ਮੇਰਾ ਜਨਮ ਅਣਵੰਡੇ ਕਾਲਾਹਾਂਡੀ ਜ਼ਿਲ੍ਹੇ ਵਿੱਚ ਹੋਇਆ ਸੀ, ਜਿੱਥੇ ਅਕਾਲ, ਭੁੱਖਮਰੀ, ਭੁੱਖ ਨਾਲ਼ ਹੁੰਦੀਆਂ ਮੌਤਾਂ ਤੇ ਸੰਕਟ ਤੋਂ ਬਚਣ ਲਈ ਪਲਾਇਨ ਜਿੱਥੋਂ ਦੇ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਿਆ। ਇੱਕ ਨੌਜਵਾਨ ਮੁੰਡੇ ਦੇ ਰੂਪ ਵਿੱਚ ਅਤੇ ਬਾਅਦ ਵਿੱਚ ਬਤੌਰ ਇੱਕ ਪੱਤਰਕਾਰ, ਮੈਂ ਇਨ੍ਹਾਂ ਘਟਨਾਵਾਂ ਨੂੰ ਸਾਫ਼ ਤੇ ਸਪੱਸ਼ਟ ਤੇ ਦ੍ਰਿੜਤਾ ਨਾਲ਼ ਰਿਪੋਰਟ ਕੀਤਾ। ਇਸਲਈ ਮੈਨੂੰ ਇਸ ਗੱਲ਼ ਦੀ ਸਮਝ ਹੈ ਕਿ ਲੋਕ ਕਿਉਂ ਪਲਾਇਨ ਕਰਦੇ ਹਨ, ਕੌਣ ਪਲਾਇਨ ਕਰਦੇਾ ਹੈ, ਉਹ ਕਿਹੜੇ ਹਾਲਾਤ ਹੁੰਦੇ ਹਨ ਜੋ ਉਨ੍ਹਾਂ ਨੂੰ ਪਲਾਇਨ ਕਰਨ ਨੂੰ ਮਜ਼ਬੂਰ ਕਰਦੇ ਹਨ, ਕਿਵੇਂ ਉਹ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ- ਆਪਣੀ ਸਰੀਰਕ ਸ਼ਕਤੀ ਤੋਂ ਪਰ੍ਹੇ ਜਾ ਕੇ ਕੰਮ ਕਰਦੇ ਹਨ।
ਇਹ ਵੀ ‘ਸਧਾਰਣ’ ਸੀ ਕਿ ਜਦੋਂ ਉਨ੍ਹਾਂ ਨੂੰ ਸਰਕਾਰੀ ਸਹਾਇਤਾ ਦੀ ਸਭ ਤੋਂ ਵੱਧ ਲੋੜ ਸੀ, ਉਦੋਂ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਬਗ਼ੈਰ ਭੋਜਨ, ਪਾਣੀ ਦੇ, ਬਗ਼ੈਰ ਵਾਹਨਾਂ ਦੇ ਸੈਂਕੜੇ ਕਿਲੋਮੀਟਰ ਦੂਰ ਜਾਣ ਲਈ ਪੈਦਲ ਤੁਰਨ ਨੂੰ ਮਜ਼ਬੂਰ ਕਰ ਦਿੱਤਾ ਗਿਆ- ਜਦੋਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਕੋਲ਼ ਚੱਪਲਾਂ ਤੱਕ ਨਹੀਂ ਸਨ।
ਇਹ ਮੈਨੂੰ ਤੜਫ਼ਾਉਂਦਾ ਹੈ, ਕਿਉਂਕਿ ਇੱਥੋਂ ਦੇ ਲੋਕਾਂ ਨਾਲ਼ ਮੇਰਾ ਭਾਵਨਾਤਮਕ ਜੁੜਾਅ ਹੈ, ਇੱਕ ਰਿਸ਼ਤਾ ਹੈ- ਜਿਵੇਂ ਕਿ ਮੈਂ ਉਨ੍ਹਾਂ ਵਿੱਚੋਂ ਹੀ ਇੱਕ ਹੋਵਾਂ। ਮੇਰੇ ਵਾਸਤੇ, ਉਹ ਯਕੀਨਨ ਮੇਰੇ ਹੀ ਲੋਕ ਹਨ। ਇਸਲਈ ਮੈਂ ਉਨ੍ਹਾਂ ਲੋਕਾਂ, ਉਨ੍ਹਾਂ ਭਾਈਚਾਰਿਆਂ ਨੂੰ ਇੱਕ ਵਾਰ ਦੋਬਾਰਾ ਤਸੀਹੇ ਝੱਲਦਿਆਂ ਦੇਖ ਕੇ ਕਾਫ਼ੀ ਪਰੇਸ਼ਾਨ ਹੋਇਆਂ ਤੇ ਲਾਚਾਰ ਮਹਿਸੂਸ ਕਰਨ ਲੱਗਿਆਂ। ਇਹਨੇ ਮੈਨੂੰ ਇਨ੍ਹਾਂ ਸ਼ਬਦਾਂ ਅਤੇ ਛੰਦਾਂ ਨੂੰ ਝਰੀਟਣ ਲਈ ਉਕਸਾਇਆ- ਜਦੋਂ ਕਿ ਮੈਂ ਕਵੀ ਹਾਂ ਹੀ ਨਹੀਂ।




