਸ਼ਾਮ 7 ਵਜੇ ਤੋਂ 10 ਵਜੇ ਤਕ ਜਰਨੇਟਰ ਨਾਲ਼ ਬਿਜਲੀ ਚਾਲੂ ਕੀਤੀ ਜਾਂਦੀ ਸੀ ਅਤੇ ਸਿਰਫ਼ 2018 ਤੋਂ ਹੀ ਪਿੰਡ ਵਿੱਚ ਸਥਿਰ ਬਿਜਲੀ ਸਪਲਾਈ ਮਿਲਣ ਲੱਗੀ (ਸਾਲ 2019 ਤੋਂ ਪਾਣੀ ਦੀਆਂ ਲਾਇਨਾਂ ਵਿੱਚ ਵੀ ਸੁਧਾਰ ਹੋਇਆ)।
ਫਿਰ ਵੀ ਸਕੂਲ ਨੇ ਲੰਮੇ ਸਮੇਂ ਤੱਕ ਚੱਲਣ ਦੀ ਕੋਸ਼ਿਸ਼ ਕੀਤੀ । 2014-15 ਦੇ ਲਗਭਗ ਇਕ ਕੰਪਿਊਟਰ ਅਤੇ ਇੱਕ ਲੈਪਟੋਪ ਲਿਆਂਦੇ ਗਏ । (ਜੋ ਕਿ ਸ਼ਾਮ ਦੇ ਸਮੇਂ ਹੀ ਚਾਰਜ ਕੀਤੇ ਜਾ ਸਕਦੇ ਸਨ। ) ਹੁਣ ਇਹ ਕਲਾਸਰੂਮ ਵਿੱਚ ਬੇਕਾਰ ਹੀ ਪਏ ਹਨ । “ਅਸੀਂ ਇਹਨਾਂ ਨੂੰ ਕੁਝ ਸਮੇਂ ਲਈ (ਆਪਣੇ ਫੋਨ ਦੇ ਇੰਟਰਨੈੱਟ ਦੇ ਜ਼ਰੀਏ) ਯੂਟਿਊਬ ਤੋਂ ਕਵਿਤਾਵਾਂ ਤੇ ਗਣਿਤ ਸਿੱਖਣ ਲਈ ਪ੍ਰਯੋਗ ਕੀਤਾ ਸੀ,” ਅਧਿਆਪਕ ਰਣਿਆ ਕੁਵਰ ਕਹਿੰਦੇ ਹਨ ਜੋ ਉਸੇ ਕਮਰੇ ’ਚ ਬੈਠੇ ਹਨ ਜਿਥੇ ਔਚਿਤ ਇਕਲੌਤਾ ਵਿਦਿਆਰਥੀ ਹੈ ।
ਪਹਿਲੀ ਤੋਂ ਸਤਵੀਂ ਜਮਾਤ ਤੱਕ ਬਹੁਤ ਸਾਰੇ ਵਿਦਿਆਰਥੀਆਂ ਸਮੇਤ ਸਿਰਫ਼ ਤਿੰਨ ਅਧਿਆਪਕਾਂ ਨਾਲ਼ ਕੰਮ ਚਲਾਉਂਦੇ ਹੋਏ ਕਲਾਸਾਂ ਕਦੇ ਇੱਕੋ ਭਰੇ ਹੋਏ ਕਮਰੇ ਵਿੱਚ ਲੱਗਦੀਆਂ ਸਨ ਜਾਂ ਕਦੇ ਬਾਹਰ ਖੁੱਲ੍ਹੇ ਮੈਦਾਨ ਵਿੱਚ ।
ਬਹੁਤ ਸਾਰੇ ਅਧਿਆਪਕ ਸਾਲਾਂ ਬੱਧੀ ਟਾਪੂ ਤੋਂ ਆਉਣ-ਜਾਣ ਦੀ ਯਾਤਰਾ ਲਈ ਤਿਆਰ ਨਹੀਂ ਸਨ । ਉਹਨਾਂ ਨੂੰ ਹਰ ਰੋਜ਼ ਕਿਸ਼ਤੀ ਰਾਹੀਂ ਘਾਰਾਪੁਰੀ ਜਾਣਾ ਪੈਂਦਾ ਹੈ ਜੋ ਉੜਾਨ ਤਾਲੁਕੇ ਦੇ ਹੋਰਨਾਂ ਪਿੰਡਾਂ ਤੋਂ ਲਗਭਗ 30 ਮਿੰਟ ਲੈਂਦੀ ਹੈ। ਜੋ ਕਿ ਇਥੇ ਪਹੁੰਚਣ ਦਾ ਇਕੋ ਇਕ ਰਾਸਤਾ ਹੈ । ਬਰਸਾਤ ਦੇ ਦਿਨਾਂ ਵਿੱਚ (ਜੂਨ ਤੋਂ ਸਤੰਬਰ ਤਕ ) ਭਾਰੀ ਬਾਰਿਸ਼ ਅਤੇ ਉੱਚੀਆਂ ਲਹਿਰਾਂ ਕਾਰਨ ਕਲਾਸਾਂ ਹੋਰ ਵੀ ਅਨਿਯਮਿਤ ਹੋ ਜਾਂਦੀਆਂ ਹਨ । ਘਾਰਾਪੁਰੀ ਵਿਖੇ ਰਾਸ਼ਨ ਦੀਆਂ ਦੁਕਾਨਾਂ, ਬੈਂਕਾਂ ਅਤੇ ਮੈਡੀਕਲ ਡਿਸਪੈਂਸਰੀ ਜਿਹੀਆਂ ਮਾਮੂਲੀ ਸੁਵਿਧਾਵਾਂ ਦਾ ਨਾ ਹੋਣਾ ਵੀ ਅਧਿਆਪਕਾਂ ਦੀ ਝਿਜਕ ਨੂੰ ਹੋਰ ਵਧਾਉਂਦਾ ਹੈ, ਫ਼ਲਸਰੂਪ ਇੱਥੇ ਅਕਸਰ ਤਬਾਦਲੇ ਹੁੰਦੇ ਰਹੇ ਹਨ ।
“ਬਾਮੁਸ਼ਕਿਲ ਹੀ ਕੋਈ ਅਧਿਆਪਕ ਕੁਝ ਮਹੀਨਿਆਂ ਤੋਂ ਵੱਧ ਲਈ ਰਿਹਾ,” 14 ਸਾਲਾ ਗ਼ੌਰੀ ਕਹਿੰਦੀ ਹੈ । “ਹਰੇਕ ਦਾ ਪੜਾਉਣ ਦਾ ਆਪਣਾ ਢੰਗ ਹੁੰਦਾ ਹੈ ਅਤੇ ਸਾਨੂੰ ਉਹਨਾਂ ਦੇ ਤਰੀਕਿਆਂ ਅਨੁਸਾਰ ਢਲਣ ਵਿੱਚ ਸਮਾਂ ਲੱਗਦਾ ਹੈ ।”
52 ਸਾਲਾ ਰਣਿਆ (ਆਪਣੀ ਪਤਨੀ ਸੁਰੇਖਾ ਸਮੇਤ) ਵਰਗੇ ਬਹੁਤ ਥੋੜ੍ਹਿਆਂ ਨੇ ਹੀ ਪਿੰਡ ਵਿੱਚ 500 ਰੁਪਏ ਮਹੀਨੇ ਵਿੱਚ ਕਮਰਾ ਕਿਰਾਏ ‘ਤੇ ਲੈ ਕੇ ਰਹਿਣ ਦੀ ਚੋਣ ਕੀਤੀ । “ਇਹ ਨਹੀਂ ਸੋਚਿਆ ਸੀ ਕਿ ਅਸੀਂ ਇਥੇ ਇੰਨਾ ਲੰਮਾ ਸਮਾਂ ਰਹਾਂਗੇ । ਮੈਨੂੰ ਦੱਸਿਆ ਗਿਆ ਸੀ ਕਿ ਪੋਸਟਿੰਗ ਇਕ ਸਾਲ ਲਈ ਹੈ ।” ਰਣਿਆ ਕਹਿੰਦੇ ਹਨ ਜੋ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਤੋਂ ਹਨ ਅਤੇ ਉਹਨਾਂ ਨੇ ਸਾਲ 2016 ਦੇ ਮੱਧ ਵਿੱਚ ਇਥੇ ਪੜ੍ਹਾਉਣਾ ਸ਼ੁਰੂ ਕੀਤਾ ਸੀ । 2019 ਵਿੱਚ ਦੀਵਾਲ਼ੀ ਦੇ ਲਗਭਗ ਉਹਨਾਂ ਨੂੰ ਅਧੰਰਗ ਦਾ ਦੌਰਾ ਪਿਆ ਅਤੇ ਡਾਕਟਰੀ ਇਲਾਜ ਲਈ ਜਾਣਾ ਪਿਆ । ਅਗਸਤ 2020 ਵਿੱਚ ਜਦੋਂ ਉਹ ਵਾਪਿਸ ਆਏ ਤਾਂ ਸਕੂਲ ਵਿੱਚ ਸਿਰਫ਼ ਔਚਿਤ ਅਤੇ ਗ਼ੌਰੀ ਨੂੰ ਪਾਇਆ । ਉਸ ਮਹੀਨੇ ਪੜ੍ਹਾਉਣ ਲਈ ਸਿਰਫ਼ ਰਣਿਆ ਤੋਂ ਇਲਾਵਾ ( ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੁਆਰਾ ) ਇਕ ਹੋਰ ਪਾਰਟ ਟਾਇਮ ਅਧਿਆਪਕ ਨਿਯੁਕਤ ਕੀਤਾ ਗਿਆ ਸੀ ।
3 ਸਤੰਬਰ 2021 ਨੂੰ ਰਾਏਗੜ੍ਹ ਜ਼ਿਲ੍ਹੇ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਸਿੱਖਿਆ ਵਿਭਾਗ ਨੇ ਘਾਰਾਪੁਰੀ ਪਿੰਡ ਦੇ ਸਰਪੰਚ ਬਾਲੀਰਾਮ ਨੂੰ ਸਕੂਲ ਬੰਦ ਕਰਨ ਲਈ ਇਕ ਚਿੱਠੀ ਲਿਖੀ ਕਿਉਂਕਿ ਇੱਥੇ ਹੁਣ ਸਿਰਫ਼ ਇਕ ਵਿਦਿਆਰਥੀ ਔਚਿਤ ਹੀ ਰਹਿ ਗਿਆ ਸੀ ਅਤੇ ਹਦਾਇਤ ਕੀਤੀ ਕਿ ਰਹਿੰਦੇ ਵਿਦਿਆਰਥੀਆਂ ਨੂੰ (ਉੜਾਨ ਵਿੱਚ) ਨੇੜੇ ਦੇ ਸਕੂਲ ਵਿੱਚ ਭੇਜ ਦਿੱਤਾ ਜਾਵੇ ।
ਬਾਲੀਰਾਮ ਨੇ ਸਕੂਲ ਨੂੰ ਚੱਲਦਾ ਰੱਖਣ ਤੇ ਜ਼ੋਰ ਦਿੱਤਾ । “ ਮੈਂ ਇਸ ਨੂੰ ਬੰਦ ਨਹੀਂ ਕਰ ਸਕਦਾ ਭਾਵੇਂ ਕਿ ਇਕ ਵਿਦਿਆਰਥੀ ਹੀ ਕਿਉਂ ਨਾ ਹੋਵੇ । ਸਾਡਾ ਮਾਮਲਾ ਵੱਖਰਾ ਹੈ... ਜਿਥੇ ਸਾਡਾ ਪਿੰਡ ਸਥਿਤ ਹੈ ਉਥੇ ਨੇੜੇ ਹੋਰ ਕੋਈ ਸਕੂਲ ਨਹੀਂ ਹੈ,” ਉਹ ਕਹਿੰਦੇ ਹਨ । ਉਹ 2009 ਦੇ ਬੱਚਿਆਂ ਦੇ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਐਕਟ ( Right of Children to Free and Compulsory Education Act ) ਦਾ ਹਵਾਲ਼ਾ ਦਿੰਦੇ ਹਨ ਜਿਸਦੇ ਅਨੁਸਾਰ ਪੰਜਵੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇਕ ਕਿਲੋਮੀਟਰ ਅਤੇ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਤਿੰਨ ਕਿਲੋਮੀਟਰ ਦੇ ਅੰਦਰ-ਅੰਦਰ ਇਕ ਸਰਕਾਰੀ ਸਕੂਲ ਹੋਣਾ ਚਾਹੀਦਾ ਹੈ ।
“ਸਿੱਖਿਆ ਦੀ ਲੋੜ ਨੇ ਪਰਿਵਾਰਾਂ ਨੂੰ ਉਜੜਨ ਲਈ ਮਜ਼ਬੂਰ ਕੀਤਾ ਤਾਂ ਜੋ ਉਹਨਾਂ ਦੇ ਬੱਚੇ [ਉੜਾਨ ਵਿੱਚ] ਦੂਜੇ ਸਕੂਲਾਂ ਵਿੱਚ ਪੜ੍ਹ ਸਕਣ । ਜੇਕਰ ਸਾਡੇ ਪਿੰਡ ਵਿੱਚ [ਸਕੂਲ ਦੀ] ਗੁਣਵੱਤਾ ਨੂੰ ਸੁਧਾਰਨ ਦਾ ਸਮਰਥਨ ਕੀਤਾ ਗਿਆ ਹੁੰਦਾ ਤਾਂ ਯਕੀਨਨ ਮਾਪੇ ਕਦੇ ਨਾ ਛੱਡ ਕੇ ਜਾਂਦੇ,” ਬਾਲੀਰਾਮ ਅੱਗੇ ਕਹਿੰਦੇ ਹਨ ।
ਟਾਪੂ ਦੇ ਵਿਦਿਆਰਥੀਆਂ ਨੇ ਲੰਮੇ ਸਮੇਂ ਤੋਂ ਸਿੱਖਿਆ ਲਈ ਉੜਾਨ ਤਾਲੁਕਾ ਜਾਂ ਨਵੀਂ ਮੁੰਬਈ ਵਲ ਰੁਖ਼ ਕੀਤਾ ਹੋਇਆ ਹੈ । ਇਥੇ ਕੁਝ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦੇ ਹਨ ਅਤੇ ਕੁਝ ਸਾਰੇ ਪਰਿਵਾਰ ਸਮੇਤ ਪਰਵਾਸ ਕਰਕੇ ਕਿਰਾਏ ਦੇ ਕਮਰਿਆਂ ਵਿੱਚ ਰਹਿੰਦੇ ਹਨ। ਮੁੰਬਈ ਵੀ ਕੋਲ ਹੀ ਹੈ ਪਰ ਘਾਰਾਪੁਰੀ ਦੇ ਪਰਿਵਾਰਾਂ ਲਈ ਇਥੇ ਵਿਕਲਪ ਬਹੁਤ ਮਹਿੰਗੇ ਹਨ । ਉਹਨਾਂ ਵਿੱਚੋਂ ਬਹੁਤੇ ਅਗਰੀ ਕੋਲੀ਼ ਭਾਈਚਾਰੇ (ਹੋਰ ਪੱਛੜੀਆਂ ਸ਼੍ਰੇਣੀਆਂ ਵਜੋਂ ਸੂਚੀਬੱਧ ) ਨਾਲ਼ ਸਬੰਧਤ ਹਨ ਜੋ ਟਾਪੂ ’ਤੇ ਆਉਂਦੇ ਸੈਲਾਨੀਆਂ ਨੂੰ ਟੋਪੀਆਂ, ਐਨਕਾਂ, ਯਾਦਗਰੀ ਚਿੰਨ੍ਹ ਆਦਿ ਵੇਚਣ ਅਤੇ ਦੂਜੀਆਂ ਵਸਤਾਂ ਵੇਚਣ ਵਾਲ਼ੀਆਂ ਛੋਟੀਆਂ ਦੁਕਾਨਾਂ ਅਤੇ ਗੁਫਾਵਾਂ ਵਿੱਚ ਸੈਰ-ਸਪਾਟੇ ਨਾਲ਼ ਜੁੜੇ ਕੰਮਾਂ ‘ਤੇ ਨਿਰਭਰ ਕਰਦੇ ਹਨ ।
“ ਪਰਵਾਸ ਦੇ ਖ਼ਰਚਿਆਂ ਵਿੱਚ ਸਿਰਫ਼ ਸਕੂਲ ਦੀ ਫੀਸ ਹੀ ਨਹੀਂ ਸਗੋਂ ਜਮ੍ਹਾਂ ਪੂੰਜੀ ,ਕਿਰਾਇਆ ਅਤੇ ਦੂਜੀਆਂ ਲੋੜਾਂ ਵੀ ਸ਼ਾਮਿਲ ਹਨ । ਨਾਲ਼ ਹੀ ਮਾਪਿਆਂ ਨੂੰ ਕੰਮ ਦੀ ਭਾਲ ਕਰਨੀ ਪੈਂਦੀ ਹੈ,” ਔਚਿਤ ਦੇ 38 ਸਾਲਾ ਮਾਤਾ ਵਿਨੰਤੀ ਮਹਾਤ੍ਰੇ ਕਹਿੰਦੀ ਹਨ । “ਅਸੀਂ ਇੱਥੋਂ ਕਿਤੇ ਹੋਰ ਨਹੀਂ ਜਾ ਸਕਦੇ, ਦੱਸੋ ਅਸੀਂ ਕੀ ਕਮਾਵਾਂਗੇ ਅਤੇ ਕੀ ਖਾਵਾਂਗੇ? ਜੇ ਹੋ ਸਕੇ ਤਾਂ ਮੈਂ ਔਚਿਤ ਨੂੰ ਹੋਸਟਲ ਵਿੱਚ ਭੇਜਣਾ ਚਾਹੁੰਦੀ ਹਾਂ । ਇੱਥੋਂ ਦਾ ਹਾਈ ਸਕੂਲ ਬੰਦ ਹੋ ਗਿਆ ਹੈ ਅਤੇ ਲੋਕਡਾਊਨ ਕਾਰਨ [ਮਹੀਨਿਆਂ ਤੋਂ] ਸਾਡੀ ਆਮਦਨੀ ਵੀ ਰੁਕ ਗਈ ਹੈ।”
ਵਿਨੰਤੀ ਅਤੇ ਉਨ੍ਹਾਂ ਦੇ 42 ਸਾਲਾ ਪਤੀ ਨੀਤਿਨ ਕਿਨਾਰੇ ਤੋਂ ਐਲੀਫੈਂਟਾ ਗੁਫਾਵਾਂ ਤੱਕ ਜਾਣ ਵਾਲ਼ੀਆਂ 120 ਪੌੜੀਆਂ ‘ਤੇ ਅਸਥਾਈ ਸਟਾਲ ਚਲਾਉਂਦੇ ਹਨ । ਮਾਰਚ 2020 ਦੇ ਲੌਕਡਾਊਨ ਤੋਂ ਪਹਿਲਾਂ ਉਹ 6,000-7,000 ਰੁਪਏ ਮਹੀਨਾ ਕਮਾਉਂਦੇ ਸਨ । ਸੈਲਾਨੀਆਂ ਦੇ ਘੱਟਣ ਨਾਲ਼ ਵਿਕਰੀ ‘ਚ ਵੀ ਗਿਰਾਵਟ ਆਈ ਅਤੇ ਹੁਣ ਉਨੀ ਰਕਮ ਉਹ ਕਈ ਮਹੀਨਿਆਂ ’ਚ ਕਮਾਉਂਦੇ ਹਨ । 2019 ਵਿੱਚ ਨੀਤਿਨ ਨੂੰ ਠੇਕੇਦਾਰਾਂ ਦੁਆਰਾ (ਭਾਰਤ ਦੇ ਪੁਰਾਤੱਤਵ ਸਰਵੇਖਣ ਨਾਲ਼ ਸਬੰਧਿਤ, ਜੋ ਗੁਫਾਵਾਂ ਦਾ ਪ੍ਰਬੰਧਨ ਕਰਦੇ ਹਨ ) 12,000 ਰੁਪਏ ਮਹੀਨਾਵਾਰ ਤਨਖਾਹ ‘ਤੇ ਸਮਾਰਕ ਦੀ ਸਫਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ । ਉਸੇ ਸਾਲ ਉਹਨਾਂ ਦੇ ਵੱਡੇ ਬੇਟੇ , 18 ਸਾਲਾ ਅਦਿੱਤਯ ਨੇ ਪਿੰਡ ਦੇ ਹਾਈ ਸਕੂਲ ਵਿੱਚ 10ਵੀਂ ਪਾਸ ਕੀਤੀ ਅਤੇ ਨੀਤਿਨ ਦੀ ਤਨਖ਼ਾਹ ਸਹਾਰੇ ਉਸ ਨੇ ਅਗਲੇਰੀ ਪੜ੍ਹਾਈ ਲਈ ਉੜਾਨ ਵਲ ਪ੍ਰਵਾਸ ਕੀਤਾ । (ਮਾਰਚ 2022 ਵਿੱਚ ਤਨਖ਼ਾਹ ਪਿੱਛੇ ਚੱਲੇ ਕਿਸੇ ਵਿਵਾਦ ਵਿੱਚ ਪੈਣ ਕਾਰਨ ਨਿਤਿਨ ਨੇ ਉਹ ਨੌਕਰੀ ਗੁਆ ਲਈ ।)
ਘਾਰਾਪੁਰੀ ਵਿੱਚ ਅਠਵੀਂ ਤੋਂ ਦਸਵੀਂ ਜਮਾਤ ਤੱਕ ਦੇ ਮਰਾਠੀ ਮਾਧਿਆਮ KES ਸੈਕੰਡਰੀ ਵਿਦਿਆਲਾ, ਜਿਥੇ ਅਦਿੱਤਯ ਨੇ ਪੜ੍ਹਾਈ ਕੀਤੀ, ਗੈਰ-ਲਾਭਕਾਰੀ ਕੌਂਕਣ ਐਜੂਕੇਸ਼ਨ ਸੋਸਾਇਟੀ ਦੁਆਰਾ 1995 ਵਿੱਚ ਸ਼ੁਰੂ ਕੀਤਾ ਗਿਆ ਸੀ । 40 ਸਾਲਾ ਸੁਵਰਨਾ ਕੋਲੀ ਹਾਈ ਸਕੂਲ ਸਥਾਪਿਤ ਕਰਨ ਵੇਲੇ ਦੇ ਆਪਣੇ ਉਤਸ਼ਾਹ ਨੂੰ ਯਾਦ ਕਰਦੀ ਹਨ ਜੋ ਇਥੇ ਪਿੰਡ ਵਿੱਚ ਇੱਕ ਆਂਗਨਵਾੜੀ ਵਰਕਰ ਹਨ :
“[ 1992 ਵਿੱਚ] ਮੇਰੀ 7ਵੀਂ ਤੋਂ ਬਾਅਦ ਅੱਗੇ ਪੜ੍ਹਾਈ ਲਈ ਕੋਈ ਸਕੂਲ ਨਹੀਂ ਸੀ ,” ਉਹ ਦੱਸਦੀ ਹਨ । “ਸਾਡੇ ਮਾਪਿਆਂ ਕੋਲ ਸਾਡੇ ਲਈ ਦੋ ਹੀ ਵਿਕਲਪ ਸਨ, ਵਿਆਹ ਜਾਂ ਦੁਕਾਨ ‘ਤੇ ਕੰਮ ਕਰਨਾ ।” ਸੁਵਰਨਾ ਦੀ ਮਾਂ ਪਿੰਡ ਦੀ ਇਕ ਖਾਣੇ ਦੀ ਰੇੜੀ ਤੇ ਖਾਣਾ ਬਣਾਉਣ ਦਾ ਕੰਮ ਕਰਦੀ ਸਨ ਅਤੇ ਉਹਨਾਂ ਦੇ ਪਿਤਾ ਖੇਤੀ ਕਰਦੇ ਸਨ ਅਤੇ ਸਰਪੰਚ ਦੇ ਸਹਾਇਕ ਸਨ । ਸੁਵਰਨਾ ਇਕ ਨਰਸ ਬਣਨਾ ਚਾਹੁੰਦੀ ਸੀ ਅਤੇ ਭਾਵੇਂ ਉਹ ਆਪਣੇ ਉਸ ਟੀਚੇ ‘ਤੇ ਨਹੀਂ ਪਹੁੰਚ ਸਕੀ, ਉਹ ਮੁਸਕਰਾ ਕੇ ਕਹਿੰਦੀ ਹਨ : “ ਘੱਟੋ-ਘੱਟ ਮੈਂ [ 1998 ਵਿੱਚ ] 10ਵੀਂ ਜਮਾਤ ਪੂਰੀ ਕੀਤੀ,” ਅਤੇ ਉਹ ਵੀ ਉਚ-ਦਰਜੇ ਗ੍ਰੇਡਾਂ ਨਾਲ਼ ।
ਜਦੋਂ KES ਸੈਕੰਡਰੀ ਵਿਦਿਆਲਾ ਆਪਣੇ ਸਿਖ਼ਰਾਂ ਤੇ ਸੀ ਇਥੇ ਚਾਰ ਅਧਿਆਪਕ 30 ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦੇ ਸਨ । ਉਹਨਾਂ ਵਿੱਚ ਨਵਨੀਤ ਕਾਂਬਲੇ ਵੀ ਸ਼ਾਮਿਲ ਸਨ । ਘਾਰਾਪੁਰੀ ਵਿੱਚ ਆਪਣੀ ਸੇਵਾ ਦੇ 12 ਸਾਲਾਂ ਵਿਚੋਂ ਛੇ ਸਾਲ ਉਹ ਪਿੰਡ ਵਿੱਚ ਹੀ ਰਹੇ । ਵਿਆਹ ਤੋਂ ਬਾਅਦ ਉਹ ਉੜਾਨ ਤੋਂ ਕਿਸ਼ਤੀ ਰਾਹੀਂ ਜਾਇਆ ਕਰਦੇ । “ ਜੋ ਵਿਦਿਆਰਥੀ ( ਆਪਣੀ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੀ ਅਸਥਿਰ ਪੜ੍ਹਾਈ ਤੋਂ ਬਾਅਦ ) ਅੱਠਵੀਂ ਜਮਾਤ ਵਿੱਚ ਦਾਖ਼ਲਾ ਲੈਂਦੇ ਉਨ੍ਹਾਂ ਨੂੰ ਪੜ੍ਹਾਈ ਨਾਲ਼ ਰਾਬਤਾ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ ਅਤੇ ਬਹੁਤੇ ਨਿਰਾਸ਼ ਹੁੰਦੇ,” ਉਹ ਦੱਸਦੇ ਹਨ ।
ਹੌਲੀ-ਹੌਲੀ ਹਾਈ ਸਕੂਲ ਵਿੱਚ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਗਿਣਤੀ ਘਟਣ ਲੱਗੀ । ਸਕੂਲ ਫੰਡ ਲਈ ਤਰਸਣ ਲੱਗਾ ਅਤੇ ਸਾਲ ਦਰ ਸਾਲ ਇਕ-ਇਕ ਕਲਾਸ ਬੰਦ ਹੁੰਦੀ ਗਈ – 2018 ਵਿੱਚ 8ਵੀਂ ਕਲਾਸ ਤੋਂ ਸ਼ੁਰੂ ਕਰਕੇ, 2019 ਵਿੱਚ 9ਵੀਂ ਅਤੇ ਅਖੀਰ 2020 ਵਿੱਚ ਦਸਵੀਂ ਕਲਾਸ ਬੰਦ ਕਰ ਦਿੱਤੀ ਗਈ ।
ਬੰਦ ਹੋ ਚੁੱਕਿਆ ਹਾਈ ਸਕੂਲ ਅਤੇ ਆਖ਼ਰੀ ਸਾਹਾਂ ਤੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਉਸ ਦਿਸ਼ਾ ਵਿੱਚ ਮੁੜ ਰਹੇ ਹਨ ਜੋ ਐਨੁਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ (ਦਿਹਾਤੀ) ( Annual Status of Education Report (Rural ) (ਅਕਤੂਬਰ 2020) ਦੀਆਂ ਸਿਫਾਰਿਸ਼ਾਂ ਦੇ ਬਿਲਕੁਲ ਉਲਟ ਹੈ : ਕਿ ਲੌਕਡਾਊਨ ਤੋਂ ਬਾਅਦ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲ਼ੇ ਪਿਛੜੇ ਵਰਗ ਦੇ ਬੱਚਿਆਂ ਨੂੰ ਮਦਦ ਦੀ ਜ਼ਿਆਦਾ ਲੋੜ ਹੈ ।
ਜਿਥੇ ਆਂਗਨਵਾੜੀ ਵਰਕਰ ਸੁਵਰਨਾ ਕੋਲੀ ਅਤੇ ਇਕ ਸਹਿਕਰਮੀ ਨੇ ਘਾਰਾਪੁਰੀ ਵਿੱਚ 0-6 ਸਾਲ ਉਮਰ ਵਰਗ ਦੇ 40 ਬੱਚਿਆਂ ਲਈ ਆਂਗਨਵਾੜੀ ਕਲਾਸਾਂ ਜਾਰੀ ਰੱਖੀਆਂ ਹਨ, ਉਥੇ 6-14 ਸਾਲ ਉਮਰ ਵਰਗ ਦੇ 21 ਬੱਚਿਆਂ ਵਿਚੋਂ ਕੋਈ ਵੀ ਟਾਪੂ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਵਿੱਚ ਦਾਖ਼ਲ ਨਹੀਂ ਹੋਇਆ ਹੈ । (ਇਹ ਵਿਦਿਆਰਥੀ ਅੰਕੜੇ ਕੋਲੀ ਅਤੇ ਰਣਿਆ ਕੁਵਰ ਤੇ ਉਹਨਾਂ ਦੀ ਪਤਨੀ ਸੁਰੇਖਾ ਦੁਆਰਾ ਵੱਖ-ਵੱਖ ਸਰਵੇਖਣਾਂ ਦੁਆਰਾ ਇਕੱਠੇ ਕੀਤੇ ਗਏ ਸਨ। ) ਜ਼ਿਲ੍ਹਾ ਪ੍ਰੀਸ਼ਦ ਸਕੂਲ ਦੀ ਨਿੱਘਰਦੀ ਹਾਲਤ ਨੂੰ ਦੇਖਦੇ ਹੋਏ ਅਤੇ ਇਸ ਦੇ ਬੰਦ ਹੋਣ ਦਾ ਅਨੁਮਾਨ ਲਾਉਂਦੇ ਹੋਏ ਘਾਰਾਪੁਰੀ ਦੇ ਮਾਪੇ ਆਪਣੇ ਬੱਚਿਆਂ ਨੂੰ ਉੜਾਨ ਵਿਖੇ ਹੋਰ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ ।
ਜਦੋਂ ਹਾਈ ਸਕੂਲ ਬੰਦ ਹੋ ਗਿਆ ਤਾਂ ਜ਼ਿਲ੍ਹਾ ਪ੍ਰੀਸ਼ਦ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਸਦਾ ਮਤਲਬ ਸੀ 7ਵੀਂ ਜਮਾਤ ਤੋਂ ਬਾਅਦ ਘਾਰਾਪੁਰੀ ਤੋਂ ਚਲੇ ਜਾਣਾ, ਜਿਵੇਂ 16 ਸਾਲਾ ਕਪਲੇਸ਼ ਮਹਾਤ੍ਰੇ ਨੇ ਕੀਤਾ ਜੋ ਅਗਲੇਰੀ ਪੜ੍ਹਾਈ ਲਈ ਨਵਾ ਪਿੰਡ ਚਲਾ ਗਿਆ ਸੀ ਅਤੇ ਫਿਰ ਅੱਧ ਵਿਚਾਲੇ ਛੱਡ ਆਇਆ । “ ਬਸ, ਨਹੀਂ ਹੋ ਰਹਾ ਥਾ [ਬਸ ਮੇਰੇ ਤੋਂ ਨਹੀਂ ਹੋ ਰਿਹਾ ਸੀ ],” ਉਹ ਕਹਿੰਦਾ ਹੈ । ਕਪਲੇਸ਼ ਨੇ ਟਾਪੂ ‘ਤੇ ‘ਕੁਰਸੀਵਾਲ਼੍ਹਾ’ ਵਜੋਂ ਕੰਮ ਸ਼ੁਰੂ ਕਰ ਦਿੱਤਾ — ਉਹ ਅਤੇ ਤਿੰਨ ਹੋਰ ਜਣੇ ਸੈਲਾਨੀਆਂ ਨੂੰ ਲੱਕੜ ਦੀ ਕੁਰਸੀ ‘ਤੇ ਬਿਠਾਈ ਗੁਫਾਵਾਂ ਤੱਕ ਲੈ ਕੇ ਜਾਂਦੇ ਹਨ । ਚਾਰਾਂ ਦੀ ਇਹ ਟੀਮ ਦਿਨ ਵਿੱਚ ਅਜਿਹੇ 3-4 ਚੱਕਰ ਲਗਾਉਂਦੀ ਹੈ ਜਿਸ ਨਾਲ਼ 300-500 ਰੁਪਏ ਪ੍ਰਤੀ ਚੱਕਰ ਆਮਦਨ ਹੁੰਦੀ ਹੈ ।
ਹਾਲਾਂਕਿ ਘਾਰਾਪੁਰ ਦੇ ਕੁਝ ਵਿਦਿਆਰਥੀ ਅੱਗੇ ਪੜ੍ਹਾਈ ਕਰਨ ਵਿੱਚ ਸਫ਼ਲ ਹੋਏ ਹਨ। ਗ਼ੌਰੀ ਦੀ ਵੱਡੀ ਭੈਣ ਭਾਵਿਕਾ ਮਹਾਤ੍ਰੇ ਨੇ 2016 ਵਿੱਚ ਪਿੰਡ ਦੇ ਹਾਈ ਸਕੂਲ ਤੋਂ ਆਪਣੀ 10ਵੀਂ ਪੂਰੀ ਕਰਨ ਉਪਰੰਤ ਪਨਵੇਲ ਵਿੱਚ ਬੀ.ਏ. ਦੀ ਡਿਗਰੀ ਹਾਸਲ ਕੀਤੀ । ਪਰ 2020 ਦੇ ਸ਼ੁਰੂ ਵਿੱਚ ਆਪਣੇ ਮਾਪਿਆਂ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਘਾਰਾਪੁਰੀ ਵਾਪਸ ਆ ਗਈ ਜਿੱਥੇ ਉਹ ਆਪਣੀਆਂ ਸਨੈਕਸ ਤੇ ਗਹਿਣੇ ਵੇਚਣ ਵਾਲ਼ੀਆਂ ਸਟਾਲਾਂ ਚਲਾਉਂਦੀ । ਗ਼ੌਰੀ ਹੁਣ ਪਨਵੇਲ ਵਿੱਚ ਰਿਸ਼ਤੇਦਾਰਾਂ ਕੋਲ ਰਹਿ ਰਹੀ ਹੈ ਜਿਥੇ ਉਹ 8ਵੀਂ ਕਲਾਸ ਵਿੱਚ ਪੜ੍ਹਦੀ ਹੈ ।
“ਆਈ ਤੇ ਬਾਬਾ [ਮਾਤਾ ਤੇ ਪਿਤਾ ] ਨੇ ਸਾਨੂੰ ਵੱਡੀ ਪੜ੍ਹਾਈ ਲਈ ਪ੍ਰੇਰਿਆ । ਆਈ 8ਵੀਂ ਤੱਕ ਪੜ੍ਹੇ ਸੀ, ਉਹ ਅੱਗੇ ਪੜ੍ਹਨਾ ਚਾਹੁੰਦੇ ਸੀ ਪਰ ਨਹੀਂ ਪੜ੍ਹ ਪਾਏ ਅਤੇ ਬਾਬਾ ਜਲ-ਸੈਨਾ ਵਿੱਚ ਭਰਤੀ ਹੋਣਾ ਚਾਹੁੰਦੇ ਸਨ ਪਰ ਉਹਨਾਂ ਦੇ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਉਹਨਾਂ ਨੂੰ ਹੀ ਘਰ ਦੀ ਜਿੰਮੇਵਾਰੀ ਸਾਂਭਣੀ ਪਈ,” 20 ਸਾਲਾ ਭਾਵਿਕਾ ਕਹਿੰਦੀ ਹਨ । “ ਉਹ ਸਾਡੇ ਨਾਲ਼ ਬੈਠ ਕੇ ਸਾਨੂੰ ਹਿੰਦੀ, ਗਣਿਤ ਪੜਾਉਂਦੇ ਅਤੇ ਸਾਨੂੰ ਸਭ ਕੁਝ ਸਿੱਖਣ ਲਈ ਕਿਹਾ ਕਰਦੇ । ਉਹ ਸਵੈ-ਸਿੱਖਿਅਤ ਚਿੱਤਰਕਾਰ ਸਨ ਅਤੇ ਪਿੰਡ ਦੇ ਵਿਆਹਾਂ ‘ਚ ਡੀ ਜੇ। ਉਹਨਾਂ ਨੇ ਮੈਨੂੰ ਹੋਰ ਕਲਾਸਾਂ ਵਿੱਚ ਵੀ ਦਾਖ਼ਲ ਕਰਵਾਇਆ ਜਿਵੇਂ ਕਢਾਈ-ਸਿਲਾਈ, ਟਾਈਪਿੰਗ । ਉਹ ਚਾਹੁੰਦੇ ਸੀ ਕਿ ਅਸੀਂ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਵਿੱਚ ਬੈਠੀਏ ਅਤੇ IAS ਲਈ ਅਪਲਾਈ ਕਰੀਏ ਜਾਂ ਵਕੀਲ ਬਣੀਏ ...”
ਘਾਰਾਪੁਰੀ ਵਿੱਚ ਸਿੱਖਿਆ ਦੇ ਰਾਹ ਵਿੱਚ ਬਹੁਤ ਸਾਰੀਆਂ ਅੜਚਣਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸਿਰਫ਼ ਕੁਝ ਕੁ ਭਾਵਿਕਾ ਵਰਗੇ ਹੀ ਅਗਲੇਰੀ ਸਿੱਖਿਆ ਹਾਸਲ ਕਰ ਸਕਦੇ ਹਨ । ਹਾਊਸਹੋਲਡ ਸ਼ੋਸਲ ਕੰਜੰਪਸ਼ਨ ਆਨ ਐਜੂਕੇਸ਼ਨ ( NSS 75ਵਾਂ ਦੌਰ, 2017-18) ਦਰਸਾਉਂਦਾ ਹੈ ਕਿ ਪੇਂਡੂ (ਦਿਹਾਤੀ ) ਭਾਰਤ ਦੇ 15 ਅਤੇ ਇਸ ਤੋਂ ਉਪਰ ਉਮਰ ਵਰਗ ਦੇ ਸਿਰਫ਼ 5.7 ਫੀਸਦੀ ਵਿਦਿਆਰਥੀ ਹੀ ਗ੍ਰੈਜੂਏਸ਼ਨ ਜਾਂ ਇਸ ਤੋਂ ਅੱਗੇ ਤੱਕ ਪੜ੍ਹੇ ਹਨ । ਪੇਂਡੂ (ਦਿਹਾਤੀ) ਮਹਾਰਾਸ਼ਟਰ ਦੇ ਅੰਕੜੇ ਥੋੜ੍ਹੇ ਬਿਹਤਰ ਹਨ ਪਰ ਫਿਰ ਵੀ ਘੱਟ ਹਨ ਜਿਸਦੇ ਅਨੁਸਾਰ 12.5 ਫੀਸਦੀ ਗ੍ਰੈਜੂਏਸ਼ਨ ਜਾਂ ਇਸ ਤੋਂ ਉਪਰ ਪਹੁੰਚ ਸਕੇ ਹਨ । ਸਰਵੇਖਣ ਅਨੁਸਾਰ ਵਿਦਿਆਰਥੀਆਂ ਦੇ ਪੜ੍ਹਾਈ ਛੱਡਣ ਦੇ ਕਈ ਕਾਰਨ ਹਨ ਜਿਵੇਂ ਕਿ ਪੜ੍ਹਾਈ ਵਿੱਚ ਦਿਲਚਸਪੀ ਦੀ ਕਮੀ, ਸਿੱਖਿਆ ਦੇ ਮਾਧਿਅਮ/ਭਾਸ਼ਾ ਨਾਲ਼ ਤਾਲਮੇਲ਼ ਬਿਠਾਉਣ ਦੀ ਅਯੋਗਤਾ, ਸਕੂਲ ਤੋਂ ਦੂਰੀ, ਆਰਥਿਕ ਰੁਕਾਵਟਾਂ ਅਤੇ ਘਰੇਲੂ ਜਾਂ ਆਰਥਿਕ ਗਤੀਵਿਧੀਆਂ ਵਿੱਚ ਲੱਗ ਜਾਣ ਕਾਰਨ ਵੀ ਪੜ੍ਹਾਈ ਛੁੱਟ ਜਾਂਦੀ ਹੈ।
ਘਾਰਾਪੁਰੀ ਵਿਚੋਂ ਉਹਨਾਂ ਵਿਚੋਂ ਇਕ 23 ਸਾਲਾ ਸੋਲਨ ਮਹਾਤ੍ਰੇ ਹੈ ਜਿਸਨੇ 2016 ਵਿੱਚ ਉੜਾਨ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿ ਕੇ ਆਪਣੀ 12 ਵੀਂ ਪੂਰੀ ਕੀਤੀ । ਫਿਰ ਉਸਦੇ ਪਰਿਵਾਰ ਦੀ ਹਲਕੀ ਆਮਦਨੀ ਨੇ ਉਸ ਨੂੰ ਵਾਪਸ ਆਉਣ ਲਈ ਮਜ਼ਬੂਰ ਕਰ ਦਿੱਤਾ । ਉਸਦੇ ਮਾਤਾ ਚਿਪਸ ਵੇਚਣ ਵਾਲ਼ੀ ਸਟਾਲ ਚਲਾਉਂਦੀ ਹਨ ਅਤੇ ਪਿਤਾ ਉੜਾਨ ਵਿੱਚ ਇਕ ਕਿਸ਼ਤੀ ਤੇ ਕੰਮ ਕਰਕੇ 5000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ ।
ਵਿਨੈ ਕੋਲੀ ਨੇ ਵੀ 2019 ਵਿੱਚ ਉੜਾਨ ਵਿੱਚ ਆਪਣੀ 12ਵੀ ਕਲਾਸ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ । ਉਹ ਅੱਧੇ ਮਰਾਠੀ- ਮੀਡੀਅਮ ਕਾਮਰਸ ਕੋਰਸ ਵਿੱਚ ਸੀ ਜਿਥੇ ਅਕਾਉਂਟਸ ਵਿਸ਼ਾ ਅੰਗਰੇਜ਼ੀ ਵਿੱਚ ਸੀ । “ਲਿਖੇ ਹੋਏ ਨੂੰ ਸਮਝਣ ਵਿੱਚ ਬਹੁਤ ਸਾਰਾ ਸਮਾਂ ਲੱਗ ਜਾਂਦਾ ਸੀ ,” ਉਹ ਕਹਿੰਦਾ ਹੈ । ਜਨਵਰੀ 2020 ਵਿੱਚ ਉਸਨੇ ਐਲੀਫੈਂਟਾ ਗੁਫਾਵਾਂ ਵਿੱਚ ਠੇਕੇ ਤੇ ਇਕ ਟਿਕਟ ਕਲੈਕਟਰ ਵਜੋਂ 9,000 ਪ੍ਰਤੀ ਮਹੀਨਾ ਤਨਖ਼ਾਹ ਤੇ ਕੰਮ ਸ਼ੁਰੂ ਕਰ ਲਿਆ ।
ਘਾਰਾਪੁਰੀ ਵਿੱਚ ਕੁਝ ਵਿਦਿਆਰਥੀ 12ਵੀਂ ਜਮਾਤ ਤੋਂ ਬਾਅਦ ਇਕ ਜਾਂ ਦੋ ਸਾਲਾਂ ਲਈ ਕਿੱਤਾਮੁੱਖੀ ਕੋਰਸਾਂ ਦੀ ਚੋਣ ਕਰਦੇ ਹਨ ਜਿਵੇਂ ਕਿ ਇਲੈਕਟ੍ਰੀਸ਼ਨ, ਪਲੰਬਰ, ਵੈਲਡਰ, ਟਰਨਰ ਅਤੇ ਇਸੇ ਤਰ੍ਹਾਂ ਦੇ ਹੋਰ ਕਿੱਤਿਆਂ ਦੀ ਸਿਖਲਾਈ ਲੈਂਦੇ ਹਨ । “ ਅਜਿਹੇ ਕੋਰਸ ‘ਬਲੂ-ਕਾਲਰ’ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਦੇ ਹਨ ।,” ਭਾਓਸਾਹਿਬ ਚਾਸਕਰ ਦਾ ਕਹਿਣਾ ਹੈ ਜੋ ਅਹਿਮਦਪੁਰ ਦੇ ਇਕ ਸਿੱਖਿਆ ਕਾਰਕੁੰਨ ਅਤੇ ਅਧਿਆਪਕ ਹਨ। “ ਜਿਹੜੇ ਲੋਕ ਉੱਚ-ਸਿੱਖਿਆ ਪ੍ਰਾਪਤ ਕਰਨ ਤੋਂ ਅਸਮਰੱਥ ਹੁੰਦੇ ਹਨ ਉਹ ਆਮ ਤੌਰ ਤੇ ਸਮਾਜਿਕ ਤੌਰ ਤੇ ਹਾਸ਼ੀਏ ’ਤੇ ਪਏ ਭਾਈਚਾਰਿਆਂ ਵਿੱਚੋਂ ਹੁੰਦੇ ਹਨ।”
ਘਾਰਾਪੁਰੀ ਟਾਪੂ ‘ਤੇ ਹੁਣ ਪ੍ਰਾਇਮਰੀ ਸਿੱਖਿਆ ਦਾ ਰਸਤਾ ਵੀ ਬੰਦ ਹੋ ਗਿਆ ਹੈ ।
ਸਤੰਬਰ 2021 ਵਿੱਚ ਮਹਾਂਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਕਿ ਰਾਜ ਵਿੱਚ ਲਗਭਗ 500 ਦੇ ਕਰੀਬ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ਨੂੰ ਬੁਨਿਆਦੀ ਢਾਂਚੇ, ਅਧਿਆਪਨ, ਅਤੇ ਹੋਰ ਸੁਵਿਧਾਵਾਂ ਨਾਲ਼ ਅੱਪਗ੍ਰੇਡ ਕਰਕੇ ਮਾਡਲ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ । ਲੋੜੀਂਦੀ ਯੋਗਤਾ ਵਿੱਚ ਸ਼ਾਮਿਲ ਹੈ: “ਸਕੂਲ ਭੂਗੋਲਿਕ ਰੂਪ ਨਾਲ਼ ਕੇਂਦਰੀ ਸਥਿਤੀ ਰੱਖਦਾ ਹੋਣਾ ਚਾਹੀਦਾ ਹੈ ਅਤੇ ਇਹਦਾ ਸੜਕ ਨਾਲ਼ ਜੁੜਾਅ (ਕੁਨੈਕਟੀਵਿਟੀ) ਚੰਗਾ ਹੋਣਾ ਚਾਹੀਦਾ ਹੈ ।”
ਘਾਰਾਪੁਰੀ ਸਪਸ਼ਟ ਤੌਰ ‘ਤੇ ਗੁਣਵੱਤਾ ‘ਤੇ ਖ਼ਰਾ ਨਹੀਂ ਉਤਰਦਾ। ਇਸ ਸਾਲ ਔਚਿਤ ਦੇ 7ਵੀਂ ਜਮਾਤ ਪੂਰੀ ਕਰਨ ਦੇ ਨਾਲ਼ ਅਤੇ ਸਕੂਲ ਵਿੱਚ ਕੋਈ ਹੋਰ ਵਿਦਿਆਰਥੀ ਨਾ ਹੋਣ ਕਾਰਨ ਟਾਪੂ ਦਾ ਇਹ ਜ਼ਿਲ੍ਹਾ ਪ੍ਰੀਸ਼ਦ ਸਕੂਲ ਅਪ੍ਰੈਲ ਵਿੱਚ ਬੰਦ ਹੋਣ ਜਾ ਰਿਹਾ ਹੈ ।
ਤਰਜਮਾ: ਇੰਦਰਜੀਤ ਸਿੰਘ