ਕੁਝ ਸਮਾਂ ਪਹਿਲਾਂ ਆਪਣੀ ਪਤਨੀ, ਬਾਬੂਦੀ ਭੋਜੀ ਨਾਲ਼ ਰਲ਼ ਕੇ ਬਣਾਏ ਰਾਵਣਹੱਥਾ ਨੂੰ ਫੜ੍ਹੀ ਕਿਸ਼ਨਭੋਪਾ ਕਹਿੰਦੇ ਹਨ,''ਇਹ ਮੇਰਾ ਸਾਜ਼ ਨਹੀਂ ਹੈ।''
''ਹਾਂ ਮੈਂ ਵਜਾ ਜ਼ਰੂਰ ਲੈਂਦਾ ਹਾਂ ਪਰ ਇਹ ਮੇਰਾ ਨਹੀਂ,'' ਕਿਸ਼ਨ ਕਹਿੰਦੇ ਹਨ,''ਇਹ ਰਾਜਸਥਾਨ ਦਾ ਗੌਰਵ ਹੈ।''
ਰਾਵਣਹੱਥਾ ਬਾਂਸ ਤੋਂ ਬਣਾਇਆ ਗਿਆ ਇੱਕ ਧਨੁੱਖਨੁਮਾ ਸੰਗੀਤਕ ਸਾਜ਼ ਹੈ ਜੋ ਗਜ਼ ਨਾਲ਼ ਵਜਾਇਆ ਜਾਂਦਾ ਹੈ ਤੇ ਕਿਸ਼ਨ ਦਾ ਪਰਿਵਾਰ ਪੀੜ੍ਹੀਆਂ ਤੋਂ ਇਹਨੂੰ ਬਣਾਉਂਦਾ ਤੇ ਵਜਾਉਂਦਾ ਆ ਰਿਹਾ ਹੈ। ਉਹ ਇਸ ਸਾਜ਼ ਦੀ ਉਤਪੱਤੀ ਹਿੰਦੂ ਪੌਰਾਣਿਕ ਗ੍ਰੰਥ, ਰਮਾਇਣ ਨਾਲ਼ ਜੋੜ ਕੇ ਦੇਖਦੇ ਹਨ। ਉਨ੍ਹਾਂ ਮੁਤਾਬਕ ਰਾਵਣਹੱਥਾ ਦਾ ਇਹ ਨਾਮ ਲੰਕਾ ਦੇ ਰਾਜੇ ਰਾਵਣ ਦੇ ਨਾਮ ਤੋਂ ਆਇਆ ਹੈ। ਇਤਿਹਾਸਕਾਰ ਤੇ ਲੇਖਕ ਇਸ ਕਿਆਸ ਨਾਲ਼ ਸਹਿਮਤ ਹਨ ਤੇ ਕਹਿੰਦੇ ਹਨ ਕਿ ਰਾਵਣ ਨੇ ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਅਤੇ ਅਸ਼ੀਰਵਾਦ ਲੈਣ ਵਾਸਤੇ ਇਸ ਸਾਜ਼ ਨੂੰ ਘੜ੍ਹਿਆ ਸੀ।
2008 ਵਿੱਚ ਪ੍ਰਕਾਸ਼ਤ ਕਿਤਾਬ ਰਾਵਣਹੱਥਾ: ਐਪਿਕ ਜਰਨੀ ਆਫ਼ ਐਨ ਇੰਸਟਰੂਮੈਂਟ ਇੰਨ ਰਾਜਸਥਾਨ ਦੀ ਲੇਖਿਕਾ ਡਾ. ਸੁਨੀਰਾ ਕਾਸਲੀਵਾਲ ਕਹਿੰਦੀ ਹਨ,''ਰਾਵਣਹੱਥਾ ਧਨੁੱਖਨੁਮਾ ਸਾਜ਼ਾਂ ਵਿੱਚੋਂ ਸਭ ਤੋਂ ਪੁਰਾਣਾ ਹੈ।'' ਨਾਲ਼ ਹੀ ਉਹ ਕਹਿੰਦੀ ਹਨ ਕਿਉਂਕਿ ਇਹਨੂੰ ਵਾਇਲਨ ਵਾਂਗਰ ਫੜ੍ਹਿਆ ਤੇ ਵਜਾਇਆ ਜਾਂਦਾ ਹੈ, ਇਸਲਈ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਇਹ ਵਾਇਲਨ ਤੇ ਸੈਲੋ ਜਿਹੇ ਸਾਜ਼ਾਂ ਦਾ ਪਿਤਾਮਾ ਹੈ।
ਕਿਸ਼ਨ ਅਤੇ ਬਾਬੂਦੀ ਵਾਸਤੇ, ਇਸ ਸੰਗੀਤਕ ਸਾਜ਼ ਦੀ ਸ਼ਿਲਪਕਾਰੀ ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਨਾਲ਼ ਨੇੜਿਓਂ ਜੁੜੀ ਹੋਈ ਹੈ। ਉਦੈਪੁਰ ਜ਼ਿਲ੍ਹੇ ਦੀ ਗਿਰਵਾ ਤਹਿਸੀਲ ਦੇ ਬਰਗਾਓਂ ਪਿੰਡ ਵਿਖੇ ਉਨ੍ਹਾਂ ਦਾ ਘਰ ਰਾਵਣਹੱਥਾ ਬਣਾਉਣ ਲਈ ਵਰਤੀਂਦੇ ਸਮਾਨ-ਲੱਕੜਾਂ, ਨਾਰੀਅਲ ਦੇ ਖੋਲ੍ਹਾਂ, ਬੱਕਰੀ ਦੀ ਚਮੜੀ ਤੇ ਤਾਰਾਂ ਨਾਲ਼ ਘਿਰਿਆ ਪਿਆ ਹੈ। ਉਹ ਨਾਇਕ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਰਾਜਸਥਾਨ ਅੰਦਰ ਜੋ ਪਿਛੜੇ ਜਾਤੀ ਵਜੋਂ ਸੂਚੀਬੱਧ ਹੈ।
ਉਮਰ ਦੇ 40ਵਿਆਂ ਨੂੰ ਢੁੱਕ ਰਹੇ ਪਤੀ-ਪਤਨੀ, ਉਦੈਪੁਰ ਸ਼ਹਿਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੰਗੂਰ ਘਾਟ ਜਾਣ ਵਾਸਤੇ ਹਰ ਰੋਜ਼ ਸਵੇਰੇ 9 ਵਜੇ ਘਰੋਂ ਨਿਕਲ਼ ਪੈਂਦੇ ਹਨ। ਬਾਬੂਦੀ ਗਹਿਣੇ ਵੇਚਦੀ ਹਨ ਜਦੋਂਕਿ ਉਨ੍ਹਾਂ ਦੇ ਨਾਲ਼ ਕਰਕੇ ਬੈਠੇ ਕਿਸ਼ਨ ਰਾਣਵਹੱਥਾ ਵਜਾ ਕੇ ਗਾਹਕਾਂ ਨੂੰ ਆਕਰਸ਼ਤ ਕਰਦੇ ਹਨ। ਸ਼ਾਮੀਂ 7 ਵਜੇ ਉਹ ਆਪਣਾ ਸਮਾਨ ਬੰਨ੍ਹੀਂ ਆਪਣੇ ਬੱਚਿਆਂ (5) ਕੋਲ਼ ਵਾਪਸ ਘਰ ਆ ਜਾਂਦੇ ਹਨ।
ਇਸ ਫ਼ਿਲਮ ਵਿੱਚ, ਕਿਸ਼ਨ ਤੇ ਬਾਬੂਦੀ ਸਾਨੂੰ ਦਿਖਾਉਂਦੇ ਹਨ ਕਿ ਕਿਵੇਂ ਉਹ ਰਾਵਣਹੱਥਾ ਨੂੰ ਘੜ੍ਹਦੇ ਹਨ; ਨਾਲ਼ੇ ਇਹ ਵੀ ਦੱਸਦੇ ਹਨ ਕਿ ਕਿਵੇਂ ਇੱਕ ਸਾਜ਼ ਨੇ ਉਨ੍ਹਾਂ ਦੇ ਜੀਵਨ ਨੂੰ ਹੀ ਘੜ੍ਹ ਛੱਡਿਆ। ਉਹ ਇਸ ਸ਼ਿਲਪਕਾਰੀ ਨੂੰ ਜਿਊਂਦਾ ਰੱਖਣ ਦਰਪੇਸ਼ ਆਉਂਦੀਆਂ ਚੁਣੌਤੀਆਂ ਨੂੰ ਵੀ ਸਾਂਝਿਆ ਕਰਦੇ ਹਨ।
ਤਰਜਮਾ: ਕਮਲਜੀਤ ਕੌਰ