11 ਦਸੰਬਰ ਦੀ ਸਵੇਰ ਜਦੋਂ ਉਹ ਬਿਜਲੀ ਦੀਆਂ ਤਾਰਾਂ ਲਾਹ ਰਹੇ ਸਨ ਤਾਂ ਨੇੜਲਾ ਇੱਕ ਦੁਕਾਨਦਾਰ ਭਾਵੁਕ ਹੋ ਗਿਆ। ''ਉਹਨੇ ਕਿਹਾ ਕਿ ਉਹਨੂੰ ਸਾਡੇ ਸਾਰਿਆਂ ਦੀ ਯਾਦ ਆਵੇਗੀ ਅਤੇ ਸਾਡੇ ਬਗ਼ੈਰ ਬੜਾ ਇਕੱਲਾ ਰਹਿ ਜਾਵੇਗਾ। ਸੱਚ ਦੱਸੀਏ ਤਾਂ ਇਹ ਸਾਡੇ ਲਈ ਵੀ ਬੜਾ ਔਖ਼ਾ ਕੰਮ ਹੈ। ਪਰ ਹੁਣ ਸਾਡੀ ਜਿੱਤ ਹੀ ਸਭ ਤੋਂ ਵੱਡਾ ਜਸ਼ਨ ਹੈ,'' ਗੁਰਵਿੰਦਰ ਸਿੰਘ ਨੇ ਕਿਹਾ।
ਸਵੇਰ ਦੇ ਕਰੀਬ 8:15 ਵੱਜੇ ਸਨ ਜਦੋਂ ਗੁਰਵਿੰਦਰ ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨਾਂ ਨੇ ਆਪਣੇ ਤੰਬੂ ਉਧੇੜਣੇ ਸ਼ੁਰੂ ਕਰ ਦਿੱਤੇ ਜੋ ਪੱਛਮੀ ਦਿੱਲੀ ਦੇ ਟੀਕਰੀ ਬਾਰਡਰ ਵਿਖੇ ਪਿਛਲੇ ਸਾਲ ਗੱਡੇ ਗਏ ਸਨ। ਬਾਂਸਾਂ ਦੇ ਜੋੜਾਂ ਨੂੰ ਉਧੇੜਨ ਵਾਸਤੇ ਕਦੇ ਉਹ ਡਾਂਗ ਵਰਤਦੇ ਅਤੇ ਕਦੇ ਇੱਟਾਂ ਮਾਰ ਮਾਰ ਕੇ ਤੰਬੂਆਂ ਦੀਆਂ ਨੀਹਾਂ ਭੰਨ੍ਹਦੇ। ਕਰੀਬ 20 ਮਿੰਟਾਂ ਦੇ ਅੰਦਰ ਅੰਦਰ ਸਾਰੇ ਤੰਬੂ ਇੱਕ ਢੇਰ ਵਿੱਚ ਤਬਦੀਲ ਹੋ ਗਏ ਅਤੇ ਤੰਬੂ ਉਧੇੜਨ ਵਾਲ਼ੇ ਚਾਹ ਅਤੇ ਪਕੌੜੇ ਖਾਣ ਲਈ ਰੁੱਕ ਗਏ।
''ਆਪਣੇ ਇਹ ਆਸਰੇ ਅਸੀਂ ਆਪਣੇ ਹੱਥੀਂ ਬਣਾਏ ਸਨ ਅਤੇ ਹੁਣ ਆਪਣੇ ਹੱਥੀਂ ਹੀ ਉਧੇੜ ਰਹੇ ਹਾਂ,'' 34 ਸਾਲਾ ਗੁਰਵਿੰਦਰ ਸਿੰਘ ਨੇ ਕਿਹਾ, ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਵਿਖੇ ਪੈਂਦੇ ਪਿੰਡ ਡਾਂਗੀਆਂ ਵਿੱਚ ਉਨ੍ਹਾਂ ਦਾ ਟੱਬਰ ਆਪਣੀ ਛੇ ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ ਅਤੇ ਆਲੂਆਂ ਦੀ ਕਾਸ਼ਤ ਕਰਦਾ ਹੈ। ''ਫ਼ਤਹਿ ਹੋ ਕੇ ਘਰਾਂ ਨੂੰ ਮੁੜਨਾ ਬੜੀ ਖ਼ੁਸ਼ੀ ਦੀ ਗੱਲ ਹੈ, ਪਰ ਇੱਥੇ ਰਹਿ ਕੇ ਬਣੇ ਰਿਸ਼ਤਿਆਂ ਨੂੰ ਇੰਝ ਛੱਡ ਕੇ ਜਾਣ ਦਾ ਦੁੱਖ ਵੀ ਹੈ।''
''ਜਦੋਂ ਧਰਨਾ ਸ਼ੁਰੂ ਹੋਇਆ ਤਾਂ ਇੱਥੇ ਕੁਝ ਵੀ ਨਹੀਂ ਸੀ। ਅਸੀਂ ਸੜਕਾਂ 'ਤੇ ਹੀ ਸੌਂ ਜਾਇਆ ਕਰਦੇ ਪਰ ਫਿਰ ਅਸੀਂ ਇਹ ਘਰ ਉਸਾਰੇ,'' 35 ਸਾਲਾ ਦੀਦਾਰ ਸਿੰਘ ਨੇ ਕਿਹਾ ਜੋ ਜ਼ਿਲ੍ਹਾ ਲੁਧਿਆਣਾ ਦੇ ਉਸੇ ਪਿੰਡ (ਡਾਂਗੀਆਂ) ਵਿੱਚ ਹੀ ਰਹਿੰਦੇ ਹਨ ਅਤੇ ਆਪਣੀ ਸੱਤ-ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ, ਆਲੂ ਅਤੇ ਹਰੀਆਂ ਸਬਜ਼ੀਆਂ ਉਗਾਉਂਦੇ ਹਨ। ''ਅਸੀਂ ਇੱਥੇ ਰਹਿ ਕੇ ਬੜਾ ਕੁਝ ਸਿੱਖਿਆ, ਖ਼ਾਸ ਕਰਕੇ ਸਾਂਝ-ਭਿਆਲ਼ੀ ਦੇ ਅਹਿਸਾਸ... ਜੋ ਅਸਾਂ ਇੱਥੇ ਇਕੱਠਿਆਂ ਰਹਿੰਦਿਆਂ ਮਹਿਸੂਸ ਕੀਤੇ। ਸਰਕਾਰਾਂ ਦਾ ਸਾਨੂੰ ਲੜਾਉਂਦੀਆਂ ਹਨ। ਪਰ ਜਦੋਂ ਪੰਜਾਬ, ਹਰਿਆਣਆ ਅਤੇ ਉੱਤਰ ਪ੍ਰਦੇਸ਼ ਦੇ ਸਾਡੇ ਵੀਰ ਅਤੇ ਭੈਣਾਂ ਇੱਥੇ ਰਲ਼ ਮਿਲ਼ ਬੈਠੇ ਤਾਂ ਅਸੀਂ ਮਹਿਸੂਸ ਕੀਤਾ ਕਿ ਅਸੀਂ ਤਾਂ ਇੱਕ ਹਾਂ।''

































