''ਮੇਰੇ ਪਰਿਵਾਰ ਨੇ ਮੇਰੇ ਲਈ ਇੱਕ ਅਜਿਹਾ ਘਰ ਲੱਭਿਆ, ਜਿਸ ਵਿੱਚ ਅੰਦਰ ਦਾਖਲ ਹੋਣ ਲਈ ਇੱਕ ਅਲੱਗ ਬੂਹੇ ਵਾਲ਼ਾ ਵੱਖਰਾ ਕਮਰਾ ਸੀ, ਤਾਂਕਿ ਮੈਂ ਖੁਦ ਨੂੰ ਦੂਸਰਿਆਂ ਨਾਲ਼ੋਂ ਅੱਡ ਕਰ ਸਕਾਂ,''ਐੱਸਐੱਨ ਗੋਪਾਲਾ ਦੇਵੀ ਦੱਸਦੀ ਹਨ। ਇਹ ਮਈ 2020 ਦੀ ਗੱਲ ਹੈ, ਜਦੋਂ ਕੁਝ ਪਰਿਵਾਰਾਂ ਨੇ ਪਹਿਲੀ ਵਾਰ ਫੈਸਲਾ ਕੀਤਾ ਕਿ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਬਚਾਉਣ ਲਈ ਵੱਖਰੇ ਇਹਤਿਆਤ ਵਰਤਣਗੇ- ਨਾਲ਼ ਹੀ ਉੱਚ ਖਤਰੇ ਵਾਲ਼ੇ ਉਨ੍ਹਾਂ ਦੇ ਪੇਸ਼ਿਆਂ ਨਾਲ਼ ਜੁੜੇ ਆਪਣੇ ਪਰਿਵਾਰਕ ਮੈਂਬਰਾਂ ਦਾ ਭਾਰ ਘੱਟ ਕਰਨਗੇ।
ਪੰਜਾਹ ਸਾਲਾ ਗੋਪਾਲਾ ਦੇਵੀ ਇੱਕ ਨਰਸ ਹਨ। ਉਹ ਇੱਕ ਉੱਚ ਦਰਜੇ ਦੀ ਸਿਖਲਾਈ ਪ੍ਰਾਪਤ ਪੇਸ਼ੇਵਰ ਹਨ ਜਿਨ੍ਹਾਂ ਕੋਲ਼ 29 ਸਾਲਾਂ ਦਾ ਤਜ਼ਰਬਾ ਹੈ ਅਤੇ ਉਨ੍ਹਾਂ ਨੇ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਚੇਨੱਈ ਦੇ ਰਾਜੀਵ ਗਾਂਧੀ ਸਰਕਾਰ ਜਨਰਲ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਕੰਮ ਕਰਦਿਆਂ ਕਾਫੀ ਸਮਾਂ ਬਿਤਾਇਆ ਹੈ। ਇਸ ਤੋਂ ਇਲਾਵਾ, ਉਹ ਥੋੜ੍ਹੇ ਵਕਫੇ ਲਈ, ਉਸੇ ਸ਼ਹਿਰ ਵਿੱਚ ਗੁਆਂਢ ਵਿੱਚ ਸਥਿਤ ਪੁਲਿਯੰਥੋਪ ਦੇ ਇੱਕ ਖਾਸ ਕੋਵਿਡ ਦੇਖਭਾਲ਼ ਕੇਂਦਰ ਦੀ ਇੰਚਾਰਜ ਵੀ ਸਨ।
ਹੁਣ, ਜਦੋਂਕਿ ਤਾਲਾਬੰਦੀ ਨੂੰ ਪੜਾਅ-ਦਰ-ਪੜਾਅ ਤਰੀਕੇ ਨਾਲ਼ ਹਟਾਇਆ ਜਾ ਰਿਹਾ ਹੈ ਅਤੇ ਕਈ ਗਤੀਵਿਧੀਆਂ ਹੌਲ਼ੀ-ਹੌਲ਼ੀ ਆਮ ਹੋਣ ਲੱਗੀਆਂ ਹਨ, ਉਦੋਂ ਵੀ ਗੋਪਾਲਾ ਦੇਵੀ ਨੂੰ ਕੋਵਿਡ-19 ਵਾਰਡ ਵਿੱਚ ਕੰਮ ਕਰਦੇ ਸਮੇਂ ਅਕਸਰ ਇਕਾਂਤਵਾਸ ਵਿੱਚ ਸਮਾਂ ਬਿਤਾਉਣਾ ਹੋਵੇਗਾ। ''ਮੇਰੇ ਲਈ ਤਾਂ ਤਾਲਾਬੰਦੀ ਜਾਰੀ ਹੈ,'' ਉਹ ਹੱਸਦਿਆਂ ਕਹਿੰਦੀ ਹਨ। ''ਨਰਸਾਂ ਵਾਸਤੇ, ਇਹ ਕਦੇ ਨਹੀਂ ਮੁਕਣੀ।''
ਜਿਵੇਂ ਕਿ ਕਈ ਨਰਸਾਂ ਨੇ ਇਸ ਰਿਪੋਰਟਰ ਨੂੰ ਦੱਸਿਆ: ''ਸਾਡੇ ਲਈ ਤਾਲਾਬੰਦੀ ਅਤੇ ਕੰਮ ਨਾਲ਼ੋ ਨਾਲ਼ ਚੱਲਦੇ ਹਨ।''
''ਸਤੰਬਰ ਵਿੱਚ ਮੇਰੀ ਧੀ ਦਾ ਵਿਆਹ ਸੀ ਅਤੇ ਮੈਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਛੁੱਟੀ ਲਈ,'' ਗੋਪਾਲਾ ਦੇਵੀ ਕਹਿੰਦੀ ਹਨ। ''ਮੇਰੇ ਪਤੀ ਉਦੈ ਕੁਮਾਰ ਨੇ ਵਿਆਹ ਦੀ ਪੂਰੀ ਜ਼ਿੰਮੇਦਾਰੀ ਆਪਣੇ ਮੋਢਿਆਂ 'ਤੇ ਚੁੱਕੀ ਰੱਖੀ ਸੀ।'' ਕੁਮਾਰ ਚੇਨੱਈ ਦੇ ਹੀ ਇੱਕ ਹੋਰ ਹਸਪਤਾਲ, ਸ਼ੰਕਰਾ ਨੇਤਰਾਲਯ ਦੇ ਅਕਾਊਂਟ ਸੈਕਸ਼ਨ ਵਿੱਚ ਕੰਮ ਕਰਦੇ ਹਨ ਅਤੇ ਉਹ ਕਹਿੰਦੀ ਹਨ,''ਉਹ ਮੇਰੇ ਪੇਸ਼ ਦੀਆਂ ਮਜ਼ਬੂਰੀਆਂ ਨੂੰ ਸਮਝਦੇ ਹਨ।''
ਉਸੇ ਹਸਪਤਾਲ ਵਿੱਚ 39 ਸਾਲਾ ਤਮੀਝ ਸੇਲਵੀ ਵੀ ਕੰਮ ਕਰਦੀ ਹਨ, ਜਿਨ੍ਹਾਂ ਨੇ ਕੋਵਿਡ ਵਾਰਡ ਵਿੱਚ ਬਗੈਰ ਛੁੱਟੀ ਲਏ ਆਪਣੇ ਕੰਮ ਦੇ ਕਾਰਨ ਪੁਰਸਕਾਰ ਜਿੱਤਿਆ। ''ਇਕਾਂਤਵਾਸ ਦੇ ਦਿਨਾਂ ਨੂੰ ਛੱਡ ਕੇ ਮੈਂ ਕਦੇ ਛੁੱਟੀ ਨਹੀਂ ਲਈ ਸੀ। ਛੁੱਟੀ ਦੇ ਦਿਨ ਵੀ ਮੈਂ ਕੰਮ ਕਰਦੀ ਸਾਂ ਕਿਉਂਕਿ ਮੈਂ ਮਸਲੇ ਦੀ ਸੰਜੀਦਗੀ ਨੂੰ ਸਮਝਦੀ ਹਾਂ,'' ਉਹ ਕਹਿੰਦੀ ਹਨ।
''ਆਪਣੇ ਛੋਟੇ ਬੇਟੇ ਸ਼ਾਇਨ ਓਲੀਵਰ ਨੂੰ ਕਈ ਦਿਨਾਂ ਤੱਕ ਇਕੱਲਾ ਛੱਡ ਦੇਣ ਦਾ ਦਰਦ ਕਾਫੀ ਡੂੰਘਾ ਹੈ। ਕਦੇ-ਕਦੇ ਮੈਂ ਦੋਸ਼ੀ ਮਹਿਸੂਸ ਕਰਦੀ ਹਾਂ, ਕਿਉਂਕਿ ਮੈਨੂੰ ਜਾਪਦਾ ਹੈ ਕਿ ਇਸ ਮਹਾਂਮਾਰੀ ਵਿੱਚ ਇਹ ਮਹੱਤਵਪੂਰਨ ਹੈ ਕਿ ਅਸੀਂ ਸਭ ਤੋਂ ਅੱਗੇ ਰਹੀਏ। ਜਦੋਂ ਮੈਨੂੰ ਪਤਾ ਚੱਲਦਾ ਹੈ ਕਿ ਸਾਡੇ ਮਰੀਜ਼ ਵਾਪਸ ਆਪਣੇ ਪਰਿਵਾਰਾਂ ਦੇ ਕੋਲ਼ ਜਾ ਰਹੇ ਹਨ, ਤਾਂ ਉਸ ਸਮੇਂ ਜੋ ਖੁਸ਼ੀ ਮਿਲ਼ਦੀ ਹੈ ਉਹ ਸਾਡੇ ਲਈ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਕਾਰਨ ਬਣਦੀ ਹੈ। ਪਰ ਮੇਰੇ ਪਤੀ ਜੋ ਸਾਡੇ 14 ਸਾਲ ਦੇ ਲੜਕੇ ਦੀ ਚੰਗੀ ਤਰ੍ਹਾਂ ਦੇਖਭਾਲ਼ ਕਰਦੇ ਹਨ ਅਤੇ ਮੇਰੀ ਭੂਮਿਕਾ ਨੂੰ ਵੀ ਬਾਖੂਬੀ ਸਮਝਦੇ ਹਨ, ਉਨ੍ਹਾਂ ਦੇ ਸਾਥ ਤੋਂ ਬਗੈਰ ਇਹ ਸਭ ਸੰਭਵ ਹੀ ਨਹੀਂ ਸੀ।''











