ਮੈਂ ਪਨਾਮਿਕ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸੌ ਤੋਂ ਵੱਧ ਲੋਕਾਂ ਨੂੰ ਕੋਵਿਡ-19 ਵੈਕਸੀਨ ਲਵਾਏ ਜਾਣ ਲਈ ਉਡੀਕ ਕਰਦੇ ਦੇਖਿਆ। 11 ਅਗਸਤ ਦਾ ਦਿਨ ਸੀ। ਕੀ ਇਹ ਕੇਂਦਰ ਵੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਮੌਜੂਦ ਹਜ਼ਾਰਾਂ ਟੀਕਾ-ਕੇਂਦਰਾਂ ਵਾਂਗ ਹੈ ਜਿੱਥੇ ਲੱਖਾਂ ਲੋਕ ਉਡੀਕ ਕਰਦੇ ਹਨ? ਨਾ ਬਿਲਕੁਲ ਵੀ ਨਹੀਂ। ਲੇਹ ਦੇ ਪਨਾਮਿਕ ਬਲਾਕ ਅੰਦਰ ਸਭ ਤੋਂ ਵੱਧ ਉੱਚਾਈ 'ਤੇ ਸਥਿਤ ਥਾਂ ਸਮੁੰਦਰ ਤਲ ਤੋਂ 19,901 ਫੁੱਟ ਉੱਚਾਈ 'ਤੇ ਹੈ। ਹਾਲਾਂਕਿ, ਇਸੇ ਨਾਮ ਦੇ ਮੁੱਖ ਪਿੰਡ (ਦੂਸਰਾ ਪਨਾਮਿਕ) ਦੀ ਉੱਚਾਈ ਹਜ਼ਾਰਾਂ ਫੁੱਟ ਘੱਟ ਹੈ। ਪਰ ਕਰੀਬ 11,000 ਫੁੱਟ ਦੀ ਉੱਚਾਈ 'ਤੇ ਹੁੰਦੇ ਹੋਏ ਵੀ ਇਹ ਪ੍ਰਾਇਮਰੀ ਸਿਹਤ ਕੇਂਦਰ, ਅਜੇ ਵੀ ਦੇਸ਼ ਵਿੱਚ ਸਭ ਤੋਂ ਵੱਧ ਉੱਚਾਈ 'ਤੇ ਸਥਿਤ ਵੈਕਸੀਨੇਸ਼ਨ ਕੇਂਦਰਾਂ ਵਿੱਚੋਂ ਇੱਕ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਬਹੁਤੇਰਿਆਂ ਹਿੱਸਿਆਂ ਤੱਕ ਕੋਵਿਡ-19 ਵੈਕਸੀਨ ਲਿਆਉਣਾ ਅਤੇ ਉਨ੍ਹਾਂ ਨੂੰ ਸਟੌਕ ਕਰਕੇ ਰੱਖਣਾ ਕਾਫ਼ੀ ਵੱਡੀ ਗੱਲ ਹੈ। ਦੂਰ-ਦੁਰਾਡੇ ਇਲਾਕਿਆਂ ਤੋਂ ਲੋਕਾਂ ਨੂੰ ਕੇਂਦਰ ਵਿਖੇ ਵੈਕਸੀਨ ਲਵਾਉਣ ਲਈ ਪਹੁੰਚਣ ਵਿੱਚ ਦਰਪੇਸ਼ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਚਾਹੀਦਾ ਹੈ।
ਇਸ ਕੇਂਦਰ ਦੀ ਵਿਲੱਖਣ ਉੱਚਾਈ ਤੋਂ ਇਲਾਵਾ ਹੋਰ ਵੀ ਕਾਫ਼ੀ ਕੁਝ ਧਿਆਨ ਦੇਣ ਯੋਗ ਹੈ। ਹਾਂ ਇਹ ਕੇਂਦਰ ਅਸਧਾਰਣ ਉੱਚਾਈ 'ਤੇ ਸਥਿਤ ਹੈ। ਲੇਹ ਵਿੱਚ ਸਿਆਚੀਨ ਗਲੇਸ਼ੀਅਰ ਦੇ ਬੇਹੱਦ ਨੇੜੇ ਸਥਿਤ ਇਸ ਪ੍ਰਾਇਮਰੀ ਸਿਹਤ ਕੇਂਦਰ ਵੱਲੋਂ ਇੱਕ ਦਿਨ ਵਿੱਚ ਸੈਨਾ ਦੇ 250 ਜਵਾਨਾਂ ਨੂੰ ਵੈਕਸੀਨ ਦਾ ਡੋਜ਼ ਲਾ ਕੇ ਇੱਕ ਅਨੋਖਾ ਰਿਕਾਰਡ ਵੀ ਦਰਜ ਕੀਤਾ ਹੈ। ਉਹ ਸਾਰਾ ਕੁਝ ਨਾਮਾਤਰ ਇੰਟਰਨੈੱਟ ਕੁਨੈਕਟੀਵਿਟੀ ਅਤੇ ਖਸਤਾ ਹਾਲਤ ਸੰਚਾਰ ਪ੍ਰਣਾਲੀ ਦੇ ਹੁੰਦੇ ਹੋਏ ਦਰਜ਼ ਹੋਇਆ। ਲਾਜ਼ਮੀ ਸੁਵਿਧਾਵਾਂ ਦੀ ਇਸ ਕਿਲੱਤ ਦੇ ਚੱਲਦਿਆਂ, ਲੱਦਾਖ ਵਿੱਚ ਸਥਿਤ ਕੁਝ ਹੋਰਨਾਂ ਕੇਂਦਰਾਂ ਵਾਂਗ ਪਨਾਮਿਕ ਸਥਿਤ ਇਸ ਪ੍ਰਾਇਮਰੀ ਸਿਹਤ ਕੇਂਦਰ ਨੇ ਵੀ ਵੈਕਸੀਨੇਸ਼ਨ ਡ੍ਰਾਈਵ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ।
ਪਰ ਲੇਹ ਕਸਬੇ ਤੋਂ ਕਰੀਬ 140 ਕਿਲੋਮੀਟਰ ਦੂਰ ਇਸ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਬਗ਼ੈਰ ਇੰਟਰਨੈੱਟ ਕਿਵੇਂ ਸਾਰੇ ਕਾਸੇ ਦਾ ਪ੍ਰਬੰਧ ਕੀਤਾ ਜਾਂਦਾ ਹੈ? ਇੱਥੋਂ ਦੇ ਕੋਲਡ ਚੇਨ ਸੰਚਾਲਕ ਸੇਰਿੰਗ ਅੰਚੋਕ ਦੀਆਂ ਗੱਲਾਂ ਤੋਂ ਇਹ ਸਾਰਾ ਕੁਝ ਬੇਹੱਦ ਆਸਾਨ ਜਾਪਿਆ। ਉਹ ਕਹਿੰਦੇ ਹਨ,''ਇਹ ਕੋਈ ਮੁਸ਼ਕਲ ਕੰਮ ਨਹੀਂ ਹੈ। ਅਸੀਂ ਬੱਸ ਥੋੜ੍ਹਾ ਧੀਰਜ ਤੋਂ ਕੰਮ ਲਿਆ। ਘੰਟਿਆਂ-ਬੱਧੀ ਕੰਮੀਂ ਲੱਗੇ ਰਹੇ ਅਤੇ ਅਖ਼ੀਰ ਅਸੀਂ ਆਪਣੇ ਕੰਮ ਵਿੱਚ ਸਫ਼ਲ ਰਹੇ।'' ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਲੋਕਾਂ ਨੇ ਬੇਹੱਦ ਖ਼ਰਾਬ ਇੰਟਰਨੈੱਟ ਕੁਨੈਕਸ਼ਨ ਦੇ ਕਾਰਨ ਉਸ ਕੰਮ ਵਿੱਚ ਆਪਣੇ ਦਿਨ ਦੇ ਕਈ ਘੰਟੇ ਲਾਏ ਜਿਸ ਕੰਮ ਨੂੰ ਬਾਕੀ ਥਾਏਂ ਕਰਨ ਵਿੱਚ ਸਿਰਫ਼ ਕੁਝ ਮਿੰਟ ਹੀ ਲੱਗਦੇ ਸਨ ਅਤੇ ਵੈਕਸੀਨ ਲਾਉਣ ਦੀ ਅਸਲ ਪ੍ਰਕਿਰਿਆ ਵਿੱਚ ਤਾਂ ਹੋਰ ਵੀ ਵੱਧ ਸਮਾਂ ਲੱਗਿਆ।























