ਦੱਖਣ ਮੁੰਬਈ ਦੇ ਭੁਲੇਸ਼ਵਰ ਇਲਾਕੇ ਦੀਆਂ ਭੀੜੀਆਂ ਗਲ਼ੀਆਂ ਕਿਸੇ ਭੁੱਲ-ਭੁਲੱਈਏ ਨਾਲ਼ੋਂ ਘੱਟ ਨਹੀਂ। ਇਨ੍ਹਾਂ ਵਿੱਚੋਂ ਹੀ ਇੱਕ ਗਲ਼ੀ ਵਿੱਚ ਮੰਜ਼ੂਰ ਆਲਮ ਸ਼ੇਖ ਰਹਿੰਦੇ ਹਨ ਜੋ ਹਰ ਰੋਜ਼ ਸਵੇਰੇ 5 ਵਜੇ ਉੱਠਦੇ ਹਨ ਅਤੇ ਆਪਣੇ ਕੰਮ 'ਤੇ ਨਿਕਲ਼ ਜਾਂਦੇ ਹਨ। ਅਕਸਰ ਚੈੱਕ ਲੂੰਗੀ ਪਹਿਨਣ ਵਾਲ਼ੇ ਸ਼ੇਖ, 550 ਲੀਟਰ ਪਾਣੀ ਦੀ ਟੈਂਕੀ (ਲੋਹੇ ਦੀ) ਨੂੰ ਧੱਕਾ ਲਾਉਂਦੇ ਹਨ ਅਤੇ ਕੋਵਾਸਜੀ ਪਲੇਟ ਟੈਂਕ ਵਿਖੇ ਲਿਜਾ ਕੇ ਪਾਣੀ ਨਾਲ਼ ਭਰਦੇ ਹਨ। ਇਹ ਥਾਂ ਉਨ੍ਹਾਂ ਦੀ ਰਿਹਾਇਸ਼ ਤੋਂ ਇੱਕ ਕਿਲੋਮੀਟਰ ਦੂਰ ਹੈ। ਮਿਰਜ਼ਾ ਗਾਲਿਬ ਮਾਰਕਿਟ ਦੇ ਕੋਲ਼ ਦੁਧ ਬਜ਼ਾਰ ਵਿਖੇ ਬਣੇ ਜਨਤਕ ਪਖ਼ਾਨੇ ਦੇ ਐਨ ਨਾਲ਼ ਕਰਕੇ ਕੋਨੇ ਵਾਲ਼ੀ ਖੁੱਲ੍ਹੀ ਜਿਹੀ ਥਾਂ ਹੀ ਉਨ੍ਹਾਂ ਦਾ ਘਰ ਹੈ। ਪਾਣੀ ਭਰ ਕੇ ਉਹ ਦੁਧ ਮਾਰਕਿਟ ਆਉਂਦੇ ਹਨ, ਤੈਅ ਥਾਂ 'ਤੇ ਆਪਣੀ ਠੇਲ੍ਹੇਨੁਮਾ ਟੈਂਕੀ ਖੜ੍ਹੀ ਕਰਦੇ ਹਨ ਅਤੇ ਦੁਕਾਨਾਂ ਅਤੇ ਨੇੜੇ ਘਰਾਂ ਦੇ ਆਪਣੇ ਗਾਹਕਾਂ ਨੂੰ ਪਾਣੀ ਸਪਲਾਈ ਕਰਨ ਲੱਗਦੇ ਹਨ।
50 ਸਾਲਾ ਮੰਜ਼ੂਰ ਉਨ੍ਹਾਂ ਵਿਰਲੇ ਬਚੇ ਭਿਸ਼ਤੀਆਂ ਵਿੱਚੋਂ ਇੱਕ ਹਨ ਜੋ ਰੋਜ਼ੀਰੋਟੀ ਕਮਾਉਣ ਖਾਤਰ ਇਸ ਕੰਮ ਵਿੱਚ ਲੱਗੇ ਹੋਏ ਹਨ। ਉਹ ਪਿਛਲੇ ਚਾਰ ਦਹਾਕਿਆਂ ਤੋਂ ਮੁੰਬਈ ਦੇ ਅੰਦਰੂਨੀ (ਇਤਿਹਾਸਕ) ਇਲਾਕਿਆਂ ਦੇ ਨਿਵਾਸੀਆਂ ਨੂੰ ਪੀਣ ਵਾਸਤੇ, ਸਾਫ਼-ਸਫ਼ਾਈ ਕਰਨ ਅਤੇ ਕੱਪੜੇ ਧੋਣ ਵਾਸਤੇ ਪਾਣੀ ਸਪਲਾਈ ਕਰਦੇ ਆਏ ਹਨ। ਜਦੋਂ ਤੱਕ ਕੋਵਿਡ-19 ਮਹਾਂਮਾਰੀ ਨੇ ਭਿਸ਼ਤੀਆਂ ਦੇ ਇਸ ਪੇਸ਼ੇ ਵਿੱਚ ਵਿਘਨ ਨਹੀਂ ਪਾਇਆ ਸੀ, ਉਦੋਂ ਤੀਕਰ ਮੰਜ਼ੂਰ, ਭੁਲੇਸ਼ਵਰ ਇਲਾਕੇ ਦੇ ਉਨ੍ਹਾਂ ਟਾਂਵੇਂ-ਵਿਰਲੇ ਮਸ਼ਕਵਾਲ਼ਿਆਂ ਵਿੱਚੋਂ ਹੀ ਸਨ ਜੋ ਮਸ਼ਕਾਂ ਵਿੱਚ ਪਾਣੀ ਭਰ ਕੇ ਥਾਓਂ-ਥਾਈਂ ਪਹੁੰਚਾਉਂਦੇ ਹੁੰਦੇ ਸਨ- ਮਸ਼ਕ ਚਮੜੇ (ਬੱਕਰੀ ਦੇ) ਦਾ ਬਣਿਆ ਇੱਕ ਥੈਲਾ ਹੁੰਦਾ ਹੈ ਜਿਸ ਅੰਦਰ ਲਗਭਗ 30 ਲੀਟਰ ਪਾਣੀ ਭਰਿਆ ਜਾਂਦਾ ਹੈ।
ਪਰ ਮਸ਼ਕਾਂ ਵਿੱਚ ਪਾਣੀ ਭਰ ਕੇ ਸਪਲਾਈ ਕਰਨ ਦੀ ਇਹ ਪ੍ਰਥਾ ''ਹੁਣ ਮੁੱਕ ਗਈ ਹੈ'', ਮੰਜ਼ੂਰ ਕਹਿੰਦੇ ਹਨ ਜੋ ਖ਼ੁਦ 2021 ਤੋਂ ਬਾਅਦ ਮਸ਼ਕ ਦੀ ਥਾਂ ਪਲਾਸਟਿਕ ਦੀਆਂ ਬਾਲ਼ਟੀਆਂ ਵਰਤਣ ਲੱਗੇ ਹਨ। ''ਹਾਲਾਤ ਹੁਣ ਇਹ ਹਨ ਕਿ ਬਜ਼ੁਰਗ ਭਿਸ਼ਤੀਆਂ ਦੇ ਹੁਣ ਘਰ ਵਾਪਸੀ ਦਾ ਵੇਲ਼ਾ ਆ ਗਿਆ ਹੈ ਅਤੇ ਹੁਣ ਨੌਜਵਾਨ (ਭਿਸ਼ਤੀਆਂ) ਨੂੰ ਨਵੀਂਆਂ-ਨਵੀਂਆਂ ਨੌਕਰੀਆਂ ਲੱਭਣੀਆਂ ਪੈਣਗੀਆਂ,'' ਉਹ ਕਹਿੰਦੇ ਹਨ। 'ਭਿਸ਼ਤੀ' ਸ਼ਬਦ ਫ਼ਾਰਸੀ (ਪਰਸ਼ੀਨਅਨ) ਭਾਸ਼ਾ ਦਾ ਮੂਲ਼ ਹੈ ਅਤੇ ਇਹਦਾ ਮਤਲਬ ਹੈ 'ਪਾਣੀ ਦਾ ਵਾਹਕ'। ਇਸ ਭਾਈਚਾਰੇ ਨੂੰ ਸੱਕਾ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ ਜੋ 'ਪਾਣੀ ਦਾ ਵਾਹਕ' ਜਾਂ 'ਕੱਪ ਧਾਰਕ' ਲਈ ਇੱਕ ਅਰਬੀ ਸ਼ਬਦ ਹੈ। ਭਿਸ਼ਤੀ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਅਤੇ ਗੁਜਰਾਤ (ਜਿੱਥੇ ਇਸ ਭਾਈਚਾਰੇ ਨੂੰ ਪਖਾਲੀ ਵੀ ਕਿਹਾ ਜਾਂਦਾ ਹੈ) ਵਿਖੇ ਹੋਰ ਪਿਛੜੀਆਂ ਸ਼੍ਰੇਣੀਆਂ (ਓਬੀਸੀ) ਵਜੋਂ ਸੂਚੀਬੱਧ ਹਨ।

























