''ਅਸੀਂ ਜਿੰਨਾ ਵੀ ਖ਼ਰੀਦੀ ਜਾਈਏ ਓਨਾ ਹੀ ਕਰਜ਼ੇ ਹੇਠ ਦੱਬਦੇ ਚਲੇ ਜਾਈਦਾ,'' ਕੁਨਾਰੀ ਸਬਰੀ ਕਹਿੰਦੀ ਹਨ ਜੋ 40 ਸਾਲਾ ਕਿਸਾਨ ਹਨ ਅਤੇ ਸਵਾਰਾ ਆਦਿਵਾਸੀ ਭਾਈਚਾਰੇ ਦੀ ਬਹੁਤਾਤ ਵਾਲ਼ੇ ਆਪਣੇ ਪਿੰਡ ਖੈਰਾ ਵਿਖੇ ਸਾਡੇ ਨਾਲ਼ ਗੱਲ ਕਰ ਰਹੀ ਹਨ।
''ਗੋਬਰਖਤਚਾਸ, ਹਲਾਚਾਸ (ਗਾਂ ਦੇ ਗੋਹੇ ਅਤੇ ਹਲ਼ ਨਾਲ਼ ਖੇਤੀ) ਜੋ ਸਾਡੀ ਆਪਣੀ ਹੁੰਦੀ ਸੀ ਹੁਣ ਹੱਥੋਂ ਖੁੱਸਦੀ ਜਾ ਰਹੀ ਹੈ। ਹੁਣ ਅਸੀਂ ਹਰ ਚੀਜ਼ ਵਾਸਤੇ ਬਜ਼ਾਰ ਵੱਲ ਭੱਜਦੇ ਹਾਂ। ਬੀਜ, ਕੀਟਨਾਸ਼ਕ, ਖਾਦ ਆਦਿ। ਪਹਿਲਾਂ ਦੇ ਉਲਟ ਹੁਣ ਅਸੀਂ ਜੋ ਕੁਝ ਵੀ ਖਾਂਦੇ ਹਾਂ, ਖ਼ਰੀਦ ਕੇ ਖਾਣਾ ਪੈਂਦਾ ਹੈ।''
ਕੁਨਾਰੀ ਦਾ ਇਹ ਕਥਨ ਓੜੀਸਾ ਦੇ ਰਾਇਗੜਾ ਜ਼ਿਲ੍ਹੇ ਦੇ ਵਾਤਾਵਰਣਕ ਰੂਪ ਨਾਲ਼ ਸੰਵੇਦਨਸ਼ੀਲ ਇਲਾਕੇ ਵਿੱਚ ਜੜ੍ਹਾਂ ਜਮਾ ਰਹੀ ਕਪਾਹ ਦੀ ਖੇਤੀ 'ਤੇ ਨਿਰਭਰਤਾ ਨੂੰ ਦਰਸਾਉਂਦਾ ਹੈ, ਜਿਹਦਾ ਡੂੰਘਾ ਅਸਰ ਇੱਥੋਂ ਦੀ ਜੀਵ ਵਿਭਿੰਨਤਾ ਦੇ ਖ਼ੁਸ਼ਹਾਲ ਭੰਡਾਰ, ਕਿਸਾਨਾਂ ਦੇ ਸੰਕਟ ਅਤੇ ਖਾਦ ਸੁਰੱਖਿਆ 'ਤੇ ਪੈ ਰਿਹਾ ਹੈ (ਦੇਖੋ ਓੜੀਸਾ: ਜਲਵਾਯੂ ਸੰਕਟ ਦੇ ਪੁੰਗਰਦੇ ਬੀਜ)। ਅਸੀਂ ਜਦੋਂ ਰਾਇਗੜਾ ਦੇ ਗੁਣੁਪੁਰ ਬਲਾਕ ਦੇ ਮੈਦਾਨੀ ਇਲਾਕੇ ਤੋਂ ਦੱਖਣ-ਪੂਰਬੀ ਦਿਸ਼ਾ ਵਿੱਚ ਪਹੁੰਚੇ, ਜਿੱਥੇ ਕਪਾਹ ਸਭ ਤੋਂ ਪਹਿਲਾਂ ਪਹੁੰਚੀ ਸੀ ਤਾਂ ਇਹ ਸਪੱਸ਼ਟ ਰੂਪ ਨਾਲ਼ ਦਿਖਾਈ ਦੇ ਰਿਹਾ ਸੀ। ਆਂਧਰਾ ਪ੍ਰਦੇਸ਼ ਦੀ ਸੀਮਾ 'ਤੇ ਸਥਿਤ ਇਸ ਇਲਾਕੇ ਵਿੱਚ, ਜਿੱਥੋਂ ਤੱਕ ਨਜ਼ਰ ਘੁਮਾਈਏ ਸਿਰਫ਼ ਕਪਾਹ ਹੀ ਕਪਾਹ ਦੇ ਖੇਤ ਨਜ਼ਰ ਆਉਂਦੇ। ਇਸ ਤੋਂ ਇਲਾਵਾ, ਇੱਥੋਂ ਦਾ ਡੂੰਘੇਰਾ ਹੁੰਦਾ ਸੰਕਟ ਵੀ ਸਾਫ਼ ਝਲਕ ਰਿਹਾ ਸੀ।
ਖੈਰਾ ਦੇ ਕਈ ਲੋਕਾਂ ਨੇ ਸਾਨੂੰ ਦੱਸਿਆ,''ਅਸੀਂ 10-12 ਸਾਲ ਪਹਿਲਾਂ ਕਪਾਹ ਦੀ ਖੇਤੀ ਸ਼ੁਰੂ ਕੀਤੀ ਸੀ। ਅਸੀਂ ਹੁਣ ਇੰਝ ਇਸਲਈ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ਼ ਕੋਈ ਦੂਸਰਾ ਵਿਕਲਪ ਨਹੀਂ ਹੈ।'' ਇਸ ਇਲਾਕੇ ਦੇ ਕਾਫ਼ੀ ਸਾਰੇ ਕਿਸਾਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਭਾਰੀ ਲਾਗਤ ਵਾਲ਼ੀ ਕਪਾਹ ਦਾ ਰਾਹ ਫੜ੍ਹਿਆ ਤਾਂ ਉਹ ਹੌਲ਼ੀ-ਹੌਲ਼ੀ ਆਪਣੇ ਬੀਜ ਅਤੇ ਬਹੁ-ਖੇਤੀ ਦੇ ਰਵਾਇਤੀ ਤਰੀਕੇ ਭੁੱਲਦੇ ਚਲੇ ਗਏ।
ਸਵਰਾ ਦੇ ਇੱਕ ਨੌਜਵਾਨ ਕਾਸ਼ਤਕਾਰ, ਖੇਤਰ ਸਬਾਰਾ ਨੇ ਕਿਹਾ,''ਸਾਡੇ ਕੋਲ਼ ਖ਼ੁਦ ਦੀਆਂ ਫ਼ਸਲਾਂ ਅਤੇ ਆਪਣੀ ਖੇਤੀ ਸੀ। ਆਂਧਰਾ ਵਾਲ਼ਿਆਂ ਨੇ ਆ ਕੇ ਸਾਨੂੰ ਕਪਾਹ ਉਗਾਉਣ ਲਈ ਕਿਹਾ ਅਤੇ ਸਾਨੂੰ ਸਾਰਾ ਕੁਝ ਸਿਖਾਇਆ।'' ਇੱਥੋਂ ਦੇ ਇੱਕ ਹੋਰ ਕਿਸਾਨ, ਸੰਤੋਸ਼ ਕੁਮਾਰ ਦੰਡਸੇਨਾ ਨੇ ਆਪਣੀ ਗੱਲ਼ ਜੋੜਦਿਆਂ ਕਿਹਾ ਕਿ ਲਾਭ ਕਮਾਉਣ ਦੀ ਸੰਭਾਵਨਾ ਨੇ ਪਿੰਡ ਦੇ ਲੋਕਾਂ ਨੂੰ ਕੱਪਾ ਜਾਂ ਕਪਾਹ ਵੱਲ ਖਿੱਚ ਪਾਈ। ਉਹ ਕਹਿੰਦੇ ਹਨ,''ਸ਼ੁਰੂਆਤ ਵਿੱਚ ਇਹਨੇ ਸਾਨੂੰ ਖ਼ੁਸ਼ ਕੀਤਾ ਅਸੀਂ ਪੈਸੇ ਵੀ ਕਮਾਏ। ਪਰ ਹੁਣ ਸਿਰਫ਼ ਦੁੱਖ ਹੀ ਦੁੱਖ ਅਤੇ ਨੁਕਸਾਨ ਹੀ ਨੁਕਸਾਨ। ਅਸੀਂ ਬਰਬਾਦ ਹੋ ਚੁੱਕੇ ਹਾਂ ਅਤੇ ਸ਼ਾਹੂਕਾਰ ਹੀ ਖੁ਼ਸ਼ ਹਨ।''
ਜਿਸ ਵੇਲ਼ੇ ਅਸੀਂ ਗੱਲਬਾਤ ਕਰ ਰਹੇ ਹਾਂ, ਗੂੜ੍ਹੇ ਹਰੇ ਰੰਗ ਦੇ ਜੌਨ ਡੀਰੇ ਟਰੈਕਟਰ ਪਿੰਡ ਵਿੱਚ ਇੱਧਰ-ਉੱਧਰ ਘੁੰਮਦੇ ਜਾ ਰਹੇ ਸਨ। ਸਥਾਨਕ ਮੰਦਰ ਦੀਆਂ ਕੰਧਾਂ 'ਤੇ ਬੀਜ ਕੰਪਨੀ ਦੇ ਪੋਸਟਰ ਚਿਪਕੇ ਪਏ ਸਨ ਜਿਨ੍ਹਾਂ 'ਤੇ ਓੜੀਆ ਵਿੱਚ ਬੀਟੀ ਕਾਟਨ ਦਾ ਪ੍ਰਚਾਰ ਸੀ। ਉਸ ਫ਼ਸਲ ਲਈ ਵਾਹੀ ਅਤੇ ਬੀਜਾਈ ਦੇ ਉਪਕਰਣ ਪਿੰਡ ਦੀ ਸੱਥ ਵਿੱਚ ਇੱਧਰ ਓਧਰ ਪਏ ਹੋਏ ਸਨ।








