ਮਦਰਾਸ (ਹੁਣ ਚੇਨੱਈ) ਦੇ ਪੁਰਾਣੇ ਕਾਰੋਬਾਰੀ ਕੇਂਦਰ, ਜਾਰਜ ਟਾਊਨ, ਦੇ ਲਗਭਗ ਐਨ ਵਿਚਾਲੇ ਸਥਿਤ ਇੱਕ ਭੀੜੀ, ਵਲ਼ੇਵੇਂਦਾਰ ਗਲ਼ੀ ਵਿੱਚ ਸਵੇਰੇ-ਸਾਜਰੇ ਹੀ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਇਸ ਗਲ਼ੀ ਨੂੰ ਇਹਦੇ ਸਰਕਾਰੀ (ਅਧਿਕਾਰਕ) ਨਾਮ ਯਾਨਿ ਕਿ 'ਬੈਡ੍ਰਿਯਨ ਸਟ੍ਰੀਟ' ਲੈ ਕੇ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਯਕੀਨ ਮੰਨੋ ਕਦੇ ਲੱਭ ਹੀ ਨਹੀਂ ਪਾਓਗੇ। ਹਰ ਕੋਈ ਇਹਨੂੰ ਪੂਕਾੜਈ (ਫੁੱਲ ਮੰਡੀ) ਕਹਿੰਦਾ ਹੈ। ਇੰਝ ਇਸਲਈ ਵੀ ਕਿਉਂਕਿ 1996 ਵਿੱਚ ਚੇਨੱਈ ਵਿਖੇ ਕੋਯਮਬੇੜੂ ਵਿੱਚ ਸਬਜ਼ੀ ਤੇ ਫੁੱਲਾਂ ਦਾ ਵੱਡਾ ਸਾਰਾ ਬਜ਼ਾਰ ਬਣਨ ਤੋਂ ਵੀ ਕਾਫ਼ੀ ਪਹਿਲਾਂ ਤੋਂ ਇੱਥੇ ਬੋਰੀਆਂ ਦੇ ਹਿਸਾਬੇ ਫੁੱਲ ਵੇਚੇ ਜਾਂਦੇ ਸਨ ਅਤੇ 18 ਸਾਲ ਬਾਅਦ ਵੀ, ਪੂਕਾੜਈ ਵਿਖੇ ਸਵੇਰੇ ਦੀ ਚਹਿਲ-ਪਹਿਲ ਜਿਓਂ ਦੀ ਤਿਓਂ ਬਣੀ ਹੋਈ ਹੈ, ਜਿੱਥੇ ਆਉਂਦੇ ਵਿਕ੍ਰੇਤਾ ਕਿਤੇ ਹੋਰ ਜਾਣ ਨੂੰ ਰਾਜ਼ੀ ਹੀ ਨਹੀਂ ਅਤੇ ਖ਼ਰੀਦਦਾਰ ਵੀ ਤੈਅ ਇਨ੍ਹਾਂ ਨਵੇਂ ਬਜ਼ਾਰਾਂ ਤੱਕ ਨਹੀਂ ਜਾਣਾ ਚਾਹੁੰਦੇ।
ਦਿਨ ਚੜ੍ਹਨ ਤੋਂ ਪਹਿਲਾਂ ਹੀ ਪੂਕਾੜਈ ਵਿਖੇ ਲੋਕਾਂ ਦਾ ਹੜ੍ਹ ਆ ਜਾਂਦਾ ਹੈ ਅਤੇ ਤੁਹਾਨੂੰ ਪੈਰ ਧਰਨ ਤੱਕ ਦੀ ਥਾਂ ਨਹੀਂ ਮਿਲ਼ਣੀ। ਕੋਯਮਬੇੜੂ, ਆਂਧਰਾ ਪ੍ਰਦੇਸ਼ ਅਤੇ ਬੀਹੜ ਦੱਖਣੀ ਤਮਿਲਨਾਡੂ ਤੋਂ ਫੁੱਲਾਂ ਨੂੰ ਨੱਕੋ-ਨੱਕ ਭਰੀਆਂ ਬੋਰੀਆਂ ਇੱਥੇ ਪਹੁੰਚਦੀਆਂ ਹਨ। ਸੜਕ ਹਮੇਸ਼ਾ ਹੀ ਚਿੱਕੜ ਨਾਲ਼ ਭਰੀ ਰਹਿੰਦੀ ਤੇ ਵਿਚਕਾਰ ਕਰਕੇ ਕੂੜੇ-ਕਰਕਟ ਦੀ ਪਹਾੜੀ ਜਿਹੀ ਬਣੀ ਰਹਿੰਦੀ ਹੈ। ਕਲਪਨਾ ਕਰਕੇ ਦੇਖੋ ਕਿ ਹਜ਼ਾਰਾਂ-ਹਜ਼ਾਰ ਪੈਰਾਂ ਹੇਠ ਪੁਰਾਣੇ ਫੁੱਲ ਮਿੱਧੇ ਜਾਂਦੇ ਰਹਿੰਦੇ ਹਨ; ਸੈਂਕੜੇ ਗੱਡੀਆਂ ਦੇ ਟਾਇਰ ਇਨ੍ਹਾਂ ਦਾ ਕਚੂਮਰ ਕੱਢਦੇ ਰਹਿੰਦੇ ਹਨ ਅਤੇ ਫਿਰ ਜ਼ਰਾ ਇਨ੍ਹਾਂ ਉੱਠਦੀ ਨਿਕਲ਼ਦੀ ਹਵਾੜ ਦੀ ਕਲਪਨਾ ਤਾਂ ਕਰਕੇ ਦੇਖੋ। ਇਹ ਸਭ ਕੁਝ ਦੇਖਣਾ ਚੰਗਾ ਨਹੀਂ ਲੱਗਦਾ। ਪਰ ਗਲ਼ੀ ਆਪਣੇ-ਆਪ ਵਿੱਚ ਹੀ ਇਸ ਸਭ ਕਾਸੇ ਦੀ ਦਾਅਵਤ ਬਣ ਜਾਂਦੀ ਹੈ। ਗਲ਼ੀ ਦੇ ਦੋਵੀਂ ਪਾਸੀਂ ਦੁਕਾਨਾਂ ਹਨ; ਕੁਝ ਕੁ ਪੱਕੀਆਂ ਹਨ ਜਿਨ੍ਹਾਂ ਅੰਦਰ ਅਲਮਾਰੀਆਂ ਹਨ ਤੇ ਛੱਤ ਨਾਲ਼ ਪੱਖੇ ਵੀ ਟੰਗੇ ਹੋਏ ਹਨ; ਬਾਕੀ ਦੁਕਾਨਾਂ ਤਾਂ ਬੱਸ ਦੁਕਾਨਾਂ ਤਾਂ ਝੌਂਪੜੀ ਜਿਹੀਆਂ ਹਨ। ਹਾਲਾਂਕਿ, ਸਾਰੀਆਂ ਦੁਕਾਨਾਂ ਬੜੀਆਂ ਰੰਗ-ਬਿਰੰਗੀਆਂ ਜਾਪਦੀਆਂ ਹਨ। ਤਸਵੀਰ ਵਿਚਲੀ ਦੁਕਾਨ ਪੂਕਾੜਈ ਦੀਆਂ ਪੱਕੀਆਂ ਦੁਕਾਨਾਂ ਵਿੱਚੋਂ ਇੱਕ ਹੈ। ਕਈ ਦੁਕਾਨਾਂ ਪ੍ਰਵਾਸੀ ਮਜ਼ਦੂਰਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ, ਜੋ ਪਿੰਡ ਵਿਖੇ ਸੋਕੇ ਦੀ ਮਾਰ ਝੱਲਦੇ ਖੇਤਾਂ ਅਤੇ ਘੱਟਦੇ ਰੁਜ਼ਗਾਰ ਦੇ ਕਾਰਨ ਇੱਥੇ ਆ ਗਏ ਹਨ। ਉਨ੍ਹਾਂ ਦੇ ਸਹਾਇਕ ਵੀ ਅਕਸਰ ਉਨ੍ਹਾਂ ਦੇ ਪਿੰਡ ਜਾਂ ਨੇੜੇ-ਤੇੜੇ ਦੇ ਪਿੰਡਾਂ ਦੇ ਹੀ ਨੌਜਵਾਨ ਲੜਕੇ ਹੁੰਦੇ ਹਨ, ਜੋ ਦੁਕਾਨ ਦੇ ਮਗਰ ਬਣੇ ਜਾਂ ਉੱਪਰ ਬਣੇ ਛੋਟੇ ਜਿਹੇ ਕਮਰਿਆਂ ਵਿੱਚ ਰਹਿੰਦੇ ਹਨ। (ਇਹ ਤਸਵੀਰ 19 ਅਪ੍ਰੈਲ 2012 ਦੀ ਹੈ ਜਦੋਂ ਮੈਂ ਸਵੇਰੇ-ਸਵੇਰੇ ਪੂਕਾੜਈ ਗਈ ਸਾਂ)






