ਕਨਕਾ (ਬਦਲਿਆ ਨਾਮ) ਆਪਣੇ ਹੱਥਾਂ ਨੂੰ ਅਕਾਰ ਦੱਸਦੇ ਅੰਦਾਜ਼ੇ ਵਿੱਚ ਖੋਲ੍ਹ ਕੇ ਦੱਸਦੀ ਹਨ,''ਮੇਰੇ ਪਤੀ ਸ਼ਨੀਵਾਰ ਨੂੰ ਸ਼ਰਾਬ ਦੀਆਂ ਐਡੀਆਂ ਵੱਡੀਆਂ ਬੋਤਲਾਂ ਖ਼ਰੀਦਦਾ ਹੈ। ਉਹ ਅਗਲੇ ਦੋ-ਤਿੰਨ ਦਿਨਾਂ ਤੱਕ ਰੱਜ ਕੇ ਪੀਂਦਾ ਹੈ ਅਤੇ ਜਦੋਂ ਬੋਤਲਾਂ ਖਾਲੀ ਹੋ ਜਾਂਦੀਆਂ ਅਤੇ ਉਦੋਂ ਉਹ ਕੰਮ 'ਤੇ ਜਾਂਦਾ ਹੈ। ਖਾਣ ਪੀਣ ਲਈ ਕਦੇ ਵੀ ਪੈਸਾ ਪੂਰਾ ਨਹੀਂ ਪੈਂਦਾ। ਮੈਂ ਖ਼ੁਦ ਨੂੰ ਅਤੇ ਆਪਣੇ ਬੱਚੇ ਨੂੰ ਬਾਮੁਸ਼ਕਲ ਕੁਝ ਨਾ ਕੁਝ ਖੁਆ ਪਾਉਂਦੀ ਹਾਂ, ਅਤੇ ਮੇਰੇ ਪਤੀ ਨੂੰ ਹੁਣ ਦੂਸਰਾ ਬੱਚਾ ਵੀ ਚਾਹੀਦਾ ਹੈ।'' ''ਮੈਨੂੰ ਅਜਿਹੀ ਜ਼ਿੰਦਗੀ ਨਹੀਂ ਚਾਹੀਦੀ!'' ਉਹ ਦੁਖੀ ਹੋ ਕੇ ਕਹਿੰਦੀ ਹਨ।
24 ਸਾਲਾ ਕਨਕਾ ਜਿਨ੍ਹਾਂ ਦਾ ਸਬੰਧ ਬੇਟਾ ਕੁਰੁੰਬਾ ਆਦਿਵਾਸੀ ਭਾਈਚਾਰੇ ਨਾਲ਼ ਹੈ, ਗੁਡਲੁਰ ਦੇ ਆਦਿਵਾਸੀ ਹਸਪਤਾਲ ਵਿੱਚ ਡਾਕਟਰ ਦੇ ਆਉਣ ਦੀ ਉਡੀਕ ਕਰ ਰਹੀ ਹਨ। ਗੁਡਲੁਰ ਸ਼ਹਿਰ ਦਾ ਇਹ 50 ਬੈੱਡਾਂ ਵਾਲ਼ਾ ਇਹ ਹਸਪਤਾਲ, ਉਦਗਮੰਡਲਮ (ਊਟੀ) ਤੋਂ 50 ਕਿਲੋਮੀਟਰ ਦੂਰ, ਤਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਗੁਡਲੁਰ ਅਤੇ ਪੰਥਲੂਰ ਤਾਲੁਕਾਵਾਂ ਦੇ 12,000 ਤੋਂ ਵੱਧ ਆਦਿਵਾਸੀਆਂ ਨੂੰ ਸੇਵਾ ਪ੍ਰਦਾਨ ਕਰਦਾ ਹੈ।
ਮਲ਼ੂਕ ਜਿਹੇ ਕੱਦ-ਕਾਠ ਵਾਲ਼ੀ ਕਨਕਾ ਨੇ ਸਿੰਥੈਟਿਕ ਦੀ ਡੱਬ-ਖੜੱਬੀ ਹੋ ਚੁੱਕੀ ਸਾੜੀ ਵਿੱਚ ਮਲਬੂਸ ਆਪਣੀ ਇਕਲੌਤੀ ਧੀ ਨਾਲ਼ ਇੱਥੇ ਆਈ ਹਨ। ਪਿਛਲੇ ਮਹੀਨੇ ਹਸਪਤਾਲ ਤੋਂ 13 ਕਿਲੋਮੀਟਰ ਦੂਰ, ਉਨ੍ਹਾਂ ਦੀ ਆਪਣੀ ਬਸਤੀ ਵਿੱਚ ਕੀਤੀ ਗਈ ਇੱਕ ਰੁਟੀਨੀ ਜਾਂਚ ਦੌਰਾਨ, ਨੀਲਗਿਰੀ ਵਿੱਚ ਸਿਹਤ ਕਲਿਆਣ ਸੰਘ (ਅਸ਼ਵਿਨੀ) ਦੀ ਇੱਕ ਸਿਹਤ ਕਰਮੀ, ਜੋ ਹਸਪਤਾਲ ਨਾਲ਼ ਜੁੜੀ ਹੋਈ ਹਨ, ਇਹ ਦੇਖ ਕੇ ਫ਼ਿਕਰਮੰਦ ਹੋ ਗਈ ਕਿ ਕਨਕਾ ਦੀ ਦੋ ਸਾਲ ਦੀ ਬੱਚੀ ਦਾ ਭਾਰ ਮਹਿਜ਼ 7.2 ਕਿਲੋਗ੍ਰਾਮ ਹੈ (ਜਦੋਂ ਕਿ 2 ਸਾਲ ਦੀ ਬੱਚੀ ਦਾ ਵਜਨ 10-12 ਕਿਲੋ ਚਾਹੀਦਾ ਹੈ)। ਇਹ ਵਜਨ ਕਰਕੇ ਉਹ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਈ ਹੈ। ਸਿਹਤ ਕਰਮੀ ਨੇ ਕਨਕਾ ਅਤੇ ਉਨ੍ਹਾਂ ਦੀ ਧੀ ਨੂੰ ਫ਼ੌਰਨ ਹਸਪਤਾਲ ਜਾਣ ਦੀ ਗੁਜ਼ਾਰਿਸ਼ ਕੀਤੀ।
ਜਿਸ ਹੱਦ ਤੱਕ ਕਨਕਾ ਨੂੰ ਆਪਣੀ ਪਰਿਵਾਰਕ ਆਮਦਨੀ ਵਾਸਤੇ ਜੱਦੋਜਹਿਦ ਕਰਨੀ ਪੈਂਦੀ ਹੈ, ਉਹਨੂੰ ਦੇਖਦਿਆਂ ਬੱਚਿਆਂ ਦਾ ਕੁਪੋਸ਼ਿਤ ਹੋਣਾ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ। ਉਨ੍ਹਾਂ ਦਾ ਪਤੀ, ਜਿਹਦੀ ਉਮਰ ਵੀ ਕਰੀਬ 20-30 ਸਾਲ ਦੇ ਕਰੀਬ ਹੈ, ਨੇੜੇ-ਤੇੜੇ ਦੇ ਚਾਹ, ਕਾਫ਼ੀ-ਬਗ਼ਾਨਾਂ, ਕੇਲੇ ਦੇ ਬਗੀਚਿਆਂ, ਮਿਰਚ ਦੇ ਬਗ਼ਾਨਾਂ ਵਿੱਚ ਹਫ਼ਤੇ ਦੇ ਕੁਝ ਦਿਨ ਕੰਮ ਕਰਕੇ 300 ਰੁਪਏ ਦਿਹਾੜੀ ਕਮਾ ਲੈਂਦਾ ਹੈ। ਕਨਕਾ ਕਹਿੰਦੀ ਹਨ,''ਉਹ ਖਾਣ-ਪੀਣ ਲਈ ਮੈਨੂੰ ਮਹੀਨੇ ਦਾ ਸਿਰਫ਼ 500 ਰੁਪਿਆ ਹੀ ਖ਼ਰਚੇ ਵਜੋਂ ਦਿੰਦਾ ਹੈ। ਉਨ੍ਹਾਂ ਪੈਸਿਆਂ ਵਿੱਚ ਹੀ ਮੈਨੂੰ ਪੂਰੇ ਪਰਿਵਾਰ ਲਈ ਖਾਣਾ ਬਣਾਉਣਾ ਪੈਂਦਾ ਹੈ।''
ਕਨਕਾ ਅਤੇ ਉਨ੍ਹਾਂ ਦਾ ਪਤੀ, ਪਤੀ ਦੇ ਚਾਚਾ ਅਤੇ ਚਾਚੀ ਦੇ ਨਾਲ਼ ਰਹਿੰਦੇ ਹਨ, ਦੋਵੇਂ ਹੀ ਖ਼ੇਤ ਮਜ਼ਦੂਰ ਹਨ ਅਤੇ ਆਪੋ-ਆਪਣੀ ਉਮਰ ਦੇ 50ਵੇਂ ਸਾਲ ਵਿੱਚ ਹਨ। ਦੋਵੇਂ ਪਰਿਵਾਰਾਂ ਨੂੰ ਮਿਲ਼ਾ ਕੇ ਦੋਵਾਂ ਕੋਲ਼ ਦੋ ਰਾਸ਼ਨ ਕਾਰਡ ਹਨ, ਜਿਹਦੇ ਕਾਰਨ ਉਨ੍ਹਾਂ ਨੂੰ ਹਰ ਮਹੀਨੇ 70 ਕਿਲੋ ਤੱਕ ਮੁਫ਼ਤ ਚੌਲ਼, ਦੋ ਕਿਲੋ ਦਾਲ, ਦੋ ਕਿਲੋ ਸ਼ੱਕਰ ਅਤੇ ਦੋ ਲੀਟਰ ਤੇਲ਼ ਸਬਸਿਡੀ ਦਰਾਂ 'ਤੇ ਮਿਲ਼ ਜਾਂਦੇ ਹਨ। ਕਨਕਾ ਦੱਸਦੀ ਹਨ,''ਕਦੇ-ਕਦੇ ਮੇਰਾ ਪਤੀ ਸਾਡੇ ਰਾਸ਼ਨ ਦੇ ਚੌਲ਼ ਵੀ ਸ਼ਰਾਬ ਪੀਣ ਬਦਲੇ ਵੇਚ ਦਿੰਦਾ ਹੈ। ਕਈ ਵਾਰੀਂ ਸਾਡੇ ਕੋਲ਼ ਖਾਣ ਨੂੰ ਕੁਝ ਵੀ ਨਹੀਂ ਹੁੰਦਾ।''











