ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਸਿੰਘੂ-ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲ ਤੱਕਤਿਆਂ ਜਿਓਂ ਹੀ ਹਰਜੀਤ ਸਿੰਘ ਬੈਠਦਾ ਹੈ ਤਾਂ ਸਰਦੀਆਂ ਦੀ ਧੁੰਦਲੀ ਲਿਸ਼ਕੋਰ ਉਹਦੇ ਚਿਹਰੇ ਦੇ ਆਰ-ਪਾਰ ਫਿਰ ਜਾਂਦੀ ਹੈ।
ਲਗਭਗ ਸਾਰੇ ਬਜੁਰਗ ਅਤੇ ਨੌਜਵਾਨ- ਪੁਰਸ਼, ਔਰਤਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਨੇ ਵੀ ਵੱਖੋ-ਵੱਖਰੇ ਕੰਮਾਂ ਵਿੱਚ ਆਪਣੇ ਆਪ ਨੂੰ ਰੁਝਾਈ ਰੱਖਿਆ ਹੈ। ਦੋ ਜਣੇ ਗੱਦਿਆਂ ਨੂੰ ਸਾਫ਼ ਕਰ ਰਹੇ ਹਨ, ਅਤੇ ਰਾਤ ਦੀ ਤਿਆਰੀ ਵਾਸਤੇ ਉਨ੍ਹਾਂ ਨੂੰ ਸੋਟੇ ਮਾਰ-ਮਾਰ ਕੇ ਝਾੜ ਰਹੇ ਹਨ। ਕੁਝ ਕੁ ਜਣੇ ਕੋਲੋਂ ਲੰਘਣ ਵਾਲਿਆਂ ਨੂੰ ਚਾਹ ਤੇ ਬਿਸਕੁਟ ਵੰਡ ਰਹੇ ਹਨ। ਕਈ ਲੋਕ ਆਪਣੇ ਲੀਡਰਾਂ ਦੇ ਭਾਸ਼ਣ ਸੁਣਨ ਵਾਸਤੇ ਇਸ ਵਿਸ਼ਾਲ ਇਕੱਠ ਵੱਲ ਜਾ ਰਹੇ ਹਨ। ਕੁਝ ਲੋਕ ਰਾਤ ਦੇ ਖਾਣੇ ਲਈ ਬੰਦੋਬਸਤ ਕਰ ਰਹੇ ਹਨ। ਬਾਕੀ ਕੁਝ ਲੋਕ ਇੱਧਰ-ਉੱਧਰ ਘੁੰਮਦੇ ਨਜ਼ਰੀਂ ਪੈਂਦੇ ਹਨ।
ਹਰਜੀਤ ਉਨ੍ਹਾਂ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵਿੱਚੋਂ ਇੱਕ ਹੈ ਜਿਹੜੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਗੇਟਾਂ 'ਤੇ ਧਰਨਾ ਦੇ ਰਹੇ ਹਨ, ਜੋ ਕਾਨੂੰਨ ਇਸੇ ਸਾਲ ਸਤੰਬਰ ਮਹੀਨੇ ਵਿੱਚ ਸੰਸਦ ਜ਼ਰੀਏ ਪਾਸ ਕੀਤੇ ਗਏ।
ਉਹ ਦੱਸਦਾ ਹੈ ਕਿ ਉਹ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਮਾਜਰੀ ਸੋਢੀਆਂ ਵਿੱਚ ਸਥਿਤ ਆਪਣੀ 4 ਏਕੜ ਦੀ ਜ਼ਮੀਨ ਵਿੱਚ ਚੌਲ਼ ਅਤੇ ਕਣਕ ਦੀ ਖੇਤੀ ਕਰਦਾ ਰਿਹਾ ਹੈ। ਹਰਜੀਤ ਦੀ ਉਮਰ 50 ਸਾਲ ਹੈ ਅਤੇ ਉਹ ਅਣਵਿਆਹਿਆ ਹੈ ਅਤੇ ਆਪਣੀ ਮਾਂ ਨਾਲ਼ ਰਹਿੰਦਾ ਹੈ।
2017 ਵਿੱਚ ਹੋਏ ਇੱਕ ਹਾਦਸੇ ਵਿੱਚ ਹਰਜੀਤ ਚੱਲਣ-ਫਿਰਨ ਤੋਂ ਆਰੀ ਹੋ ਗਿਆ, ਪਰ ਉਹਦੇ ਅਪੰਗ ਹੋਣ ਦੇ ਬਾਵਜੂਦ ਉਹਦਾ ਸਿਰੜ ਵੀ ਉਹਨੂੰ ਆਪਣੇ ਸਾਥੀ ਕਿਸਾਨਾਂ ਦੇ ਨਾਲ਼ ਇਸ ਧਰਨੇ ਵਿੱਚ ਸ਼ਾਮਲ ਹੋਣ ਤੋਂ ਨਾ ਰੋਕ ਪਾਇਆ। "ਮੈਂ ਆਪਣੇ ਘਰ ਦੀ ਛੱਤ 'ਤੇ ਕੰਮ ਕਰ ਰਿਹਾ ਸਾਂ, ਜਦੋਂ ਅਚਾਨਕ ਮੈਂ ਡਿੱਗ ਗਿਆ," ਹਾਦਸੇ ਬਾਰੇ ਗੱਲ ਕਰਦਿਆਂ ਉਹ ਦੱਸਦਾ ਹੈ। "ਮੇਰੇ ਚੂਕਣੇ ਦੀ ਹੱਡੀ ਟੁੱਟ ਗਈ।"





