''ਸਕੂਲੇ ਮੈਂ ਜੋ ਵੀ ਕਦਰਾਂ-ਕੀਮਤਾਂ ਸਿੱਖਦੀ ਹਾਂ ਘਰੇ ਉਸ ਤੋਂ ਐਨ ਉਲਟ ਹੁੰਦਾ ਹੈ।''
16 ਸਾਲਾ ਪ੍ਰਿਯਾ ਸਕੂਲ ਪੜ੍ਹਦੀ ਹੈ ਅਤੇ ਪਹਾੜੀ ਰਾਜ ਉਤਰਾਖੰਡ ਦੇ ਰਾਜਪੂਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹੈ। ਉਹ ਉਨ੍ਹਾਂ ਸਖ਼ਤ ਅਤੇ ਸਾਫ਼ ਤੌਰ 'ਤੇ ਨਿਰਧਾਰਤ ਨਿਯਮਾਂ ਬਾਰੇ ਬੋਲ ਰਹੀ ਹੈ, ਮਾਹਵਾਰੀ ਸਮੇਂ ਜਿਨ੍ਹਾਂ ਦੀ ਪਾਲਣਾ ਕਰਨ ਲਈ ਉਹਨੂੰ ਮਜ਼ਬੂਰ ਕੀਤਾ ਜਾਂਦਾ ਹੈ। ''ਇਹ ਤਾਂ ਬਿਲਕੁਲ ਦੋ ਅੱਡ-ਅੱਡ ਦੁਨੀਆ ਵਿੱਚ ਰਹਿਣ ਵਾਂਗਰ ਹੈ। ਘਰੇ ਮੈਨੂੰ (ਖ਼ੁਦ ਨੂੰ) ਇਕਾਂਤਵਾਸ ਹੋਣ ਅਤੇ ਸਾਰੇ ਰੀਤੀ ਰਿਵਾਜਾਂ ਤੇ ਪਾਬੰਦੀਆਂ ਦਾ ਪਾਲਣ ਕਰਨਾ ਸਿਖਾਇਆ ਜਾਂਦਾ ਹੈ ਤੇ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਔਰਤਾਂ ਤੇ ਪੁਰਸ਼ ਬਰਾਬਰ ਹਨ,'' ਉਹ ਕਹਿੰਦੀ ਹੈ।
11ਵੀਂ ਜਮਾਤ ਦੀ ਵਿਦਿਆਰਥਣ ਪ੍ਰਿਆ ਦਾ ਸਕੂਲ ਨਾਨਕਮੱਤਾ ਕਸਬੇ ਵਿੱਚ ਹੈ, ਜੋ ਉਸ ਦੇ ਘਰ ਤੋਂ ਸੱਤ ਕਿਲੋਮੀਟਰ ਦੂਰ ਪਿੰਡ ਵਿੱਚ ਹੀ ਹੈ। ਉਹ ਹਰ ਰੋਜ਼ ਸਾਈਕਲ ਚਲਾ ਕੇ ਸਕੂਲ ਜਾਂਦੀ ਹੈ। ਇਸ ਹੋਣਹਾਰ ਵਿਦਿਆਰਥਣ ਨੇ ਸ਼ੁਰੂ ਵਿੱਚ ਇਸ ਵਿਸ਼ੇ ਨੂੰ ਲੈ ਕੇ ਖ਼ੁਦ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ''ਮੈਂ ਕਿਤਾਬਾਂ ਪੜ੍ਹਦੀ ਤੇ ਸੋਚਦੀ ਕਿ ਮੈਂ ਇਹ ਕਰ ਦਿਆਂਗੀ, ਮੈਂ ਉਹ ਕਰ ਦਿਆਂਗੀ; ਮੈਂ ਦੁਨੀਆ ਦਾ ਨਜ਼ਰੀਆ ਬਦਲ ਦਿਆਂਗੀ। ਪਰ ਮੈਂ ਤਾਂ ਆਪਣੇ ਹੀ ਪਰਿਵਾਰ ਨੂੰ ਇਹ ਤੱਕ ਨਾ ਸਮਝਾ ਸਕੀ ਕਿ ਉਨ੍ਹਾਂ ਰੀਤੀ-ਰਿਵਾਜਾਂ ਦਾ ਕੋਈ ਅਰਥ ਹੀ ਨਹੀਂ ਹੈ। ਮੈਂ ਦਿਨ-ਰਾਤ ਆਪਣੇ ਪਰਿਵਾਰ ਨਾਲ਼ ਰਹਿੰਦੀ ਹਾਂ ਪਰ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਅਸਮਰਥ ਹਾਂ ਕਿ ਇਨ੍ਹਾਂ ਪਾਬੰਦੀਆਂ ਦਾ ਕੋਈ ਮਤਲਬ ਨਹੀਂ,'' ਉਹ ਬੇਚੈਨੀਵੱਸ ਕਹਿੰਦੀ ਹੈ।
ਸ਼ੁਰੂ ਵਿੱਚ ਉਹਦੇ ਮਨ ਅੰਦਰ ਇਨ੍ਹਾਂ ਨਿਯਮਾਂ ਤੇ ਕਾਇਦਿਆਂ ਨੂੰ ਲੈ ਕੇ ਜੋ ਬੇਚੈਨੀ ਸੀ ਉਹ ਅੱਜ ਵੀ ਜਾਰੀ ਹੈ ਪਰ ਹੁਣ ਉਹ ਆਪਣੇ ਮਾਪਿਆਂ ਦੀ ਸੋਚ ਮੁਤਾਬਕ ਚੱਲਦੀ ਹੈ।
ਪ੍ਰਿਯਾ ਅਤੇ ਉਹਦਾ ਪਰਿਵਾਰ ਤਰਾਈ (ਨੀਵੀਂ ਭੂਮੀ) ਇਲਾਕੇ ਵਿੱਚ ਰਹਿੰਦੇ ਹਨ, ਇਹ ਇਲਾਕਾ ਪੂਰੇ ਰਾਜ (ਮਰਦਮਸ਼ੁਮਾਰੀ 2011 ਮੁਤਾਬਕ) ਦਾ ਸਭ ਤੋਂ ਵੱਧ ਝਾੜ ਦੇਣ ਵਾਲ਼ਾ ਖਿੱਤਾ ਹੈ। ਇਸ ਖਿੱਤੇ ਵਿੱਚ ਤਿੰਨ ਫ਼ਸਲਾਂ- ਖ਼ਰੀਫ (ਸਾਉਣੀ), ਰਬੀ (ਹਾੜੀ) ਤੇ ਜ਼ੈਦ (ਗਰਮੀ ਦੀਆਂ ਫ਼ਸਲਾਂ) ਉਗਾਈਆਂ ਜਾਂਦੀਆਂ ਹਨ ਅਤੇ ਇੱਥੋਂ ਦੀ ਬਹੁਤੇਰੀ ਵਸੋਂ ਖੇਤੀਬਾੜੀ ਨਾਲ਼ ਜੁੜੀ ਹੈ ਅਤੇ ਗਾਵਾਂ ਤੇ ਮੱਝਾਂ ਵੀ ਪਾਲ਼ਦੀ ਹੈ।











