ਦਿੱਲੀ ਦੇ ਕਿਸੇ ਬਾਰੇ ਵਿੱਚ ਵਰਲਡ ਕੱਪ ਮੈਚ ਦੇਖਣ ਲਈ ਬੈਠੇ ਤਿੰਨ ਦੋਸਤ ਜਿੰਨੇ ਪੈਸਿਆਂ ਦੀ ਬੀਅਰ ਡਕਾਰ ਜਾਂਦੇ ਹਨ ਓਨੇ ਪੈਸੇ ਈਸ਼ਵਰੀ ਦਾ 17 ਮੈਂਬਰੀ ਟੱਬਰ ਪੂਰੇ ਮਹੀਨੇ ਵਿੱਚ ਕਮਾਉਂਦਾ ਹੈ। ਮੇਰਠ ਦੇ ਨੇੜੇ ਖੇਡਕੀ ਪਿੰਡ ਵਿੱਚ ਫੁੱਟਬਾਲ ਦੀ ਸਿਲਾਈ ਕਰਕੇ ਉਹ ਬਾਮੁਸ਼ਕਲ 1000 ਰੁਪਏ ਹੀ ਕਮਾ ਪਾਉਂਦੇ ਹਨ। ਹਰ ਰੋਜ਼ ਸਵੇਰੇ ਸਾਜਰੇ ਉੱਠ ਕੇ ਘਰ ਦੇ ਸਾਰੇ ਕੰਮ ਨਿਬੜੇਨ ਤੇ ਪੁਰਸ਼ਾਂ ਨੂੰ ਕੰਮੋ-ਕੰਮੀਂ ਭੇਜ ਕੇ ਘਰ ਦੀਆਂ ਔਰਤਾਂ ਅਤੇ ਵੱਡੇ ਬੱਚਿਆਂ ਦੀ 7 ਘੰਟਿਆਂ ਦੇ ਮਿਹਨਤ ਭਰੇ ਦਿਨ ਦੀ ਸ਼ੁਰੂਆਤ ਹੁੰਦੀ ਹੈ। ਉਮਰ ਦੇ 60 ਤੋਂ ਵੱਧ ਸਾਲ ਪਾਰ ਕਰਨ ਵਾਲ਼ੀ ਈਸ਼ਵਰੀ ਕਹਿੰਦੀ ਹਨ ਕਿ ਘਰ ਦੇ ਮਰਦਾਂ ਨੂੰ ਔਰਤਾਂ ਦੇ ਇਸ ਕੰਮ ਤੋਂ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਇਸ ਕੰਮ ਵਿੱਚ ਉਨ੍ਹਾਂ ਨੂੰ ਕੱਚਾ ਮਾਲ਼ ਲਿਆਉਣ ਤੇ ਬਣਿਆਂ ਮਾਲ਼ ਪਹੁੰਚਾਉਣ ਤੋਂ ਇਲਾਵਾ ਘਰੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਸੰਪੱਤੀ ਦੇ ਨਾਮ 'ਤੇ ਪਰਿਵਾਰ ਕੋਲ਼ ਇੱਕ ਜੋਤ (ਜ਼ਮੀਨ ਦਾ ਟੁਕੜਾ) ਹੈ। ਫੁੱਟਬਾਲ ਸਿਊਣ ਦੇ ਕੰਮੀਂ ਲੱਗੇ ਮੇਰਠ ਦੇ ਆਸਪਾਸ ਦੇ 50 ਪਿੰਡਾਂ ਦੇ ਪਰਿਵਾਰਾਂ ਕੋਲ਼ ਇਸ ਕੰਮ ਤੋਂ ਇਲਾਵਾ ਵਾਧੂ ਆਮਦਨੀ ਦਾ ਹੋਰ ਕੋਈ ਵਸੀਲਾ ਨਹੀਂ ਹੈ।
ਈਸ਼ਵਰੀ ਦਾ ਪਰਿਵਾਰ ਦਲਿਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ। ਮੇਰਠ ਦੇ ਨੇੜਲੇ ਪਿੰਡਾਂ ਦੇ ਇਹ ਫੁੱਟਬਾਲ਼ ਸਿਊਣ ਵਾਲ਼ੇ ਬਹੁਤੇਰੇ ਪਰਿਵਾਰ ਜਾਂ ਤਾਂ ਮੁਸਲਮਾਨ ਹਨ ਜਾਂ ਬੇਜ਼ਮੀਨੇ ਦਲਿਤ ਜੋ ਮਜ਼ੂਦਰੀ ਕਰਕੇ ਢਿੱਡ ਪਾਲ਼ਦੇ ਹਨ। ਇੱਕ ਵਿਅਕਤੀ ਸੱਤ ਘੰਟੇ ਲਗਾਤਾਰ ਕੰਮ ਕਰਕੇ 3 ਫੁੱਟਬਾਲ ਬਣਾ ਸਕਦਾ ਹੈ ਅਤੇ ਕੋਈ ਬੱਚਾ ਵੱਧ ਤੋਂ ਵੱਧ 2 ਬਣਾ ਲੈਂਦਾ ਹੈ। ਜੇ ਫੁੱਟਬਾਲ ਦਾ ਅਕਾਰ ਛੋਟਾ ਜਾਂ ਦਰਮਿਆਨਾਂ ਹੋਵੇ ਤਾਂ ਉਨ੍ਹਾਂ ਨੂੰ ਉਸ ਦੇ ਬਦਲੇ 3 ਰੁਪਏ ਹੀ ਮਿਲ਼ਦੇ ਹਨ ਅਤੇ ਵੱਡੇ ਫੁੱਟਬਾਲ ਬਦਲੇ 5 ਰੁਪਏ। ਦਿਨ ਦੇ ਅੱਠ ਬਣਾਉਣ ਵਾਲ਼ਾ ਇਹ ਛੇ ਮੈਂਬਰੀ ਪਰਿਵਾਰ ਮਹੀਨੇ ਦੇ 600 ਤੋਂ 900 ਰੁਪਏ ਤੋਂ ਵੱਧ ਪੈਸੇ ਕਮਾਉਣ ਦੀ ਉਮੀਦ ਨਹੀਂ ਕਰ ਪਾਉਂਦਾ। ਇਹ ਰਕਮ ਮੰਗ ਦੇ ਹਿਸਾਬ ਨਾਲ਼ ਬਦਲਦੀ ਰਹਿੰਦੀ ਹੈ। ਸਥਾਨਕ ਪਰਚੂਨ ਮੰਡੀ ਵਿੱਚ ਵੀ ਇਨ੍ਹਾਂ ਫੁੱਟਬਾਲਾਂ ਦੀ ਕੀਮਤ 100-300 ਰੁਪਏ ਲੱਗਦੀ ਹੈ। ਜੇ ਕੋਈ ਟਾਂਕਾ ਉਧੜ ਜਾਵੇ ਤਾਂ ਠੇਕੇਦਾਰ ਮੁਰੰਮਤ ਕਰਾਉਣ ਲਈ ਆਉਂਦੇ ਖਰਚ ਨੂੰ ਮਜ਼ਦੂਰ ਦੀ ਦਿਹਾੜੀ ਵਿੱਚੋਂ ਦੀ ਕੱਟ ਲੈਂਦਾ ਹੈ। ਬਲੈਡਰ ਪੈਂਚਰ ਹੋਣ ਦੀ ਸੂਰਤ ਵਿੱਚ ਫੁੱਟਬਾਲ ਦੀ ਪੂਰੀ ਦੀ ਪੂਰੀ ਰਕਮ ਸਿਊਣ ਵਾਲ਼ੇ ਕੋਲ਼ੋਂ ਵਸੂਲ ਕੀਤੀ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਫੁੱਟਬਾਲ ਬਣਾਉਣ ਦੇ ਮਾਮਲੇ ਵਿੱਚ ਭਾਰਤ ਦੂਸਰੇ ਨੰਬਰ 'ਤੇ ਅਤੇ ਪਾਕਿਸਤਾਨ ਪਹਿਲੇ ਨੰਬਰ 'ਤੇ ਹੈ। ਪਾਕਿਸਤਾਨ ਦੇ ਸਿਆਲਕੋਟ ਅਤੇ ਭਾਰਤ ਦੇ ਜਲੰਧਰ ਅਤੇ ਮੇਰਠ ਵਿਖੇ ਫੁੱਟਬਾਲ ਦਾ ਉਤਪਾਦਨ ਬੜੀ ਪ੍ਰਮੁਖਤਾ ਦੇ ਨਾਲ਼ ਕੀਤਾ ਜਾਂਦਾ ਹੈ। ਇਸ ਸਾਲ ਵਰਲਡ ਕੱਪ ਲਈ ਸਿਆਲਕੋਟ ਨੇ ਕਰੀਬ 5.5 ਕਰੋੜ ਫੁੱਟਬਾਲ ਜਰਮਨੀ ਨਿਰਯਾਤ ਕੀਤੇ ਹਨ; ਸਾਲ 2002 ਵਿੱਚ ਜਲੰਧਰ ਨੂੰ 'ਸਟਾਰ ਕੰਟ੍ਰੈਕਟ' ਮਿਲ਼ਿਆ ਸੀ। ਜਿਓਂ-ਜਿਓਂ ਵਰਲਡ ਕੱਪ ਕਾਰਨ ਫੁੱਟਬਾਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ, ਕੁਝ ਠੇਕੇਦਾਰ ਰੋਜ਼ਾਨਾ ਦੇ 25,000 ਫੁੱਟਬਾਲਾਂ ਦੀ ਮੰਗ ਕਰ ਰਹੇ ਹਨ। ਅਜਿਹੇ ਸਮੇਂ ਵੀ ਦਿਹਾੜੀ ਦੀ ਬਣਦੀ ਰਕਮ ਵਿੱਚ ਮਹਿਜ 50 ਪੈਸੇ ਦਾ ਹੀ ਵਾਧਾ ਕੀਤਾ ਗਿਆ। ਸੰਗਠਨ ਨਾ ਹੋਣ ਕਾਰਨ ਸੌਦੇਬਾਜ਼ੀ ਕਰਨ ਵਿੱਚ ਅਸਮਰੱਥ ਪਿੰਡ ਵਾਸੀ ਢਿੱਡ ਭਰਨ ਖ਼ਾਤਰ ਇੰਨੀ ਕੁ ਰਕਮ ਨੂੰ ਵੀ ਪ੍ਰਵਾਨ ਕਰ ਲੈਂਦੇ ਹਨ। ਜੇ ਉਹ ਇੰਨੇ ਪੈਸੇ 'ਤੇ ਕੰਮ ਕਰਨ ਤੋਂ ਮਨ੍ਹਾ ਵੀ ਕਰ ਦੇਣ ਤਾਂ ਵੀ ਇੰਨੇ ਪੈਸੇ 'ਤੇ ਕੰਮ ਕਰਨ ਵਾਲ਼ਿਆਂ ਦੀ ਕੋਈ ਘਾਟ ਨਹੀਂ। ਇੰਝ ਉਹ ਘੱਟੋਘੱਟ 'ਕੁਝ' ਤਾਂ ਕਮਾ ਹੀ ਰਹੇ ਹਨ।
ਫੁੱਟਬਾਲ ਬਣਾਉਣ ਵਾਲ਼ਿਆਂ ਦਾ ਗੜ੍ਹ ਕਹੇ ਜਾਣ ਵਾਲ਼ੇ ਸਿਸੋਲਾ ਦੀਆਂ ਭੀੜੀਆਂ ਗਲ਼ੀਆਂ ਤੇ ਛੋਟੇ-ਛੋਟੇ ਘਰਾਂ ਵਿੱਚ ਕਿਸੇ ਵੀ ਦਿਨ ਕਿਉਂ ਨਾ ਜਾਈਏ, ਉੱਥੇ ਕੰਮੀਂ ਲੱਗੇ ਬੱਚਿਆਂ ਤੇ ਔਰਤਾਂ ਦੀ ਸਿਰਫ਼ ਪਿੱਠਾਂ ਦੀ ਦਿਖਾਈ ਦੇਣਗੀਆਂ, ਰੰਗ-ਬਿਰੰਗੇ ਰਬੜਨੁਮਾ ਪੰਜਕੋਣੀ ਟੁਕੜਿਆਂ ਵਿੱਚੋਂ ਦੀ ਸੂਈਆਂ ਅੰਦਰ ਤੇ ਬਾਹਰ ਆਉਂਦੀਆਂ ਨਜ਼ਰੀ ਪੈਣਗੀਆਂ। ਕਿਸੇ ਦੀਆਂ ਉਂਗਲਾਂ ਕਿੰਨੀ ਵੀ ਫੁਰਤੀ ਨਾਲ਼ ਕਿਉਂ ਨਾ ਚੱਲਦੀਆਂ ਹੋਣ, ਅਕਸਰ ਸੂਈਆਂ ਚੁੱਭ ਹੀ ਜਾਂਦੀਆਂ ਹਨ ਜਾਂ ਕਈ ਵਾਰੀ ਸਿਲਾਈ ਲਈ ਵਰਤੇ ਜਾਂਦੇ ਰੇਸ਼ਮੀ ਧਾਗਿਆਂ ਨਾਲ਼ ਰਗੜ ਖਾ ਕੇ ਚੀਰੇ ਪੈ ਜਾਂਦੇ ਹਨ। ਇਸ ਤੋਂ ਇਲਾਵਾ, ਲੰਬੇ ਸਮੇਂ ਤੀਕਰ ਨੀਝ ਲਾਈ ਰੱਖਣ ਕਾਰਨ ਅੱਖਾਂ ਦੀ ਰੌਸ਼ਨੀ ਵੀ ਖਰਾਬ ਹੋਣਾ ਪੱਕੀ ਗੱਲ ਹੈ। ਸਥਾਨਕ ਕਾਰਕੁੰਨ ਸ਼ੇਰ ਮੁਹੰਮਦ ਖਾਨ ਦੱਸਦੇ ਹਨ,''ਕਿਉਂਕਿ ਉਨ੍ਹਾਂ ਨੂੰ ਕਦੇ ਕਿਸੇ ਨੇ ਵੀ ਢੰਗ ਨਾਲ਼ ਬੈਠਣ ਦੀ ਸਿਖਲਾਈ ਨਹੀਂ ਦਿੱਤੀ, ਸੋ ਸਮੇਂ ਦੇ ਨਾਲ਼ ਉਨ੍ਹਾਂ ਦੀ ਰੀੜ੍ਹ ਵਿੱਚ ਤਕਲੀਫ਼ ਰਹਿਣ ਲੱਗਦੀ ਹੈ।'' ਕੋਈ ਸਥਾਨਕ ਸਿਹਤ ਕੇਂਦਰ ਨਾ ਹੋਣ ਕਾਰਨ ਪਿੰਡ ਵਾਲ਼ੇ ਕੰਮ-ਚਲਾਊ ਘਰੇਲੂ ਨੁਸਖਿਆਂ 'ਤੇ ਹੀ ਨਿਰਭਰ ਰਹਿੰਦੇ ਹਨ। ਜੇ ਕੋਈ ਡਾਕਟਰ ਲੱਭ ਵੀ ਜਾਵੇ ਤਾਂ ਵੀ ਉਹ ਫ਼ੀਸ ਨਹੀਂ ਦੇ ਪਾਉਂਦੇ।



