ਸਾਰਾ ਸੋਸ਼ਲ ਮੀਡਿਆ ਆਕਸੀਜਨ, ਹਸਪਤਾਲ ਦੇ ਬੈੱਡਾਂ ਅਤੇ ਲਾਜ਼ਮੀ ਦਵਾਈਆਂ ਦੀਆਂ ਮੰਗਾਂ ਨੂੰ ਦਰਸਾਉਂਦੇ ਪੋਸਟਰਾਂ, ਕਹਾਣੀਆਂ ਅਤੇ ਸੁਨੇਹਿਆਂ ਨਾਲ਼ ਭਰਿਆ ਪਿਆ ਸੀ। ਮੇਰਾ ਫੋਨ ਵੀ ਨਿਰੰਤਰ ਵੱਜੀ ਜਾ ਰਿਹਾ ਸੀ। ' ਆਕਸੀਜਨ ਦੀ ਤਤਕਾਲ ਲੋੜ ਹੈ ' ਮੈਂ ਇੱਕ ਸੁਨੇਹਾ ਪੜ੍ਹਿਆ। ਐਤਵਾਰ ਕਰੀਬ ਸਵੇਰੇ 9 ਵਜੇ ਮੈਨੂੰ ਮੇਰੇ ਕਰੀਬੀ ਦੋਸਤ ਦਾ ਫੋਨ ਆਇਆ। ਉਹਦੇ ਦੋਸਤ ਦੇ ਪਿਤਾ ਕੋਵਿਡ-19 ਤੋਂ ਬੁਰੀ ਤਰ੍ਹਾਂ ਸੰਕ੍ਰਮਿਤ ਸਨ ਅਤੇ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਬੈੱਡ ਨਹੀਂ ਮਿਲ਼ ਪਾ ਰਿਹਾ। ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਕਰੋਨਾ ਦੇ ਰੋਜਾਨਾ ਦੇ ਮਾਮਲੇ ਵੱਧ ਕੇ 300,000 ਨੂੰ ਪਾਰ ਕਰ ਗਏ ਸਨ। ਮੈਂ ਵੀ ਆਪਣੇ ਜਾਣੂਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਰਾ ਕੁਝ ਬੇਕਾਰ ਸਾਬਤ ਹੋ ਰਿਹਾ ਸੀ। ਭੱਜਦੌੜ ਵਿੱਚ ਮੈਂ ਇਸ ਮਾਮਲੇ ਬਾਰੇ ਭੁੱਲ ਗਿਆ। ਕੁਝ ਦਿਨਾਂ ਬਾਅਦ, ਮੇਰੇ ਦੋਸਤ ਨੇ ਮੈਨੂੰ ਇਹ ਕਹਿਣ ਲਈ ਦੋਬਾਰਾ ਫ਼ੋਨ ਕੀਤਾ ਕਿ ''ਉਹਦੇ ਦੋਸਤ ਦੇ ਪਿਤਾ ਦੀ ਮੌਤ ਹੋ ਗਈ।''
ਇਸ 17 ਅਪ੍ਰੈਲ ਨੂੰ, ਉਨ੍ਹਾਂ ਦੀ ਆਕਸੀਜਨ 57 ਫੀਸਦੀ ਦੇ ਜਾਨਲੇਵਾ ਪੱਧਰ ਤੱਕ ਡਿਗ ਗਈ (ਆਮ ਤੌਰ 'ਤੇ ਇਹ 92-90 ਤੋਂ ਹੇਠਾਂ ਆਉਣ 'ਤੇ ਹੀ ਹਸਪਤਾਲ ਵਿੱਚ ਭਰਤੀ ਕਰਨ ਦੀ ਗੱਲ ਕਹੀ ਜਾਂਦੀ ਹੈ)। ਅਗਲੇ ਹੀ ਕੁਝ ਘੰਟਿਆਂ ਵਿੱਚ ਆਕਸੀਜਨ ਪੱਧਰ 31 ਤੱਕ ਡਿੱਗ ਗਿਆ ਅਤੇ ਇਸ ਤੋਂ ਜਲਦੀ ਬਾਅਦ ਹੀ ਉਹ ਗੁਜ਼ਰ ਗਏ। ਆਪਣੀ ਮਾੜੀ ਹਾਲਤ ਬਾਰੇ ਉਨ੍ਹਾਂ ਨੇ ਲਾਈਵ-ਟਵੀਟ ਕੀਤਾ ਸੀ। ਉਨ੍ਹਾਂ ਦਾ ਆਖ਼ਰੀ ਟਵੀਟ ਸੀ: ''ਮੇਰਾ ਆਕਸੀਜਨ ਪੱਧਰ 31 ਹੈ। ਕੀ ਕੋਈ ਮੇਰੀ ਮਦਦ ਕਰੇਗਾ?''
ਐੱਸਓਐੱਸ ਸੁਨੇਹੇ, ਟਵੀਟ ਅਤੇ ਫ਼ੋਨ ਕਾਲਾਂ ਪਹਿਲਾਂ ਨਾਲ਼ੋਂ ਵੱਧਦੀਆਂ ਜਾਂਦੀਆਂ ਹਨ। ਇੱਕ ਪੋਸਟ ਲਿਖੀ ਜਾਂਦੀ ਹੈ: ''ਹਸਪਤਾਲ ਬੈੱਡ ਦੀ ਲੋੜ ਹੈ'' ਪਰ ਅਗਲੇ ਦਿਨ ਅਪਡੇਟ ਹੁੰਦਾ ਹੈ-''ਮਰੀਜ਼ ਦੀ ਮੌਤ ਹੋ ਗਈ ਹੈ।''
ਇੱਕ ਦੋਸਤ ਜਿਹਨੂੰ ਮੈਂ ਕਦੇ ਨਹੀਂ ਮਿਲ਼ਿਆ, ਕਦੇ ਗੱਲ ਨਹੀਂ ਕੀਤੀ ਜਾਂ ਇੱਥੋਂ ਤੱਕ ਕਿ ਜਾਣਦਾ ਵੀ ਨਹੀਂ ਸੀ; ਇੱਕ ਦੋਸਤ ਦੂਰ ਦੇਸ਼ ਦਾ ਵਾਸੀ, ਜੋ ਵੱਖਰੀ ਭਾਸ਼ਾ ਬੋਲਦਾ ਹੈ, ਕਿਤੇ ਮਰ ਗਿਆ, ਸਾਹ ਨਾ ਲੈ ਸਕਿਆ, ਕਿਸੇ ਅਣਜਾਣ ਚਿਖਾ ਵਿੱਚ ਸੜ ਰਿਹਾ ਹੈ।
ਚਿਖਾ
ਐ ਦੋਸਤ, ਮੇਰਾ ਦਿਲ ਤੇਰੇ ਲਈ ਰੋਂਦਾ
ਏ,
ਮੌਤ ਦੇ ਚਿੱਟੇ ਕਫ਼ਨ 'ਚ ਲਿਪਟਿਆ,
ਲਾਸ਼ਾਂ ਦੇ ਘਾਟੀਨੁਮਾ ਢੇਰ 'ਚ ਪਿਆ ਤੂੰ,
ਮੈਨੂੰ ਪਤੈ, ਤੂੰ ਸਹਿਮਿਆ ਏਂ।
ਐ ਦੋਸਤ, ਮੇਰਾ ਦਿਲ ਤੇਰੇ ਲਈ ਰੋਂਦਾ
ਏ,
ਜਿਓਂ ਹੀ ਸੂਰਜ ਢਲਦਾ ਏ,
ਖੂਨੀ ਧੁੰਦਲਕੇ ਦੇ ਕਲਾਵੇ 'ਚ ਤੂੰ,
ਮੈਨੂੰ ਪਤੈ, ਤੂੰ ਸਹਿਮਿਆ ਏਂ।
ਅਣਜਾਣ ਲਾਸ਼ਾਂ ਵਿੱਚ ਤੂੰ ਪਿਐਂ,
ਅਣਜਾਣ ਚਿਖਾਵਾਂ ਨਾਲ਼ ਪਿਆ ਸੜਦੈ,
ਅੰਤਮ ਯਾਤਰਾ ਦੇ ਅਣਜਾਣ ਬਣੇ ਤੇਰੇ
ਹਮਸਾਏ,
ਮੈਨੂੰ ਪਤੈ, ਤੂੰ ਸਹਿਮਿਆ ਏਂ।
ਐ ਦੋਸਤ, ਮੇਰਾ ਦਿਲ ਤੇਰੇ ਲਈ ਰੋਂਦਾ
ਏ,
ਜਿਓਂ ਅਖੀਰੀ ਸਾਹ ਲਈ ਰੋਂਦਾ ਤੂੰ,
ਚਿੱਟ-ਕੰਧੀਏ ਹਾਲ 'ਚ ਪਿਆ ਤੂੰ,
ਮੈਨੂੰ ਪਤੈ, ਤੂੰ ਸਹਿਮਿਆ ਸੀ।
ਜਦ ਅਖੀਰੀ ਦੋ ਹੰਝੂ ਅੱਖਾਂ 'ਚੋਂ ਕਿਰ,
ਤੇਰੇ ਚਿਹਰੇ 'ਤੇ ਫੈਲੇ,
ਜਦੋਂ ਉਨ੍ਹਾਂ ਅਖੀਰੀ ਪਲਾਂ 'ਚ,
ਤੂੰ ਆਪਣੀ ਮਾਂ ਦੇ ਅਭਾਗੇ ਹੰਝੂ ਦੇਖੇ,
ਮੈਨੂੰ ਪਤੈ, ਤੂੰ ਸਹਿਮਿਆ ਸੀ।
ਚੀਖਦੇ ਸਾਇਰਨ,
ਚੀਖਦੀਆਂ ਮਾਵਾਂ,
ਬਲ਼ਦੀਆਂ ਚਿਖਾਵਾਂ।
ਕੀ ਮੇਰਾ ਇਹ ਕਹਿਣਾ ਸਹੀ ਹੋਊ,
''ਡਰੋ ਨਾ!''
ਕੀ ਮੇਰਾ ਇਹ ਕਹਿਣਾ ਸਹੀ ਹੋਊ,
''ਡਰੋ ਨਾ!''
ਐ ਦੋਸਤ, ਮੇਰਾ ਦਿਲ ਤੇਰੇ ਲਈ ਰੋਂਦਾ ਏ।
ਤਰਜਮਾ: ਕਮਲਜੀਤ ਕੌਰ