14 ਅਪ੍ਰੈਲ ਨੂੰ ਹੋਈ ਇੱਕ ਮੁਲਾਕਾਤ ਦੌਰਾਨ ਦੇਵੀ ਕਨਕਰਾਜ (ਨਾਮ ਬਦਲਿਆ ਹੋਇਆ) ਦੱਸਦੀ ਹੈ ਕਿ ਦਿਨ ਸਮੇਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਬੱਚੇ ਸੌਂ ਜਾਣ ਅਤੇ ਘਰੋਂ ਬਾਹਰ ਨਾ ਜਾ ਸਕਣ। ਤਾਂ ਕਿ ਇਹ ਹੋਰਨਾਂ ਬੱਚਿਆਂ ਨੂੰ ਖਾਣਾ ਖਾਂਦੇ ਹੋਏ ਨਾ ਦੇਖ ਸਕਣ।” ਉਸ ਦਿਨ ਵੀ ਉਸ ਕੋਲ ਸਿਰਫ਼ ਦੋ ਦਿਨਾਂ ਦਾ ਰਾਸ਼ਨ ਬਚਿਆ ਸੀ। ਉਸ ਨੇ ਦੱਸਿਆ “ਹੁਣ ਮੇਰੇ ਕੋਲ ਬੱਚਿਆਂ ਦਾ ਢਿੱਡ ਭਰਨ ਦਾ ਹੋਰ ਕੋਈ ਵਸੀਲਾ ਨਹੀਂ। ਨਾ ਹੀ ਮੇਰਾ ਕੋਈ ਹੈ ਜਿਸ ਕੋਲ ਮੈਂ ਮਦਦ ਲਈ ਜਾ ਸਕਾਂ।”
28 ਸਾਲਾ ਦੇਵੀ ਤਾਮਿਲਨਾਡੂ ਦੇ ਵਿਰੁਧਨਗਰ ਦੇ ਇੱਕ ਪਿੰਡ ਇਡਾਆਪੋਟਲਪੱਟੀ ਦੀ ਜਾਤੀ ਅਰੁੰਥਾਥਿਆਰ ਦੇ ਗਰੀਬ ਤਬਕੇ ਨਾਲ ਸਬੰਧ ਰੱਖਦੀ ਹੈ। ਜੋ ਰਾਜ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਆਪਣੀ ਜਾਤੀ ਦੀਆਂ ਹੋਰ ਔਰਤਾਂ ਵਾਂਗ ਹੀ ਦੇਵੀ ਵੀ ਪਿੰਡ ਤੋਂ 25 ਕਿਲੋਮੀਟਰ ਦੂਰ ਸਿਵਕਾਸੀ ਵਿਖੇ ਸਥਿਤ ਪਟਾਕਿਆਂ ਦੀ ਫ਼ੈਕਟਰੀ ਵਿੱਚ ਹਫ਼ਤਾਵਾਰੀ ਤਨਖ਼ਾਹ ‘ਤੇ ਕੰਮ ਕਰਨ ਜਾਂਦੀ ਹੈ। 24 ਮਾਰਚ ਨੂੰ ਕੋਵਿਡ-19 ਕਾਰਨ ਲੱਗਣ ਵਾਲੇ ਲੌਕਡਾਊਨ ਤੋਂ ਪਹਿਲਾਂ ਉਹ ਰਾਕੇਟ ਟਿਊਬ ਅਤੇ ਕਾਗਜ਼ ਦੇ ਖੋਲਾਂ ਵਿੱਚ ਬਾਰੂਦ ਭਰਨ ਦਾ ਜੋਖਿਮ ਭਰਿਆ ਕੰਮ ਕਰਕੇ 250 ਰੁਪਏ ਦਿਹਾੜੀ ਕਮਾਉਂਦੀ ਸੀ।
ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਦੇਵੀ ਨੂੰ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਰਾਹਤ ਵਜੋਂ 15 ਕਿਲੋ ਚੌਲ ਅਤੇ ਇੱਕ ਕਿਲੋ ਦਾਲ ਮਿਲੀ ਸੀ, ਜੋ ਕਿ ਜਲਦੀ ਹੀ ਖ਼ਤਮ ਹੋ ਗਏ। ਉਸ ਨੇ ਅੱਗੇ ਦੱਸਦਿਆਂ ਕਿਹਾ, “ਸਾਡੇ ਪਰਿਵਾਰ ਨੂੰ ਸਰਕਾਰ ਵੱਲੋਂ 1000 ਰੁਪਏ ਵੀ ਮਿਲੇ ਸਨ ਜੋ ਸਬਜ਼ੀਆਂ ਅਤੇ ਰਾਸ਼ਨ ‘ਤੇ ਖ਼ਰਚ ਹੋ ਗਏ। ਇਸ ਤੋਂ ਬਾਅਦ ਰਾਸ਼ਨ ਵਾਲੇ ਨੇ ਸਾਨੂੰ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਰਾਸ਼ਣ ਬਚਾਉਣ ਦੀ ਕੋਸ਼ਿਸ਼ ਵਿੱਚ ਅਸੀਂ ਸਿਰਫ਼ ਦੋ ਡੰਗ ਦਾ ਖਾਣਾ ਹੀ ਖਾਂਦੇ ਹਾਂ।”
ਮਈ ਦੇ ਸ਼ੁਰੂਆਤ ਵਿੱਚ ਦੇਵੀ ਦੇ ਪਰਿਵਾਰ ਨੂੰ 30 ਕਿਲੋ ਚੌਲ, 1 ਕਿਲੋ ਦਾਲ, 1 ਲੀਟਰ ਤੇਲ ਅਤੇ 2 ਕਿਲੋ ਚੀਨੀ ਮਿਲੀ ਸੀ। ਪਰ ਦੋ ਹਫ਼ਤਿਆਂ ਬਾਅਦ ਸਿਰਫ਼ ਥੋੜੇ ਜਿਹੇ ਚੌਲ ਹੀ ਬਚੇ ਰਹਿ ਗਏ। “ਸਾਡੇ ਕੋਲ ਸਬਜ਼ੀਆਂ ਅਤੇ ਰਾਸ਼ਣ ਖਰੀਦਣ ਲਈ ਕੋਈ ਪੈਸਾ ਨਹੀਂ ਬਚਿਆ” ਉਸ ਨੇ ਦੱਸਿਆ। “ਅਸੀਂ ਸਿਰਫ਼ ਚੌਲ ‘ਤੇ ਅਚਾਰ ਖਾ ਕੇ ਗੁਜ਼ਾਰਾ ਕਰ ਰਹੇ ਹਾਂ।”
18 ਮਈ ਆਉਂਦੇ ਆਉਂਦੇ ਵਿਰੁਧਨਗਰ ਵਿੱਚ ਕੋਵਿਡ-19 ਦੇ ਘੱਟ ਮਾਮਲੇ ਹੋਣ ਕਾਰਨ ਲੌਕਡਾਊਨ ਦੀ ਸਖ਼ਤੀ ਵਿੱਚ ਥੋੜੀ ਢਿੱਲ ਦਿੱਤੀ ਗਈ। ਦੇਵੀ ਨੇ ਵੀ ਉਸੇ ਦਿਨ ਤੋਂ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ, ਇਸ ਉਮੀਦ ਨਾਲ਼ ਕਿ ਉਹ ਆਪਣੀਆਂ 12, 10 ਅਤੇ 8 ਸਾਲ ਦੀਆਂ ਧੀਆਂ ਦਾ ਢਿੱਡ ਭਰਨ ਜੋਗੇ ਪੈਸੇ ਕਮਾ ਸਕੇ। ਉਸ ਦਾ 30 ਸਾਲਾ ਪਤੀ ਆਰ. ਕਨਕਰਾਜ (ਨਾਮ ਬਦਲਿਆ ਹੋਇਆ) ਆਪਣੀ ਟਰੱਕ ਡਰਾਇਵਰੀ ਤੋਂ ਕੀਤੀ ਹੋਈ ਕਮਾਈ ਦਾ ਜ਼ਿਆਦਾਤਰ ਹਿੱਸਾ ਸ਼ਰਾਬ ਪੀਣ ‘ਤੇ ਉਡਾ ਦਿੰਦਾ ਹੈ।





