ਇਸ ਕਾਇਨਾਤ ਵਿੱਚ ਮੁਫ਼ਤ ਖਾਣਾ ਪਾਉਣਾ ਕਿਸੇ ਅਸੀਸ ਤੋਂ ਘੱਟ ਨਹੀਂ।
ਅਸਾਮ ਦੀ ਵਿਸ਼ਾਲ ਨਦੀ ਬ੍ਰਹਮਪੁਤਰ ਦੇ ਐਨ ਵਿਚਕਾਰ ਬਣੇ ਦੀਪ ਮਾਜੁਲੀ ਦੇ ਇੱਕ ਰੁਝੇਵੇਂ ਭਰੇ ਫੇਰੀ ਸਟੇਸ਼ਨ, ਕਮਲਾਬਾੜੀ ਘਾਟ ‘ਤੇ ਲੱਗੇ ਖਾਣੇ ਦੇ ਸਟਾਲਾਂ ਵਿਚਾਲੇ ਭੋਜਨ ਦੀ ਭਾਲ਼ ਵਿੱਚ ਭੁੱਖੀ-ਭਾਣੀ ਨੂੰ ਗਾਂ ਨੂੰ ਕੁਝ ਲੱਭਦੇ ਦੇਖਣਾ ਕਾਫ਼ੀ ਤਸੱਲੀ ਦਿੰਦਾ ਹੈ।
ਮੁਕਤਾ ਹਜ਼ਾਰਿਕਾ ਇਸ ਗੱਲ਼ ਨੂੰ ਬਾਖ਼ੂਬੀ ਸਮਝਦੇ ਹਨ। ਸਾਡੇ ਨਾਲ਼ ਚੱਲਦੀ ਗੱਲਬਾਤ ਉਦੋਂ ਅਚਾਨਕ ਰੁੱਕ ਗਈ ਜਦੋਂ ਉਨ੍ਹਾਂ ਦੇ ਢਾਬੇ ਦੇ ਐਨ ਸਾਹਮਣੇ ਖੜਕਾ ਆਉਂਦਾ ਹੈ ਤੇ ਉਹ ਦੇਖਦੇ ਹਨ ਕਿ ਇੱਕ ਅਵਾਰਾ ਗਾਂ ਖਾਣੇ ਦੀ ਭਾਲ਼ ਵਿੱਚ ਮੂੰਹ ਮਾਰਦੀ ਹੋਈ ਆਪਣਾ ਢਿੱਡ ਭਰਨ ਲਈ ਕਾਉਂਟਰ ‘ਤੇ ਕੋਈ ਚੀਜ਼ ਲੱਭ ਰਹੀ ਹੈ।
ਉਹ ਸ਼ੂ-ਸ਼ੂ ਦੀ ਅਵਾਜ਼ ਕੱਢਦਿਆਂ ਗਾਂ ਨੂੰ ਢਾਬੇ ਤੋਂ ਦੂਰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਫਿਰ ਸਾਡੇ ਵੱਲ਼ ਮੁਖ਼ਾਤਬ ਹੋ ਕੇ ਹੱਸਦਿਆਂ ਹੋਇਆਂ ਕਹਿੰਦੇ ਹਨ,“ਮੈਂ ਇੱਕ ਪਲ ਲਈ ਵੀ ਢਾਬੇ ਤੋਂ ਦੂਰ ਨਹੀਂ ਹੋ ਸਕਦਾ। ਨੇੜੇ ਚਰਦੀਆਂ ਗਾਵਾਂ ਭੋਜਨ ਦੀ ਭਾਲ਼ ਵਿੱਚ ਤੁਰੰਤ ਸਾਰਾ ਸਮਾਨ ਤਿੱਤਰ-ਬਿਤਰ ਕਰਨ ਲੱਗਦੀਆਂ ਹਨ।”
ਇੱਕੋ ਵੇਲ਼ੇ 10 ਲੋਕਾਂ ਦੇ ਖਾਣਾ ਖਾਣ ਦੀ ਇਸ ਥਾਂ ‘ਤੇ ਇਕੱਲੇ ਮੁਕਤਾ ਤਿੰਨ ਤਰੀਕੇ ਦੇ ਕੰਮ ਕਰਦੇ ਹਨ- ਕਦੇ ਰਸੋਈਆ, ਕਦੇ ਖਾਣਾ ਪਰੋਸਣ ਵਾਲ਼ਾ ਤੇ ਨਾਲ਼ੋ-ਨਾਲ਼ ਮਾਲਕ ਵੀ। ਇਸਲਈ ਉਨ੍ਹਾਂ ਦੇ ਢਾਬੇ ਦਾ ਨਾਮ ਉਨ੍ਹਾਂ ਦੇ ਖ਼ੁਦ ਦੇ ਨਾਮ ‘ਤੇ ਰੱਖੇ ਹੋਣ ਮਗਰ ਕਾਰਨ ਸਮਝ ਲੱਗਦਾ ਹੈ-ਹੋਟਲ ਹਜ਼ਾਰਿਕਾ।
ਪਿਛਲੇ ਛੇ ਸਾਲਾਂ ਤੋਂ ਜੇਕਰ ਹੋਟਲ ਹਜ਼ਾਰਿਕਾ ਇੰਨੀ ਕਾਮਯਾਬੀ ਨਾਲ਼ ਚੱਲ ਰਿਹਾ ਹੈ ਤਾਂ ਇਹਦਾ ਸਿਹਰ 27 ਸਾਲਾ ਮੁਕਤਾ ਦੇ ਸਿਰ ਹੀ ਬੱਝਦਾ ਹੈ। ਮਨੋਰੰਜਨ ਦੀ ਦੁਨੀਆ ਵਿੱਚ ਵੀ ਉਹ ਤੀਹਰੀ ਭੂਮਿਕਾ ਨਿਭਾਉਂਦੇ ਨਜ਼ਰੀਂ ਪੈਂਦੇ ਹਨ। ਉਹ ਇੱਕੋ ਵੇਲ਼ੇ ਚੰਗੇ ਅਭਿਨੇਤਾ, ਨਾਚੇ ਅਤੇ ਗਾਇਕ ਹਨ। ਇੰਨਾ ਹੀ ਨਹੀਂ ਉਹ ਇੱਕ ਕੁਸ਼ਲ ਮੇਕਅਪ ਆਰਟਿਸਟ ਵੀ ਹਨ ਜੋ ਮਾਜੁਲੀ ਦੇ ਲੋਕਾਂ ਨੂੰ ਖ਼ਾਸ ਮੌਕਿਆਂ ‘ਤੇ ਸੁੰਦਰ ਦਿੱਸ ਹਾਸਲ ਕਰਨ ਅਤੇ ਚੰਗਾ ਮਹਿਸੂਸ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਦਾ ਹੁਨਰ ਸਾਡੇ ਸਾਹਮਣੇ ਨਸ਼ਰ ਹੋਣਾ ਬਾਕੀ ਸੀ। ਫਿਲਹਾਲ ਉਨ੍ਹਾਂ ਦੇ ਕੁਝ ਗਾਹਕ ਖਾਣੇ ਲਈ ਉਡੀਕ ਕਰ ਰਹੇ ਸਨ।

















