ਉਸ ਦੇ ਘਰ ਨੂੰ ਜਾਣ ਵਾਲੀ ਗਲੀ ਖੜ੍ਹਵੀਂ ਚੜ੍ਹਾਈ ਵਾਲੀ ਹੈ, ਜਿਸ ’ਤੇ ਆਦਿਲਕਸ਼ਮੀ (72) ਨੂੰ, ਪਿਛਲੇ ਸਾਲ ਹੋਈ ਲੱਤ ਦੀ ਸਰਜਰੀ ਤੋਂ ਬਾਅਦ, ਚੜ੍ਹਨਾ ਔਖਾ ਲੱਗਦਾ ਹੈ। ਦੱਖਣੀ ਬੰਗਲੁਰੂ ਦੇ ਸੁਦਾਗੁੰਟੇ ਪਾਲਿਆ ਇਲਾਕੇ ਵਿਖੇ ਭਵਾਨੀ ਨਗਰ ਦੀ ਇਸ ਝੁੱਗੀ-ਬਸਤੀ ਵਿੱਚ ਸਥਿਤ ਇਹ ਘਰ, ਇੱਕ ਸਿੰਗਲ ਕਮਰਾ ਹੈ ਜੋ ਉਹ ਪਰਿਵਾਰ ਦੇ ਛੇ ਹੋਰ ਮੈਂਬਰਾਂ ਨਾਲ਼ ਸਾਂਝਾ ਕਰਦੀ ਹੈ।
ਆਦਿਲਕਸ਼ਮੀ ਅਤੇ ਉਸਦਾ ਘਰਵਾਲਾ ਕਨੱਈਆ ਰਾਮ (83) ਕੰਮ ਦੀ ਭਾਲ ਵਿੱਚ, ਤਮਿਲਨਾਡੂ ਦੇ ਮਦੁਰਾਈ ਜ਼ਿਲੇ ਦੇ ਇੱਕ ਪਿੰਡ ਤੋਂ ਪਰਵਾਸ ਕਰਕੇ ਲਗਭਗ 30 ਸਾਲ ਪਹਿਲਾਂ ਬੰਗਲੁਰੂ ਆਏ ਸਨ। ਜਦੋਂ ਉਸਦੇ ਘਰਵਾਲੇ ਨੂੰ ਤਰਖਾਣ ਦਾ ਕੰਮ ਮਿਲ ਗਿਆ, ਤਾਂ ਉਸਨੇ ਆਪਣੇ ਦੋ ਬੇਟਿਆਂ ਅਤੇ ਦੋ ਬੇਟੀਆਂ ਦਾ ਪਾਲਣ ਪੋਸ਼ਣ ਕੀਤਾ।
“ਸਿਰਫ਼ ਇਸ ਕਰਕੇ ਕਿ ਮੈਂ ਬੁੱਢੀ ਹੋ ਗਈ ਹਾਂ, ਇਸਦਾ ਮਤਲਬ ਹੋਇਆ ਬਈ ਮੈਨੂੰ ਖਾਣ ਦੀ ਜ਼ਰੂਰਤ ਨਹੀਂ ਹੈ?" ਉਹ ਪੁੱਛਦੀ ਹੈ। ਇਹ ਉਹ ਸਵਾਲ ਹੈ ਜਿਸਨੂੰ ਉਸਨੇ ਪਿਛਲੇ ਛੇ ਮਹੀਨਿਆਂ ਵਿੱਚ ਕਈ ਵਾਰ ਦੁਹਰਾਇਆ ਹੈ ਜਦੋਂ ਉਸਨੂੰ ਅਤੇ ਉਸਦੇ ਪਤੀ ਨੂੰ ਉਹਨਾਂ ਦਾ ਮਹੀਨੇ ਦਾ ਬਣਦਾ ਰਾਸ਼ਨ- ਪ੍ਰਤੀ ਵਿਅਕਤੀ ਸੱਤ ਕਿਲੋ ਮੁਫਤ ਚੌਲ- ਦੇਣ ਤੋਂ ਇਨਕਾਰ ਕੀਤਾ ਗਿਆ। ਚੌਲਾਂ ਦੇ ਨਾਲ਼-ਨਾਲ਼ ਜੋ ਸਬਸਿਡੀ ਵਾਲਾ ਨਮਕ, ਖੰਡ, ਖ਼ਜੂਰ (ਤਾੜ) ਦਾ ਤੇਲ ਅਤੇ ਸਾਬਣ ਉਨ੍ਹਾਂ ਨੂੰ ਮਿਲਦਾ ਸੀ, ਜਿਸ ਲਈ ਉਨ੍ਹਾਂ ਨੂੰ 150 ਰੁਪਏ ਦੇਣੇ ਪੈਂਦੇ ਸਨ, ਮਿਲ਼ਣਾ ਬੰਦ ਹੋ ਗਿਆ।
ਬਜ਼ੁਰਗ ਜੋੜੇ ਨੂੰ ਰਾਸ਼ਨ ਦੇਣ ਤੋਂ ਕਿਉਂ ਇਨਕਾਰ ਕੀਤਾ ਗਿਆ? ਕਿਉਂਕਿ ਆਪਣੇ ਘਰੋਂ 2 ਕਿਲੋਮੀਟਰ ਦੂਰ, ਜਨਤਕ ਵੰਡ ਪ੍ਰਣਾਲੀ (PDS) ਵਾਲੀ ਜਿਹੜੀ ਦੁਕਾਨ ‘ਤੇ ਉਹ ਰਾਸ਼ਨ ਲੈਣ ਜਾਂਦੇ ਹਨ, ਉੱਥੇ ਦੋਹਾਂ ਦੇ ਉਂਗਲਾਂ ਦੇ ਨਿਸ਼ਾਨਾਂ ਦੀ ਪੁਸ਼ਟੀ ਨਹੀਂ ਹੋਈ। ਛੋਟੀਆਂ ਮਸ਼ੀਨਾਂ ਜਿਨ੍ਹਾਂ ਦੇ ਜ਼ਿੰਮੇ ਪੁਸ਼ਟੀ ਕਰਨ ਦਾ ਇਹ ਕੰਮ ਹੈ, ਬੰਗਲੁਰੂ ਵਿੱਚ ਇਹਨਾਂ ਰਾਸ਼ਨ ਦੀਆਂ ਦੁਕਾਨਾਂ ਵਿੱਚ ਲਾਈਆਂ ਗਈਆਂ ਹਨ - ਸ਼ਹਿਰ ਵਿੱਚ ਲਗਭਗ 1,800 ਅਜਿਹੀਆਂ ਦੁਕਾਨਾਂ ਹਨ।







