ਕੋਵਿਡ-19 ਪੌਜੀਟਿਵ ਆਉਣ ਤੋਂ ਅੱਠ ਦਿਨਾਂ ਬਾਅਦ, ਰਾਮਲਿੰਗ ਸਨੇਪ ਦੀ ਹਸਤਪਾਲ ਵਿੱਚ ਹੀ ਮੌਤ ਹੋ ਗਈ, ਜਿੱਥੇ ਉਨ੍ਹਾਂ ਦਾ ਕੋਵਿਡ ਦਾ ਇਲਾਜ ਕੀਤਾ ਜਾ ਰਿਹਾ ਸੀ। ਪਰ ਉਨ੍ਹਾਂ ਦੀ ਮੌਤ ਦਾ ਕਾਰਨ ਵਾਇਰਸ ਨਹੀਂ ਸੀ।
ਮੌਤ ਤੋਂ ਕੁਝ ਘੰਟੇ ਪਹਿਲਾਂ, 40 ਸਾਲਾ ਰਾਮਲਿੰਗ ਨੇ ਹਸਪਤਾਲ ਤੋਂ ਆਪਣੀ ਪਤਨੀ ਰਾਜੂਬਾਈ ਨੂੰ ਫੋਨ ਕੀਤਾ। ''ਜਦੋਂ ਉਨ੍ਹਾਂ ਨੂੰ ਆਪਣੇ ਇਲਾਜ ਖ਼ਰਚੇ ਬਾਰੇ ਪਤਾ ਲੱਗਿਆ ਤਾਂ ਉਹ ਰੋਣ ਲੱਗੇ,'' ਉਨ੍ਹਾਂ ਦੇ 23 ਸਾਲਾ ਭਤੀਜਾ ਰਵੀ ਮਾਰੋਲੇ ਦੱਸਦੇ ਹਨ। ''ਉਨ੍ਹਾਂ ਨੂੰ ਜਾਪਿਆ ਜਿਵੇਂ ਹਸਪਤਾਲ ਦਾ ਬਿੱਲ ਭਰਨ ਲਈ ਉਨ੍ਹਾਂ ਨੂੰ ਆਪਣੀ ਦੋ ਏਕੜ ਜ਼ਮੀਨ ਵੇਚਣੀ ਪੈਣੀ ਹੈ।''
ਰਾਜੂਬਾਈ ਦੇ ਭਰਾ ਪ੍ਰਮੋਦ ਮੋਰਾਲੇ ਦਾ ਕਹਿਣਾ ਹੈ ਕਿ ਰਾਮਲਿੰਗ ਨੂੰ 13 ਮਈ ਨੂੰ ਮਹਾਰਾਸ਼ਟਰ ਦੇ ਬੀਡ ਦੇ ਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਇਲਾਜ ਦਾ ਬਿੱਲ 1.6 ਲੱਖ ਰੁਪਏ ਬਣਾ ਦਿੱਤਾ। ''ਅਸੀਂ ਕਿਸੇ ਤਰ੍ਹਾਂ ਦੋ ਕਿਸ਼ਤਾਂ ਵਿੱਚ ਇਹ ਰਕਮ ਅਦਾ ਕੀਤੀ ਪਰ ਹਸਪਤਾਲ ਵਾਲੇ ਹੋਰ 2 ਲੱਖ ਰੁਪਏ ਮੰਗ ਰਹੇ ਸਨ,'' ਉਹ ਕਹਿੰਦੇ ਹਨ। ''ਉਹ ਪੈਸੇ ਪਰਿਵਾਰ ਕੋਲੋਂ ਮੰਗਣ ਦੀ ਬਜਾਇ ਮਰੀਜ਼ ਤੋਂ ਹੀ ਮੰਗਣ ਲੱਗੇ। ਤੁਸੀਂ ਦੱਸੋ ਮਰੀਜ਼ 'ਤੇ ਬੋਝ ਪਾਉਣ ਦੀ ਕੀ ਲੋੜ ਸੀ?''
ਹਸਪਤਾਲ ਦਾ ਬਿੱਲ, ਜੋ ਪਰਿਵਾਰ ਦੀ ਸਲਾਨਾ ਆਮਦਨੀ ਨਾਲ਼ੋਂ ਕਰੀਬ ਦੋਗੁਣਾ ਸੀ, ਰਾਮਲਿੰਗ ਦੀ ਕਲਪਨਾ ਤੋਂ ਵੀ ਬਾਹਰ ਸੀ। 21 ਮਈ ਨੂੰ ਦੇਰ ਰਾਤ ਉਹ ਕੋਵਿਡ ਵਾਰਡ ਵਿੱਚੋਂ ਬਾਹਰ ਗਏ ਅਤੇ ਹਸਪਤਾਲ ਦੇ ਬਰਾਂਡੇ ਵਿੱਚ ਖੁਦ ਨੂੰ ਫਾਹੇ ਲਾ ਲਿਆ।
20 ਮਈ ਦੀ ਰਾਤ ਜਦੋਂ ਉਨ੍ਹਾਂ ਨੇ ਆਪਣੀ ਪਤਨੀ 35 ਸਾਲਾ ਰਾਜੂਬਾਈ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਆਪਣੇ ਪਤੀ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੇ ਪਤੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਆਪਣੀ ਮੋਟਰਸਾਈਕਲ ਵੇਚ ਸਕਦੇ ਹਾਂ ਜਾਂ ਪੱਛਮੀ ਮਹਾਰਾਸ਼ਟਰ ਦੀ ਉਸ ਖੰਡ ਮਿੱਲ ਤੋਂ ਪਾਸੇ ਉਧਾਰ ਚੁੱਕ ਸਕਦੇ ਹਾਂ, ਜਿੱਥੇ ਉਹ ਦੋਵੇਂ ਕੰਮ ਕਰਦੇ ਹਨ। ਉਨ੍ਹਾਂ ਨੇ ਰਾਮਲਿੰਗ ਨੂੰ ਕਿਹਾ ਕਿ ਉਨ੍ਹਾਂ ਦੀ ਸਿਹਤ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਪਰ ਰਾਮਲਿੰਗ ਨੂੰ ਸ਼ਾਇਦ ਇੰਨੇ ਪੈਸੇ ਇਕੱਠੇ ਹੋਣ ਨੂੰ ਲੈ ਕੇ ਯਕੀਨ ਨਹੀਂ ਸੀ।
ਰਾਮਲਿੰਗ ਅਤੇ ਰਾਜੂਬਾਈ ਹਰ ਸਾਲ ਪੱਛਮੀ ਮਹਾਰਾਸ਼ਟਰ ਦੇ ਕਮਾਦ ਦੇ ਖੇਤਾਂ ਵਿੱਚ ਕੰਮ ਕਰਨ ਲਈ ਉਹ ਬੀਡ ਜਿਲ੍ਹੇ ਦੇ ਕੈਜ ਤਾਲੁਕਾ ਵਿੱਚ ਪੈਂਦੀ ਆਪਣੀ ਬਸਤੀ ਤੋਂ ਪਲਾਇਨ ਕਰਿਆ ਕਰਦੇ ਸਨ। ਨਵੰਬਰ ਤੋਂ ਅਪ੍ਰੈਲ ਤੱਕ ਹੱਢ-ਭੰਨਵੀਂ ਮਿਹਨਤ ਕਰਨ ਤੋਂ ਬਾਅਦ ਉਹ 180 ਦਿਨਾਂ ਵਿੱਚ ਰਲ਼ ਕੇ 60,000 ਰੁਪਏ ਕਮਾਉਂਦੇ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ 8 ਸਾਲ ਤੋਂ 16 ਸਾਲ ਦੇ ਉਨ੍ਹਾਂ ਦੇ ਤਿੰਨੋਂ ਬੱਚੇ, ਆਪਣੇ ਦਾਦੇ ਦੀ ਦੇਖਰੇਖ ਵਿੱਚ ਰਹਿੰਦੇ ਹੁੰਦੇ ਸਨ।











