''ਏਕ ਮਿੰਟ ਭੀ ਲੇਟ ਨਹੀਂ ਹੋ ਸਕਤੇ ਵਰਨਾ ਹਮਾਰੀ ਕਲਾਸ ਲਗ ਜਾਏਗੀ'', ਰੀਤਾ ਨੇ ਕਿਹਾ ਜੋ ਲਖਨਾਊ ਛਾਊਣੀ ਦੇ ਵਿਧਾਨਸਭਾ ਹਲਕੇ ਦੇ ਮਹਾਨਗਰ ਪਬਲਿਕ ਇੰਟਰ ਕਾਲੇਜ ਵੱਲ ਛੋਹਲੇ ਪੈਰੀਂ ਜਿਵੇਂ ਉੱਡਦੀ ਹੀ ਜਾ ਰਹੀ ਸੀ। ਇਹ ਉਹ ਪੋਲਿੰਗ ਸਟੇਸ਼ਨ ਸੀ ਜਿੱਥੇ ਚੋਣਾਂ ਵਿੱਚ ਉਨ੍ਹਾਂ ਦੀ ਡਿਊਟੀ ਲੱਗੀ ਸੀ ਪਰ ਇਹ ਉਹ ਥਾਂ (ਪੋਲਿੰਗ ਸਟੇਸ਼ਨ) ਨਹੀਂ ਜਿੱਥੇ ਉਨ੍ਹਾਂ ਨੇ ਖ਼ੁਦ ਵੋਟ ਪਾਉਣੀ ਹੈ। ਇਹ ਕਾਲਜ ਉਨ੍ਹਾਂ ਦੇ ਘਰੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੈ।
ਸਵੇਰ ਦੇ 5:30 ਵਜੇ ਦਾ ਵੇਲ਼ਾ ਸੀ ਜਦੋਂ ਉਹ ਆਪਣੇ ਵੱਡੇ ਸਾਰੇ ਝੋਲ਼ੇ ਵਿੱਚ ਡਿਜੀਟਲ ਥਰਮਾਮੀਟਰ, ਸੈਨੀਟਾਈਜਰ ਦੀਆਂ ਬੋਤਲਾਂ, ਡਿਸਪੋਜ਼ਬਲ ਦਸਤਾਨਿਆਂ ਦੇ ਕਈ ਜੋੜੇ ਅਤੇ ਥਾਵੇਂ ਵੰਡਣ ਵਾਸਤੇ ਮਾਸਕ ਭਰੀ ਛੋਹਲੇ ਕਦਮ ਪੁੱਟਦਿਆਂ ਅੱਗੇ ਹੋਰ ਅੱਗੇ ਵੱਧਦੀ ਹੀ ਜਾ ਰਹੀ ਸਨ। 23 ਫਰਵਰੀ ਦਾ ਇਹ ਦਿਨ ਉਨ੍ਹਾਂ ਲਈ ਉਚੇਚੇ ਤੌਰ 'ਤੇ ਰੁਝੇਵੇਂ ਭਰਿਆ ਸੀ ਕਿਉਂਕਿ ਯੂਪੀ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ ਲਖਨਊ ਦੇ ਨੌ ਜ਼ਿਲ੍ਹਿਆਂ ਦੇ 58 ਹੋਰ ਚੋਣ ਹਲਕਿਆਂ ਵਿੱਚ ਵੋਟਾਂ ਪੈਣੀਆਂ ਸਨ।
ਉੱਤਰ ਪ੍ਰਦੇਸ਼ ਦੀਆਂ ਚੋਣਾਂ ਮੁਕੰਮਲ ਹੋਈਆਂ ਅਤੇ ਨਤੀਜਾ ਵੀ ਆ ਗਿਆ। ਪਰ ਔਰਤਾਂ ਦੇ ਇੱਕ ਵੱਡੇ ਸਾਰੇ ਦਲ ਦਾ ਨਤੀਜਾ ਆਉਣਾ ਬਾਕੀ ਹੈ ਜੋ ਕਿਸੇ ਵੇਲ਼ੇ ਵੀ ਸਾਹਮਣੇ ਆ ਸਕਦਾ ਹੈ-ਇੱਕ ਕਸ਼ਟਾਇਦਕ ਸਮਾਂ ਜੋ ਜੀਵਨ ਲਈ ਖ਼ਤਰਾ ਬਣ ਸਕਦਾ ਹੈ...ਜਿਸ ਵਿੱਚ ਜਿੱਤ ਨਹੀਂ ਹੋਣੀ ਸਗੋਂ ਉਨ੍ਹਾਂ ਦੀ ਉਨ੍ਹਾਂ ਦੇ ਜੀਵਨ ਦੀ ਹਾਰ ਵੀ ਹੋ ਸਕਦੀ ਹੈ। ਖ਼ਤਰਿਆਂ ਤੋਂ ਨਿਕਲ਼ਣ ਵਾਲ਼ਾ ਇੱਕ ਅਜਿਹਾ ਨਤੀਜਾ ਜਿਸ ਵਾਸਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਦੇ ਬਗ਼ੈਰ ਭਾਰਤ ਦੇ ਸਭ ਤੋਂ ਵੱਧ ਅਬਾਦੀ ਵਾਲ਼ੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਚਾਲਨ ਵਿੱਚ ਡਿਊਟੀ ਦੇਣ ਲਈ ਮਜ਼ਬੂਰ ਕੀਤਾ ਗਿਆ।
ਯੂਪੀ ਦੀਆਂ ਕੁੱਲ 163,407 ਆਸ਼ਾ ਵਰਕਰਾਂ ਨੂੰ ਪੋਲਿੰਗ ਬੂਥਾਂ 'ਤੇ ਡਿਊਟੀ ਦੇਣ ਲਈ ਮਜ਼ਬੂਰ ਕੀਤਾ ਗਿਆ- ਜਿਸ ਡਿਊਟੀ ਵਾਸਤੇ ਕੋਈ ਰਸਮੀ ਲਿਖਤੀ ਆਦੇਸ਼ ਤੱਕ ਨਹੀਂ ਦਿੱਤਾ ਗਿਆ। ਵਿਡੰਬਨਾ ਦੇਖੋ- ਪੋਲਿੰਗ ਬੂਥਾਂ 'ਤੇ ਉਨ੍ਹਾਂ ਕਾਮਿਆਂ (ਆਸ਼ਾ ਵਰਕਰਾਂ) ਨੇ ਸਾਫ਼-ਸਫ਼ਾਈ ਅਤੇ ਸਵੱਛਤਾ ਦਾ ਧਿਆਨ ਰੱਖਣਾ ਸੀ ਜਿਨ੍ਹਾਂ ਨੂੰ ਬਾਮੁਸ਼ਕਲ ਹੀ ਸਵੈ-ਸੁਰੱਖਿਆ ਲਈ ਕੋਈ ਉਪਕਰਣ ਦਿੱਤਾ ਗਿਆ ਹੋਵੇ। ਇਹ ਸਭ ਵੀ ਉਸ ਸੂਬੇ ਵਿੱਚ ਜੋ ਅਪ੍ਰੈਲ-ਮਈ 2021 ਨੂੰ ਕੋਵਿਡ-19 ਨਾਲ਼ ਹੋਈਆਂ ਤਕਰੀਬਨ 2,000 ਸਕੂਲੀ ਅਧਿਆਪਕਾਂ ਦੀ ਮੌਤ ਦਾ ਗਵਾਹ ਬਣਿਆ। ਉਸ ਸਾਲ (2021) ਅਪ੍ਰੈਲ ਨੂੰ ਜਦੋਂ ਮਹਾਂਮਾਰੀ ਆਪਣੇ ਸਿਖ਼ਰ 'ਤੇ ਸੀ, ਅਧਿਆਪਕਾਂ ਨੂੰ ਉਨ੍ਹਾਂ ਦੀ ਇੱਛਾ ਵਿਰੁੱਧ ਪੰਚਾਇਤੀ ਚੋਣਾਂ ਵਿੱਚ ਡਿਊਟੀ ਦੇਣ ਲਈ ਹੁਕਮ ਦਿੱਤੇ ਗਏ ਸਨ।










