ਹਰ ਸਵੇਰ, ਹਿਮਾਂਸ਼ੀ ਕੁਬਾਲ ਪੈਂਟ ਅਤੇ ਟੀ-ਸ਼ਰਟ ਪਾਉਂਦੀ ਹਨ ਅਤੇ ਆਪਣੇ ਪਤੀ ਦੇ ਨਾਲ਼, ਆਪਣੇ ਛੋਟੀ ਜਿਹੀ ਬੇੜੀ ਨੂੰ ਧੱਕਾ ਲਾਉਂਦੇ ਹਨ ਅਤੇ ਪਾਣੀ ਦੇ ਐਨ ਵਿਚਕਾਰ ਹੁੰਦੀ ਹਨ ਜਦੋਂਕਿ ਸ਼ਾਮ ਨੂੰ ਰੰਗੀਨ ਸਾੜੀ ਪਾਈ, ਵਾਲ਼ਾਂ ਵਿੱਚ ਅਬੋਲੀ ਦੇ ਫੁੱਲ ਸਜਾਈ ਆਪਣੇ ਗਾਹਕਾਂ ਵਾਸਤੇ ਮੱਛੀ ਕੱਟਣ ਅਤੇ ਸਾਫ਼ ਕਰਨ ਦਾ ਕੰਮ ਕਰਦੀ ਹਨ।
30 ਸਾਲਾ ਹਿਮਾਂਸ਼ੀ ਛੋਟੀ ਉਮਰੇ ਹੀ ਮੱਛੀ ਫੜ੍ਹਨ ਦਾ ਕੰਮ ਕਰ ਰਹੀ ਹਨ- ਪਹਿਲਾਂ ਆਪਣੇ ਪਰਿਵਾਰ ਦੇ ਨਾਲ਼ ਮਾਲਵਣ ਤਾਲੁਕਾ ਦੀਆਂ ਨਦੀਆਂ ਅਤੇ ਮੁਹਾਨਿਆਂ ਵਿੱਚ ਅਤੇ ਤਿੰਨ ਸਾਲ ਪਹਿਲਾਂ ਬੇੜੀ ਖਰੀਦਣ ਬਾਅਦ, ਆਪਣੇ ਪਤੀ ਦੇ ਨਾਲ਼ ਅਰਬ ਸਾਗਰ ਵਿੱਚ ਮੱਛੀ ਫੜ੍ਹ ਜਾਂਦੀ ਹਨ। ਉਹ ਮਾਲਵਣ ਦੇ ਦਾਂਡੀ ਸਮੁੰਦਰ ਤਟ 'ਤੇ ਕੰਮ ਕਰਨ ਵਾਲ਼ੀਆਂ ਉਨ੍ਹਾਂ ਔਰਤਾਂ ਵਿੱਚੋਂ ਇੱਕ ਹਨ ਜੋ ਬੜੀ ਫ਼ੁਰਤੀ ਨਾਲ਼ ਜਾਲ਼ ਸੁੱਟ ਸਕਦੀਆਂ ਹਨ। ਇਸ ਤਾਲੁਕਾ ਦੀ ਕੁੱਲ ਵਸੋਂ 111,807 ਹੈ, ਜਿਸ ਵਿੱਚੋਂ 10,635 ਲੋਕ ਮਛੇਰੇ ਹਨ।
''ਮੱਛੀਆਂ ਦੀ ਛਟਾਈ ਵਾਸਤੇ ਮੈਂ ਆਪਣੇ ਪਤੀ ਦੇ ਨਾਲ਼ ਹੋਰਨਾਂ ਬੇੜੀਆਂ 'ਤੇ ਕੰਮ ਕਰਦੀ ਸਾਂ,'' ਉਹ ਦੱਸਦੀ ਹਨ,''ਪਰ ਤਿੰਨ ਸਾਲ ਪਹਿਲਾਂ ਸਾਡੇ ਕੋਲ਼ ਆਪਣੀ ਖ਼ੁਦ ਦੀ ਛੋਟੀ ਜਿਹੀ ਬੇੜੀ (ਬਗ਼ੈਰ ਮੋਟਰ ਦੇ ਚੱਲਣ ਵਾਲ਼ੀ) ਜੋਗੇ ਪੈਸੇ ਹੋ ਗਏ ਸਨ ਅਤੇ ਉਦੋਂ ਤੋਂ ਅਸੀਂ ਇਕੱਠਿਆਂ ਮੱਛੀ ਫੜ੍ਹ ਰਹੇ ਹਾਂ।''
ਨੇੜੇ ਹੀ, ਇੱਕ ਨੀਲਾਮਕਰਤਾ ਚੀਕਦਾ ਹੈ ''ਤੀਨਸ਼ੇ, ਤੀਨਸ਼ੇ ਦਹਾ, ਤੀਨਸ਼ੇ ਵੀਸ!'' (300, 310, 320 ਰੁਪਏ) ਜਦੋਂ ਕਿ ਕਈ ਹੋਰ ਮਛੇਰੇ ਆਪੋ-ਆਪਣੀਆਂ ਬੇੜੀਆਂ ਰਾਹੀਂ ਫੜ੍ਹੀਆਂ ਗਈਆਂ ਮੱਛੀਆਂ ਨੂੰ ਟੋਕਰੇ ਵਿੱਚੋਂ ਕੱਢ ਕੇ ਢੇਰੀ ਲਾ ਰਹੇ ਹਨ ਤਾਂ ਕਿ ਆਉਂਦਾ-ਜਾਂਦਾ ਗਾਹਕ ਦੇਖ ਸਕੇ। ਵਪਾਰੀ ਅਤੇ ਏਜੰਟ ਭੀੜ ਨੂੰ ਚੀਰਦੇ ਹੋਏ ਸਭ ਤੋਂ ਵਧੀਆ ਸੌਦੇ ਦੀ ਭਾਲ਼ ਵਿੱਚ ਇੱਧਰ-ਓਧਰ ਮੰਡਰਾ ਰਹੇ ਹਨ। ਅਵਾਰਾ ਕੁੱਤੇ, ਬਿੱਲੀਆਂ ਅਤੇ ਪੰਛੀ ਉੱਥੇ ਪਹੁੰਚ ਕੇ ਮਜ਼ੇ ਨਾਲ਼ ਆਪਣੇ ਹਿੱਸੇ ਦੀ ਮੱਛੀ ਖਾ ਰਹੇ ਹਨ।
''ਅਸੀਂ ਆਮ ਤੌਰ 'ਤੇ ਹਰ ਸਵੇਰ ਮੱਛੀਆਂ ਫੜ੍ਹਦੇ ਹਾਂ,'' ਹਿਮਾਂਸ਼ੀ ਕਹਿੰਦੀ ਹਨ। ''ਅਤੇ ਜੇਕਰ ਖ਼ਰਾਬ ਮੌਸਮ ਜਾਂ ਹੋਰ ਕਾਰਨਾਂ ਕਰਕੇ ਅਸੀਂ ਨਾ ਜਾ ਸਕੀਏ ਤਾਂ ਮੱਛੀ ਕੱਟਣ ਅਤੇ ਉਹਨੂੰ ਸਾਫ਼ ਕਰਨ ਲਈ ਅਸੀਂ ਸਵੇਰ ਦੇ ਸਮੇਂ ਬਜ਼ਾਰ ਜਾਂਦੇ ਹਾਂ ਅਤੇ ਹਰ ਸ਼ਾਮੀਂ ਅਸੀਂ ਨੀਲਾਮੀ ਦਾ ਹਿੱਸਾ ਬਣੇ ਹੁੰਦੇ ਹਾਂ।''
ਉਂਝ ਤਾਂ ਭਾਰਤ ਦੇ ਬਹੁਤੇਰੇ ਹਿੱਸਿਆਂ ਵਿੱਚ ਮੱਛੀ ਫੜ੍ਹਨ ਦਾ ਕੰਮ ਆਮ ਤੌਰ 'ਤੇ ਪੁਰਸ਼ਾਂ ਦੁਆਰਾ ਕੀਤਾ ਜਾਂਦਾ ਹੈ, ਪਰ ਹਿਮਾਂਸ਼ੀ ਜਿਹੀਆਂ ਬਹੁਤ ਸਾਰੀਆਂ ਔਰਤਾਂ ਇਸ ਕਾਰੋਬਾਰ ਨਾਲ਼ ਜੁੜੇ ਹੋਰਨਾਂ ਕੰਮਾਂ ਜਿਵੇਂ ਇਸ ਕਾਰੋਬਾਰ ਨਾਲ਼ ਜੁੜੀ ਹਰ ਪ੍ਰਕਿਰਿਆ (ਮੱਛੀ ਫੜ੍ਹਨ ਤੋਂ ਸਾਫ਼ ਕਰਨ ਤੱਕ) ਜਿਵੇਂ ਵੇਚਣ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ। ਉਹ ਪੂਰੇ ਦੇਸ਼ ਵਿੱਚ ਮੱਛੀ ਪਾਲਣ ਵਿੱਚ, ਮੱਛੀ ਫੜ੍ਹਨ ਤੋਂ ਬਾਅਦ ਦੀ ਪੂਰੀ ਕਾਰਵਾਈ ਵਿੱਚ ਖੱਪਦੇ ਲੋਕਾਂ ਦੀ ਕੁੱਲ ਸੰਖਿਆ ਦਾ 66.7 ਫ਼ੀਸਦ ਹਨ ਅਤੇ ਇਸ ਉਦਯੋਗ ਦਾ ਅਭਿੰਨ ਅੰਗ ਹਨ। ਪਿਛਲੀ ਸਮੁੰਦਰੀ ਮੱਛੀ ਜਨਗਣਨਾ (2010) ਮੁਤਾਬਕ, ਮੱਛੀ ਫੜ੍ਹਨ ਤੋਂ ਬਾਅਦ ਦੇ ਕੰਮਾਂ ਵਿੱਚ (ਮੱਛੀ ਫੜ੍ਹਨ ਦੇ ਕੰਮ ਨੂੰ ਛੱਡ ਕੇ ਬਾਕੀ ਸਾਰੀਆਂ ਗਤੀਵਿਧੀਆਂ ਵਿੱਚ) ਲਗਭਗ 4 ਲੱਖ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਕਰੀਬ 40,000 ਔਰਤਾਂ ਮੱਛੀ ਪਾਲਣ ਵਾਸਤੇ 'ਮੱਛੀਆਂ ਦੇ ਆਂਡੇ' ਇਕੱਠੇ ਕਰਨ ਦੇ ਕੰਮਾਂ ਵਿੱਚ ਲੱਗੀਆਂ ਹਨ।
''ਇਹ ਪੂਰੀ ਪ੍ਰਕਿਰਿਆ ਥਕਾ ਸੁੱਟਣ ਵਾਲ਼ੀ ਹੈ ਜਿਸ ਵਿੱਚ ਮੱਛੀ ਖਰੀਦਣਾ, ਢੋਆ-ਢੁਆਈ, ਬਰਫ਼ ਵਿੱਚ ਰੱਖਣਾ ਅਤੇ ਭੰਡਾਰਨ ਕਰਨਾ ਅਤੇ ਅੰਤ ਵਿੱਚ ਕੱਟਣਾ ਤੇ ਵੇਚਣਾ ਤੱਕ ਸ਼ਾਮਲ ਹੁੰਦਾ ਹੈ। ਅਸੀਂ ਇਸ ਆਪਣੀ ਹਿੰਮਤ ਨਾਲ਼ ਹਰ ਕੰਮ ਨੇਪੜੇ ਚਾੜ੍ਹਦੀਆਂ ਹਾਂ,'' ਜੁਆਨਿਤਾ (ਪੂਰਾ ਨਾਮ ਦਰਜ ਨਹੀਂ) ਕਹਿੰਦੀ ਹਨ, ਜੋ ਇੱਕ ਵਪਾਰੀ ਹਨ ਅਤੇ ਵਿਧਵਾ ਵੀ, ਜੋ ਦਾਂਡੀ ਸਮੁੰਦਰ ਤਟ 'ਤੇ ਇੱਟਾਂ ਅਤੇ ਏਸਬੇਸਟਸ ਦੀ ਛੱਤ ਨਾਲ਼ ਬਣੇ ਇੱਕ ਕਮਰੇ ਦੇ ਘਰ ਦੇ ਅੰਦਰ ਬੈਠੀ ਹਨ, ਨੇੜੇ ਹੀ ਇੱਕ ਕੰਧ 'ਤੇ ਲੋਹੇ ਦੀ ਤਾਰ ਵਿੱਚ ਪਿਰੋਏ ਕਈ ਬਿੱਲ ਲਮਕ ਰਹੇ ਹਨ ਜੋ ਇੱਥੇ ਨੀਲਾਮੀ ਦੌਰਾਨ ਮੱਛੀ ਖਰੀਦਣ ਵੇਲ਼ੇ ਦੇ ਹਨ।

















