16 ਜੂਨ, 2022 ਨੂੰ ਰਾਤੀਂ, ਅਸਾਮ ਦੇ ਨਗਾਓਂ ਪਿੰਡ ਦੀ ਨਨੋਈ ਨਦੀ ਕੰਢੇ ਹੋਰਨਾਂ ਪਿੰਡ ਵਾਸੀਆਂ ਵਾਂਗਰ ਲਾਬਾ ਦਾਸ ਵੀ ਰੇਤ ਦੀਆਂ ਭਰੀਆਂ ਬੋਰੀਆਂ ਜਮ੍ਹਾ ਕਰ ਰਹੇ ਸਨ। ਕਰੀਬ 48 ਘੰਟੇ ਪਹਿਲਾਂ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਪਾਣੀ ਦੇ ਵੱਧਦੇ ਪੱਧਰ ਕਾਰਨ ਬ੍ਰਹਮਪੁਤਰਾ ਦੀ ਇਸ ਸਹਾਇਕ ਨਦੀ ਵਿੱਚ ਪਾੜ ਪੈਣ ਜਾ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਦਰੰਗ ਜ਼ਿਲ੍ਹੇ ਦੇ ਇਨ੍ਹਾਂ ਪਿੰਡ ਵਾਸੀਆਂ ਨੂੰ ਰੇਤ ਦੀਆਂ ਭਰੀਆਂ ਇਹ ਬੋਰੀਆਂ ਮੁਹੱਈਆਂ ਕਰਵਾਈਆਂ ਜਿਨ੍ਹਾਂ ਨੂੰ ਨਦੀ ਦੇ ਕੰਢੇ ਦੇ ਨਾਲ਼-ਨਾਲ਼ ਰੱਖਿਆ ਜਾਣਾ ਸੀ। ।
“ਉਹੀ ਹੋਇਆ ਜਿਹਦਾ ਡਰ ਸੀ, ਨਦੀ ਦਾ ਕੰਢਾ ਰਾਤੀਂ (ਜੂਨ 17) 1 ਵਜੇ ਟੁੱਟ ਗਿਆ,” ਲਾਬਾ ਕਹਿੰਦੇ ਹਨ, ਸਿਪਾਝਾਰ ਬਲਾਕ ਦੇ ਨਗਾਓਂ ਪਿੰਡ ਦੀ ਹੀਰਾ ਸੁਬੁਰੀ ਬਸਤੀ ਦਾ ਇਹ ਵਾਸੀ ਪਾੜੇ ਦੀ ਗੱਲ ਕਰ ਰਿਹਾ ਹੈ। “ਇਹ ਪਾੜ ਕਈ ਥਾਵਾਂ ਤੋਂ ਪੈ ਗਿਆ ਅਤੇ ਅਸੀਂ ਲਾਚਾਰ ਖੜ੍ਹੇ ਰਹੇ।” ਪਿਛਲੇ ਪੰਜ ਦਿਨਾਂ ਤੋਂ ਮੀਂਹ ਵੀ ਬੇਰੋਕ ਵਰ੍ਹੀ ਜਾਂਦਾ ਸੀ, ਪਰ ਸੂਬਾ ਤਾਂ ਮਹੀਨੇ ਦੀ ਸ਼ੁਰੂਆਤ ਤੋਂ ਹੀ ਦੱਖਣੀ-ਪੱਛਮੀ ਮਾਨਸੂਨ ਦੀ ਮਾਰ ਝੱਲ ਰਿਹਾ ਸੀ। ਭਾਰਤੀ ਮੌਸਮ ਵਿਭਾਗ ਨੇ 16-18 ਜੂਨ ਦੌਰਾਨ ਅਸਾਮ ਅਤੇ ਮੇਘਾਲਿਆ ਵਿੱਚ ‘ਹੱਦੋਂ ਵੱਧ’ ਮੀਂਹ ਪੈਣ ਦੀ ਭਵਿੱਖਬਾਣੀ ਕਰਦਿਆਂ ਰੈੱਡ ਐਲਰਟ ਜਾਰੀ ਕੀਤਾ ਸੀ।
16 ਜੂਨ ਦੀ ਰਾਤ ਨੂੰ ਕਰੀਬ 10:30 ਵਜੇ ਨਨੋਈ (ਨਦੀ), ਨਗਾਓਂ ਤੋਂ ਇੱਕ ਕਿਲੋਮੀਟਰ ਦੱਖਣ ਵਿੱਚ ਪੈਂਦੇ ਖਸਦੀਪਿਲਾ ਪਿੰਡ ਦੀ ਕਲਿਤਪਾੜਾ ਬਸਤੀ ਨੂੰ ਰੋੜ੍ਹ ਕੇ ਲੈ ਗਈ। ਜਯਮਤੀ ਕਲਿਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਾਰਾ ਕੁਝ ਹੜ੍ਹ ਵਿੱਚ ਰੁੜ੍ਹ ਗਿਆ। “ਇੱਕ ਚਮਚਾ ਤੱਕ ਨਹੀਂ ਬਚਿਆ,” ਤਿਰਪਾਲ ਅਤੇ ਟੀਨ ਦੀ ਛੱਤ ਨਾਲ਼ ਖੜ੍ਹੇ ਕੀਤੇ ਆਰਜੀ ਜਿਹੇ ਤੰਬੂ ਵਿੱਚ ਬੈਠਿਆਂ ਹੋਇਆਂ ਉਹ ਬੜੇ ਦੁਖੀ ਮਨ ਨਾਲ਼ ਕਹਿੰਦੀ ਹਨ। “ਵਹਾਅ ਇੰਨਾ ਤੀਬਰ ਸੀ ਕਿ ਸਾਡਾ ਘਰ, ਸਾਡਾ ਅਨਾਜ ਅਤੇ ਗਾਵਾਂ ਦੇ ਵਾੜੇ ਤੱਕ ਰੁੜ੍ਹ ਗਏ,” ਗੱਲ ਪੂਰੀ ਕਰਦਿਆਂ ਉਹ ਕਹਿੰਦੀ ਹਨ।
ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਰੋਜ਼ਾਨਾ ਹੜ੍ਹ ਰਿਪੋਰਟ ਮੁਤਾਬਕ, 16 ਜੂਨ ਨੂੰ ਰਾਜ ਦੇ 28 ਜ਼ਿਲ੍ਹਿਆਂ ਦੇ ਕਰੀਬ 19 ਲੱਖ ਲੋਕ ਇਸ ਵਰ੍ਹਦੇ ਮੀਂਹ ਤੋਂ ਪ੍ਰਭਾਵਤ ਹੋਏ। ਦਰੰਗ ਜਿਸ ਵਿੱਚ 3 ਲੱਖ ਦੇ ਕਰੀਬ ਲੋਕ ਪ੍ਰਭਾਵਤ ਹੋਏ ਸਨ, ਉਸ ਰਾਤ ਸੂਬੇ ਦੇ ਸਭ ਤੋਂ ਪ੍ਰਭਾਵਤ ਜ਼ਿਲ੍ਹਿਆਂ ਵਿੱਚੋਂ ਇੱਕ ਸੀ। ਉਸ ਰਾਤ ਹੀ ਨਨੋਈ ਦਾ ਪਾਣੀ ਉਛਲ਼ ਕੇ ਕੰਢਿਆਂ ਤੋਂ ਬਾਹਰ ਆ ਗਿਆ ਅਤੇ ਰਾਜ ਦੀਆਂ ਬਾਕੀ ਛੇ ਨਦੀਆਂ-ਬੇਕੀ, ਮਾਨਸ, ਪਾਗਲਾਡਿਆ, ਪੁਥੀਮਾਰੀ, ਜਿਆ-ਭਾਰਾਲੀ ਅਤੇ ਬ੍ਰਹਮਪੁਤਰਾ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਸਨ। ਉਸ ਤੋਂ ਬਾਅਦ ਵੀ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਮੀਂਹ ਨੇ ਪੂਰੇ ਰਾਜ ਵਿੱਚ ਤਬਾਹੀ ਮਚਾਈ ਰੱਖੀ।

























