ਇਮਲੀ ਦੇ ਵੱਡੇ ਵੱਡੇ ਪੇੜਾਂ ਦਰਮਿਆਨ ਖੁੱਲੇ ਆਕਾਸ਼ ਹੇਠ ਲੱਗੀ ਇਕ ਵਰਕਸ਼ਾਪ ਵਿਚ ਬੈਠਾ ਮਨੀਰਾਮ ਮਾਂਡਵੀ ਇਕ ਬੰਸਰੀ ਦੀ ਨੋਕ ਘੜ ਰਿਹਾ ਹੈ ਜੋ ਹਵਾ ਭਰਨ ਲਈ ਹੁੰਦੀ ਹੈ ਪਰ ਨਾਲ ਹੀ ਇਹ ਜਾਨਵਰਾਂ ਨੂੰ ਡਰਾ ਕੇ ਦੂਰ ਖਦੇੜਨ ਲਈ ਵੀ ਵਰਤੀ ਜਾਂਦੀ ਹੈ। 42 ਸਾਲਾ ਮਨੀਰਾਮ ਆਪਣੀ ਜਵਾਨੀ ਦੇ ਦਿਨਾਂ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ‘‘ ਜੰਗਲ ਵਿਚ ਸ਼ੇਰ, ਚੀਤੇ ਤੇ ਰਿੱਛ ਹੁੰਦੇ ਸਨ ਪਰ ਜੇ ਤੁਸੀਂ ਇਸ (ਬੰਸਰੀ) ਨੂੰ ਘੁਮਾ ਦੇਵੋ ਤਾਂ ਉਹ ਤੁਹਾਡੇ ਨੇੜੇ ਨਹੀਂ ਆਉਂਦੇ ਸਨ।’’
ਉਹ ਬਾਂਸ ਦੇ ਇਸ ਯੰਤਰ ਨੂੰ ਝੂਲਦੀ ਬੰਸਰੀ ਜਾਂ ਛੱਤੀਸਗੜ੍ਹੀ ਜ਼ੁਬਾਨ ਵਿਚ ਸੁੱਕੜ ਬੰਸਰੀ ਕਹਿੰਦਾ ਹੈ। ਆਮ ਬੰਸਰੀ ਵਾਂਗ ਇਸ ਦਾ ਮੂੰਹ ਨਹੀਂ ਹੁੰਦਾ, ਸਿਰਫ਼ ਦੋ ਛੇਕ ਹੁੰਦੇ ਹਨ ਜਿਨਾਂ ਨੂੰ ਹਵਾ ’ਚ ਲਹਿਰਾਉਣ ਨਾਲ ਇਸ ’ਚੋਂ ਧੁਨ ਪੈਦਾ ਹੁੰਦੀ ਹੈ।
ਮਨੀਰਾਮ ਨੂੰ ਇਕ ਬੰਸਰੀ ਬਣਾਉਣ ’ਚ ਇਕ ਦਿਨ ਲੱਗ ਜਾਂਦਾ ਹੈ ਤੇ ਇਸ ਦੇ ਉਸ ਨੂੰ ਨੇੜਲੀ ਕਿਸੇ ਵਰਕਸ਼ਾਪ ਵਿਚ ਜਾਂ ਦਸਤਕਾਰ ਅਦਾਰੇ ਵਲੋਂ 50 ਰੁਪਏ ਮਿਲਦੇ ਹਨ। ਗਾਹਕ ਨੂੰ ਇਹੀ ਬੰਸਰੀ ਘੱਟੋਘੱਟ 300 ਰੁਪਏ ’ਚ ਮਿਲਦੀ ਹੈ।
ਮਨੀਰਾਮ ਸਬੱਬੀਂ ਆਪਣੇ ਉਸਤਾਦ ਬੰਸਰੀ ਘਾੜੇ ਮੰਦਰ ਸਿੰਘ ਮਾਂਡਵੀ ਦੇ ਸੰਪਰਕ ਵਿਚ ਆਇਆ ਸੀ ਜਿਸ ਨੇ ਤਿੰਨ ਦਹਾਕੇ ਪਹਿਲਾਂ ਉਸ ਨੂੰ ਬੰਸਰੀ ਘੜਨ ਦੀ ਕਲਾ ਸਿਖਾਈ ਸੀ। ਉਸ ਨੇ ਦੱਸਿਆ,‘‘ਮੈਂ 15 ਸਾਲਾਂ ਦਾ ਸੀ ਜਦੋਂ ਬਾਲਣ ਲਈ ਜੰਗਲ ’ਚੋਂ ਲੱਕੜਾਂ ਇਕੱਠੀਆਂ ਕਰਨ ਗਿਆ ਹੋਇਆ ਸੀ ਤੇ ਉਨਾਂ ਮੈਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ‘ਕੀ ਮੈਂ ਸਕੂਲ ਨਹੀਂ ਜਾਂਦਾ। ਆ ਮੈਂ ਤੈਨੂੰ ਕੁਝ ਬਣਾਉਣਾ ਸਿਖਾਉਂਦਾ ਹਾਂ’।’’ ਇਸ ਲਈ ਮਨੀਰਾਮ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਤੇ ਉਸ ਨੇ ਉਸਤਾਦ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।




