ਸ਼ਿਵਾਨੀ ਕੁਮਾਰੀ ਦੀ ਉਮਰ ਅਜੇ ਸਿਰਫ਼ 19 ਸਾਲ ਹੈ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹਦਾ ਸਮਾਂ ਤੇਜੀ ਨਾਲ਼ ਹੱਥੋਂ ਨਿਕਲ਼ ਰਿਹਾ ਹੈ।
ਬੀਤੇ ਚਾਰ ਸਾਲਾਂ ਤੋਂ ਉਹ ਆਪਣੇ ਪਰਿਵਾਰ ਨੂੰ ਆਪਣੇ ਵਿਆਹ ਦਾ ਬੰਦੋਬਸਤ ਕਰਨ ਤੋਂ ਰੋਕਣ ਵਿੱਚ ਸਫ਼ਲ ਰਹੀ ਹਨ- ਪਰ ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਉਹ ਇਹਨੂੰ (ਆਪਣੇ ਵਿਆਹ ਨੂੰ) ਬਹੁਤੇ ਲੰਬੇ ਸਮੇਂ ਤੱਕ ਟਾਲਣ ਵਿੱਚ ਕਾਮਯਾਬ ਨਹੀਂ ਰਹੇਗੀ। "ਮੈਂ ਨਹੀਂ ਜਾਣਦੀ ਕਿ ਮੈਂ ਉਨ੍ਹਾਂ ਨੂੰ ਕਦੋਂ ਤੱਕ ਰੋਕ ਸਕਦੀ ਹਾਂ," ਉਹ ਕਹਿੰਦੀ ਹਨ। "ਇਸ ਤਰਕੀਬ ਦਾ ਕਿਸੇ ਨਾ ਕਿਸੇ ਦਿਨ ਤਾਂ ਅੰਤ ਹੋਣਾ ਹੀ ਹੈ।"
ਬਿਹਾਰ ਦੇ ਸਮਸਤੀਪੁਰ ਜਿਲ੍ਹੇ ਦੇ ਉਨ੍ਹਾਂ ਦੇ ਪਿੰਡ ਗੰਗਸਾਰਾ ਵਿੱਚ, ਕੁੜੀਆਂ ਦਾ ਵਿਆਹ ਆਮ ਤੌਰ 'ਤੇ 10ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਜਾਂ ਉਹਦੀ 17-18 ਸਾਲ ਦੀ ਉਮਰ ਹੁੰਦਿਆਂ ਹੀ ਹੋ ਜਾਂਦਾ ਹੈ।
ਸ਼ਿਵਾਨੀ ( ਇਸ ਕਹਾਣੀ ਵਿਚਲੇ ਸਾਰੇ ਨਾਮ ਬਦਲ ਦਿੱਤੇ ਗਏ ਹਨ ) ਜੋ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਵਿਆਹ ਨੂੰ ਟਾਲਣ ਵਿੱਚ ਕਾਮਯਾਬ ਰਹੀ ਹਨ ਅਤੇ ਹੁਣ ਉਹ ਬੀਕਾਮ (BCom) ਡਿਗਰੀ ਕੋਰਸ ਦੇ ਦੂਸਰੇ ਸਾਲ ਵਿੱਚ ਹਨ। ਕਾਲਜ ਜਾਣਾ ਉਨ੍ਹਾਂ ਦਾ ਸ਼ੁਰੂ ਤੋਂ ਸੁਪਨਾ ਰਿਹਾ ਸੀ ਪਰ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਇਕੱਲੀ ਰਹਿ ਜਾਵੇਗੀ। ''ਪਿੰਡ ਵਿੱਚ ਮੇਰੀਆਂ ਸਾਰੀਆਂ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ। ਜਿਨ੍ਹਾਂ ਕੁੜੀਆਂ ਦੇ ਨਾਲ਼ ਮੈਂ ਵੱਡੀ ਹੋਈ ਅਤੇ ਜਿਨ੍ਹਾਂ ਦੇ ਨਾਲ਼ ਮੈਂ ਸਕੂਲ ਜਾਂਦੀ ਸਾਂ, ਉਹ ਸਭ ਮੈਨੂੰ ਛੱਡ ਚੁੱਕੀਆਂ ਹਨ,'' ਇੱਕ ਦੁਪਹਿਰ ਆਪਣੇ ਗੁਆਂਢੀ ਘਰ ਗੱਲ ਕਰਦਿਆਂ ਉਹ ਕਹਿੰਦੀ ਹਨ, ਕਿਉਂਕਿ ਉਹ ਆਪਣੇ ਘਰੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੀ। ਇਸ ਜਗ੍ਹਾ ਵੀ, ਉਨ੍ਹਾਂ ਨੇ ਘਰ ਦੇ ਮਗਰਲੇ ਵਿਹੜੇ ਵਿੱਚ, ਜਿੱਥੇ ਪਾਲਤੂ ਬੱਕਰੀਆਂ ਅਰਾਮ ਕਰਦੀਆਂ ਹਨ, ਗੱਲ ਕਰਨ 'ਤੇ ਜ਼ੋਰ ਦਿੱਤਾ। "ਕੋਰੋਨਾ ਦੌਰਾਨ, ਕਾਲਜ ਵਿੱਚ ਮੇਰੀ ਆਖ਼ਰੀ ਸਹੇਲੀ ਦਾ ਵੀ ਵਿਆਹ ਹੋ ਗਿਆ," ਉਹ ਅੱਗੇ ਕਹਿੰਦੀ ਹਨ।
ਉਨ੍ਹਾਂ ਦੇ ਭਾਈਚਾਰੇ ਵਿੱਚ, ਕੁੜੀਆਂ ਨੂੰ ਸ਼ਾਇਦ ਹੀ ਕਦੇ ਕਾਲਜ ਜਾਣ ਦਾ ਮੌਕਾ ਮਿਲ਼ਦਾ ਹੈ, ਉਹ ਦੱਸਦੀ ਹਨ। ਸ਼ਿਵਾਨੀ ਰਵੀਦਾਸ ਭਾਈਚਾਰੇ (ਚਮਾਰ ਜਾਤੀ ਦਾ ਇੱਕ ਉਪ-ਸਮੂਹ ) ਨਾਲ਼ ਸਬੰਧ ਰੱਖਦੀ ਹਨ, ਜੋ ਮਹਾਦਲਿਤ ਦੀ ਸ਼੍ਰੇਣੀ ਵਿੱਚ ਆਉਂਦਾ ਹੈ- ਇਹ ਬਿਹਾਰ ਸਰਕਾਰ ਦੁਆਰਾ 2007 ਵਿੱਚ ਪਿਛੜੀ ਜਾਤੀ ਦੇ ਵਾਂਝੇ 21 ਭਾਈਚਾਰਿਆਂ ਲਈ ਇੱਕ ਸਾਂਝਾ ਸ਼ਬਦ ਹੈ।
ਇਸ ਇਕਲਾਪੇ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਅਣਵਿਆਹੀ ਹੋਣ ਲਈ ਸਮਾਜ, ਪਰਿਵਾਰਕ ਮੈਂਬਰਾਂ ਅਤੇ ਆਂਢ-ਗੁਆਂਢ ਵੱਲੋਂ ਤਾਅਨੇ-ਮਿਹਣਿਆਂ ਦਾ ਸੰਤਾਪ ਵੀ ਝੱਲਣਾ ਪੈਂਦਾ ਹੈ। "ਮੇਰੇ ਪਿਤਾ ਕਹਿੰਦੇ ਹਨ ਕਿ ਮੈਂ ਬਹੁਤ ਪੜ੍ਹਾਈ ਕਰ ਲਈ ਹੈ। ਪਰ ਮੈਂ ਇੱਕ ਪੁਲਿਸ ਅਧਿਕਾਰੀ ਬਣਨਾ ਲੋਚਦੀ ਹਾਂ। ਉਨ੍ਹਾਂ ਦੀ ਸੋਚ ਹੈ ਕਿ ਮੈਨੂੰ ਇੰਨਾ ਅਕਾਂਖਿਆਵਾਦੀ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਹਨ ਜੇਕਰ ਮੈਂ ਪੜ੍ਹਦੀ ਹੀ ਰਹੀ ਤਾਂ ਮੇਰੇ ਨਾਲ਼ ਵਿਆਹ ਕੌਣ ਕਰੇਗਾ?" ਉਹ ਦੱਸਦੀ ਹਨ। "ਇੱਥੋਂ ਤੱਕ ਕਿ ਸਾਡੇ ਭਾਈਚਾਰੇ ਵਿੱਚ ਮੁੰਡਿਆਂ ਦਾ ਵੀ ਛੇਤੀ ਹੀ ਵਿਆਹ ਹੋ ਜਾਂਦਾ ਹੈ। ਕਦੇ-ਕਦੇ ਮੈਂ ਸੋਚਦੀ ਹਾਂ ਕਿ ਕੀ ਮੈਨੂੰ ਹਾਰ ਮੰਨ ਲੈਣੀ ਚਾਹੀਦੀ ਹੈ ਪਰ ਮੈਂ ਇੰਨਾ ਕੁਝ ਬਰਦਾਸ਼ਤ ਕਰਨ ਤੋਂ ਬਾਅਦ ਇੱਥੋਂ ਤੱਕ ਪਹੁੰਚੀ ਹਾਂ ਅਤੇ ਹੁਣ ਆਪਣੇ ਸੁਪਨੇ ਨੂੰ ਪੂਰਿਆ ਕਰਨਾ ਚਾਹੁੰਦੀ ਹਾਂ।"
ਸਮਸਤੀਪੁਰ ਦੇ ਜਿਹੜੇ ਕੇਐੱਸਆਰ ਕਾਲਜ ਵਿੱਚ ਸ਼ਿਵਾਨੀ ਪੜ੍ਹ ਰਹੀ ਹਨ, ਉਹ ਉਨ੍ਹਾਂ ਦੇ ਪਿੰਡੋਂ ਕਰੀਬ ਸੱਤ ਕਿਲੋਮੀਟਰ ਦੂਰ ਹੈ। ਪਹਿਲਾਂ ਉਹ ਪੈਦਲ ਤੁਰਦੀ ਹਨ, ਫਿਰ ਬੱਸ ਲੈਂਦੀ ਹਨ ਅਤੇ ਅਖੀਰਲੀ ਕੁਝ ਦੂਰੀ ਸਾਂਝੇ ਆਟੋਰਿਕਸ਼ਾ ਵਿੱਚ ਬੈਠ ਕੇ ਤੈਅ ਕਰਦੀ ਹਨ। ਕਦੇ-ਕਦੇ, ਉਨ੍ਹਾਂ ਦੇ ਕਾਲਜ ਦੇ ਮੁੰਡੇ ਉਨ੍ਹਾਂ ਨੂੰ ਆਪਣੀ ਮੋਟਰਸਾਈਕਲ 'ਤੇ ਲਿਜਾਣ ਦੀ ਪੇਸ਼ਕਸ਼ ਕਰਦੇ ਹਨ, ਪਰ ਉਹ ਹਰ ਵਾਰ ਮਨ੍ਹਾਂ ਕਰ ਦਿੰਦੀ ਹਨ ਕਿਉਂਕਿ ਉਹ ਖੁਦ ਨੂੰ ਕਿਸੇ ਮੁੰਡੇ ਨਾਲ਼ ਦੇਖੇ ਜਾਣ ਦੇ ਨਤੀਜਿਆਂ ਤੋਂ ਡਰਦੀ ਹਨ। ''ਪਿੰਡ ਦੇ ਲੋਕ ਅਫ਼ਵਾਹਾਂ ਨੂੰ ਲੈ ਕੇ ਕਾਫੀ ਬੇਰਹਿਮ ਹਨ। ਮੇਰੀ ਸਭ ਤੋਂ ਅਜੀਜ਼ ਸਹੇਲੀ ਦਾ ਵਿਆਹ ਇਸਲਈ ਕਰ ਦਿੱਤਾ ਗਿਆ ਕਿਉਂਕਿ ਉਹਨੂੰ ਸਕੂਲ ਦੇ ਇੱਕ ਮੁੰਡੇ ਦੇ ਨਾਲ਼ ਦੇਖਿਆ ਗਿਆ ਸੀ। ਮੈਂ ਨਹੀਂ ਚਾਹੁੰਦੀ ਹਾਂ ਕਿ ਇਹ ਮੇਰੇ ਕਾਲਜ ਦੀ ਡਿਗਰੀ ਮਿਲ਼ਣ ਅਤੇ ਇੱਕ ਮਹਿਲਾ-ਪੁਲਿਸ ਬਣਨ ਦੇ ਰਾਹ ਵਿੱਚ ਰੋੜ੍ਹਾ ਅੜੇ,'' ਉਹ ਕਹਿੰਦੀ ਹਨ।
ਸ਼ਿਵਾਨੀ ਦੇ ਮਾਪੇ ਖੇਤ-ਮਜ਼ਦੂਰ ਹਨ, ਜੋ ਮਹੀਨੇ ਦੇ ਕਰੀਬ 10,000 ਰੁਪਏ ਕਮਾਉਂਦੇ ਹਨ। ਉਨ੍ਹਾਂ ਦੀ ਮਾਂ, 42 ਸਾਲਾ ਮੀਨਾ ਦੇਵੀ, ਆਪਣੇ ਪੰਜ ਬੱਚਿਆਂ-13 ਸਾਲ ਅਤੇ 17 ਸਾਲ ਦੇ ਦੋ ਪੁੱਤਰਾਂ ਅਤੇ ਤਿੰਨ ਧੀਆਂ-ਉਮਰ 10 ਸਾਲ, 15 ਸਾਲ ਅਤੇ 19 ਸਾਲਾ ਸ਼ਿਵਾਨੀ ਨੂੰ ਲੈ ਕੇ ਬੜੀ ਫ਼ਿਕਰਮੰਦ ਹਨ। "ਮੈਨੂੰ ਪੂਰੇ ਦਿਨ ਆਪਣੇ ਬੱਚਿਆਂ ਦੀ ਹੀ ਚਿੰਤਾ ਲੱਗੀ ਰਹਿੰਦੀ ਹੈ। ਮੈਂ ਆਪਣੀਆਂ ਧੀਆਂ ਲਈ ਦਾਜ ਦਾ ਬੰਦੋਬਸਤ ਵੀ ਕਰਨਾ ਹੈ," ਮੀਨਾ ਦੇਵੀ ਕਹਿੰਦੀ ਹਨ। ਉਹ ਵੱਡਾ ਘਰ ਬਣਾਉਣ ਦੀ ਉਮੀਦ ਵੀ ਰੱਖਦੀ ਹਨ- ਏਸਬਸਟਸ (ਅਸਮਾਨੀ ਰੰਗੀ ਨਰਮ ਜਿਹੀ ਚਾਦਰ ਜੋ ਤਪਸ਼ ਤੋਂ ਬਚਾਉਂਦੀ ਹੈ) ਦੀ ਛੱਤ ਅਤੇ ਇੱਟਾਂ ਨਾਲ਼ ਬਣੇ ਉਨ੍ਹਾਂ ਦੇ ਘਰ ਵਿੱਚ ਸਿਰਫ਼ ਇੱਕੋ ਕਮਰਾ ਹੈ ਅਤੇ ਪਰਿਵਾਰ ਤਿੰਨ ਹੋਰਨਾਂ ਗੁਆਂਢੀ ਪਰਿਵਾਰਾਂ ਨਾਲ਼ ਪਖਾਨਾ ਸਾਂਝਾ ਕਰਦਾ ਹੈ। "ਮੈਂ ਇਹ ਯਕੀਨੀ ਬਣਾਉਣਾ ਹੈ ਕਿ ਮੇਰੇ ਘਰ ਆਉਣ ਵਾਲ਼ੀਆਂ ਕੁੜੀਆਂ (ਨੂੰਹਾਂ) ਨੂੰ ਅਰਾਮ ਮਿਲ਼ੇ ਅਤੇ ਉਹ ਇੱਥੇ ਵੀ ਖੁਸ਼ ਰਹਿਣ," ਉਹ ਕਹਿੰਦੀ ਹਨ। ਇਨ੍ਹਾਂ ਸਾਰੀਆਂ ਚਿੰਤਾਵਾਂ ਵਿੱਚ ਜੇਕਰ ਸ਼ਿਵਾਨੀ ਨੇ ਕਾਲਜ ਜਾਣ ਦਾ ਅਡਿੱਗ ਫੈਸਲਾ ਨਾ ਕੀਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੀ ਪੜ੍ਹਾਈ ਨੂੰ ਸਭ ਤੋਂ ਘੱਟ ਤਰਜੀਹ ਦਿੱਤੀ ਜਾਂਦੀ।
ਮੀਨਾ ਦੇਵੀ, ਜੋ ਖੁਦ ਕਦੇ ਸਕੂਲ ਨਹੀਂ ਗਈ, ਪੂਰੇ ਪਰਿਵਾਰ ਵਿੱਚ ਇਕਲੌਤੀ ਅਜਿਹੀ ਮੈਂਬਰ ਹਨ ਜੋ ਸ਼ਿਵਾਨੀ ਦਾ ਸਮਰਥਨ ਕਰਦੀ ਰਹੀ ਹਨ। "ਉਹ ਹੋਰ ਮਹਿਲਾ ਪੁਲਿਸ-ਕਰਮੀਆਂ ਨੂੰ ਦੇਖਦੀ ਹੈ ਅਤੇ ਉਨ੍ਹਾਂ ਵਾਂਗ ਹੀ ਬਣਨਾ ਲੋਚਦੀ ਹੈ। ਮੈਂ ਉਹਨੂੰ ਕਿਵੇਂ ਰੋਕ ਸਕਦੀ ਹਾਂ?" ਉਹ ਕਹਿੰਦੀ ਹਨ। "ਇੱਕ ਮਾਂ ਦੇ ਰੂਪ ਵਿੱਚ ਮੈਨੂੰ ਬੜਾ ਫ਼ਖਰ ਹੋਵੇਗਾ (ਜੇਕਰ ਉਹ ਪੁਲਿਸ ਵਿੱਚ ਭਰਤੀ ਹੋ ਗਈ)। ਪਰ ਹਰ ਕੋਈ ਉਹਦਾ ਮਜ਼ਾਕ ਉਡਾਉਂਦਾ ਹੈ ਅਤੇ ਮੈਨੂੰ ਬੜਾ ਬੁਰਾ ਲੱਗਦਾ ਹੈ।"
ਪਿੰਡ ਦੀਆਂ ਕੁਝ ਕੁੜੀਆਂ ਅਤੇ ਔਰਤਾਂ ਲਈ, ਇਹ ਗੱਲ ਸਿਰਫ਼ ਤਾਅਨੇ ਮਾਰਨ ਤੱਕ ਹੀ ਸੀਮਤ ਨਹੀਂ ਹੈ।
17 ਸਾਲਾ ਨੇਹਾ ਕੁਮਾਰੀ ਦੇ ਪਰਿਵਾਰ ਵਿੱਚ, ਵਿਆਹ ਦਾ ਵਿਰੋਧ ਕਰਨ ਦਾ ਮਤਲਬ ਹੈ ਛਿੱਤਰ ਪਰੇਡ। "ਜਦੋਂ ਵੀ ਵਿਆਹ ਦੀ ਕੋਈ ਨਵੀਂ ਪੇਸ਼ਕਸ਼ ਆਉਂਦੀ ਹੈ ਅਤੇ ਮੈਂ ਉਸ ਤੋਂ ਮਨ੍ਹਾਂ ਕਰਦੀ ਹਾਂ ਤਾਂ ਮੇਰੇ ਪਿਤਾ ਗੁੱਸੇ ਵਿੱਚ ਮੇਰੀ ਮਾਂ ਨੂੰ ਕੁੱਟਣ ਲੱਗਦੇ ਹਨ। ਮੈਂ ਜਾਣਦੀ ਹਾਂ ਕਿ ਮੈਂ ਆਪਣੀ ਮਾਂ ਕੋਲ਼ੋਂ ਬੜਾ ਕੁਝ ਮੰਗ ਰਹੀ ਹਾਂ," ਆਪਣੇ ਭੈਣ-ਭਰਾਵਾਂ ਨਾਲ਼ ਸਾਂਝਾ ਕੀਤੇ ਜਾਣ ਵਾਲ਼ੇ ਇੱਕ ਛੋਟੇ ਜਿਹੇ ਕਮਰੇ ਵਿੱਚ ਗੱਲ ਕਰਦਿਆਂ ਉਹ ਕਹਿੰਦੀ ਹਨ, ਇਹ ਉਸ ਕਮਰੇ ਤੋਂ ਦੂਰ ਹੈ ਜਿੱਥੇ ਉਨ੍ਹਾਂ ਦੇ ਪਿਤਾ ਉਸ ਦੁਪਹਿਰ ਵੇਲ਼ੇ ਅਰਾਮ ਕਰ ਰਹੇ ਸਨ। ਕਮਰੇ ਵਿੱਚ, ਇੱਕ ਖੂੰਝਾ ਨੇਹਾ ਦੇ ਅਧਿਐਨ ਲਈ ਰਾਖਵਾਂ ਹੈ ਅਤੇ ਕਿਸੇ ਨੂੰ ਵੀ ਉਨ੍ਹਾਂ ਦੀਆਂ ਕਿਤਾਬਾਂ ਨੂੰ ਹੱਥ ਲਾਉਣ ਦੀ ਆਗਿਆ ਨਹੀਂ ਹੈ, ਮੁਸਕਰਾਉਂਦਿਆਂ ਉਹ ਕਹਿੰਦੀ ਹਨ।
ਉਨ੍ਹਾਂ ਦੀ ਮਾਂ ਨੈਨਾ ਦੇਵੀ ਕਹਿੰਦੀ ਹਨ ਕਿ ਕੁੱਟ ਖਾਣਾ (ਪਤੀ ਕੋਲ਼ੋਂ) ਚੁਕਾਈ ਜਾਣ ਵਾਲ਼ੀ ਇੱਕ ਮਾਮੂਲੀ ਜਿਹੀ ਕੀਮਤ ਹੈ। ਉਹ ਨੇਹਾ ਦੀ ਕਾਲਜ ਸਿੱਖਿਆ ਲਈ ਆਪਣੇ ਗਹਿਣੇ ਵੇਚ ਦੇਣ 'ਤੇ ਵੀ ਵਿਚਾਰ ਕਰਦੀ ਹਨ। "ਜੇ ਉਹਨੂੰ ਪੜ੍ਹਾਈ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਵਿਆਹ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਉਹ ਕਹਿੰਦੀ ਹੈ ਕਿ ਉਹ ਜ਼ਹਿਰ ਖਾ ਕੇ ਮਰ ਜਾਵੇਗੀ। ਮੈਂ ਇੰਜ ਹੁੰਦਿਆਂ ਕਿਵੇਂ ਦੇਖ ਸਕਦੀ ਹਾਂ?" ਉਹ ਕਹਿੰਦੀ ਹਨ। ਸਾਲ 2017 ਵਿੱਚ ਇੱਕ ਹਾਦਸੇ ਦੌਰਾਨ ਉਨ੍ਹਾਂ ਦੇ ਪਤੀ ਦੀ ਲੱਤ ਵੱਢੇ ਜਾਣ ਤੋਂ ਬਾਅਦ ਉਨ੍ਹਾਂ (ਪਤੀ) ਵੱਲੋਂ ਬਤੌਰ ਖੇਤ ਮਜ਼ਦੂਰ ਕੰਮ ਬੰਦ ਕਰ ਦੇਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ 39 ਸਾਲਾ ਨੈਨਾ ਦੇਵੀ ਹੀ ਪਰਿਵਾਰ ਦੀ ਇਕਲੌਤੀ ਕਮਾਊ ਮੈਂਬਰ ਹਨ। ਪਰਿਵਾਰ ਦਾ ਸਬੰਧ ਭੁਇਯਾ ਭਾਈਚਾਰੇ ਨਾਲ਼ ਹੈ, ਜੋ ਮਹਾਦਲਿਤ ਜਾਤੀ ਹੈ। ਖੇਤ ਮਜ਼ਦੂਰੀ ਕਰਕੇ ਨੈਨਾ ਨੂੰ ਕਰੀਬ 5000 ਰੁਪਏ ਹੀ ਆਮਦਨੀ ਹੁੰਦੀ ਹੈ, ਪਰ ਉਹ ਕਹਿੰਦੀ ਹਨ ਕਿ ਇੰਨੇ ਪੈਸੇ ਘਰ ਚਲਾਉਣ ਲਈ ਕਾਫੀ ਨਹੀਂ ਅਤੇ ਉਨ੍ਹਾਂ ਨੂੰ ਰਿਸ਼ਤੇਦਾਰਾਂ ਪਾਸੋਂ ਵੀ ਕੁਝ ਮਦਦ ਮਿਲ਼ ਜਾਂਦੀ ਹੈ।
ਨੈਨਾ ਦੇਵੀ ਕਹਿੰਦੀ ਹਨ ਕਿ ਕੁੱਟ ਖਾਣਾ ਚੁਕਾਈ ਜਾਣ ਵਾਲ਼ੀ ਇੱਕ ਮਾਮੂਲੀ ਜਿਹੀ ਕੀਮਤ ਹੈ। ਉਹ ਨੇਹਾ ਦੀ ਕਾਲਜ ਸਿੱਖਿਆ ਲਈ ਆਪਣੇ ਗਹਿਣੇ ਵੇਚ ਦੇਣ 'ਤੇ ਵੀ ਵਿਚਾਰ ਕਰਦੀ ਹਨ। "ਜੇ ਉਹਨੂੰ ਪੜ੍ਹਾਈ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਵਿਆਹ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਉਹ ਕਹਿੰਦੀ ਹੈ ਕਿ ਉਹ ਜ਼ਹਿਰ ਖਾ ਕੇ ਮਰ ਜਾਵੇਗੀ। ਮੈਂ ਇੰਜ ਹੁੰਦਿਆਂ ਕਿਵੇਂ ਦੇਖ ਸਕਦੀ ਹਾਂ?'
ਨੇਹਾ 12ਵੀਂ ਜਮਾਤ ਵਿੱਚ ਪੜ੍ਹਦੀ ਹਨ ਅਤੇ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਪਟਨਾ ਵਿੱਚ ਕਿਸੇ ਦਫ਼ਤਰ ਵਿੱਚ ਕੰਮ ਕਰਨ। "ਮੇਰੇ ਪਰਿਵਾਰ ਵਿੱਚੋਂ ਕਿਸੇ ਨੇ ਵੀ ਦਫ਼ਤਰ ਵਿੱਚ ਕੰਮ ਨਹੀਂ ਕੀਤਾ ਹੈ- ਇੰਜ ਕਰਨ ਵਾਲ਼ੀ ਮੈਂ ਪਹਿਲੀ ਔਰਤ ਬਣਨਾ ਚਾਹੁੰਦੀ ਹਾਂ," ਉਹ ਕਹਿੰਦੀ ਹਨ। ਉਨ੍ਹਾਂ ਦੀ ਵੱਡੀ ਭੈਣ ਦਾ ਵਿਆਹ 17 ਸਾਲ ਦੀ ਉਮਰੇ ਹੋ ਗਿਆ ਸੀ ਅਤੇ 22 ਸਾਲਾਂ ਦੀ ਉਮਰ ਤੱਕ ਉਨ੍ਹਾਂ ਦੇ ਤਿੰਨ ਬੱਚੇ ਵੀ ਹੋ ਗਏ। ਉਨ੍ਹਾਂ ਦੇ ਦੋ ਭਰਾ 19 ਸਾਲ ਅਤੇ 15 ਸਾਲ ਦੇ ਹਨ। "ਮੈਂ ਆਪਣੀ ਭੈਣ ਨਾਲ਼ ਪਿਆਰ ਕਰਦੀ ਹਾਂ, ਪਰ ਮੈਂ ਉਹਦੇ ਜਿਹੀ ਜ਼ਿੰਦਗੀ ਨਹੀਂ ਚਾਹੁੰਦੀ," ਨੇਹਾ ਕਹਿੰਦੀ ਹਨ।
ਨੇਹਾ, ਸਰਾਯਰੰਜਨ ਤਹਿਸੀਲ ਦੇ ਗੰਗਸਾਰਾ ਪਿੰਡ-ਜਿੱਥੋਂ ਦੀ ਅਬਾਦੀ 6,868 (ਮਰਦਮਸ਼ੁਮਾਰੀ 2011) ਹੈ- ਦੇ ਜਿਹੜੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਹਨ, ਉਹ 12ਵੀਂ ਤੱਕ ਹੈ। ਉਹ ਦੱਸਦੀ ਹਨ ਕਿ ਉਨ੍ਹਾਂ ਦੀ ਜਮਾਤ ਵਿੱਚ ਸਿਰਫ਼ ਛੇ ਕੁੜੀਆਂ ਅਤੇ 12 ਮੁੰਡਿਆਂ ਨੇ ਹੀ ਦਾਖ਼ਲਾ ਲਿਆ ਹੈ। "8ਵੀਂ ਜਮਾਤ ਤੋਂ ਬਾਅਦ ਸਕੂਲ ਵਿੱਚ ਕੁੜੀਆਂ ਦੀ ਗਿਣਤੀ ਹੌਲ਼ੀ-ਹੌਲ਼ੀ ਘੱਟ ਹੋਣ ਲੱਗਦੀ ਹੈ," ਨੇਹਾ ਦੇ ਸਕੂਲ ਦੇ ਅਧਿਆਪਕ, ਅਨਿਲ ਕੁਮਾਰ ਕਹਿੰਦੇ ਹਨ। "ਕਦੇ-ਕਦੇ ਇੰਜ ਇਸਲਈ ਵੀ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਕੰਮ 'ਤੇ ਲਾ ਦਿੱਤਾ ਜਾਂਦਾ ਹੈ, ਕਦੇ ਕਦੇ ਉਨ੍ਹਾਂ ਦਾ ਵਿਆਹ ਵੀ ਕਰ ਦਿੱਤਾ ਜਾਂਦਾ ਹੈ।"
ਬਿਹਾਰ ਵਿੱਚ, 42.5 ਫੀਸਦੀ ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ- ਭਾਵ ਕਿ ਦੇਸ਼ ਵਿੱਚ ਵਿਆਹ ਦੀ ਕਨੂੰਨੀ ਉਮਰ ( ਬਾਲ ਵਿਆਹ ਰੋਕੂ ਐਕਟ 2006 ਦੇ ਅਨੁਸਾਰ ਨਿਰਧਾਰਤ) ਤੋਂ ਵੀ ਪਹਿਲਾਂ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( ਐੱਨਐੱਫਐੱਚਐੱਸ-4,2015-16 ) ਦੇ ਅਨੁਸਾਰ, ਇਹ ਅੰਕੜਾ 26.8 ਦੇ ਕੁੱਲ ਭਾਰਤੀ ਪੱਧਰ ਤੋਂ ਵੀ ਕਾਫੀ ਜ਼ਿਆਦਾ ਹੈ। ਸਮਸਤੀਪੁਰ ਵਿੱਚ ਇਹ ਸੰਖਿਆ ਵੱਧ ਕੇ 52.3 ਫੀਸਦੀ ਹੋ ਗਈ ਹੈ।
ਨੇਹਾ ਅਤੇ ਸ਼ਿਵਾਨੀ ਵਰਗੀਆਂ ਕੁੜੀਆਂ ਦੀ ਸਿੱਖਿਆ ਨੂੰ ਪ੍ਰਭਾਵਤ ਕਰਨ ਤੋਂ ਇਲਾਵਾ, ਇਹਦੇ ਹੋਰ ਵੀ ਸਿੱਟੇ ਨਿਕਲ਼ੇ ਹਨ। "ਭਾਵੇਂ ਅਸੀਂ ਦੇਖ ਸਕਦੇ ਹਾਂ ਕਿ ਬਿਹਾਰ ਵਿੱਚ ਪ੍ਰਜਨਨ ਸਮਰੱਥਾ ਘੱਟ ਹੋ ਗਈ ਹੈ (2005-06 ਵਿੱਚ 4 ਤੋਂ ਘੱਟ ਕੇ 2015-16 ਵਿੱਚ 3.4 ਅਤੇ ਐੱਨਐੱਫਐੱਚਐੱਸ 2019-20 ਵਿੱਚ 3), ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਜਿਨ੍ਹਾਂ ਕੁੜੀਆਂ ਦਾ ਵਿਆਹ ਛੋਟੀ ਉਮਰੇ ਹੋ ਜਾਂਦਾ ਹੈ, ਉਨ੍ਹਾਂ ਦੇ ਜ਼ਿਆਦਾ ਕੰਗਾਲ ਅਤੇ ਕੁਪੋਸ਼ਿਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਉਹ ਸਿਹਤ ਸੇਵਾਵਾਂ ਤੋਂ ਬਾਹਰ ਹੋ ਜਾਂਦੀਆਂ ਹਨ," ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਅਨਾਜ ਨੀਤੀ ਖੋਜ ਸੰਸਥਾ ਦੀ ਸੀਨੀਅਰ ਰਿਸਰਚ ਫੈਲੋ, ਪੂਰਨਿਮਾ ਮੇਨਨ ਕਹਿੰਦੀ ਹਨ ਜਿਨ੍ਹਾਂ ਨੇ ਸਿੱਖਿਆ, ਛੋਟੀ ਉਮਰੇ ਵਿਆਹ ਅਤੇ ਔਰਤਾਂ ਅਤੇ ਕੁੜੀਆਂ ਦੀ ਸਿਹਤ ਦਰਮਿਆਨ ਸਬੰਧਾਂ ਦਾ ਅਧਿਐਨ ਕੀਤਾ ਹੈ।
ਇਸ ਸਭ ਕਾਸੇ ਲਈ- ਸਕੂਲ ਅਤੇ ਵਿਆਹ ਅਤੇ ਫਿਰ ਗਰਭ-ਅਵਸਥਾ ਦਰਮਿਆਨ ਪੜਾਵਾਂ ਦੇ ਰੂਪ ਵਿੱਚ ਕਾਫੀ ਸਮਾਂ (ਬਣਦਾ/ਲੋੜੀਂਦਾ) ਹੋਣਾ ਬਹੁਤ ਅਹਿਮ ਹੈ ਮੈਨਨ ਕਹਿੰਦੀ ਹਨ। "ਸਾਨੂੰ ਕੁੜੀਆਂ ਦੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਵਿਚਲੇ ਪਾੜੇ ਨੂੰ ਚੌੜਾ ਕਰਨ ਦੀ ਲੋੜ ਹੈ," ਉਹ ਕਹਿੰਦੀ ਹਨ। "ਅਤੇ ਸਾਨੂੰ ਇਹ ਉਦੋਂ ਸ਼ੁਰੂ ਕਰਨ ਦੀ ਲੋੜ ਹੈ ਜਦੋਂ ਕੁੜੀਆਂ, ਕੁੜੀਆਂ (ਕਿਸ਼ੋਰੀਆਂ) ਹੁੰਦੀਆਂ ਹਨ।" ਮੈਨਨ ਦਾ ਮੰਨਣਾ ਹੈ ਕਿ ਨਕਦ ਤਬਦੀਲੀ ਪ੍ਰੋਗਰਾਮ ਅਤੇ ਪਰਿਵਾਰ ਨਿਯੋਜਨ ਪ੍ਰੋਤਸਾਹਨ ਜਿਹੇ ਸਮਰਥਨ ਵਾਲੇ ਪ੍ਰੋਗਰਾਮ ਲੋੜੀਂਦੀ ਦੇਰੀ ਪੈਦਾ ਕਰਨ ਵਿੱਚ ਅਤੇ ਕੁੜੀਆਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ।
"ਸਾਡਾ ਮੰਨਣਾ ਹੈ ਕਿ ਜੇਕਰ ਕੁੜੀਆਂ ਦੇ ਵਿਆਹ ਵਿੱਚ ਦੇਰੀ ਹੁੰਦੀ ਹੈ ਤਾਂ ਉਹ ਬਿਹਤਰ ਸਿੱਖਿਆ ਦੇ ਨਾਲ਼-ਨਾਲ਼ ਸਿਹਤਮੰਦ ਜੀਵਨ ਗੁਜ਼ਾਰ ਸਕਦੀਆਂ ਹਨ," ਸਮਸਤੀਪੁਰ ਦੀ ਸਰਾਯਰੰਜਨ ਤਹਿਸੀਲ ਵਿੱਚ ਤੈਨਾਤ ਇੱਕ ਐੱਨਜੀਓ, ਜਵਾਹਰ ਜਯੋਤੀ ਬਾਲ ਵਿਕਾਸ ਕੇਂਦਰ ਦੀ ਪ੍ਰੋਗਰਾਮ ਪ੍ਰਬੰਧਕ, ਕਿਰਨ ਕੁਮਾਰੀ ਕਹਿੰਦੀ ਹਨ। ਕੁਮਾਰੀ ਕਈ ਬਾਲ ਵਿਆਹਾਂ ਨੂੰ ਰੋਕਣ ਦੇ ਨਾਲ਼-ਨਾਲ਼ ਪਰਿਵਾਰ ਦੇ ਮੈਂਬਰਾਂ ਨੂੰ ਇਹ ਸਮਝਾਉਣ ਵਿੱਚ ਵੀ ਸਫ਼ਲ ਰਹੀ ਹਨ ਕਿ ਜੇਕਰ ਕੁੜੀ ਚਾਹੁੰਦੀ ਹੈ ਤਾਂ ਉਹਦੇ ਵਿਆਹ ਵਿੱਚ ਦੇਰੀ ਕੀਤੀ ਜਾਣੀ ਚਾਹੀਦੀ ਹੈ। "ਸਾਡਾ ਕੰਮ ਬਾਲ ਵਿਆਹ ਨੂੰ ਰੋਕਣ ਦੇ ਯਤਨਾਂ 'ਤੇ ਹੀ ਆ ਕੇ ਨਹੀਂ ਮੁੱਕਦਾ," ਉਹ ਕਹਿੰਦੀ ਹਨ। ''ਸਾਡਾ ਟੀਚਾ ਕੁੜੀਆਂ ਨੂੰ ਅਧਿਐਨ ਕਰਨ ਅਤੇ ਆਪਣੀ ਪਸੰਦ ਮੁਤਾਬਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਨਾ ਵੀ ਹੈ।''
ਪਰ ਮਾਰਚ 2020 ਵਿੱਚ ਮਹਾਂਮਾਰੀ ਦੇ ਕਾਰਨ ਤਾਲਾਬੰਦੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ, ਮਾਪਿਆਂ ਨੂੰ ਸਮਝਾਉਣਾ ਔਖਾ ਹੋ ਗਿਆ, ਕੁਮਾਰੀ ਕਹਿੰਦੀ ਹਨ। "ਮਾਤਾ-ਪਿਤਾ ਸਾਨੂੰ ਕਹਿੰਦੇ ਹਨ: 'ਅਸੀਂ ਆਪਣੀ ਆਮਦਨੀ ਗੁਆ ਰਹੇ ਹਾਂ (ਅਤੇ ਭਵਿੱਖ ਦੀ ਕਮਾਈ ਬਾਰੇ ਯਕੀਨੀ ਨਹੀਂ), ਅਸੀਂ ਘੱਟੋ-ਘੱਟ ਕੁੜੀਆ ਦਾ ਵਿਆਹ ਕਰਕੇ ਇੱਕ ਜ਼ਿੰਮੇਦਾਰੀ ਪੂਰੀ ਕਰ ਲੈਣਾ ਚਾਹੁੰਦੇ ਹਾਂ।' ਅਸੀਂ ਉਨ੍ਹਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਕੁੜੀਆਂ ਬੋਝ ਨਹੀਂ ਹੁੰਦੀਆਂ, ਸਗੋਂ ਉਹ ਤੁਹਾਡੀ ਮਦਦ ਹੀ ਕਰਨਗੀਆਂ।"
ਕੁਝ ਸਮੇਂ ਤੀਕਰ, 16 ਸਾਲਾ ਗੌਰੀ ਕੁਮਾਰੀ ਆਪਣੇ ਲਈ ਸਮੇਂ ਨੂੰ ਟਾਲਦੇ ਰਹਿਣ ਵਿੱਚ ਸਫ਼ਲ ਰਹਿੰਦੀ ਰਹੀ। 9 ਤੋਂ 24 ਸਾਲ ਦੀ ਉਮਰ ਨੇ ਆਪਣੇ ਸੱਤ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੀ ਹੋਣ ਦੇ ਕਾਰਨ ਮਾਪਿਆਂ-ਇਸ ਪਰਿਵਾਰ ਦਾ ਸਬੰਧ ਵੀ ਭੁਇਯਾ ਜਾਤੀ ਨਾਲ਼ ਹੀ ਹੈ-ਨੇ ਕਈ ਵਾਰ ਉਨ੍ਹਾਂ ਦਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ। ਹਰ ਵਾਰ ਉਨ੍ਹਾਂ ਨੂੰ ਉਡੀਕ ਕਰਨ ਲਈ ਰਾਜ਼ੀ ਕਰਨ ਵਿੱਚ ਸਫ਼ਲ ਹੋ ਹੀ ਜਾਂਦੀ ਸਨ। ਪਰ ਮਈ 2020 ਵਿੱਚ, ਉਹ ਇੰਨੀ ਕਿਸਮਤਵਾਨ ਨਹੀਂ ਰਹੀ।
ਸਮਸਤੀਪੁਰ ਦੇ ਆਪਣੇ ਪਿੰਡ, ਮਹੁਲੀ ਦਾਮੋਦਰ ਦੇ ਬਾਹਰ ਬੱਸ ਅੱਡੇ ਦੇ ਕੋਲ਼ ਇੱਕ ਭੀੜ-ਭੜੱਕੇ ਵਾਲ਼ੇ ਬਜ਼ਾਰ ਵਿੱਚ ਇੱਕ ਸਵੇਰੇ ਵੇਲ਼ੇ ਗੱਲ ਕਰਦਿਆਂ, ਗੌਰੀ ਨੇ ਉਨ੍ਹਾਂ ਹਾਦਸਿਆਂ ਨੂੰ ਯਾਦ ਕੀਤਾ, ਜਿਨ੍ਹਾਂ ਦੇ ਬਾਅਦ ਉਨ੍ਹਾਂ ਦਾ ਵਿਆਹ ਹੋਇਆ ਸੀ: "ਪਹਿਲਾਂ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਬੇਗੂਸਰਾਏ ਦੇ ਇੱਕ ਅਨਪੜ੍ਹ ਆਦਮੀ ਨਾਲ਼ ਵਿਆਹ ਕਰ ਲਵਾਂ, ਪਰ ਮੈਂ ਆਪਣੇ ਜਿਹੇ ਪੜ੍ਹੇ-ਲਿਖੇ ਵਿਅਕਤੀ ਨਾਲ਼ ਵਿਆਹ ਕਰਨਾ ਲੋਚਦੀ ਸਾਂ," ਉਹ ਕਹਿੰਦੀ ਹਨ। "ਮੈਂ ਜਦੋਂ ਉਨ੍ਹਾਂ ਨੂੰ ਆਤਮ-ਹੱਤਿਆ ਕਰ ਲੈਣ ਅਤੇ ਜਵਾਹਰ ਜਯੋਤੀ ਦੇ ਸਰ ਅਤੇ ਮੈਡਮਾਂ ਨੂੰ ਸੱਦਣ ਦੀ ਧਮਕੀ ਦਿੱਤੀ ਤਦ ਕਿਤੇ ਜਾ ਕੇ ਉਨ੍ਹਾਂ ਨੇ ਮੇਰਾ ਖਹਿੜਾ ਛੱਡਿਆ।"
ਪਰ ਗੌਰੀ ਦਾ ਇਨਕਾਰ ਕਰਨਾ ਅਤੇ ਪੁਲਿਸ ਅਤੇ ਫ਼ੋਨ ਕਰਨ ਦੀਆਂ ਧਮਕੀਆਂ ਬਹੁਤੀ ਦੇਰ ਕੰਮ ਨਹੀਂ ਆਈਆਂ। ਪਿਛਲੇ ਸਾਲ ਮਈ ਵਿੱਚ, ਉਨ੍ਹਾਂ ਦੇ ਪਰਿਵਾਰ ਨੂੰ ਕਾਲਜ ਵਿੱਚ ਪੜ੍ਹਨ ਵਾਲ਼ਾ ਮੁੰਡਾ ਲੱਭਿਆ ਅਤੇ ਗੌਰੀ ਦਾ ਵਿਆਹ ਥੋੜ੍ਹੇ ਜਿਹੇ ਲੋਕਾਂ ਦੀ ਮੌਜੂਦਗੀ ਵਿੱਚ ਹੀ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ, ਜੋ ਮੁੰਬਈ ਦੇ ਥੋਕ ਬਜ਼ਾਰਾਂ ਵਿੱਚ ਬਤੌਰ ਦਿਹਾੜੀ ਮਜ਼ਦੂਰ ਕੰਮ ਕਰਦੇ ਹਨ, ਤਾਲਾਬੰਦੀ ਦੇ ਕਾਰਨ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ।
"ਮੈਨੂੰ ਇਸ ਹਾਲਤ ਵਿੱਚ ਹੋਣ ਦਾ ਪਛਤਾਵਾ ਹੈ। ਮੈਂ ਅਸਲ ਵਿੱਚ ਇਹੀ ਸੋਚਿਆ ਸੀ ਕਿ ਮੈਂ ਅਧਿਐਨ ਕਰਾਂਗੀ ਅਤੇ ਕੋਈ ਮਹੱਤਵਪੂਰਨ ਵਿਅਕਤੀ ਬਣਾਂਗੀ। ਪਰ ਹੁਣ ਵੀ, ਮੈਂ ਹਾਰ ਨਹੀਂ ਮੰਨਣਾ ਚਾਹੁੰਦੀ। ਮੈਂ ਇੱਕ ਦਿਨ ਟੀਚਰ ਬਣਾਂਗੀ," ਉਹ ਕਹਿੰਦੀ ਹਨ, "ਤਾਂ ਕਿ ਮੈਂ ਨੌਜਵਾਨ ਕੁੜੀਆਂ ਨੂੰ ਦੱਸ ਸਕਾਂ ਕਿ ਉਨ੍ਹਾਂ ਦਾ ਭਵਿੱਖ ਉਨ੍ਹਾਂ ਦੇ ਆਪਣੇ ਹੱਥਾਂ ਵਿੱਚ ਹੈ।"
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ