22 ਸਾਲਾ ਮੀਨੂ ਸਰਦਾਰ ਜੋ ਪਿਛਲੇ 3 ਤੋਂ 4 ਸਾਲਾਂ ਤੋਂ ਸਿਹਤ ਸਮੱਸਿਆਵਾਂ ਨਾਲ਼ ਜੂਝਦੀ ਆਈ ਹਨ (ਮੀਨੂ ਜਿਹੀਆਂ ਕਈ ਔਰਤਾਂ ਬੀਮਾਰੀ ਤੋਂ ਪੀੜਤ ਰਹਿੰਦੀਆਂ ਹਨ)। 2021 ਦੀ ਗਰਮੀ ਦੀ ਇੱਕ ਸਵੇਰ ਪਾਣੀ ਭਰਨ ਲਈ ਹੇਠਾਂ ਉੱਤਰੀ, ਕਿਸੇ ਨੇ ਵੀ ਉਹਨੂੰ ਸੁਚੇਤ ਨਾ ਕੀਤਾ ਕਿ ਕੋਈ ਅਭੀ-ਨਭੀ ਹੋ ਸਕਦੀ ਸੀ। ਜਿਹੜੀ ਪੌੜੀ ਤਲਾਬ ਵੱਲ ਨੂੰ ਜਾਂਦੀ ਸੀ ਉਹ ਇੱਕ ਥਾਵੇਂ ਟੁੱਟੀ ਹੋਈ ਸੀ। ਮੀਨੂ ਦਾ ਪੈਰ ਫ਼ਿਸਲਿਆ ਅਤੇ ਉਹ ਰਿੜ੍ਹਦੀ ਗਈ ਰਿੜ੍ਹਦੀ ਗਈ ਅਤੇ ਮੂੰਹ ਪਰਨੇ ਜਾ ਡਿੱਗੀ।
''ਮੈਨੂੰ ਹਿੱਕ ਅਤੇ ਢਿੱਡ ਵਿੱਚ ਸ਼ਦੀਦ ਪੀੜ੍ਹ ਮਹਿਸੂਸ ਹੋਈ। ਮੇਰੀ ਯੋਨੀ ਵਿੱਚੋਂ ਲਹੂ ਰਿੱਸਣ ਲੱਗਿਆ। ਜਦੋਂ ਮੈਂ ਪੇਸ਼ਾਬ ਕਰਨ ਗਈ ਤਾਂ ਮੇਰੇ ਅੰਦਰੋਂ ਕੁਝ ਬਾਹਰ ਵੱਲ ਤਿਲ਼ਕਿਆ ਅਤੇ ਫ਼ਰਸ਼ 'ਤੇ ਡਿੱਗ ਗਿਆ। ਮੈਂ ਦੇਖਿਆ ਕਿ ਮਾਸ ਦਾ ਇੱਕ ਲੋਥੜਾ ਮੇਰੇ ਅੰਦਰੋਂ ਬਾਹਰ ਆਇਆ ਸੀ। ਮੈਂ ਪੂਰੇ ਹਿੱਸੇ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਪੂਰੇ ਲੋਥੜੇ ਨੂੰ ਬਾਹਰ ਨਾ ਖਿੱਚ ਸਕੀ।''
ਜਦੋਂ ਮੈਂ ਪਿੰਡ ਨੇੜਲੀ ਨਿੱਜੀ ਕਲੀਨਿਕ ਗਈ ਤਾਂ ਪਤਾ ਚੱਲਿਆ ਕਿ ਗਰਭਪਾਤ ਹੋਇਆ ਹੈ। ਮੀਨੂ ਜੋ ਕਿ ਇੱਕ ਲੰਬੀ, ਪਤਲੀ ਜਿਹੀ ਔਰਤ ਹੈ, ਇੰਨੀਆਂ ਚਿੰਤਾਵਾਂ ਦੇ ਬਾਵਜੂਦ ਚਿਹਰੇ 'ਤੇ ਮੁਸਕਾਨ ਖਿੰਡਾਈ ਖੜ੍ਹੀ ਹੈ। ਉਸ ਹਾਦਸੇ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਮਾਹਵਾਰੀ ਅਨਿਯਮਿਤ ਹੋ ਗਈ।
ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਗੋਸਾਬਾ ਬਲਾਕ ਵਿਖੇ ਪੈਂਦੇ ਮੀਨੂ ਦੇ ਪਿੰਡ ਦੀ ਅਬਾਦੀ ਕੋਈ 5,000 ਹੈ। ਝੋਨੇ ਦੇ ਵਿਸ਼ਾਲ ਖੇਤਾਂ ਅਤੇ ਸੁੰਦਰਬਨ ਦੇ ਮੈਂਗਰੋਵ ਜੰਗਲਾਂ ਨਾਲ਼ ਲਹਿਲਹਾਉਂਦਾ ਇਹ ਪਿੰਡ, ਗੋਸਾਬਾ ਬਲਾਕ ਦੇ ਕੁਝ ਉਨ੍ਹਾਂ ਅੰਦਰੂਨੀ ਇਲਾਕਿਆਂ ਵਿੱਚੋਂ ਇੱਕ ਹੈ ਜੋ ਸੜਕ ਨਾਲ਼ ਜੁੜੇ ਹੋਏ ਹਨ।
ਡਿੱਗਣ ਤੋਂ ਇੱਕ ਮਹੀਨੇ ਤੱਕ ਮੀਨੂ ਨੂੰ ਲਗਾਤਾਰ ਖ਼ੂਨ ਪੈਂਦਾ ਰਿਹਾ ਅਤੇ ਉਨ੍ਹਾਂ ਦੀ ਬੀਮਾਰੀ ਇੱਥੇ ਹੀ ਨਾ ਰੁਕੀ। ''ਸ਼ਰੀਰਕ ਸ਼ੌਂਪਰਕੋ ਇਤੇ ਬਠਾ ਕੋਰੇ (ਸੰਭੋਗ ਕਰਨਾ ਤਕਲੀਫ਼ਦੇਹ ਰਹਿੰਦਾ)। ਜਦੋਂ ਮੈਂ ਪੇਸ਼ਾਬ ਕਰਦੀ ਜਾਂ ਮਲ਼ ਤਿਆਗ ਕਰਨ ਲੱਗਿਆਂ ਹਲਕਾ ਜਿਹਾ ਵੀ ਜ਼ੋਰ ਲਾਉਂਦੀ ਤਾਂ ਇਓਂ ਮਹਿਸੂਸ ਹੁੰਦਾ ਜਿਓਂ ਮੇਰੀ ਦੇਹ ਦੇ ਲੰਗਾਰ ਲੱਥ ਗਏ ਹੋਣ ਅਤੇ ਜਦੋਂ ਮੈਂ ਭਾਰ ਚੁੱਕਦੀ ਤਾਂ ਲੱਗਦਾ ਜਿਵੇਂ ਮੇਰੀ ਬੱਚੇਦਾਨੀ ਬਾਹਰ ਤਿਲ਼ਕ ਰਹੀ ਹੋਵੇ,'' ਉਹ ਕਹਿੰਦੀ ਹਨ।











