ਇੱਕ ਹੋਰ ਅਧਿਐਨ, ਜਿਹਨੂੰ ਦਿ ਐਨਰਜੀ ਐਂਡ ਰਿਸੋਰਸਜ਼ ਇੰਸਟੀਚਿਊਟ (ਟੀਆਈਆਰਆਈ) ਨੇ 2014 ਵਿੱਚ ਕੀਤਾ ਸੀ, ਇਹ ਅਧਿਐਨ ਦੱਸਦਾ ਹੈ: ''1901-2003 ਦੀ ਮਿਆਦ ਦੇ ਮੀਂਹ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੁਲਾਈ ਵਿੱਚ ਮਾਨਸੂਨ ਦਾ ਮੀਂਹ (ਪੂਰੇ ਰਾਜ ਵਿੱਚ) ਘੱਟ ਹੋ ਰਹੀ ਹੈ, ਜਦੋਂਕਿ ਅਗਸਤ ਵਿੱਚ ਮੀਂਹ ਵੱਧਦਾ ਜਾ ਰਿਹਾ ਹੈ... ਇਸ ਤੋਂ ਇਲਾਵਾ, ਮਾਨਸੂਨ ਦੌਰਾਨ ਵਿੱਤੋਂਵੱਧ ਮੀਂਹ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਖ਼ਾਸ ਕਰਕੇ ਮੌਸਮ ਦੇ ਪਹਿਲੇ ਹਿੱਸੇ (ਜੂਨ ਅਤੇ ਜੁਲਾਈ) ਦੌਰਾਨ।''
ਇਹ ਅਧਿਐਨ ਜਿਹਦਾ ਸਿਰਲੇਖ ਹੈ, ਮਹਾਰਾਸ਼ਟਰ ਵਾਸਤੇ ਜਲਵਾਯੂ ਪਰਿਵਰਤਨ ਦੀ ਵੰਨ-ਸੁਵੰਨਤਾ ਅਤੇ ਅਨੁਕੂਲਨ ਦੀਆਂ ਵਿਧੀਆਂ ਦਾ ਨਿਰਧਾਰਣ: ਜਲਵਾਯੂ ਤਬਦੀਲੀ ਦੀ ਮਹਾਰਾਸ਼ਟਰ ਰਾਜ ਅਨੁਕੂਲਨ ਕਾਰਜ ਯੋਜਨਾ, ਵਿਦਰਭ ਦੇ ਮੁੱਖ ਸੰਕਟ ਨੂੰ ਇਸ ਪ੍ਰਕਾਰ ਉਜਾਗਰ ਕਰਦੀ ਹੈ,''ਲੰਬੇ ਚੱਲਦੇ ਖ਼ੁਸ਼ਕ ਦਿਨ, ਹਾਲੀਆ ਸਮੇਂ ਵਿੱਚ (ਸਾਲਾਂ) ਦੀ ਤਬਦੀਲੀ ਵਿੱਚ ਮੀਂਹ ਵਿਚਲਾ ਵਾਧਾ ਅਤੇ ਆਈ ਕਿੱਲਤ।''
ਇਹ ਕਹਿੰਦਾ ਹੈ ਕਿ ਭੰਡਾਰਾ ਉਨ੍ਹਾਂ ਜ਼ਿਲ੍ਹਿਆਂ ਦੇ ਸਮੂਹ ਵਿੱਚ ਸ਼ਾਮਲ ਹੈ ਜਿੱਥੇ ਵਿਤੋਂਵੱਧ ਮੀਂਹ ਵਿੱਚ 14 ਤੋਂ 18 ਫ਼ੀਸਦ (ਬੇਸਲਾਈਨ ਦੇ ਮੁਕਾਬਲੇ) ਵਾਧਾ ਹੋ ਸਕਦਾ ਹੈ ਅਤੇ ਮਾਨਸੂਨ ਦੌਰਾਨ ਖ਼ੁਸ਼ਕ ਦਿਨਾਂ ਦੇ ਵੱਧਣ ਦਾ ਅਨੁਮਾਨ ਹੈ। ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਾਗਪੁਰ ਡਿਵੀਜ਼ਨ (ਜਿੱਥੇ ਭੰਡਾਰਾ ਸਥਿਤ ਹੈ) ਲਈ ਔਸਤ ਵਾਧਾ (27.19 ਡਿਗਰੀ ਦੇ ਸਲਾਨਾ ਔਸਤ ਤਾਪਮਾਨ 'ਤੇ) 1.18 ਤੋਂ 1.4 ਡਿਗਰੀ ਤੱਕ (2030 ਤੱਕ), 1.95 ਤੋਂ 2.2 ਡਿਗਰੀ ਤੱਕ (2050 ਤੱਕ) ਅਤੇ 2.88 ਤੋਂ 3.16 ਡਿਗਰੀ ਤਤੱਕ (2070) ਹੋਵੇਗਾ। ਇਹ ਵਾਧਾ ਰਾਜ ਦੇ ਕਿਸੇ ਵੀ ਇਲਾਕੇ ਲਈ ਬਹੁਤ ਜ਼ਿਆਦਾ ਹੈ।
ਭੰਡਾਰਾ ਦੇ ਖੇਤੀ ਅਧਿਕਾਰੀਆਂ ਨੇ ਵੀ ਵੱਡੇ ਪੱਧਰ 'ਤੇ ਮੀਂਹ 'ਤੇ ਨਿਰਭਰ ਆਪਣੇ ਜ਼ਿਲ੍ਹੇ ਵਿੱਚ ਇਨ੍ਹਾਂ ਸ਼ੁਰੂਆਤੀ ਤਬਦੀਲੀਆਂ ਨੂੰ ਦੇਖਿਆ ਹੈ ਜੋ ਆਪਣੇ ਰਵਾਇਤੀ ਕੁੰਡਾਂ, ਨਦੀਆਂ ਅਤੇ ਕਾਫ਼ੀ ਮੀਂਹ ਕਾਰਨ ਸਰਕਾਰ ਦੇ ਸਾਹਿਤ ਅਤੇ ਜ਼ਿਲ੍ਹੇ ਦੀਆਂ ਯੋਜਨਾਵਾਂ ਨੂੰ ਅਜੇ ਵੀ ਇੱਕ 'ਬਿਹਤਰ-ਸਿੰਚਿਤ' ਇਲਾਕੇ ਵਜੋਂ ਵਰਗੀਕ੍ਰਿਤ ਕਰਦਾ ਹੈ। ਭੰਡਾਰਾ ਦੇ ਮੰਡਲੀ ਖੇਤੀ ਨਿਰੀਖਣ ਅਧਿਕਾਰੀ, ਮਿਲਿੰਦ ਲਾਡ ਕਹਿੰਦੇ ਹਨ,''ਅਸੀਂ ਜ਼ਿਲ੍ਹੇ ਵਿੱਚ ਮੀਂਹ ਵਿੱਚ ਦੇਰੀ ਦੇ ਇਸ ਲਗਾਤਾਰ ਪ੍ਰਵਿਰਤੀ ਨੂੰ ਦੇਖ ਰਹੇ ਹਾਂ, ਜੋ ਬਿਜਾਈ ਅਤੇ ਪੈਦਾਵਾਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਾਡੇ ਕੋਲ਼ ਮੀਂਹ ਦੇ 60-65 ਦਿਨ ਹੋਇਆ ਕਰਦੇ ਸਨ, ਪਰ ਪਿਛਲੇ ਇੱਕ ਦਹਾਕੇ ਤੋਂ, ਇਹ ਜੂਨ-ਸਤੰਬਰ ਦੀ ਵਕਫ਼ੇ ਵਿੱਚ 40-45 ਤੱਕ ਹੇਠਾਂ ਆ ਗਿਆ ਹੈ।'' ਉਹ ਦੱਸਦੇ ਹਨ ਕਿ ਭੰਡਾਰਾ ਦੇ ਮਾਲੀਆ ਵਾਲ਼ੇ 20 ਪਿੰਡਾਂ ਦੇ ਸਮੂਹ ਜਿਹੇ ਕੁਝ ਇਲਾਕਿਆਂ ਨੇ ਇਸ ਸਾਲ ਜੂਨ ਅਤੇ ਜੁਲਾਈ ਵਿੱਚ ਮੀਂਹ ਦੇ ਮੁਸ਼ਕਲ ਨਾਲ਼ 6 ਜਾਂ 7 ਦਿਨ ਹੀ ਦੇਖੇ ਹੋਣੇ।
''ਜੇ ਮਾਨਸੂਨ ਵਿੱਚ ਦੇਰੀ ਹੋਈ ਤਾਂ ਤੁਸੀਂ ਆਪਣੀ ਗੁਣਵੱਤਾ ਵਾਲ਼ੇ ਚੌਲ਼ ਨਹੀਂ ਉਗਾ ਸਕਦੇ। ਝੋਨੇ ਦੀ ਬਿਜਾਈ ਵਾਸਤੇ ਪਨੀਰੀ ਦੇ ਤਿਆਰ ਹੋਣ ਵਿੱਚ 21 ਦਿਨਾਂ ਦੀ ਦੇਰੀ ਕਾਰਨ, ਝਾੜ ਪ੍ਰਤੀ ਹੈਕਟੇਅਰ 10 ਕਿਲੋ ਘੱਟਦਾ ਜਾਂਦਾ ਹੈ।''
ਜ਼ਿਲ੍ਹੇ ਅੰਦਰ ਬੀਜਾਂ ਨੂੰ ਛਿੜਕਣ ਦੀ ਰਵਾਇਤੀ ਵਿਧੀ ਤੇਜ਼ੀ ਨਾਲ਼ ਵਾਪਸ ਪਰਤ ਰਹੀ ਹੈ ਜਿਸ ਵਿੱਚ ਨਰਸਰੀ ਵਿੱਚ ਪਨੀਰੀ ਤਿਆਰ ਕਰਨ ਦੀ ਬਜਾਇ ਬੀਜਾਂ ਨੂੰ ਸਿੱਧਿਆਂ ਹੀ ਮਿੱਟੀ ਵਿੱਚ ਖਿਲਾਰਿਆ ਜਾਂਦਾ ਹੈ। ਪਰ ਬੀਜਾਂ ਦੇ ਛਿੜਕਾਅ ਦੀ ਇਹ ਵਿਧੀ, ਪੁੰਗਾਰੇ ਦੀ ਦਰ ਨੂੰ ਘੱਟ ਕਰ ਦਿੰਦੀ ਹੈ ਜਿਸ ਕਾਰਨ ਝਾੜ 'ਤੇ ਉਲਟ ਅਸਰ ਪੈਂਦਾ ਹੈ। ਫਿਰ ਵੀ ਮੰਨ ਲਓ ਜੇ ਪਹਿਲਾ ਮੀਂਹ ਨਾ ਪਵੇ ਅਤੇ ਨਰਸਰੀ ਵਿੱਚ ਪਨੀਰੀ ਹੀ ਤਿਆਰ ਨਾ ਹੋਵੇ ਤਾਂ ਬਜਾਇ ਉਸ ਮੁਕੰਮਲ ਘਾਟੇ ਦੇ, ਕਿਸਾਨ ਛਿੜਕਾਅ (ਬੀਜਾਂ ਦੇ) ਦੀ ਵਿਧੀ ਨਾਲ਼ ਅੰਸ਼ਕ ਘਾਟਾ ਸਹਿਣ ਨੂੰ ਰਾਜ਼ੀ ਹੋ ਸਕਦਾ ਹੈ।