ਰਾਮ ਵਾਕਚੌਰੇ ਆਪਣੇ ਘਰ ਦੇ ਨੇੜੇ ਪੈਂਦੇ ਬਜ਼ਾਰ ਤੋਂ ਹਰ ਸਵੇਰ 275 ਬੱਚਿਆਂ ਅਤੇ ਹੋਰਨਾਂ ਕਰਮੀਆਂ ਦੇ ਖਾਣੇ ਵਾਸਤੇ ਸਬਜ਼ੀਆਂ ਖਰੀਦਦੇ ਹਨ ਜਿਨ੍ਹਾਂ ਵਿੱਚ ਤਿੰਨ ਕਿਲੋ ਆਲੂ, ਫੁੱਲ ਗੋਭੀ, ਟਮਾਟਰ ਅਤੇ ਹੋਰ ਨਿੱਕਸੁੱਕ ਹੁੰਦਾ ਹੈ। ''ਮੈਨੂੰ ਹਰੇਕ ਸਬਜ਼ੀ ਦਾ ਭਾਅ ਪਤਾ ਹੈ। ਮੈਂ ਸਬਜ਼ੀਆਂ ਨਾਲ਼ ਭਰਿਆ ਝੋਲ਼ਾ ਮੋਟਰਸਾਈਕਲ 'ਤੇ ਟੰਗੀ ਹੀ ਸਕੂਲ ਪਹੁੰਚਦਾ ਹਾਂ,'' ਵਿਰਗਾਓਂ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਅਧਿਆਪਕ ਕਹਿੰਦੇ ਹਨ।
ਜੂਨ ਮਹੀਨੇ ਵਿੱਚ, ਅਹਿਮਦਨਗਰ ਦੇ ਅਕੋਲਾ ਤਾਲੁਕਾ ਦੇ ਕਲਸਗਾਓਂ ਵਿਖੇ ਰਹਿਣ ਵਾਲ਼ੇ 44 ਸਾਲਾ ਵਾਕਚੌਰੇ ਦਾ ਤਬਾਦਲਾ 20 ਕਿਲੋਮੀਟਰ ਦੂਰ, ਵਿਰਗਾਓਂ ਦੇ ਸਕੂਲ ਵਿੱਚ ਕਰ ਦਿੱਤਾ ਗਿਆ। ਉਹ ਕਲਸਗਾਓਂ ਦੇ ਪ੍ਰਾਇਮਰੀ ਸਕੂਲ ਵਿਖੇ 18 ਸਾਲਾਂ ਤੋਂ ਪੜ੍ਹਾ ਰਹੇ ਸਨ। ਹੁਣ, ਉਨ੍ਹਾਂ ਦਾ ਮੁੱਖ ਕੰਮ ਇਹ ਦੇਖਣਾ ਹੈ ਕਿ ਮਿਡ-ਡੇਅ-ਮੀਲ ਯੋਜਨਾ (ਪ੍ਰਾਇਮਰੀ ਸਿੱਖਿਆ ਵਾਸਤੇ ਰਾਸ਼ਟਰੀ ਪੋਸ਼ਣ ਪ੍ਰੋਗਰਾਮ ਦੇ ਤਹਿਤ) ਸਹੀ ਤਰੀਕੇ ਨਾਲ਼ ਲਾਗੂ ਹੁੰਦੀ ਹੋਵੇ।
''ਪ੍ਰਿੰਸੀਪਲ ਖ਼ੁਦ ਇੰਨਾ ਕੁਝ ਨਹੀਂ ਕਰ ਸਕਦੇ, ਇਸਲਈ ਉਨ੍ਹਾਂ ਨੇ ਆਪਣੀਆਂ ਜ਼ਿੰਮੇਦਾਰੀਆਂ ਵੰਡ ਦਿੱਤੀਆਂ ਹਨ,'' ਉਹ ਕਹਿੰਦੇ ਹਨ ਅਤੇ ਗੱਲਬਾਤ ਕਰਦਿਆਂ ਮਿਡ-ਡੇਅ-ਮੀਲ ਦੇ ਰਜਿਸਟਰ ਨੂੰ ਭਰਨ ਵਿੱਚ ਇੰਨੇ ਮਸ਼ਗੂਲ ਹਨ ਕਿ ਉਤਾਂਹ ਵੀ ਨਹੀਂ ਦੇਖ ਪਾਉਂਦੇ। ''ਸਰਕਾਰੀ ਨੌਕਰੀ ਤੁਹਾਨੂੰ ਸੁਰੱਖਿਆ ਤਾਂ ਦਿੰਦੀ ਹੈ, ਪਰ ਮੈਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਇੱਕ ਅਧਿਆਪਕ ਹਾਂ।''
ਵਾਕਚੌਰੇ ਦੀਆਂ ਇਹ ਸਿਲੇਬਸ ਤੋਂ ਹਟਵੀਂਆਂ ਗਤੀਵਿਧੀਆਂ ਕੋਈ ਅਲੋਕਾਰੀ ਗੱਲ ਨਹੀਂ- ਮਹਾਰਾਸ਼ਟਰ ਦੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿਖੇ ਅਧਿਆਪਕਾਂ ਨੂੰ ਅਕਸਰ ਗ਼ੈਰ-ਅਕਾਦਮਿਕ ਕੰਮਾਂ ਦੇ ਬੋਝ ਹੇਠ ਨੱਪੀ ਰੱਖਿਆ ਜਾਂਦਾ ਹੈ। ਇਹਦੇ ਕਾਰਨ ਕਰਕੇ ਉਨ੍ਹਾਂ ਨੂੰ ਪੜ੍ਹਾਉਣ ਦਾ ਸਮਾਂ ਮਿਲ਼ ਹੀ ਨਹੀਂ ਪਾਉਂਦਾ, ਉਹ ਕਹਿੰਦੇ ਹਨ।
ਵਿਰਗਾਓਂ ਦੇ ਸਕੂਲ ਵਿਖੇ, ਜਿੱਥੇ ਸੱਤਵੀਂ ਤੀਕਰ ਪੜ੍ਹਾਈ ਹੁੰਦੀ ਹੈ, ਵਾਕਚੌਰੇ ਦੇ 42 ਸਾਲਾ ਸਹਿਯੋਗੀ, ਸਾਬਾਜੀ ਦਾਤਿਰ ਕਹਿੰਦੇ ਹਨ ਕਿ ਇੱਕ ਅਕਾਦਮਿਕ ਵਰ੍ਹੇ (ਸੈਸ਼ਨ) ਦੌਰਾਨ ਸਾਨੂੰ 100 ਤੋਂ ਵੀ ਵੱਧ ਕੰਮ (ਗੈਰ-ਅਕਾਦਮਿਕ) ਦਿੱਤੇ ਜਾਂਦੇ ਹਨ। ਦਾਤਿਰ ਔਸਤਨ, ਇੱਕ ਹਫ਼ਤੇ ਵਿੱਚ 15 ਘੰਟੇ ਗੈਰ-ਅਕਾਦਮਿਕ ਕੰਮਾਂ ਨੂੰ ਕਰਨ ਵਿੱਚ ਬਿਤਾਉਂਦੇ ਹਨ। ''ਇਹ ਕੰਮ ਅਕਸਰ ਸਕੂਲ ਦੇ ਸਮੇਂ ਹੀ ਹੁੰਦੇ ਹਨ (ਦਿਨ ਦੇ ਚਾਰ ਘੰਟੇ)। ਜਿੰਨਾ ਸੰਭਵ ਹੋ ਸਕੇ ਅਸੀਂ ਇਨ੍ਹਾਂ ਕੰਮਾਂ ਨੂੰ ਸਕੂਲ ਤੋਂ ਬਾਅਦ ਵਾਲ਼ੇ ਸਮੇਂ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ,'' ਉਹ ਕਹਿੰਦੇ ਹਨ। ਜਦੋਂ ਦੋਵੇਂ ਕੰਮ ਇਕੱਠਿਆਂ ਹੀ ਆ ਜਾਂਦੇ ਹਨ ਤਾਂ ਸਾਨੂੰ ਨਾ ਚਾਹੁੰਦੇ ਹੋਇਆਂ ਵੀ ਗ਼ੈਰ-ਅਕਾਦਮਿਕ ਕੰਮਾਂ ਨੂੰ ਤਰਜੀਹ ਦੇਣੀ ਪੈਂਦੀ ਹੈ।









