ਓੜੀਸਾ ਦੇ ਬੋਲਾਂਗੀਰ ਜ਼ਿਲ੍ਹੇ ਦੇ ਧੂਸਮੁੰਡਾ ਨਾਮਕ ਇੱਕ ਬੀਹੜ ਪਿੰਡ ਦੀ ਕੱਚੀ ਝੌਂਪੜੀ ਵਿੱਚ ਆਪਣੇ ਚਾਰ ਬੱਚਿਆਂ ਨਾਲ਼ ਰਹਿਣ ਵਾਲ਼ੀ ਆਦਿਵਾਸੀ ਵਿਧਵਾ ਮਾਂ ਕਮਲਾ ਪਹਾੜੀਆ ਨਾਲ਼ ਸਾਨੂੰ ਮਿਲ਼ਿਆਂ 16 ਸਾਲ ਬੀਤ ਚੁੱਕੇ ਹਨ। ਉਸ ਵੇਲ਼ੇ, ਕਮਲਾ ਨੇ ਆਪਣੇ ਦੋ ਸਾਲਾ ਬੇਟੇ ਕੌਤੁਕ ਦੀ ਵਾਪਸੀ ਲਈ ਕੋਂਟਾਬੰਜੀ ਵਿਖੇ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ਦਾ ਬੂਹਾ ਖੜਕਾਇਆ ਸੀ, ਜਿਹਨੂੰ ਹੈਦਰਾਬਾਦ ਵਿਖੇ ਇੱਕ ਇੱਟ-ਭੱਠਾ ਮਾਲਕ ਨੇ ਜ਼ਬਰਨ ਕੈਦ ਵਿੱਚ ਲਿਆ ਹੋਇਆ ਸੀ।
ਇਹ ਪਰਿਵਾਰ ਪਹਾੜੀਆ ਕਬੀਲੇ ਨਾਲ਼ ਤਾਅਲੁੱਕ ਰੱਖਦਾ ਹੈ, ਜੋ ਪੀੜ੍ਹੀਆਂ ਤੋਂ ਟੋਕਰੀਆਂ ਬੁਣਦੇ ਆ ਰਹੇ ਹਨ। ਉਹ ਕੰਮ ਦੀ ਭਾਲ਼ ਵਿੱਚ ਸ਼ਹਿਰ ਆਏ ਸਨ ਪਰ ਕਮਲਾ ਗਰਭਵਤੀ ਹੋ ਗਈ ਤੇ ਬੀਮਾਰ ਪੈ ਗਈ, ਤਾਂ ਉਨ੍ਹਾਂ ਨੂੰ ਪਿੰਡ ਮੁੜਨ ਲਈ ਮਜ਼ਬੂਰ ਹੋਣਾ ਪਿਆ। ਇੱਟ-ਭੱਠਾ ਮਾਲਕ ਨੇ ਉਨ੍ਹਾਂ ਵੱਲੋਂ ਲਈ ਪੇਸ਼ਗੀ ਰਕਮ ਦੀ ਪੂਰਤੀ ਵਜੋਂ ਉਨ੍ਹਾਂ ਦਾ ਬੱਚਾ ਖੋਹ ਲਿਆ।
ਅਦਾਲਤ ਨੇ ਪੁਲਿਸ ਨੂੰ ਬੱਚਾ ਛੁਡਾਉਣ ਦਾ ਆਦੇਸ਼ ਦਿੱਤਾ ਅਤੇ ਕੌਤੁਕ ਘਰ ਪਰਤ ਆਇਆ।
ਇਸ ਤੋਂ ਬਾਅਦ ਵੀ ਪਹਾੜੀਆਂ ਦੀ ਹਾਲਤ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਆਇਆ। ਕਮਰ ਭਾਈਚਾਰੇ ਵਜੋਂ ਵੀ ਜਾਣੇ ਜਾਂਦੇ ਇਸ ਕਬੀਲੇ ਨੇ ਪੂਰਬੀ ਭਾਰਤੀ ਰਾਜ ਓੜੀਸਾ ਵਿਖੇ ਪਿਛੜੇ ਕਬੀਲੇ ਦਾ ਦਰਜਾ ਹਾਸਲ ਕਰਨ ਲਈ ਸੰਘਰਸ਼ ਕੀਤਾ ਹੈ। ਛੱਤੀਸਗੜ੍ਹ ਵਿਖੇ ਉਨ੍ਹਾਂ ਦਾ ਕਬੀਲਾ ਖਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (PVTG) ਵਜੋਂ ਸੂਚੀਬੱਧ ਹੈ। ਕੌਤੁਕ ਹੁਣ 18 ਸਾਲਾਂ ਦਾ ਹੋ ਚੁੱਕਿਆ ਹੈ, ਜਿਹਦੇ ਸਾਹਮਣੇ ਰੋਜ਼ੀਰੋਟੀ ਕਮਾਉਣ ਲਈ ਪ੍ਰਵਾਸ ਨੂੰ ਚੁਣਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਉਹ ਮੁੰਬਈ ਵਿਖੇ ਇੱਕ ਨਿਰਮਾਣ ਅਧੀਨ ਥਾਂ 'ਤੇ ਕੰਮ ਕਰ ਰਿਹਾ ਹੈ।
"ਅੱਠਵੀਂ ਜਮਾਤ ਵਿੱਚ ਸਕੂਲ ਛੱਡਣ ਤੋਂ ਬਾਅਦ, ਉਹ ਦੂਜੀ ਵਾਰ ਸ਼ਹਿਰ ਵਿੱਚ ਕੰਮ ਕਰਨ ਗਿਆ," ਕਮਲਾ ਕਹਿੰਦੀ ਹਨ। "ਮੈਂ ਉਸਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਇੱਕ ਨਾ ਸੁਣੀ।" ਸਥਾਨਕ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਉਸਾਰੀ ਪ੍ਰਾਜੈਕਟਾਂ 'ਤੇ ਕੰਮ ਕਰਨਾ ਪਸੰਦ ਕਰਦੇ ਹਨ-ਕਿਉਂਕਿ ਇੱਥੇ ਉਨ੍ਹਾਂ ਕੋਲ ਇੱਟਾਂ ਬਣਾਉਣ ਨਾਲ਼ੋਂ ਵਧੇਰੇ ਆਜ਼ਾਦੀ ਅਤੇ ਕੰਮ ਵੀ ਰਤਾ ਘੱਟ ਹੁੰਦਾ ਹੈ।
ਕੌਤੁਕ, ਕਮਲਾ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਹੈ। ਉਸ ਦੀਆਂ ਸਾਰੀਆਂ ਧੀਆਂ ਸਕੂਲੇ ਪੜ੍ਹਦੀਆਂ ਹਨ। 14 ਸਾਲ ਦੀ ਸਕਰਾਵਤੀ 9ਵੀਂ ਜਮਾਤ ਵਿੱਚ, 13 ਸਾਲ ਦੀ ਚੰਦਰਕਾਂਤੀ 8ਵੀਂ ਜਮਾਤ ਵਿੱਚ ਅਤੇ 10 ਸਾਲ ਦੀ ਪ੍ਰੇਮਲਤਾ ਚੌਥੀ ਜਮਾਤ ਵਿੱਚ ਹੈ। ਚੰਦਰਕਾਂਤੀ ਅਤੇ ਪ੍ਰੇਮਲਤਾ ਕਸਤੂਰਬਾ ਗਾਂਧੀ ਆਸ਼ਰਮ ਸਕੂਲ ਦੀਆਂ ਵਿਦਿਆਰਥਣਾਂ ਹਨ। ਇਹ ਰਿਹਾਇਸ਼ੀ ਸਕੂਲ ਮੁੱਖ ਤੌਰ 'ਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਹਨ। ਸਕਰਾਵਤੀ ਵੀ ਇੱਕ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੀ ਸੀ, ਪਰ ਹੁਣ ਸਾਈਕਲ 'ਤੇ ਸਵਾਰ ਹੋ ਨੇੜਲੇ ਪਿੰਡ ਦੇ ਹਾਈ ਸਕੂਲ ਜਾਂਦੀ ਹੈ।
ਇੱਕ ਸਥਾਨਕ ਵਕੀਲ, ਮਨੁੱਖੀ ਅਧਿਕਾਰ ਕਾਰਕੁਨ ਅਤੇ ਖੇਤਰ ਵਿੱਚ ਮਜ਼ਦੂਰ ਪਰਵਾਸ ਦੇ ਮਾਹਰ ਵਿਸ਼ਨੂੰ ਸ਼ਰਮਾ ਦਾ ਕਹਿਣਾ ਹੈ,"ਕਮਲਾ ਨੇ ਬਹੁਤ ਲੜਾਈ ਲੜੀ ਪਰ ਕਦੇ ਹਾਰ ਨਹੀਂ ਮੰਨੀ।" ਵਿਸ਼ਨੂੰ ਅੱਗੇ ਕਹਿੰਦੇ ਹਨ,“ਉਸਨੇ ਆਪਣੀਆਂ ਧੀਆਂ ਨੂੰ ਆਸ਼ਰਮ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਵਿਵਸਥਾ ਦੇ ਵਿਰੁੱਧ ਪੂਰੀ ਲੜੀ। ਅਧਿਕਾਰੀਆਂ ਨੇ ਸ਼ੁਰੂ ਵਿੱਚ ਦਾਖਲੇ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪਹਾੜੀਆ ਪਿਛੜੇ ਕਬੀਲੇ ਨਹੀਂ ਹਨ।




