ਗੋਸਵਾਮੀ ਦੱਸਦੇ ਹਨ,''ਨਸਬੰਦੀ ਦੀ ਪ੍ਰਕਿਰਿਆ ਦੇ ਸਾਰੇ ਤਿੰਨ ਪੜਾਵਾਂ ਵਿੱਚ ਚੀਰਾ ਲਾਉਣਾ, ਉਹਨੂੰ ਬੰਦ ਕਰਨਾ ਅਤੇ ਲੈਪ੍ਰੋਸਕੋਪਿਕ ਯੰਤਰਾਂ ਦੇ ਨਾਲ਼ ਫੈਲੋਪਿਅਨ ਟਿਊਬ 'ਤੇ ਕੰਮ ਕਰਨਾ ਸ਼ਾਮਲ ਹੁੰਦਾ ਹੈ, ਨਾਲ਼ ਹੀ ਇਹਦੇ ਲਈ ਰੌਸ਼ਨੀ ਦਾ ਢੁੱਕਵਾਂ ਬੰਦੋਬਸਤ ਹੋਣਾ ਬੇਹੱਦ ਲਾਜ਼ਮੀ ਹੈ।'' ਦਿਨ ਢਲਣ ਦੇ ਨਾਲ਼-ਨਾਲ਼ ਬਾਹਰ ਰੌਸ਼ਨੀ ਘੱਟਦੀ ਗਈ, ਤਾਂ ਕਮਰੇ ਅੰਦਰਲੀ ਰੌਸ਼ਨੀ ਵੀ ਕਾਫ਼ੀ ਨਹੀਂ ਲੱਗ ਰਹੀ ਸੀ ਪਰ ਕਿਸੇ ਨੇ ਵੀ ਉੱਥੇ ਮੌਜੂਦ ਐਂਮਰਜੈਂਸੀ ਲਾਈਟਾਂ ਨਹੀਂ ਜਗਾਈਆਂ।
ਪੰਜ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇੱਕ ਔਰਤ ਦੀ ਸਰਜਰੀ ਦੀ ਪ੍ਰਕਿਰਿਆ ਪੂਰੀ ਹੋ ਗਈ ਅਤੇ ਡਾਕਟਰ ਅਗਲੇ ਮੇਜ਼ 'ਤੇ ਚਲਾ ਗਿਆ। ਉਨ੍ਹਾਂ ਨੇ ਕਿਹਾ,''ਹੋ ਗਿਆ, ਡਨ!'' ਇਹ ਇਸ਼ਾਰਾ ਉੱਥੇ ਮੌਜੂਦ ਸਹਾਇਕ ਅਤੇ ਆਸ਼ਾ ਵਰਕਰ ਲਈ ਸੀ ਤਾਂਕਿ ਔਰਤ ਨੂੰ ਮੇਜ਼ ਦੇ ਹੇਠਾਂ ਉਤਰਣ ਵਿੱਚ ਮਦਦ ਕੀਤੀ ਜਾਵੇ ਅਤੇ ਅਗਲੇ ਸਮੂਹ ਨੂੰ ਸਰਜਰੀ ਲਈ ਤਿਆਰ ਰੱਖਿਆ ਜਾਵੇ।
ਨਾਲ਼ ਦੇ ਕਮਰੇ ਵਿੱਚ ਗੱਦੇ ਵਿਛਾ ਦਿੱਤੇ ਗਏ ਸਨ। ਪੀਲ਼ੀਆਂ ਕੰਧਾਂ 'ਤੇ ਸਲ੍ਹਾਬ ਦੇ ਕਈ ਦਾਗ਼ ਸਨ। ਸਾਹਮਣੇ ਦੇ ਬੂਹੇ ਦੇ ਕੋਲ਼ ਮੌਜੂਦ ਪਖ਼ਾਨੇ ਵਿੱਚੋਂ ਬਦਬੂਦਾਰ ਹਵਾੜ ਉੱਠ ਰਹੀ ਸੀ। ਸਰਜਰੀ ਦੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਨੇਹਾ ਨੂੰ ਲਿਟਾਉਣ ਲਈ ਲਿਆਂਦਾ ਗਿਆ, ਫਿਰ ਮਾਸਾ ਅਰਾਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਤੇ ਹੋਰਨਾਂ ਔਰਤਾਂ ਨੂੰ ਇੱਕ ਐਂਬੂਲੈਂਸ ਰਾਹੀਂ ਘਰ ਛੱਡਿਆ ਗਿਆ। ਅੱਧੇ ਘੰਟੇ ਮਗਰੋਂ ਜਦੋਂ ਉਹ ਐਂਬੂਲੈਂਸ 'ਤੇ ਚੜ੍ਹੀ, ਉਦੋਂ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਆਇਆ ਸੀ। ਉਹ ਆਂਸ਼ਕ ਰੂਪ ਨਾਲ਼ ਅਜੇ ਵੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੀ ਸਨ, ਕਿਉਂਕਿ ਇਹ ਸਾਰਾ ਕੁਝ ਬੜੀ ਜਲਦੀ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ਼ ਬੇਹੋਸ਼ ਹੋਣ ਤੱਕ ਨਹੀਂ ਉਡੀਕਿਆ ਗਿਆ।
ਜਦੋਂ ਉਹ ਆਪਣੀ ਸੱਸ ਦੇ ਨਾਲ਼ ਘਰ ਅਪੜੀ ਤਾਂ ਅਕਾਸ਼ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੀ ਸੱਸ ਵਿਅੰਗ ਕੱਸਦਿਆਂ ਕਹਿੰਦੀ ਹਨ,''ਪੁਰਸ਼ ਜਦੋਂ ਘਰ ਮੁੜਦੇ ਹਨ ਤਾਂ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਮਾਂ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਬੱਚੇ, ਉਨ੍ਹਾਂ ਦਾ ਕੁੱਤਾ ਉਡੀਕ ਕਰਦਾ ਹੋਇਆ ਮਿਲ਼ੇ, ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਚਾਹੁੰਦੇ।'' ਇਹਦੇ ਬਾਅਦ ਉਨ੍ਹਾਂ ਦੀ ਸੱਸ ਨੇਹਾ ਲਈ ਚਾਹ ਬਣਾਉਣ ਸਿੱਧੇ ਘਰ ਦੇ ਕੋਨੇ ਵਿੱਚ ਬਣੀ ਰਸੋਈ ਵਿੱਚ ਚਲੀ ਗਈ।
''ਟੀਕਾ ਲਾਉਣ ਤੋਂ ਬਾਅਦ ਵੀ ਦਰਦ ਹੋ ਰਿਹਾ ਸੀ,'' ਉਨ੍ਹਾਂ ਨੇ ਢਿੱਡ ਫੜ੍ਹ ਕੇ ਉਸ ਥਾਂ ਨੂੰ ਦਿਖਾਉਂਦਿਆਂ ਕਿਹਾ, ਜਿੱਥੇ ਪੱਟੀ ਦੇ ਚੌਰਸ ਟੁਕੜੇ ਨਾਲ਼ ਚੀਰੇ ਨੂੰ ਢੱਕਿਆ ਹੋਇਆ ਸੀ।
ਦੋ ਦਿਨ ਬਾਅਦ ਨੇਹਾ ਰਸੋਈ ਵਿੱਚ ਵਾਪਸ ਕੰਮ ਕਰਨ ਲੱਗੀ ਸਨ, ਪੈਰਾਂ ਭਾਰ ਬੈਠੀ, ਖਾਣਾ ਪਕਾਉਂਦੀ ਹੋਈ। ਪੱਟੀ ਅਜੇ ਵੀ ਥਾਵੇਂ ਲੱਗੀ ਹੋਈ ਸੀ, ਪੀੜ੍ਹ ਦੇ ਨਿਸ਼ਾਨਾਤ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਝਲਕ ਰਹੇ ਸਨ ਅਤੇ ਟਾਂਕਿਆਂ ਦਾ ਵੀ ਰਾਜ਼ੀ ਹੋਣਾ ਅਜੇ ਬਾਕੀ ਸੀ।
''ਪਰ ਝੰਜਟ ਖਤਮ (ਯੱਭ ਮੁੱਕਿਆ),'' ਉਨ੍ਹਾਂ ਨੇ ਕਿਹਾ।
ਪਾਰੀ (PARI) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ 'ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ