''ਮੈਂ ਸੁਣਿਆ ਏ ਕਿ ਸਰਕਾਰੀ ਸਕੀਮਾਂ ਜ਼ਰੀਏ ਕਈ ਲੋਕਾਂ ਨੇ ਵਧੀਆ ਨੌਕਰੀਆਂ ਪਾਈਆਂ ਅਤੇ ਆਪੋ-ਆਪਣੀ ਜ਼ਿੰਦਗੀ ਲੀਹ 'ਤੇ ਲੈ ਆਂਦੀ,'' ਗੌਰੀ ਕਹਿੰਦੀ ਹਨ। ''ਟੈਲਵਿਜ਼ਨ ਦੀ ਇੱਕ ਖ਼ਬਰ (ਇਸ਼ਤਿਹਾਰ) ਤੋਂ ਮੈਨੂੰ ਇਹ ਪਤਾ ਲੱਗਿਆ।''
ਹਾਲਾਂਕਿ ਗੌਰੀ ਵਘੇਲਾ ਨੂੰ ਅਜਿਹਾ ਇੱਕ ਵੀ ਵਿਅਕਤੀ ਨਹੀਂ ਮਿਲ਼ਿਆ ਜਿਹਨੂੰ ਅਜਿਹੀ ਨੌਕਰੀ ਮਿਲ਼ੀ ਹੋਵੇ ਜਾਂ ਉਹਨੇ ਸਰਕਾਰੀ ਸਕੀਮਾਂ ਦਾ ਲਾਹਾ ਲਿਆ ਹੋਵੇ, ਜਿਵੇਂ ਕਿ ਇਸ਼ਤਿਹਾਰ ਦਾਅਵਾ ਕਰਦੇ ਹਨ। ਸੱਚਾਈ ਤਾਂ ਇਹ ਹੈ ਕਿ ਗੌਰੀ ਦੇ ਸਾਹਮਣੇ ਵੀ ਮਾਮੂਲੀ ਤੋਂ ਮਾਮੂਲੀ ਨੌਕਰੀ ਦੇ ਵਿਕਲਪ ਵੀ ਸੀਮਤ ਹੀ ਹਨ। ''ਮੈਂ ਸਰਕਾਰ ਦੁਆਰਾ ਸੰਚਾਲਤ ਹੁਨਰ ਵਿਕਾਸ ਦਾ ਕੋਰਸ ਕੀਤਾ ਹੋਇਆ ਹੈ ਅਤੇ ਮੈਂ ਸਿਲਾਈ ਮਸ਼ੀਨ ਵੀ ਚਲਾ ਸਕਦੀ ਹਾਂ,'' ਇਸ 19 ਸਾਲਾ ਕੁੜੀ ਦਾ ਕਹਿਣਾ ਹੈ। ''ਮੈਨੂੰ ਨੌਕਰੀ (ਕੱਪੜਾ ਮਿੱਲ ਵਿੱਚ) ਮਿਲ਼ੀ ਸੀ। ਪਰ 8 ਘੰਟਿਆਂ ਦੀ ਸ਼ਿਫ਼ਟ ਬਦਲੇ ਮੈਨੂੰ ਮਹੀਨਾ ਦਾ ਸਿਰਫ਼ 4000 ਰੁਪਿਆ ਹੀ ਮਿਲ਼ਦਾ। ਹੋਰ ਤਾਂ ਹੋਰ ਇਹ ਮਿੱਲ ਮੇਰੇ ਘਰੋਂ 6 ਕਿਲੋਮੀਟਰ ਦੂਰ ਵੀ ਸੀ। ਮੇਰੀ ਪੂਰੀ ਕਮਾਈ ਖਾਣ-ਪੀਣ ਅਤੇ ਕਿਰਾਏ 'ਤੇ ਹੀ ਖ਼ਰਚ ਹੋ ਜਾਇਆ ਕਰਦੀ। ਇਸਲਈ ਦੋ ਮਹੀਨਿਆਂ ਬਾਅਦ ਮੈਂ ਕੰਮ ਛੱਡ ਦਿੱਤਾ।'' ਅੱਗੇ ਬੋਲਣ ਤੋਂ ਪਹਿਲਾਂ ਉਹ ਹੱਸਦੀ ਹੈ ਅਤੇ ਕਹਿੰਦੀ ਹੈ,''ਹੁਣ... ਹੁਣ ਮੈਂ ਘਰੇ ਰਹਿ ਕੇ ਲੋਕਾਂ ਦੇ ਕੱਪੜੇ ਸਿਊਂਦੀ ਹਾਂ ਅਤੇ ਇੱਕ ਜੋੜੀ ਕੱਪੜਾ ਸਿਊਣ ਬਦਲੇ 100 ਰੁਪਿਆ ਲੈਂਦੀ ਹਾਂ। ਪਰ ਪਿਛਲੇ ਇੱਕ ਸਾਲ ਤੋਂ ਇੱਥੋਂ ਦੇ ਬਾਸ਼ਿੰਦਿਆਂ ਨੇ ਸਿਰਫ਼ ਦੋ ਜੋੜੀ ਕੱਪੜੇ ਹੀ ਸਿਲਾਏ ਹੋਣੇ, ਸੋ ਮੈਨੂੰ ਬਹੁਤੀ ਕਮਾਈ ਨਹੀਂ ਹੁੰਦੀ!''
ਅਸੀਂ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁਜ ਸ਼ਹਿਰ ਦੀ ਰਾਮਨਗਰੀ ਝੁੱਗੀ ਬਸਤੀ ਦੀਆਂ ਨੌਜਵਾਨ ਔਰਤਾਂ ਦੇ ਇੱਕ ਸਮੂਹ ਨਾਲ਼ ਗੱਲ ਕਰ ਰਹੇ ਹਾਂ। ਸਾਡੀ ਪੂਰੀ ਗੁਫ਼ਤਗੂ ਅੱਜ, ਯਾਨਿ ਕਿ 23 ਅਪ੍ਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ 'ਤੇ ਹੀ ਕੇਂਦਰਤ ਹੈ।
2014 ਦੀਆਂ ਚੋਣਾਂ ਵਿੱਚ, ਕੱਛ ਦੇ ਪੰਜੀਕ੍ਰਿਤ ਲਗਭਗ 15.34 ਲੱਖ ਵੋਟਰਾਂ ਵਿੱਚੋਂ 9.47 ਲੱਖ ਲੋਕਾਂ ਨੇ ਵੋਟਾਂ ਪਾਈਆਂ ਸਨ, ਭਾਰਤੀ ਜਨਤਾ ਪਾਰਟੀ ਨੇ ਰਾਜ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਕੱਛ ਦੇ ਸਾਂਸਦ ਵਿਨੋਦ ਚਾਵੜਾ ਨੇ ਆਪਣੇ ਨੇੜਲੇ ਪ੍ਰਤਿਪੱਖੀ (ਵਿਰੋਧੀ) ਕਾਂਗਰਸ ਪਾਰਟੀ ਦੇ ਡਾ. ਦਿਨੇਸ਼ ਪਰਮਾਰ ਨੂੰ 2.5 ਲੱਖ ਤੋਂ ਵੱਧ ਵੋਟਾਂ ਨਾਲ਼ ਹਰਾਇਆ ਸੀ। ਇਸ ਤੋਂ ਇਲਾਵਾ, 2017 ਵਿੱਚ ਗੁਜਰਾਤ ਦੀਆਂ 182 ਸੀਟਾਂ ਵਾਲ਼ੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਭਾਜਪਾ ਨੂੰ ਜਿਨ੍ਹਾਂ 99 ਚੋਣ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਸੀ ਉਨ੍ਹਾਂ ਵਿੱਚੋਂ ਇੱਕ ਭੁਜ ਹਲਕਾ ਵੀ ਸੀ। ਕਾਂਗਰਸ ਨੂੰ 77 ਸੀਟਾਂ ਮਿਲ਼ੀਆਂ ਸਨ।





