ਹਰ ਸਵੇਰ ਪੂਰਾ ਸ਼ੇਖ ਟੱਬਰ ਕੰਮ ਲਈ ਘਰੋਂ ਨਿਕਲ਼ਦਾ ਹੈ। ਫ਼ਾਤਿਮਾ ਸੈਂਟਰਲ ਸ਼੍ਰੀਨਗਰ ਦੇ ਬਟਮਾਲੂ ਇਲਾਕੇ ਦੀ ਝੁੱਗੀ ਬਸਤੀ (ਕਲੌਨੀ) ਵਿੱਚ ਸਥਿਤ ਆਪਣੇ ਘਰੋਂ ਹਰ ਰੋਜ਼ ਸਵੇਰੇ 9 ਵਜੇ ਨਿਕਲ਼ਦੀ ਹਨ ਅਤੇ ਸ਼ਾਮੀਂ ਕਰੀਬ 5 ਵਜੇ ਤੱਕ ਸ਼ਹਿਰ ਅੰਦਰ ਤਕਰੀਬਨ 20 ਕਿਲੋਮੀਟਰ ਦਾ ਚੱਕਰ ਲਗਾਉਂਦੇ ਹੋਏ ਬੇਕਾਰ (ਸੁੱਟੀਆਂ ਹੋਈਆਂ) ਬੋਤਲਾਂ ਅਤੇ ਗੱਤਾ ਇਕੱਠਾ ਕਰਦੀ ਹਨ। ਉਨ੍ਹਾਂ ਦੇ ਪਤੀ ਮੁਹੰਮਦ ਕੁਰਬਾਨ ਸੇਖ਼ ਕਦੇ-ਕਦੇ ਕੂੜਾ ਚੁੱਕਦੇ ਚੁਗਦੇ ਸ਼ਹਿਰ ਦੀ ਸੀਮਾ ਦੇ ਪਾਰ 30 ਕਿਲੋਮੀਟਰ ਘੇਰੇ ਅੰਦਰ ਸਥਿਤ ਕਸਬਿਆਂ ਅਤੇ ਪਿੰਡਾਂ ਤੱਕ ਚਲੇ ਜਾਂਦੇ ਹਨ। ਫ਼ਾਤਿਮਾ ਵਾਂਗਰ ਹੀ ਉਹ ਵੀ ਇਹਦੇ ਵਾਸਤੇ ਤਿੰਨ ਪਹੀਆਂ ਵਾਲ਼ੇ ਠੇਲ੍ਹੇ ਦੀ ਵਰਤੋਂ ਕਰਦੇ ਹਨ, ਜਿਹਦੇ ਪਿਛਲੇ ਪਾਸੇ ਟੈਂਪੂ ਵਾਂਗ ਜਾਪਣ ਵਾਲ਼ਾ ਕੰਟੇਨਰ ਜੜ੍ਹਿਆ ਹੁੰਦਾ ਹੈ। 17 ਤੋਂ 21 ਸਾਲ ਤੱਕ ਉਮਰ ਵਾਲ਼ੇ ਉਨ੍ਹਾਂ ਦੇ ਦੋਵੇਂ ਬੇਟੇ ਅਤੇ ਇੱਕ ਬੇਟੀ ਵੀ ਸ਼੍ਰੀਨਗਰ ਵਿੱਚ ਕੂੜਾ ਚੁਗਣ ਦਾ ਕੰਮ ਕਰਦੇ ਹਨ।
ਪਰਿਵਾਰ ਦੇ ਪੰਜੋ ਮੈਂਬਰ ਮਿਲ਼ ਕੇ ਸ਼੍ਰੀਨਗਰ ਦੇ ਘਰਾਂ, ਹੋਟਲਾਂ, ਨਿਰਮਾਣ ਸਥਲਾਂ, ਸਬਜ਼ੀ ਮੰਡੀਆਂ ਅਤੇ ਹੋਰਨਾਂ ਥਾਵਾਂ ਤੋਂ ਹਰ ਦਿਨ ਨਿਕਲ਼ਣ ਵਾਲ਼ੇ ਕੁੱਲ 400-500 ਟਨ ਕੂੜੇ ਦੇ ਇੱਕ ਹਿੱਸੇ ਦੀ ਸਫ਼ਾਈ ਕਰਦੇ ਹਨ। ਇਹ ਅੰਕੜਾ ਸ਼੍ਰੀਨਗਰ ਨਗਰ ਨਿਗਮ ਦੁਆਰਾ ਦਿੱਤਾ ਗਿਆ ਹੈ।
ਸ਼ੇਖ ਪਰਿਵਾਰ ਦੇ ਲੋਕਾਂ ਦੇ ਨਾਲ਼-ਨਾਲ਼ ਕੂੜਾ ਚੁਗਣ ਵਾਲ਼ੇ- ਨਗਰ ਨਿਗਮ ਦੀ ਕੂੜਾ ਪ੍ਰਬੰਧਨ ਪ੍ਰਕਿਰਿਆਵਾਂ ਨਾਲ਼ ਰਸਮੀ ਤੌਰ 'ਤੇ ਜੁੜੇ ਨਹੀਂ ਹਨ, ਜਿਨ੍ਹਾਂ ਬਾਰੇ ਨਗਰ ਨਿਗਰਮ ਦੇ ਕਮਿਸ਼ਨਰ ਅਤਹਰ ਅਮੀਰ ਖਾਨ ਕਹਿੰਦੇ ਹਨ ਕਿ ਸ਼ਹਿਰ ਦੇ ਠੋਸ ਕੂੜੇ ਕਰਕਟ ਦੇ ਨਿਪਟਾਰੇ ਵਾਸਤੇ ਕਰੀਬ 4000 ਸਫ਼ਾਈ ਕਰਮੀ ਜਾਂ ਤਾਂ ਪੱਕੇ ਹਨ ਜਾਂ ਠੇਕੇ 'ਤੇ ਰੱਖੇ ਗਏ ਹਨ। ਸ਼੍ਰੀਨਗਰ ਨਗਰ ਨਿਗਮ ਦੇ ਮੁੱਖ ਸਵੱਛਤਾ ਅਧਿਕਾਰੀ ਨਜ਼ੀਰ ਅਹਿਮਦ ਕਹਿੰਦੇ ਹਨ,''ਹਾਲਾਂਕਿ, ਕਬਾੜੀਏ ਸਾਡੇ ਚੰਗੇ ਮਿੱਤਰ ਸਾਬਤ ਹੁੰਦੇ ਹਨ। ਉਹ ਪਲਾਸਟਿਕ ਦੇ ਉਸ ਕੂੜੇ ਨੂੰ ਚੁਗ ਲੈਂਦੇ ਹਨ ਜੋ 100 ਸਾਲਾਂ ਵਿੱਚ ਵੀ ਨਹੀਂ ਗਲ਼ਦਾ।''
ਕਬਾੜੀਏ ਨਾ ਸਿਰਫ਼ 'ਸਵੈ-ਰੁਜ਼ਗਾਰੀ' ਹਨ, ਸਗੋਂ ਉਹ ਬਗ਼ੈਰ ਕਿਸੇ ਤਰ੍ਹਾਂ ਦੀ ਵਿਅਕਤੀਗਤ ਸੁਰੱਖਿਆ ਦੇ ਬੇਹੱਦ ਖ਼ਤਰਨਾਕ ਹਾਲਾਤਾਂ ਵਿੱਚ ਵੀ ਕੰਮ ਕਰਦੇ ਹਨ ਅਤੇ ਕੋਵਿਡ-19 ਮਹਾਂਮਾਰੀ ਦੇ ਬਾਅਦ ਤਾਂ ਉਨ੍ਹਾਂ ਦੇ ਸਿਰ 'ਤੇ ਇੱਕ ਤਲਵਾਰ ਹੋਰ ਲਮਕ ਗਈ ਹੈ। ''ਮੈਂ ਅੱਲ੍ਹਾ ਦਾ ਨਾਂਅ ਲੈ ਕੇ ਦੋਬਾਰਾ ਕੰਮ ਕਰਨਾ (ਜਨਵਰੀ 2021 ਵਿੱਚ ਤਾਲਾਬੰਦੀ ਵਿੱਚ ਜ਼ਰਾ ਢਿੱਲ ਦਿੱਤੇ ਜਾਣ ਤੋਂ ਬਾਅਦ) ਸ਼ੁਰੂ ਕੀਤਾ। ਮੈਂ ਨੇਕ ਇਰਾਦਿਆਂ ਦੇ ਨਾਲ਼ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕੰਮ ਕਰਦੀ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਮੈਂ ਸੰਕ੍ਰਮਿਤ ਹੋਣ ਤੋਂ ਬਚੀ ਰਹਾਂਗੀ...'' 40 ਸਾਲਾ ਫ਼ਾਤਿਮਾ ਕਹਿੰਦੀ ਹਨ।






















