ਮੈਂ ਸਜਾਉਟੀ ਸਮਾਨ ਬਣਾਉਣ ਲਈ ਸ਼ੋਲਾਪੀਠ (ਏਸ਼ੀਨੋਮੀਨ ਅਸਪੇਰੀ ਐੱਲ. ਪੌਦੇ ਦਾ ਕਾਰਕ) ਦਾ ਇਸਤੇਮਾਲ ਕਰਦਾ ਹਾਂ। ਇਹ ਬਹੁ-ਉਪਯੋਗੀ ਪਦਾਰਥ ਹੈ, ਜਿਹਨੂੰ ਵੰਨ-ਸੁਵੰਨੇ ਅਕਾਰਾਂ ਅਤੇ ਡਿਜ਼ਾਇਨ ਵਿੱਚ ਕੱਟਿਆ ਜਾ ਸਕਦਾ ਹੈ ਤੇ ਇਹ ਵਜ਼ਨ ਵਿੱਚ ਵੀ ਹੌਲ਼ਾ ਹੁੰਦਾ ਹੈ। ਅਸੀਂ ਇਹਨੂੰ ਓੜੀਸਾ ਵਿਖੇ ਸ਼ੋਲਾਪੀਠ ਕਾਮ (ਸ਼ੋਲਾਪੀਠ ਦਾ ਕੰਮ) ਕਹਿੰਦੇ ਹਾਂ।
ਮੈਂ ਗਲ਼ੇ ਦਾ ਹਾਰ, ਦੁਸ਼ਹਿਰੇ ਦੀ ਕਢਾਈ, ਫੁੱਲ ਅਤੇ ਹੋਰ ਸਜਾਉਟੀ ਸਮਾਨ ਬਣਾ ਸਕਦਾ ਹਾਂ, ਪਰ ਮੇਰਾ ਬਣਾਇਆ ਟਾਹੀਆ ਸਭ ਤੋਂ ਵੱਧ ਹਰਮਨਪਿਆਰਾ ਹੈ। ਮੰਚ 'ਤੇ ਪਰਫ਼ਾਰਮ ਕਰਨ ਦੌਰਾਨ ਓੜੀਸ਼ੀ ਨਾਚੇ ਸਿਰ 'ਤੇ ਜੋ ਸਜਾਵਟੀ ਮੁਕੁਟ ਜਿਹਾ ਪਾਉਂਦੇ ਹਨ, ਉਹਨੂੰ ਹੀ ਟਾਹੀਆ ਕਹਿੰਦੇ ਹਨ।
ਬਜ਼ਾਰੋਂ ਪਲਾਸਟਿਕ ਦੇ ਬਣੇ-ਬਣਾਏ ਟਾਹੀਆ ਵੀ ਮਿਲ਼ਦੇ ਹਨ, ਪਰ ਉਨ੍ਹਾਂ ਨੂੰ ਪਾਉਣ ਨਾਲ਼ ਨਾਚਿਆ ਦੇ ਮੱਥੇ ਦੀ ਚਮੜੀ 'ਤੇ ਥੋੜ੍ਹੀ ਪਰੇਸ਼ਾਨੀ ਮਹਿਸੂਸ ਹੁੰਦੀ ਹੈ। ਇਸਲਈ ਉਹ ਇਨ੍ਹਾਂ ਨੂੰ ਬਹੁਤੀ ਦੇਰ ਨਹੀਂ ਪਾ ਪਾਉਂਦੇ। ਇਸ ਤੋਂ ਇਲਾਵਾ ਪਲਾਸਟਿਕ ਨੂੰ ਅੱਡੋ-ਅੱਡ ਅਕਾਰਾਂ ਵਿੱਚ ਨਹੀਂ ਢਾਲ਼ਿਆ ਜਾ ਸਕਦਾ।
ਬਹੁਤ ਸਾਰੇ ਕਾਰੀਗਰਾਂ ਨੇ ਟਾਹੀਆ ਬਣਾਉਣਾ ਹੀ ਬੰਦ ਕਰ ਦਿੱਤਾ ਹੈ, ਪਰ ਮੈਨੂੰ ਇਹ ਬਣਾਉਣਾ ਚੰਗਾ ਲੱਗਦਾ ਹੈ।












