ਉਹ ਕੋਲ੍ਹਾਪੁਰ ਦੇ ਇਸ ਮਜ਼ਬੂਤ ਬੰਨ੍ਹ ਦੇ ਛੋਟੇ ਜਿਹੇ ਪੁਲ 'ਤੇ ਲੂੰਹਦੀ ਧੁੱਪ ਦੇ ਹੇਠਾਂ ਚੁੱਪਚਾਪ ਅਤੇ ਬੇਫਿਕਰ ਹੋ ਕੇ ਬੈਠੇ ਹਨ, ਜਿਹਨੂੰ ਉਨ੍ਹਾਂ ਦੇ ਅੱਧੀ ਸਦੀ ਪਹਿਲਾਂ ਬਣਾਇਆ ਸੀ। ਦੁਪਹਿਰ ਦੇ ਭੋਜਨ ਤੋਂ ਪਹਿਲਾਂ ਅਸੀਂ ਉਨ੍ਹਾਂ ਤੋਂ ਪੁੱਛਦੇ ਰਹੇ ਅਤੇ ਉਹ ਠਰ੍ਹੰਮੇ ਨਾਲ਼ ਜਵਾਬ ਦਿੰਦੇ ਰਹੇ। ਇੰਨਾ ਹੀ ਨਹੀਂ, ਉਹ ਪੂਰੇ ਜੋਸ਼ ਅਤੇ ਊਰਜਾ ਦੇ ਨਾਲ਼ ਸਾਡੇ ਨਾਲ਼ ਪੁਲ 'ਤੇ ਤੁਰੇ ਰਹੇ ਅਤੇ ਦੱਸਦੇ ਰਹੇ ਕਿ 1956 ਵਿੱਚ ਬੰਨ੍ਹ ਅੰਦਰ ਜਾਨ ਕਿਵੇਂ ਪਈ।
ਛੇ ਦਹਾਕੇ ਬਾਅਦ, ਗਣਪਤੀ ਈਸ਼ਵਰ ਪਾਟਿਲ ਨੂੰ ਅਜੇ ਵੀ ਸਿੰਚਾਈ ਦਾ ਗਿਆਨ ਹੈ ਅਤੇ ਉਹ ਕਿਸਾਨਾਂ ਨੂੰ ਖੇਤੀ ਬਾਰੇ ਸਮਝਾਉਂਦੇ ਹਨ। ਉਨ੍ਹਾਂ ਨੂੰ ਭਾਰਤ ਦੀ ਅਜ਼ਾਦੀ ਦੇ ਘੋਲ਼ ਦੇ ਇਤਿਹਾਸ ਦਾ ਗਿਆਨ ਹੈ, ਜਿਹਦਾ ਉਹ ਇੱਕ ਹਿੱਸਾ ਸਨ। ਉਹ 101 ਸਾਲ ਦੇ ਹਨ ਅਤੇ ਭਾਰਤ ਦੇ ਆਖ਼ਰੀ ਜੀਵਤ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹਨ।
''ਮੈਂ ਸਿਰਫ਼ ਇੱਕ ਹਰਕਾਰਾ ਸਾਂ,'' ਉਹ 1930 ਦੇ ਦਹਾਕੇ ਤੋਂ ਬਾਅਦ ਦੇ ਆਪਣੇ ਜੀਵਨ ਬਾਰੇ ਕਾਫੀ ਹਲੀਮੀ ਅਤੇ ਠਰ੍ਹੰਮੇ ਨਾਲ਼ ਦੱਸਦੇ ਹਨ। ''ਅੰਗਰੇਜ਼-ਵਿਰੋਧੀ ਭੂਮੀਗਤ ਅੰਦੋਲਨਾਂ ਲਈ ਇੱਕ ਹਰਕਾਰਾ।'' ਉਸ ਵਿੱਚ ਵਰਜਿਤ ਕਮਿਊਨਿਸਟ ਅੰਦੋਲਨਕਾਰੀ ਸਮੂਹਾਂ, ਸਮਾਜਵਾਦੀਆਂ ਅਤੇ ਕਾਂਗਰਸ ਪਾਰਟੀ (1942 ਦੇ ਭਾਰਤ ਛੱਡੋ ਅੰਦੋਲਨ ਦੇ ਆਸਪਾਸ) ਦੇ ਨੈੱਟਵਰਕ ਸ਼ਾਮਲ ਸਨ। ਉਹ ਇਸ ਵਿੱਚ ਤੇਜ਼ ਰਹੇ ਹੋਣਗੇ- ਕਿਉਂਕਿ ਉਹ ਕਦੇ ਫੜ੍ਹੇ ਨਹੀਂ ਗਏ। ''ਮੈਂ ਜੇਲ੍ਹ ਨਹੀਂ ਗਿਆ,'' ਕਰੀਬ ਮੁਆਫੀ ਮੰਗਦਿਆਂ ਉਹ ਕਹਿੰਦੇ ਹਨ। ਇਹ ਗੱਲ ਸਾਨੂੰ ਦੂਸਰੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਤਾਮਰ ਪੱਤਰ ਵੀ ਪ੍ਰਵਾਨ ਨਹੀਂ ਕੀਤਾ ਅਤੇ 1972 ਤੋਂ ਅਜ਼ਾਦੀ ਘੁਲਾਟੀਆਂ ਨੂੰ ਦਿੱਤੀ ਜਾਣ ਵਾਲ਼ੀ ਪੈਨਸ਼ਨ ਵੀ ਨਹੀਂ ਲਈ।







