ਬਾਂਸਾਂ ਤੋਂ ਬਣੀ ਇਸ ਛੋਟੀ ਜਿਹੀ ਛੰਨ ਵਿੱਚ ਇੱਕ ਛੋਟੀ ਜਿਹੀ ਮੰਜੀ ਡੱਠੀ ਹੈ ਜਿਸ 'ਤੇ ਉਨ੍ਹਾਂ ਕੱਪੜਿਆਂ ਦਾ ਢੇਰ ਲੱਗਿਆ ਹੈ ਜੋ ਮੋਹਿਨੀ ਕੌਰ ਨੇ ਠੀਕ ਕਰਨੇ ਹਨ। ''ਮੈਂ ਕੋਈ ਬਹੁਤ ਵਧੀਆ ਦਰਜੀ ਤਾਂ ਨਹੀਂ ਪਰ ਜਿੰਨੀ ਹੋ ਸਕਦੀ ਹੈ ਮੈਂ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਹਾਂ,'' 61 ਸਾਲਾ ਮਾਤਾ ਮੋਹਿਨੀ ਕੌਰ ਨੇ ਕਿਹਾ ਜੋ ਨਵੀਂ ਦਿੱਲੀ ਦੇ ਸਵਰੂਪ ਨਗਰ ਵਿਖੇ ਰਹਿੰਦੀ ਹਨ ਅਤੇ ਨਵੰਬਰ 2020 ਤੋਂ ਸਿੰਘੂ ਵਿਖੇ ਹੀ ਰਹਿੰਦੀ ਆਈ ਹਨ। ''ਮੈਂ ਇੱਥੇ ਧਰਨਾ ਕਰ ਰਹੇ ਇਨ੍ਹਾਂ ਕਿਸਾਨ ਵੀਰਾਂ ਦੀ ਸੇਵਾ ਖ਼ਾਤਰ ਆਈ ਸਾਂ। ਉਹ ਸਾਡੇ ਲਈ ਅੰਨ ਉਗਾਉਂਦੇ ਹਨ ਬੱਸ ਸਿਰਫ਼ ਇਸੇ ਤਰੀਕੇ ਨਾਲ਼ ਮੈਂ ਉਨ੍ਹਾਂ ਦਾ ਮੁੱਲ ਮੋੜ ਸਕਦੀ ਸਾਂ,'' ਉਨ੍ਹਾਂ ਨੇ ਕਿਹਾ। ਮੋਹਿਨੀ ਇੱਕ ਵਾਰ ਵੀ ਘਰ ਵਾਪਸ ਨਹੀਂ ਗਈ, ਜਦੋਂ ਤੱਕ ਕਿ ਇਸ ਸਾਲ 9 ਦਸੰਬਰ ਨੂੰ ਕਿਸਾਨਾਂ ਜਥੇਬੰਦੀਆਂ ਨੇ ਅੰਦੋਲਨ ਵਾਪਸ ਨਹੀਂ ਲੈ ਲਿਆ।
ਜਦੋਂ ਸਿੰਘੂ (ਦਿੱਲੀ-ਹਰਿਆਣਾ ਦੀ ਸਰਹੱਦ) ਵਿਖੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਅਜੀਤ ਅਖ਼ਬਾਰ ਨੇ ਸਾਹਮਣੇ ਲਿਆਂਦਾ ਤਾਂ ਉਨ੍ਹਾਂ ਦੀ ਸੇਵਾ ਨੇ ਪੰਜਾਬ ਦੇ ਇੱਕ ਪਾਠਕ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਆ। ਇਸ ਸਾਲ ਜੁਲਾਈ ਮਹੀਨੇ, 22 ਸਾਲਾ ਨੌਜਵਾਨ ਹਰਜੀਤ ਸਿੰਘ, ਮੋਹਿਨੀ ਕੌਰ ਦੀ ਮਦਦ ਕਰਨ ਲਈ ਅੱਗੇ ਆਇਆ।
ਹਰਜੀਤ ਸਿੰਘ ਦੀ ਆਪਣੀ ਦਰਜੀ ਦੀ ਦੁਕਾਨ ਹੈ, ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਵਿੱਚ ਹੈ। ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ ਆਪਣੀ ਚਾਰ ਏਕੜ ਦੀ ਪੈਲ਼ੀ ਵਿੱਚ ਚੌਲ਼, ਕਣਕ ਅਤੇ ਮੱਕੀ ਉਗਾਉਂਦੇ ਹਨ। ''ਮੈਂ ਆਪਣੀ ਦੁਕਾਨ ਦੋ ਕਾਰੀਗਰਾਂ ਦੇ ਆਸਰੇ ਛੱਡੀ ਅਤੇ ਮੋਹਿਨੀ ਜੀ ਦੀ ਮਦਦ ਕਰਨ ਵਾਸਤੇ ਜੁਲਾਈ ਮਹੀਨੇ ਸਿੰਘੂ ਅੱਪੜ ਗਿਆ। ਇੱਥੇ ਕਰਨ ਨੂੰ ਬੜਾ ਕੰਮ ਹੈ; ਉਹ ਇਕੱਲਿਆਂ ਤਾਂ ਕਰ ਹੀ ਨਹੀਂ ਸਕਦੀ।''
ਇਸ ਛੋਟੀ ਜਿਹੀ ਛੰਨ ਵਿੱਚ ਮੰਜੀ ਅਤੇ ਮੇਜ਼ ਤੋਂ ਇਲਾਵਾ ਦੋ ਸਿਲਾਈ ਮਸ਼ੀਨਾਂ ਅਤੇ ਇੱਕ ਪੱਖਾ ਪਿਆ ਹੈ। ਭੁੰਜੇ ਪਏ ਗੈਸ ਕਨਸਤਰ ਸਟੋਵ 'ਤੇ ਦੁੱਧ ਉਬਾਲ਼ਿਆ ਜਾਂਦਾ ਸੀ। ਇਹ ਛੰਨ ਇੰਨੀ ਛੋਟੀ ਹੈ ਕਿ ਮੋਹਿਨੀ ਜਾਂ ਹਰਜੀਤ ਨਾਲ਼ ਗੱਲ ਕਰਨ ਵਾਸਤੇ ਇੱਕ ਸਮੇਂ ਇੱਕੋ ਜਣਾ ਹੀ ਅੰਦਰ ਆ ਪਾਉਂਦਾ। 'ਗਾਹਕ' ਕਿਸਾਨ ਜਾਂ ਧਰਨੇ ਵਿਖੇ ਮੌਜੂਦ ਬਾਕੀ ਹੋਰ ਲੋਕ ਬੂਹਿਓਂ ਬਾਹਰ ਹੀ ਖੜ੍ਹੇ ਰਹਿੰਦੇ।







