"ਕਾਸ਼ ਕਿ ਬਾਬਾ (ਪਿਤਾ) ਅੱਜ ਮੇਰੇ ਨਾਲ਼ ਇੱਥੇ ਹੁੰਦੇ," ਗੱਚ ਭਰੀ ਅਵਾਜ਼ ਵਿੱਚ ਪ੍ਰਿਯੰਕਾ ਨੇ ਕਿਹਾ। ਪਿਤਾ ਦੀ ਮੌਤ ਤੋਂ ਦੁਖੀ, ਆਪਣੀ ਗੋਦ ਵਿੱਚ ਲਿਸ਼ਕਣੇ ਲਾਲ ਅਤੇ ਸੁਨਿਹਰੀ ਫੁੱਲਾਂ ਨੂੰ ਟਿਕਾਈ, ਉਹ ਗੁਲਾਬੀ ਅਤੇ ਨੀਲੇ ਰੰਗ ਦੀ ਪੁਸ਼ਾਕ ਵਿੱਚ ਸਜੀ ਬੈਠੀ ਸਨ ਅਤੇ ਆਪਣੇ ਪਤੀ ਦੇ ਘਰ ਜਾਣ ਦੀ ਉਡੀਕ ਕਰ ਰਹੀ ਸਨ।
23 ਸਾਲਾ ਪ੍ਰਿਯੰਕਾ ਦਾ, ਜੋ ਵੀ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜਿਲ੍ਹੇ ਦੇ ਪਿੰਡ ਦੀ ਰਹਿਣ ਵਾਲੀ ਹਨ, ਵਿਆਹ 6 ਦਸੰਬਰ 2020 ਨੂੰ 27 ਸਾਲਾ ਹਿਰਨਮਯ ਮੰਡਲ ਨਾਲ਼ ਹੋ ਰਿਹਾ ਸੀ। ਹਿਰਨਮਯ ਥੋੜ੍ਹੀ ਦੂਰ ਹੀ ਰਹਿੰਦੇ ਹਨ ਅਤੇ ਕੋਲਕਾਤਾ ਦੀ ਦੁਕਾਨ ਵਿੱਚ ਬਤੌਰ ਫਲੋਰ ਐਗਜੀਕਿਊਟਿਵ ਕੰਮ ਕਰਦੇ ਹਨ। ਉਹ ਇੱਕ-ਦੂਸਰੇ ਨਾਲ਼ ਪਿਆਰ ਕਰਦੇ ਸਨ ਅਤੇ 2019 ਵਿੱਚ ਵਿਆਹ ਕਰਨ ਦੀ ਯੋਜਨਾ ਬਣਾਈ।
ਪਰ ਸੁੰਦਰਬਨ ਦੇ ਲਾਹਿਰੀਪੁਰ ਗ੍ਰਾਮ ਪੰਚਾਇਤ ਵਿੱਚ ਹੋਣ ਵਾਲ਼ਾ ਉਨ੍ਹਾਂ ਦਾ ਵਿਆਹ ਸਮਾਗਮ ਉਦੋਂ ਮੁਲਤਵੀ ਕਰਨਾ ਪਿਆ, ਜਦੋਂ 29 ਜੁਲਾਈ, 2019 ਨੂੰ ਪ੍ਰਿਯੰਕਾ ਦੇ 45 ਸਾਲਾ ਪਿਤਾ ਅਰਜੁਨ ਮੰਡਲ ਨੂੰ ਇੱਕ ਬਾਘ ਨੇ ਮਾਰ ਸੁੱਟਿਆ। ਅਰਜੁਨ, ਜੋ ਇੱਕ ਮਛੇਰਾ ਸਨ, ਸਦਾ ਵਾਂਗ ਹੀ ਸੁੰਦਰਵਨ ਟਾਈਗਰ ਰਿਜ਼ਰਵ ਕੇਂਦਰ ਵਿੱਚ ਪੁਰਖਲੀ ਗਾਜੀ ਜੰਗਲ ਇਲਾਕੇ ਵਿੱਚ ਗਏ ਸਨ। ਉਨ੍ਹਾਂ ਦੇ ਸਰੀਰ ਦੇ ਅਵਸ਼ੇਸ਼ ਕਦੇ ਮਿਲੇ ਹੀ ਨਹੀਂ।
ਹਰ ਵਾਰ ਜਦੋਂ ਵੀ ਅਰਜੁਨ ਜੰਗਲਾਂ ਵਿੱਚ ਕੇਕੜਿਆਂ ਦਾ ਸ਼ਿਕਾਰ ਕਰਨ ਜਾਂਦੇ, ਤਾਂ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਚਿੰਤਾ ਸਤਾਉਂਦੀ ਰਹਿੰਦੀ। ਅਰਜੁਨ ਜਦੋਂ ਜੁਲਾਈ 2019 ਨੂੰ ਆਪਣੀ ਅਖੀਰੀ ਸ਼ਿਕਾਰ ਯਾਤਰਾ ਲਈ ਗਏ ਸਨ ਤਾਂ ਉਨ੍ਹਾਂ ਦੇ ਦਿਮਾਗ਼ ਵਿੱਚ ਆਪਣੀ ਧੀ ਦੇ ਵਿਆਹ ਬਾਰੇ ਚਿੰਤਾ ਸੀ।
"ਪ੍ਰਿਯੰਕਾਂ ਦੇ ਵਿਆਹ ਵਾਸਤੇ ਸਾਨੂੰ ਪੈਸਿਆਂ ਦੀ ਲੋੜ ਸੀ। ਅਰਜੁਨ ਜੰਗਲ ਵਿੱਚ ਜਾਣਾ ਟਾਲ਼ ਨਹੀਂ ਸਕਦੇ ਸਨ, ਪਰ ਉਨ੍ਹਾਂ ਨੂੰ ਸਦਾ ਹੀ ਕੁਝ ਮਾੜਾ ਵਾਪਰਨ ਦਾ ਪੂਰਵ-ਅਨੁਮਾਨ ਹੋ ਜਾਇਆ ਕਰਦਾ ਸੀ," ਉਨ੍ਹਾਂ ਦੀ ਪਤਨੀ, ਪੁਸ਼ਪਾ ਕਹਿੰਦੀ ਹਨ।

























