"ਇਹਦੀ ਕੀਮਤ 350 ਰੁਪਏ ਹੈ। ਭਾਅ ਨਾ ਘਟਾਓ, ਅਸੀਂ ਪਹਿਲਾਂ ਹੀ ਕਰੋਨਾ ਦੀ ਮਾਰ ਹੇਠ ਕੁਝ ਨਹੀਂ ਕਮਾ ਪਾ ਰਹੇ," ਜਦੋਂ ਗਾਹਕ ਨੇ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਕਾਸ਼ ਕੋਕਰੇ ਨੇ ਅੱਗੋਂ ਕਿਹਾ। ਉਹਨੇ ਚਿੱਟੇ ਰੰਗ ਦਾ ਮੇਮਣਾ ਚੁੱਕਿਆ ਅਤੇ ਭੁੰਜੇ ਪਏ ਕੰਡੇ 'ਤੇ ਤੋਲ ਕੇ ਕਿਹਾ-"ਤਿੰਨ ਕਿਲੋ," ਉਹਨੇ ਉਨ੍ਹਾਂ ਦੋ ਗਾਹਕਾਂ ਨੂੰ ਕਿਹਾ ਜੋ ਪ੍ਰਤੀ ਕਿਲੋ 200 ਰੁਪਏ ਦੇਣ ਦੀ ਜ਼ਿੱਦ 'ਤੇ ਅੜੇ ਸਨ। "ਇਹ ਕੀਮਤ ਬਹੁਤ ਘੱਟ ਸੀ, ਪਰ ਮੈਨੂੰ ਪੈਸੇ ਦੀ ਲੋੜ ਹੈ," ਮੇਮਣੇ ਨੂੰ ਨਵੇਂ ਮਾਲਕ ਦੇ ਸਪੁਰਦ ਕਰਦਿਆਂ ਪ੍ਰਕਾਸ ਨੇ ਕਿਹਾ।
"ਇਹਨੂੰ ਜਾਣ ਦਿਓ, ਅਸੀਂ ਕਰ ਵੀ ਕੀ ਸਕਦੇ ਹਾਂ?" ਉਹਨੇ ਮੈਨੂੰ ਕਿਹਾ ਸੀ ਜਦੋਂ ਜੂਨ ਦੇ ਮਹੀਨਾ ਦਾ ਅਖੀਰਲਾ ਹਫ਼ਤਾ ਸੀ ਅਤੇ ਉਸੇ ਦੁਪਹਿਰੇ ਮੈਂ ਉਹਦੇ ਪਰਿਵਾਰ ਨੂੰ ਮਿਲ਼ੀ ਸਾਂ, ਜਿਨ੍ਹਾਂ ਨਾਲ਼ ਮੇਰੀ ਮੁਲਾਕਾਤ ਵਾੜਾ ਤਾਲੁਕਾ ਦੇ ਛੋਟੇ ਜਿਹੇ ਪਿੰਡ, ਦੇਸਾਈਪਾੜਾ ਦੇ ਖੁੱਲ੍ਹੇ ਖੇਤਾਂ ਵਿੱਚ ਹੋਈ। ਇਹ ਤਾਲਾਬੰਦੀ ਦਾ ਤੀਸਰਾ ਮਹੀਨਾ ਚੱਲ ਰਿਹਾ ਸੀ।
ਬਾਕੀ ਦੇ ਛੇ ਪਰਿਵਾਰਾਂ ਸਣੇ ਪ੍ਰਕਾਸ਼ ਦਾ ਪਰਿਵਾਰ, ਸਾਰੇ ਖ਼ਾਨਾਬਦੋਸ਼ ਆਜੜੀ ਧਾਂਗਰ ਭਾਈਚਾਰੇ ਦੇ ਸਨ, ਜਿਨ੍ਹਾਂ ਨੇ ਕਿ ਮਹਾਂਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਉਨ੍ਹਾਂ ਖ਼ੇਤਾਂ ਵਿੱਚ ਦੋ ਦਿਨਾਂ ਲਈ ਪਨਾਹ ਲਈ ਸੀ। ਕੁਝ ਔਰਤਾਂ ਨੇ ਨਾਈਲਨ ਦੀ ਜਾਲੀ ਲਗਾਈ ਹੋਈ ਜੋ ਕਿ ਜਾਨਵਰਾਂ ਦੇ ਛੋਟੇ ਬੱਚਿਆਂ ਨੂੰ ਇੱਧਰ-ਉੱਧਰ ਘੁੰਮਣ ਤੋਂ ਰੋਕਣ ਲਈ ਸੀ। ਅਨਾਜ ਦੀਆਂ ਬੋਰੀਆਂ, ਐਲੂਮੀਨੀਅਮ ਦੇ ਭਾਂਡੇ, ਪਲਾਸਟਿਕ ਦੀਆਂ ਬਾਲਟੀਆਂ ਅਤੇ ਹੋਰ ਵਸਤਾਂ ਖ਼ੇਤਾਂ ਵਿੱਚ ਖਿੰਡੀਆਂ ਪਈਆਂ ਸਨ। ਕੁਝ ਬੱਚੇ ਮੇਮਣਿਆਂ ਨਾਲ਼ ਮਸਤੀ ਕਰ ਰਹੇ ਸਨ।
ਮੇਮਣੇ, ਭੇਡਾਂ ਅਤੇ ਬੱਕਰੀਆਂ ਵੇਚਣਾ (ਜਿਵੇਂ ਕਿ ਪ੍ਰਕਾਸ਼ ਨੇ ਬਹਿਸ ਕਰਕੇ ਵੇਚਿਆ ਸੀ) ਇਹੀ ਧਾਂਗਰਿਆਂ ਦੀ ਟੋਲੀ ਦੇ ਗੁਜ਼ਾਰੇ ਦਾ ਵਸੀਲਾ ਹੈ। ਸੱਤਾਂ ਪਰਿਵਾਰਾਂ ਕੋਲ਼ ਲਗਭਗ 500 ਡੰਗਰ ਹਨ ਜਿਨ੍ਹਾਂ ਵਿੱਚ 20 ਘੋੜੇ ਹਨ। ਉਹ ਭੇਡਾਂ ਨੂੰ ਪਾਲ਼ਦੇ ਅਤੇ ਉਨ੍ਹਾਂ ਨੂੰ ਨਕਦੀ ਜਾਂ ਅਨਾਜ ਬਦਲੇ ਵੇਚ ਦਿੰਦੇ। ਹਨ। ਆਮ ਤੌਰ 'ਤੇ ਬੱਕਰੀਆਂ ਨੂੰ ਪਰਿਵਾਰਾਂ ਦੇ ਦੁੱਧ ਵਾਸਤੇ ਰੱਖ ਲੈਂਦੇ ਹਾਂ ਜਾਂ ਮੌਕੇ-ਕ-ਮੌਕੇ ਮੀਟ ਵਪਾਰੀਆਂ ਨੂੰ ਵੇਚ ਦਿੰਦੇ ਹਨ। ਇਸ ਦੌਰਾਨ, ਉਨ੍ਹਾਂ ਦੇ ਡੰਗਰ ਖਾਲੀ ਖੇਤਾਂ ਵਿੱਚ ਚਰਦੇ ਹਨ ਅਤੇ ਡੰਗਰਾਂ ਦੇ ਗੋਹੇ ਦੀ ਖਾਦ ਬਦਲੇ ਭੂਮੀ ਮਾਲਕ ਉਨ੍ਹਾਂ ਪਰਿਵਾਰਾਂ ਨੂੰ ਭੋਜਨ, ਪਾਣੀ ਅਤੇ ਕੁਝ ਦਿਨ ਰੁਕਣ ਦੀ ਥਾਂ ਦਿੰਦਾ ਹੈ।
"ਅਸੀਂ ਸਿਰਫ਼ ਮੇਂਧਾ (ਨਰ ਭੇਡ) ਨੂੰ ਹੀ ਵੇਚਦੇ ਹਾਂ ਅਤੇ ਮਾਦਾ ਭੇੜਾਂ ਨੂੰ ਆਪਣੇ ਕੋਲ਼ ਰੱਖਦੇ ਹਾਂ," 55 ਸਾਲ ਦੇ ਪ੍ਰਕਾਸ਼ ਨੇ ਦੱਸਿਆ ਜੋ ਕਿ ਇਨ੍ਹਾਂ ਆਜੜੀਆਂ ਦੇ ਦਲ ਦਾ ਮੁਖੀਆ ਹੈ। "ਕਿਸਾਨ ਸਾਡੇ ਕੋਲ਼ੋਂ ਭੇਡਾਂ ਖਰੀਦਦੇ ਹਨ ਕਿਉਂਕਿ ਉਹ ਉਨ੍ਹਾਂ ਦੇ ਖਾਲੀ ਪਏ ਖੇਤਾਂ ਨੂੰ ਚਰਨ ਲਈ ਸਹਾਇਕ ਹੁੰਦੀਆਂ ਹਨ। ਉਨ੍ਹਾਂ ਦੇ ਗੋਹੇ ਨਾਲ਼ ਭੂਮੀ ਜਰਖੇਜ ਬਣਦੀ ਹੈ।"










