ਪੂਨਮ ਆਪਣੀ ਧੀ ਰਾਣੀ ਦੇ ਵਾਲ਼ਾਂ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹਨ, ਤੇਲ਼ ਲਾਉਂਦੀ ਅਤੇ ਕੱਸ ਕੇ ਦੋ ਗੁੱਤਾਂ ਗੁੰਦ ਦਿੰਦੀ ਹਨ। ਪਰ ਇਸ ਤੋਂ ਪਹਿਲਾਂ ਕੇ ਉਹ ਗੁੱਤਾਂ ਨੂੰ ਰਬੜ ਨਾਲ਼ ਬੰਨ੍ਹ ਪਾਉਂਦੀ, ਬੱਚੀ ਨੇ ਟਪੂਸੀ ਮਾਰੀ ਅਤੇ ਆਪਣੇ ਭੈਣ-ਭਰਾਵਾਂ ਤੇ ਸਹੇਲੀਆਂ ਨਾਲ਼ ਖੇਡਣ ਵਾਸਤੇ ਬਾਹਰ ਵਿਹੜੇ ਵਿੱਚ ਚਲੀ ਗਈ। ''ਦੋਸਤ ਸਬ ਕੇ ਅਭੀਤਾਈ, ਏ ਸਬ ਸਾਂਝ ਹੋਇਤੇ ਘੌਰ ਸੇ ਭਾਗ ਜਾਈ ਚਾਈ ਖੇਲਾ ਲੇਲ (ਸ਼ਾਮੀਂ ਜਦੋਂ ਹੀ ਉਨ੍ਹਾਂ ਦੇ ਦੋਸਤ ਮਿੱਤਰ ਆਉਂਦੇ ਹਨ, ਉਹ ਸਾਰੇ ਖੇਡਣ ਲਈ ਬਾਹਰ ਚਲੇ ਜਾਂਦੇ ਹਨ)'', ਰਾਤ ਦੀ ਰੋਟੀ ਦੀ ਤਿਆਰੀ ਵਿੱਚ ਰੁੱਝੀ ਪੂਨਮ ਦੇਵੀ ਕਹਿੰਦੀ ਹਨ। ਰਾਣੀ ਉਨ੍ਹਾਂ ਦੀ ਅੱਠ-ਸਾਲਾ ਧੀ ਹੈ ਅਤੇ ਦੂਸਰੀ ਧੀ ਹੈ।
ਪੂਨਮ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਨ੍ਹਾਂ ਦਾ ਬੇਟਾ ਚਾਰੋ ਬੱਚਿਆਂ ਵਿੱਚ ਸਭ ਤੋਂ ਛੋਟਾ ਹੈ ਅਤੇ ਸਿਰਫ਼ ਉਸੇ ਦਾ ਹੀ ਜਨਮ ਸਰਟੀਫਿਕੇਟ ਪੂਨਮ ਕੋਲ਼ ਹੈ। ''ਹਮਰਾ ਲਾਗ ਮੇਂ ਇਤੇ ਪਾਈ ਰਹੀਤੇ ਤਾ ਬਨਵਾਈ ਲੇਤੇ ਸਬਕੇ (ਜੇ ਮੇਰੇ ਕੋਲ਼ ਪੈਸੇ ਹੁੰਦੇ, ਤਾਂ ਮੈਂ ਆਪਣੀਆਂ ਧੀਆਂ ਦੇ ਵੀ ਸਰਟੀਫਿਕੇਟ ਜ਼ਰੂਰ ਬਣਵਾ ਲੈਂਦੀ),'' ਉਹ ਕਹਿੰਦੀ ਹਨ। ਉਨ੍ਹਾਂ ਦਾ ਘਰ ਕੱਚਾ ਹੈ ਅਤੇ ਬਾਂਸ ਦੀਆਂ ਸੋਟੀਆਂ ਦੇ ਨਾਲ਼ ਘਰ ਦੀ ਆਰਜੀ ਚਾਰ-ਦਿਵਾਰੀ ਉਸਾਰੀ ਗਈ ਹੈ, ਬਿਹਾਰ ਅੰਦਰ ਇੰਝ ਹੀ ਹੁੰਦਾ ਹੈ। ਪੂਨਮ ਦੇ ਪਤੀ 38 ਸਾਲਾ ਮਨੋਜ ਇੱਕ ਦਿਹਾੜੀ ਮਜ਼ਦੂਰ ਹਨ, ਵਿਆਹ ਤੋਂ ਬਾਅਦ ਉਹ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਬੇਨੀਪੱਟੀ ਬਲਾਕ ਦੇ ਇਕਤਾਰਾ ਪਿੰਡ ਵਿੱਚ ਰਹਿੰਦੀ ਹਨ। ਮਨੋਜ ਮਹੀਨੇ ਦੇ ਕਰੀਬ 6,000 ਰੁਪਏ ਕਮਾ ਲੈਂਦੇ ਹਨ।
''ਹੁਣ ਮੇਰੀ ਉਮਰ 25 ਸਾਲ ਅਤੇ ਕੁਝ ਮਹੀਨੇ ਹੈ,'' ਪੂਨਮ (ਸਟੋਰੀ ਅੰਦਰਲੇ ਸਾਰੇ ਨਾਮ ਬਦਲ ਦਿੱਤੇ ਗਏ ਹਨ) ਕਹਿੰਦੀ ਹਨ। ''ਮੇਰਾ ਅਧਾਰ ਕਾਰਡ ਮੇਰੇ ਪਤੀ ਕੋਲ਼ ਹੈ ਅਤੇ ਉਹ ਇਸ ਵੇਲ਼ੇ ਘਰ ਨਹੀਂ ਹੈ। ਮੈਨੂੰ ਸਹੀ ਸਹੀ ਚੇਤਾ ਹੀ ਨਹੀਂ ਕਿ ਵਿਆਹ ਵੇਲ਼ੇ ਮੈਂ ਕਿੰਨੇ ਸਾਲਾਂ ਦੀ ਸਾਂ।'' ਜੇ ਉਹ ਹੁਣ 25 ਸਾਲਾਂ ਦੀ ਹਨ ਤਾਂ ਸੰਭਾਵਨਾ ਹੈ ਕਿ ਵਿਆਹ ਵੇਲ਼ੇ ਉਹ 14 ਸਾਲਾਂ ਦੀ ਰਹੀ ਹੋਵੇਗੀ।
ਪੂਨਮ ਦੇ ਸਾਰੇ ਬੱਚੇ ਘਰੇ ਹੀ ਪੈਦਾ ਹੋਏ। ''ਹਰ ਵਾਰੀਂ ਦਾਈ (ਰਵਾਇਤੀ ਤੌਰ 'ਤੇ ਬੱਚੇ ਜਮਾਉਣ ਵਾਲ਼ੀ) ਨੇ ਪੂਨਮ ਦੀ ਮਦਦ ਕੀਤੀ। ਅਸੀਂ ਸਿਰਫ਼ ਉਦੋਂ ਹੀ ਹਸਪਤਾਲ ਜਾਂਦੇ ਹਾਂ ਜਦੋਂ ਸਾਨੂੰ ਹਾਲਾਤ ਗੰਭੀਰ ਜਾਪਣ,'' 57 ਸਾਲਾ ਸ਼ਾਂਤੀ ਦੇਵੀ ਕਹਿੰਦੀ ਹਨ ਜੋ ਮਨੋਜ ਦੀ ਚਾਚੀ ਹਨ। ਉਹ ਉਸੇ ਮੁਹੱਲੇ ਵਿੱਚ ਪੂਨਮ ਦੇ ਨਾਲ਼ ਦੇ ਘਰ ਵਿੱਚ ਰਹਿੰਦੀ ਹਨ ਅਤੇ ਪੂਨਮ ਨੂੰ ਆਪਣੀ ਨੂੰਹ ਮੰਨਦੀ ਹਨ।







