“ਮੈਨੂੰ ਚੇਤੇ ਨਹੀਂ ਕਿ ਮੈਂ ਆਪਣੇ ਪਤੀ ਦੀ ਮ੍ਰਿਤਕ ਦੇਹ ਦੇ ਨਾਲ਼ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿਖੇ ਪੈਂਦੇ ਆਪਣੇ ਪਿੰਡ ਪਮੁਰੂ ਤੀਕਰ ਗਈ ਕਿਵੇਂ ਸਾਂ, ਨਾ ਹੀ ਮੈਨੂੰ ਉਨ੍ਹਾਂ ਦੇ ਅੰਤਮ ਸਸਕਾਰ ਦੀਆਂ ਰਸਮਾਂ ਹੀ ਚੇਤੇ ਹਨ। ਮੇਰੇ ਸਹੁਰਾ ਸਾਹਬ ਮੈਨੂੰ ਹਸਪਤਾਲ ਲੈ ਕੇ ਗਏ ਜਿੱਥੇ ਮੈਨੂੰ ਬਿਜਲੀ ਦੇ ਝਟਕੇ (ਇਲੈਕਟ੍ਰੋਕੰਵਲਿਸਵ ਥੈਰੇਪੀ) ਦਿੱਤੇ ਗਏ ਅਤੇ ਕਈ ਹੋਰ ਉਪਚਾਰ ਵੀ ਕੀਤੇ ਗਏ। ਇੰਨਾ ਕੁਝ ਹੋਣ ਤੋਂ ਬਾਅਦ ਕਿਤੇ ਜਾ ਕੇ ਮੈਨੂੰ ਹੋਸ਼ ਆਈ। ਮੈਨੂੰ ਇਸ ਗੱਲ ਨੂੰ ਸਵੀਕਾਰਨ ਵਿੱਚ ਦੋ ਸਾਲ ਤੋਂ ਵੱਧ ਸਮਾਂ ਲੱਗਿਆ ਕਿ ਮੇਰੇ ਪਤੀ ਅਸਲ ਵਿੱਚ ਹੁਣ ਨਹੀਂ ਰਹੇ।”
ਇਸ ਘਟਨਾ ਨੂੰ ਹੁਣ 10 ਸਾਲ ਬੀਤ ਚੁੱਕੇ ਹਨ, ਪਰ ਨਾਗੰਮਾ ਉਨ੍ਹਾਂ ਦੀ ਮੌਤ ਨੂੰ ਚੇਤੇ ਕਰਕੇ ਅੱਜ ਵੀ ਬੇਹੋਸ਼ ਜਿਹੀ ਹੋ ਜਾਂਦੀ ਹਨ। “ਉਦੋਂ ਮੇਰੇ ਰਿਸ਼ਤੇਦਾਰਾਂ ਨੇ ਸਮਝਾਇਆ ਸੀ ਕਿ ਮੈਨੂੰ ਆਪਣੀਆਂ ਧੀਆਂ ਲਈ ਜਿਊਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਮੈਂ ਆਪਣਾ ਸੰਘਰਸ਼ ਸ਼ੁਰੂ ਕੀਤਾ। ਨੇੜੇ ਹੀ ਇੱਕ ਫ਼ੈਕਟਰੀ ਵਿੱਚ ਮੈਨੂੰ ਰੱਖ-ਰਖਾਅ ਦੀ ਨੌਕਰੀ ਮਿਲ਼ ਗਈ, ਪਰ ਮੈਨੂੰ ਉਹ ਕੰਮ ਪਸੰਦ ਨਹੀਂ ਸੀ। ਮੇਰੇ ਮਾਤਾ-ਪਿਤਾ ਵੀ ਸਫ਼ਾਈ ਕਰਮੀ ਸਨ- ਮੇਰੇ ਪਿਤਾ ਸੈਪਟਿਕ ਟੈਂਕ\ਮੈਨਹੋਲ ਦੀ ਸਫ਼ਾਈ ਕਰਦੇ ਸਨ ਅਤੇ ਕੂੜਾ ਢੋਂਹਦੇ ਸਨ। ਮੇਰੀ ਮਾਂ ਝਾੜੂ ਫੇਰਿਆ ਕਰਦੀ।”
ਤਮਿਲਨਾਡੂ ਵਿਖੇ ਬਹੁਤੇਰੇ ਸਫ਼ਾਈ ਕਰਮੀ ਆਂਧਰਾ ਪ੍ਰਦੇਸ਼ ਦੇ ਹੀ ਹਨ; ਉਹ ਤੇਲਗੂ ਬੋਲਦੇ ਹਨ। ਤਮਿਲਨਾਡੂ ਦੇ ਕਈ ਹਿੱਸਿਆਂ ਵਿੱਚ, ਸਫ਼ਾਈ ਕਰਮਚਾਰੀ ਭਾਈਚਾਰੇ ਵਾਸਤੇ ਖ਼ਾਸ ਤੇਲਗੂ ਮੀਡੀਅਮ ਸਕੂਲ ਬਣੇ ਹੋਏ ਹਨ।
ਨਾਗੰਮਾ ਅਤੇ ਉਨ੍ਹਾਂ ਦੇ ਪਤੀ ਮੂਲ਼ ਰੂਪ ਵਿੱਚ ਪਮੁਰੂ ਪਿੰਡ ਦੇ ਸਨ। ਨਾਗੰਮਾ ਕਹਿੰਦੀ ਹਨ,“ਮੇਰਾ ਵਿਆਹ 1995 ਵਿੱਚ ਹੋਇਆ ਸੀ, ਜਦੋਂ ਮੈਂ 18 ਸਾਲਾਂ ਦੀ ਸਾਂ। ਮੇਰੇ ਮਾਪੇ ਮੇਰੇ ਜਨਮ ਤੋਂ ਪਹਿਲਾਂ ਹੀ ਚੇਨੱਈ ਆ ਗਏ ਸਨ। ਅਸੀਂ ਆਪਣੇ ਵਿਆਹ ਲਈ ਪਿੰਡ ਚਲੇ ਗਏ ਅਤੇ ਚੇਨੱਈ ਮੁੜਨ ਤੋਂ ਪਹਿਲਾਂ ਕੁਝ ਸਾਲ ਉੱਥੇ ਹੀ ਰਹੇ। ਮੇਰੇ ਪਤੀ ਰਾਜਗਿਰੀ ਦਾ ਕੰਮ ਕਰਨ ਲੱਗੇ। ਜਦੋਂ ਕੋਈ ਸੈਪਟਿਕ ਟੈਂਕ ਸਾਫ਼ ਕਰਨ ਲਈ ਬੁਲਾਉਂਦਾ ਤਾਂ ਓਧਰ ਚਲੇ ਜਾਂਦੇ। ਜਦੋਂ ਮੈਨੂੰ ਪਤਾ ਚੱਲਿਆ ਕਿ ਉਹ ਸੀਵਰ ਸਾਫ਼ ਕਰਨ ਦਾ ਕੰਮ ਕਰਦੇ ਹਨ ਤਾਂ ਮੈਂ ਇਸ ਗੱਲ਼ ਦਾ ਵਿਰੋਧ ਕੀਤਾ। ਉਸ ਤੋਂ ਬਾਅਦ, ਉਹ ਜਦੋਂ ਵੀ ਸੀਵਰ ਸਾਫ਼ ਕਰਨ ਜਾਂਦੇ ਤਾਂ ਮੈਨੂੰ ਦੱਸਣਾ ਮੁਨਾਸਬ ਨਾ ਸਮਝਦੇ। 2007 ਵਿੱਚ ਜਦੋਂ ਉਨ੍ਹਾਂ ਦੀ ਅਤੇ ਦੋ ਹਰ ਸਹਿਕਰਮੀਆਂ ਦੀ ਸੈਪਟਿਕ ਟੈਂਕ ਅੰਦਰ ਮੌਤ ਹੋਈ ਤਾਂ ਕਿਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਨਾ ਹੀ ਕਿਸੇ ਨੂੰ ਇਸ ਹਾਦਸੇ ਵਾਸਤੇ ਜ਼ਿੰਮੇਦਾਰ ਹੀ ਠਹਿਰਾਇਆ ਗਿਆ। ਦੇਖੋ, ਸਾਡਾ ਦੇਸ਼ ਹੀ ਆਪਣੇ ਲੋਕਾਂ ਨਾਲ਼ ਕਿਹੋ ਜਿਹਾ ਸਲੂਕ ਕਰਦਾ ਹੈ। ਸਾਡੀ ਮਦਦ ਵਾਸਤੇ ਕੋਈ ਅੱਗੇ ਨਹੀਂ ਆਇਆ- ਕੋਈ ਸਰਕਾਰ ਨਹੀਂ, ਕੋਈ ਅਧਿਕਾਰੀ ਨਹੀਂ। ਆਖ਼ਰਕਾਰ, ਸਫ਼ਾਈ ਕਰਮਚਾਰੀ ਅੰਦੋਲਨ (ਐੱਸਕੇਏ) ਨੇ ਮੈਨੂੰ ਆਪਣੇ ਹੱਕਾਂ ਖ਼ਾਤਰ ਲੜਨ ਦਾ ਰਾਹ ਦਿਖਾਇਆ। ਮੈਂ ਸਾਲ 2013 ਵਿੱਚ ਅੰਦੋਲਨ ਦੇ ਸੰਪਰਕ ਵਿੱਚ ਆਈ।”
ਆਪਣੇ ਹੱਕਾਂ ਬਾਰੇ ਜਾਗਰੂਕ ਹੋਣ ਤੋਂ ਬਾਅਦ, ਨਾਗੰਮਾ ਬੁਲੰਦ ਤੇ ਦ੍ਰਿੜ ਹੁੰਦੀ ਚਲੀ ਗਈ। ਉਹ ਹੋਰਨਾਂ ਔਰਤਾਂ ਨਾਲ਼ ਮਿਲ਼ੀ, ਜਿਨ੍ਹਾਂ ਨੇ ਆਪਣੇ ਪਤੀਆਂ ਜਾਂ ਪਿਆਰਿਆਂ ਨੂੰ ਸੈਪਟਿਕ ਟੈਂਕ ਹਾਦਸੇ ਵਿੱਚ ਗੁਆ ਲਿਆ ਸੀ। “ਉਦੋਂ ਕਿਤੇ ਮੈਨੂੰ ਪਤਾ ਚੱਲਿਆ ਕਿ ਗਟਰ ਦੀ ਜਿਲ੍ਹਣ ਵਿੱਚ ਆਪਣਾ ਪਤੀ ਗੁਆਉਣ ਵਾਲ਼ੀ ਮੈਂ ਇਕੱਲੀ ਨਹੀਂ ਹਾਂ, ਸਗੋਂ ਸੈਂਕੜੇ ਔਰਤਾਂ ਹਨ ਜਿਨ੍ਹਾਂ ਦਾ ਦੁੱਖ ਮੇਰੇ ਦੁੱਖ ਜਿਹਾ ਹੀ ਹੈ, ਤਾਂ ਮੈਂ ਆਪਣੇ ਦੁੱਖ ਨੂੰ ਆਪਣੀ ਤਾਕਤ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ।”