ਜੁੜਵਾ ਬੱਚੇ ਨੇ, ਰੋਪੀ ਨੇ ਪ੍ਰਾਈਵੇਟ ਮੈਟਰਨਿਟੀ ਕਲੀਨਿਕ (ਨਿੱਜੀ ਜਣੇਪਾ ਕੇਂਦਰ) ਦੇ ਡਾਕਟਰ ਨੂੰ ਬੜੇ ਯਕੀਨ ਨਾਲ਼ ਕਿਹਾ-ਭਾਵੇਂ ਉਨ੍ਹਾਂ ਕੋਲ਼ ਆਪਣੇ ਕਥਨ ਦਾ ਹਵਾਲਾ ਦੇਣ ਵਾਸਤੇ ਕੋਈ ਅਲਟਰਾਸਾਊਂਡ ਰਿਪੋਰਟ ਤੱਕ ਵੀ ਨਹੀਂ ਸੀ।
ਰੋਪੀ ਮੰਨੂ ਬੇਟੇ ਕਰੀਬ ਦੋ ਸਾਲ ਪਹਿਲਾਂ ਦੀ ਇਸ ਘਟਨਾ ਨੂੰ ਬੜੇ ਚਸਕੇ ਲੈ ਕੇ ਅਤੇ ਮਜ਼ੇ ਨਾਲ਼ ਚੇਤੇ ਕਰਦੀ ਹਨ। ''ਕਾਨ ਮੇਂ ਵੋਹ ਲਗਾਯਾ (ਉਹਨੇ ਉਹ ਚੀਜ਼ ਕੰਨਾਂ 'ਤੇ ਲਗਾਈ ਹੋਈ ਸੀ),'' ਉਹ ਡਾਕਟਰ ਦੇ ਕੰਨਾਂ 'ਤੇ ਲੱਗੇ ਸਟੈਥੋਸਕੋਪ ਦੀ ਹੱਥਾਂ ਨਾਲ਼ ਨਕਲ ਕਰਦਿਆਂ ਕਹਿੰਦੀ ਹਨ। ਡਾਕਟਰ ਨੇ ਕਮਜ਼ੋਰ ਜਿਹੀ ਗਰਭਵਤੀ ਔਰਤ ਦੇ ਠੀਕ-ਠਾਕ ਫੁੱਲੇ ਢਿੱਡ ਵੱਲ਼ ਦੇਖਿਆ ਅਤੇ ਰੋਪੀ ਦੀ ਜੌੜੇ ਬੱਚਿਆਂ ਦੀ ਭਵਿੱਖਬਾਣੀ ਨਾਲ਼ ਅਸਹਿਮਤੀ ਜਤਾਈ।
''ਮੇਡਮ, ਦੋ ਹੋਤਾ, ਦੋ (ਮੈਡਮ ਦੋ ਬੱਚੇ ਹੋਣਗੇ ਦੋ),'' ਉਹ ਆਪਣੇ ਸ਼ਬਦ ਦਹੁਰਾਉਂਦੀ ਰਹੀ ਜਿਨ੍ਹਾਂ ਚਿਰ ਉਹ ਪਿਛਾਂਹ ਮੁੜ ਕੇ ਕਲੀਨਿਕ ਦੇ ਡਿਲਵਰੀ ਕਮਰੇ ਅੰਦਰ ਲੱਗੇ ਲੱਕੜ ਦੇ ਸਟੂਲ 'ਤੇ ਬੈਠ ਨਹੀਂ ਗਈ। 70 ਸਾਲਾ ਰੋਪੀ ਅਤੇ ਪੀੜ੍ਹ ਨਾਲ਼ ਦੂਹਰੀ ਹੁੰਦੀ ਜਾਂਦੀ ਔਰਤ, ਜੋ ਕਿ ਮਾਂ ਬਣਨ ਵਾਲ਼ੀ ਸੀ, ਉਸ ਸਮੇਂ ਉੱਤਰ-ਪੂਰਬੀ ਮਹਾਰਾਸ਼ਟਰ ਦੇ ਮੇਲਘਾਟ ਜੰਗਲ ਦੇ ਕੰਢੇ ਸਥਿਤ ਆਪਣੇ ਪਿੰਡ ਜੈਤਾਦੇਹੀ ਤੋਂ 20 ਕਿਲੋਮੀਟਰ ਦੂਰ ਪਰਤਵਾੜਾ ਕਸਬੇ ਵਿਖੇ ਸਨ।
ਸ਼ਾਮੀਂ ਇੱਕ ਮੁੰਡੇ ਨੇ ਜਨਮ ਲਿਆ ਅਤੇ ਕੁਝ ਸੈਕਿੰਡਾਂ ਬਾਅਦ ਇੱਕ ਹੋਰ ਸਿਰ ਬਾਹਰ ਆਇਆ। ਇਸ ਵਾਰ ਇੱਕ ਕੁੜੀ ਨੇ ਜਨਮ ਲਿਆ, ਜੁੜਵਾ ਭੈਣ।
ਰੋਪੀ ਠਹਾਕਾ ਮਾਰ ਕੇ ਹੱਸਦੀ ਹਨ ਜੋ ਕਿ ਆਪਣੇ ਪੁਰਾਣੇ ਜੱਦੀ ਘਰ ਜੋ ਕਿ ਕੱਚਾ ਹੈ, ਦੇ ਬਾਹਰ ਬਣੇ ਬਰਾਂਡੇ ਦੇ ਇੱਕ ਸਿਰੇ 'ਤੇ ਡੱਠੇ ਲੱਕੜ ਦੇ ਤਖ਼ਤਪੋਸ਼ 'ਤੇ ਬੈਠੀ ਹਨ। ਉਨ੍ਹਾਂ ਦੇ ਘਰੇ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਹੋਇਆ ਹੈ। ਬਾਲ਼ਿਆਂ ਦੀਆਂ ਛੱਤਾਂ ਵਾਲ਼ੇ ਤਿੰਨੋਂ ਕਮਰੇ ਅੰਦਰੋਂ ਖਾਲੀ ਪਏ ਸਨ। ਰੋਪੀ ਦੇ ਬੇਟੇ ਪਰਿਵਾਰ ਦੀ ਦੋ ਏਕੜ ਦੀ ਪੈਲ਼ੀ 'ਤੇ ਖੇਤੀ ਕਰਨ ਗਏ ਹੋਏ ਹਨ।
ਉਹ ਕੋਰਕੂ ਵਿੱਚ ਕੋਈ ਗਾਲ਼੍ਹ ਕੱਢਦੀ ਹਨ ਜਿਹਦਾ ਮਤਲਬ ਗਧੇ ਦਾ ਲਿੰਗ ਹੁੰਦਾ ਹੈ ਅਤੇ ਗਾਲ਼੍ਹ ਕੱਢ ਕੇ ਹੋਰ ਉੱਚੀ ਹੱਸਣ ਲੱਗਦੀ ਹਨ ਇੰਝ ਉਨ੍ਹਾਂ ਦੇ ਚਿਹਰੇ ਦੀਆਂ ਲਕੀਰਾਂ ਹੋਰ ਡੂੰਘੀ ਜਾਪਣ ਲੱਗਦੀਆਂ ਹਨ। ''ਬੱਸ ਇਹ ਤਾਂ ਮੈਂ ਉਹਨੂੰ ਸਮਝਾਇਆ ਸੀ,'' ਸ਼ਹਿਰੀ ਡਾਕਟਰ ਨੂੰ ਕੱਢੀ ਗਾਲ਼੍ਹ ਨੂੰ ਚੇਤਾ ਕਰਦਿਆਂ ਉਹ ਆਪਣੇ ਆਪ ਵਿੱਚ ਮਸਤ ਹੋ ਕੇ ਕਹਿੰਦੀ ਹਨ।











