1997 ਦਾ ਵਰ੍ਹਾ ਸੀ।
ਸੀਨੀਅਰ ਵੂਮਨ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਫ਼ਾਈਨਲ ਮੈਚ ਵਿੱਚ ਪੱਛਮੀ ਬੰਗਾਲ ਅਤੇ ਮਨੀਪੁਰ ਆਹਮੋ-ਸਾਹਮਣੇ ਸਨ। ਇਸ ਸਲਾਨਾ-ਇੰਟਰ-ਸਟੇਟ ਟੂਰਨਾਮੈਂਟ ਵਿੱਚ ਬੰਗਾਲ ਪਿਛਲੇ ਤਿੰਨ ਫ਼ਾਈਨਲਾਂ ਵਿੱਚ ਮਨੀਪੁਰ ਹੱਥੋਂ ਹਾਰ ਬੈਠਾ ਸੀ। ਇਸ ਤੋਂ ਬਾਅਦ ਵੀ ਹੁਣ ਫਿਰ ਤੋਂ ਉਹ (ਬੰਗਾਲ ਦੀਆਂ ਖਿਡਾਰਣਾਂ) ਆਪਣੀ ਪੀਲੀ ਅਤੇ ਮੈਰੂਨ ਜਰਸੀ ਪਾਈ ਤਣੀਆਂ ਖੜ੍ਹੀਆਂ ਸਨ। ਫੁੱਟਬਾਲਰ ਬੰਦਨਾ ਪਾੱਲ ਪੱਛਮੀ ਬੰਗਾਲ ਦੇ ਹਲਦਿਆ ਸ਼ਹਿਰ ਦੇ ਦੁਰਗਾਚਕ ਸਟੇਡੀਅਮ ਵਿਖੇ ਆਪਣੇ ਘਰੇਲੂ ਮੈਦਾਨ ਵਿੱਚ ਖੜ੍ਹੇ ਸਨ।
ਸੀਟੀ ਵੱਜੀ ਅਤੇ ਮੈਚ ਸ਼ੁਰੂ ਹੋ ਗਿਆ।
ਇਸ ਤੋਂ ਪਹਿਲਾਂ, ਇਸ 16 ਸਾਲਾ ਸਟਰਾਈਕਰ ਨੇ ਚੈਂਪੀਅਨਸ਼ਿਪ ਕੁਆਰਟਰ-ਫ਼ਾਈਨਲ ਮੈਚ ਦੌਰਾਨ ਹੈਟ-ਟ੍ਰਿਕ ਲਾਈ ਸੀ। ਉਸ ਮੈਚ ਵਿੱਚ ਪੱਛਮ ਬੰਗਾਲ ਨੇ ਗੋਆ ਨੂੰ ਹਰਾ ਦਿੱਤਾ, ਪਰ ਇਸ ਮੈਚ ਵਿੱਚ ਪਾੱਲ ਦੇ ਗਿੱਟੇ ਵਿੱਚ ਸੱਟ ਲੱਗ ਗਈ: ''ਬਾਵਜੂਦ ਇਹਦੇ ਮੈਂ ਸੈਮੀ-ਫ਼ਾਈਲਨ ਮੈਚਾਂ (ਪੰਜਾਬ ਖ਼ਿਲਾਫ਼) ਵਿੱਚ ਖੇਡਿਆ ਪਰ ਸ਼ਦੀਦ ਪੀੜ੍ਹ ਨਾਲ਼। ਉਸ ਦਿਨ ਜਦੋਂ ਅਸੀਂ ਫ਼ਾਈਨਲ ਵਿੱਚ ਪਹੁੰਚੇ ਤਾਂ ਮੈਂ ਖੜ੍ਹਾ ਵੀ ਨਹੀਂ ਹੋ ਪਾਇਆ।''
ਪੱਛਮੀ ਬੰਗਾਲ ਦੇ ਨੌਜਵਾਨ ਖਿਡਾਰੀ ਪਾੱਲ ਨੇ ਬੈਂਚ 'ਤੇ ਬਹਿ ਕੇ ਚੈਂਪੀਅਨਸ਼ਿਪ ਫ਼ਾਈਨਲ ਦੇਖਿਆ। ਮੈਚ ਦੇ ਕੁਝ ਅਖ਼ੀਰਲੇ ਮਿੰਟ ਬਾਕੀ ਸਨ ਅਤੇ ਕੋਈ ਵੀ ਟੀਮ ਗੋਲ਼ ਨਹੀਂ ਕਰ ਸਕੀ ਸੀ। ਪੱਛਮੀ ਬੰਗਾਲ ਦੀ ਕੋਚ, ਸ਼ਾਂਤੀ ਮਲਿਕ ਖ਼ੁਸ਼ ਨਹੀਂ ਸਨ। ਕਰੀਬ 12,000 ਸੀਟਾਂ ਵਾਲ਼ੇ ਇਸ ਸਟੇਡੀਅਮ ਵਿੱਚ ਦਰਸ਼ਕਾਂ ਦੀ ਭੀੜ ਵਿੱਚ ਰਾਜ ਦੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਵੀ ਬੈਠੇ ਮੈਚ ਦੇਖ ਰਹੇ ਸਨ, ਜੋ ਉਨ੍ਹਾਂ (ਕੋਚ) ਦਾ ਤਣਾਅ ਹੋਰ ਵਧਾ ਰਹੇ ਸਨ। ਮਲਿਕ ਨੇ ਪਾੱਲ ਨੂੰ ਤਿਆਰ ਰਹਿਣ ਲਈ ਕਿਹਾ। '''ਮੇਰੀ ਹਾਲਤ ਤਾਂ ਦੇਖੋ', ਮੈਂ ਉਨ੍ਹਾਂ ਨੂੰ ਦੱਸਿਆ। ਪਰ ਕੋਚ ਨੇ ਕਿਹਾ,'ਜੇ ਤੂੰ ਉੱਠ ਗਈ ਤਾਂ ਗੋਲ਼ ਪੱਕਾ ਹੋ ਹੀ ਜਾਣਾ। ਇਹ ਮੇਰੇ ਦਿਲ ਦੀ ਅਵਾਜ਼ ਹੈ,','' ਪਾੱਲ ਕਹਿੰਦੇ ਹਨ।
ਸੋ ਪੀੜ੍ਹ ਘਟਾਉਣ ਲਈ ਦੋ ਟੀਕੇ ਲਾਏ ਗਏ ਅਤੇ ਮੇਰੇ ਜ਼ਖ਼ਮ ਦੀ ਪੱਟੀ ਵੀ ਘੁੱਟ ਕੇ ਬੰਨ੍ਹ ਦਿੱਤੀ ਗਈ, ਪਾੱਲ ਨੇ ਤਿਆਰੀ ਕੱਸੀ ਅਤੇ ਉਡੀਕ ਕਰਨ ਲੱਗੇ। ਮੈਚ ਡ੍ਰਾਅ ਹੋ ਗਿਆ ਸੀ ਅਤੇ ਗੋਲਡਨ ਗੋਲ਼ ਵਾਸਤੇ ਵਾਧੂ ਸਮਾਂ ਦਿੱਤਾ ਗਿਆ, ਹੁਣ ਜਿਹੜੀ ਵੀ ਟੀਮ ਪਹਿਲਾਂ ਗੋਲ਼ ਕਰਦੀ ਚੈਂਪੀਅਨਸ਼ਿਪ ਦੀ ਜੇਤੂ ਮੰਨੀ ਜਾਣੀ ਸੀ।
''ਮੈਂ ਕ੍ਰਾਸਬਾਰ ‘ਤੇ ਨਿਸ਼ਾਨਾ ਲਾਇਆ ਅਤੇ ਬਾਲ (ਗੇਂਦ) ਜੇ ਪਾਸੇ ਨੂੰ ਬੁੜ੍ਹਕ ਗਈ। ਕੀਪਰ ਨੇ ਛਾਲ਼ ਮਾਰੀ। ਪਰ ਬਾਲ ਉਹਦੇ ਉੱਤੋਂ ਦੀ ਟੱਪੀ ਅਤੇ ਟਪੂਸੀ ਮਾਰ ਨੈਟ ਵਿੱਚ ਜਾ ਵੜ੍ਹੀ।''





















