''ਜਦੋਂ ਮੈਂ ਛੋਟਾ ਹੁੰਦਾ ਸਾਂ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਸਾਡਾ ਦੀਪ ਇੱਕ ਵੱਡੇ ਮੂੰਗੇ ਦੀ ਚੱਟਾਨ 'ਤੇ ਬਣਿਆ ਹੈ। ਇਹਦੇ ਹੇਠਾਂ ਮੂੰਗਾ ਹੈ ਜਿਹਨੇ ਸਾਡੇ ਦੀਪ ਨੂੰ ਫੜ੍ਹਿਆ ਹੋਇਆ ਹੈ ਅਤੇ ਸਾਡੇ ਆਸਪਾਸ ਇੱਕ ਖਾੜੀ (ਲੈਗੂਨ) ਹੈ ਜੋ ਸਾਨੂੰ ਮਹਾਸਾਗਰ ਤੋਂ ਬਚਾਉਂਦੀ ਹੈ,'' ਬਿਤਰਾ ਦੀਪ 'ਤੇ ਰਹਿਣ ਵਾਲ਼ੇ 60 ਸਾਲਾ ਮਛੇਰੇ, ਬੀ ਹੈਦਰ ਕਹਿੰਦੇ ਹਨ।
''ਬਚਪਨ ਦੇ ਦਿਨੀਂ ਜਵਾਰ ਲੱਥਦਿਆਂ ਅਸੀਂ ਮੂੰਗੇ ਨੂੰ ਦੇਖ ਪਾਉਂਦੇ ਹੁੰਦੇ ਸਾਂ। ਇਹ ਬਹੁਤ ਰੂਪਮਤਾ ਸੀ। ਹੁਣ ਉਨ੍ਹਾਂ ਵਿੱਚੋਂ ਬਹੁਤਾ ਕੁਝ ਬਚਿਆ ਨਹੀਂ ਹੈ। ਪਰ ਵੱਡੀਆਂ ਲਹਿਰਾਂ ਤੋਂ ਆਪਣੇ ਦੀਪ ਨੂੰ ਬਚਾਉਣ ਵਾਸਤੇ ਸਾਨੂੰ ਇਨ੍ਹਾਂ ਮੂੰਗਾ ਚੱਟਾਨਾਂ ਦੀ ਲੋੜ ਹੈ।''
ਲਕਸ਼ਦੀਪ ਦੇ ਟਾਪੂਆਂ ਦੀਆਂ ਕਹਾਣੀਆਂ, ਕਲਪਨਾਵਾਂ, ਜੀਵਨ, ਰੋਜ਼ੀਰੋਟੀ ਅਤੇ ਵਾਤਾਵਰਣਕ ਤੰਤਰ ਦਾ ਕੇਂਦਰੀ ਧੁਰਾ ਹੈ ਮੂੰਗਾ... ਜੋ ਹੌਲ਼ੀ-ਹੌਲ਼ੀ ਮੁੱਕਦਾ ਜਾ ਰਿਹਾ ਹੈ। ਉਹਦੇ ਮੁੱਕਣ ਦੇ ਨਾਲ਼ ਹੀ ਕੁਝ ਅਜਿਹੀਆਂ ਤਬਦੀਲੀਆਂ (ਵਾਤਾਵਰਣ ਵਿੱਚ) ਵੀ ਹੋ ਰਹੀਆਂ ਹਨ ਜਿਨ੍ਹਾਂ ਨੂੰ ਇੱਥੋਂ ਦੇ ਮਛੇਰੇ ਦਹਾਕਿਆਂ ਤੋਂ ਦੇਖ, ਸਮਝ ਅਤੇ ਝੱਲ ਰਹੇ ਹਨ।
''ਸਿੱਧੀ ਸਪਾਟ ਗੱਲ ਹੈ... ਕੁਦਰਤ ਬਦਲ ਗਈ ਹੈ,'' ਅਗੱਤੀ ਦੀਪ ਦੇ 61 ਸਾਲਾ ਮਛੇਰੇ ਮੁਨਿਯਾਮਿਨ ਕੇ.ਕੇ. ਦੱਸਦੇ ਹਨ, ਜਿਨ੍ਹਾਂ ਨੇ 22 ਸਾਲ ਦੀ ਉਮਰੇ ਹੀ ਮੱਛੀ ਫੜ੍ਹਨੀ ਸ਼ੁਰੂ ਕਰ ਦਿੱਤੀ ਸੀ। ''ਉਨ੍ਹੀਂ ਦਿਨੀਂ, ਮਾਨਸੂਨ ਸਹੀ ਸਮੇਂ (ਜੂਨ ਵਿੱਚ) ਆ ਜਾਂਦਾ ਸੀ ਪਰ ਅੱਜ ਮਾਨਸੂਨ ਦੇ ਆਉਣ ਬਾਰੇ ਕਿਆਸ ਹੀ ਨਹੀਂ ਲਾ ਸਕਦੇ। ਇਨ੍ਹੀਂ ਦਿਨੀਂ ਮੱਛੀਆਂ ਘੱਟ ਗਈਆਂ ਹਨ। ਉਦੋਂ ਮੱਛੀਆਂ ਫੜ੍ਹਨ ਬਹੁਤੀ ਦੂਰ ਨਹੀਂ ਸੀ ਜਾਣਾ ਪੈਂਦਾ, ਮੱਛੀਆਂ ਝੁੰਡ ਬਣਾ ਕੇ ਨੇੜੇ ਤੇੜੇ ਹੀ ਰਹਿੰਦੀਆਂ ਸਨ। ਪਰ ਹੁਣ ਮੱਛੀਆਂ ਦੀ ਭਾਲ਼ ਵਿੱਚ ਗਏ ਲੋਕ ਕਈ ਕਈ ਦਿਨ ਹੀ ਨਹੀਂ ਕਈ ਕਈ ਹਫ਼ਤਿਆਂ ਤੱਕ ਗਾਇਬ ਰਹਿੰਦੇ ਹਨ।''
ਕੇਰਲ ਦੇ ਤਟ ਤੋਂ ਅਗਾਂਹ ਅਰਬ ਸਾਗਰ ਵਿੱਚ ਸਥਿਤ ਭਾਰਤ ਦੇ ਸਭ ਤੋਂ ਛੋਟੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਵਿੱਚ ਅਗੱਤੀ ਅਤੇ ਬਿਤਰਾ ਦਰਮਿਆਨ ਦੂਰੀ ਤੈਅ (ਬੇੜੀ ਰਾਹੀਂ) ਕਰਨ ਵਿੱਚ ਸੱਤ ਘੰਟੇ ਲੱਗਦੇ ਹਨ ਜਿੱਥੇ ਸਭ ਤੋਂ ਮਾਹਰ ਮਛੇਰੇ ਰਹਿੰਦੇ ਹਨ। ਮਲਿਆਲਮ ਅਤੇ ਸੰਸਕ੍ਰਿਤ ਦੋਵਾਂ ਭਾਸ਼ਾਵਾਂ ਵਿੱਚ 'ਲਕਸ਼ਦੀਪ' ਦਾ ਮਤਲਬ ਹੈ ਇੱਕ ਲੱਖ ਦੀਪ। ਪਰ ਸਾਡੇ ਦੌਰ ਦੀ ਹਕੀਕਤ ਇਹ ਹੈ ਕਿ ਹੁਣ ਇੱਥੇ ਸਿਰਫ਼ 36 ਦੀਪ ਹੀ ਹਨ ਜੋ ਕੁੱਲ 32 ਵਰਗ ਕਿਲੋਮੀਟਰ ਇਲਾਕੇ ਵਿੱਚ ਫ਼ੈਲੇ ਹੋਏ ਹਨ। ਹਾਲਾਂਕਿ, ਇਨ੍ਹਾਂ ਦੀਪ-ਸਮੂਹਾਂ ਦਾ ਪਾਣੀ 400,000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਸਮੁੰਦਰੀ ਜੀਵਨ ਅਤੇ ਵਸੀਲਿਆਂ ਨਾਲ਼ ਲਬਰੇਜ਼ ਹੈ।
ਇੱਕ ਜ਼ਿਲ੍ਹੇ ਵਾਲ਼ੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹਰ ਸੱਤਵਾਂ ਵਿਅਕਤੀ ਮਛੇਰਾ ਹੈ ਭਾਵ ਕਿ 64,500 ਦੀ ਵਸੋਂ (ਮਰਦਮਸ਼ੁਮਾਰੀ 2011 ਮੁਤਾਬਕ) ਵਿੱਚੋਂ 9,000 ਲੋਕੀਂ ਇਸੇ ਪੇਸ਼ੇ ਨਾਲ਼ ਸਬੰਧਤ ਹਨ।






