ਜੀਵ-ਵਿਗਿਆਨ ਦੀ ਅਧਿਆਪਕਾ ਦੱਸ ਰਹੀ ਹਨ ਕਿ ਕਿਵੇਂ ਕ੍ਰੋਮੋਜ਼ੋਮ (Cromosomes) ਮਨੁੱਖਾਂ ਵਿੱਚ ਲਿੰਗ ਨਿਰਧਾਰਿਤ ਕਰਦੇ ਹਨ ਅਤੇ ਸਾਰੀ ਜਮਾਤ ਧਿਆਨ ਨਾਲ ਸੁਣ ਰਹੀ ਹੈ। “ਔਰਤਾਂ ਵਿੱਚ ਦੋ X ਕ੍ਰੋਮੋਜ਼ੋਮ ਹੁੰਦੇ ਹਨ ਜਦਕਿ ਮਰਦਾਂ ਵਿੱਚ X ਅਤੇ Y ਕ੍ਰੋਮੋਜ਼ੋਮ ਹੁੰਦੇ ਹਨ। ਜੇ XX ਕ੍ਰੋਮੋਜ਼ੋਮ ਇੱਕ Y ਕ੍ਰੋਮੋਜ਼ੋਮ ਨਾਲ ਮਿਲ਼ ਜਾਣ ਤਾਂ ਅਜਿਹਾ ਵਿਅਕਤੀ ਪੈਦਾ ਹੁੰਦਾ ਹੈ,” ਅਧਿਆਪਕਾ ਇੱਕ ਵਿਦਿਆਰਥੀ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹਨ। ਜਦੋਂ ਉਹ ਵਿਦਿਆਰਥੀ ਅਜੀਬ ਜਿਹੇ ਤਰੀਕੇ ਨਾਲ਼ ਖ਼ੜ੍ਹਾ ਹੋਣ ਲੱਗਦਾ ਹੈ ਤਾਂ ਸਾਰੀ ਜਮਾਤ ਹੱਸਣ ਲੱਗਦੀ ਹੈ।
ਇਹ ‘ਸੰਦਾਕਾਰੰਗਾ’(ਲੜ੍ਹਨ ਦਾ ਦ੍ਰਿੜ ਸੰਕਲਪ) ਦਾ ਸ਼ੁਰੂਆਤੀ ਦ੍ਰਿਸ਼ ਹੈ ਜੋ ਦੁਵਲੰਗੀ ਭਾਈਚਾਰੇ ’ਤੇ ਅਧਾਰਿਤ ਇੱਕ ਨਾਟਕ ਹੈ। ਨਾਟਕ ਦਾ ਪਹਿਲਾ ਹਿੱਸਾ ਇੱਕ ਬੱਚੇ ਦੁਆਰਾ ਆਪਣੀ ਜਮਾਤ ਵਿੱਚ ਸਮਾਜਿਕ ਨਿਰਧਾਰਿਤ ਲਿੰਗਿਕ ਭੂਮਿਕਾਵਾਂ ਦੇ ਅਨੁਕੂਲ ਨਾ ਹੋਣ ’ਤੇ ਸਹਿਣ ਕੀਤੇ ਜਾਂਦੇ ਅਪਮਾਨ ਅਤੇ ਮਜ਼ਾਕ ਬਾਰੇ ਗੱਲ ਕਰਦਾ ਹੈ ਅਤੇ ਦੂਜਾ ਹਿੱਸਾ ਹਿੰਸਾਗ੍ਰਸਤ ਦੁਵਲੰਗੀ ਆਦਮੀਆਂ ਅਤੇ ਦੁਵਲੰਗੀ ਔਰਤਾਂ ਦੇ ਜੀਵਨ ’ਤੇ ਚਾਣਨਾ ਪਾਉਂਦਾ ਹੈ।
ਦਿ ਟਰਾਂਸ ਰਾਈਟ ਨਾਓ ਕਲੈਕਟਿਵ (TRNC) ਪੂਰੇ ਭਾਰਤ ਵਿੱਚ ਦਲਿਤ, ਬਹੁਜਨ ਅਤੇ ਆਦਿਵਾਸੀ ਦੁਵਲੰਗੀ ਲੋਕਾਂ ਦੀ ਅਵਾਜ਼ ਨੂੰ ਕੇਂਦਰ ਵਿੱਚ ਰੱਖਦਾ ਹੈ। ਇਹਨਾਂ ਨੇ ਸੰਦਾਕਰੰਗਾ ਦਾ ਪਹਿਲਾ ਪ੍ਰਦਰਸ਼ਨ 23 ਨਵੰਬਰ 2022 ਵਿੱਚ ਚੇੱਨਈ, ਤਾਮਿਲਨਾਡੂ ਵਿਖੇ ਪੇਸ਼ ਕੀਤਾ ਸੀ। ਇੱਕ ਘੰਟੇ ਦਾ ਇਹ ਨਾਟਕ ਨੌਂ ਦੁਵਲੰਗੀ ਵਿਅਕਤੀਆਂ ਦੇ ਇੱਕ ਸਮੂਹ ਦੁਆਰਾ ਨਿਰਦੇਸ਼ਤ, ਨਿਰਮਿਤ ਅਤੇ ਪ੍ਰਦਰਸ਼ਤ ਕੀਤਾ ਜਾਂਦਾ ਹੈ।
“ਮਰ ਚੁੱਕੇ ਦੁਵਲੰਗੀ ਵਿਅਕਤੀਆਂ ਦੀ ਯਾਦ ਵਿੱਚ 20 ਨਵੰਬਰ ਨੂੰ ਅੰਤਰਰਾਸ਼ਟਰੀ ਯਾਦਗਾਰੀ ਦੁਵਲੰਗੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਹਨਾਂ ਦੀ ਜ਼ਿੰਦਗੀ ਸੌਖ਼ੀ ਨਹੀ ਹੈ, ਕਿਉਂਕਿ ਇਹਨਾਂ ਨੂੰ ਅਕਸਰ ਆਪਣੇ ਪਰਿਵਾਰਾਂ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਅਤੇ ਸਮਾਜ ਦੁਆਰਾ ਅਸਵੀਕਾਰ ਕੀਤਾ ਜਾਂਦਾ ਹੈ। ਕਈਆਂ ਨੂੰ ਜਾਂ ਤਾਂ ਕਤਲ਼ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਹ ਖ਼ੁਦਕੁਸ਼ੀ ਕਰ ਕੇ ਮਰ ਜਾਂਦੇ ਹਨ,” TRNC ਦੀ ਸੰਸਥਾਪਕ ਗ੍ਰੇਸ ਬਾਨੂ ਦੱਸਦੀ ਹਨ।




























