ਇਹ ਹਫ਼ਤੇ ਮੰਗਲਵਾਰ ਨੂੰ ਪਏ ਮੀਂਹ ਕਰਕੇ ਸੈਂਟਰਲ ਮੁੰਬਈ ਦਾ ਸ਼ਿਵਾਜੀ ਪਾਰਕ ਚਿੱਕੜ ਦਾ ਸਾਗਰ ਬਣ ਗਿਆ ਅਤੇ ਹੋਈ ਤਿਲਕਣ ਕਰਕੇ ਤੁਰਨਾ ਮੁਸ਼ਕਲ ਹੋ ਰਿਹਾ ਸੀ। ਸਖੁਬਾਈ ਖੋਰੇ ਤਿਲਕ ਗਈ ਤੇ ਡਿੱਗਣ ਨਾਲ਼ ਉਨ੍ਹਾਂ ਦੀ ਲੱਤ ਜ਼ਖ਼ਮੀ ਹੋ ਗਈ। ਫਿਰ ਵੀ ਉਹ ਹੱਸਦਿਆਂ ਬੋਲੀ,"ਇੱਥੇ ਮੈਂ ਆਪਣੇ ਦੇਵ (ਭਗਵਾਨ) ਦੇ ਪੈਰ ਛੂਹਣ ਆਈ ਹਾਂ। ਮੈਂ ਉਦੋਂ ਤੱਕ ਆਉਂਦੀ ਰਹਾਂਗੀ ਜਦੋਂ ਤੱਕ ਕਿ ਆ ਸਕਦੀ ਹਾਂ, ਜਦੋਂ ਤੱਕ ਮੇਰੇ ਹੱਥ ਕੰਮ ਕਰ ਰਹੇ ਹਨ, ਉਦੋਂ ਤੱਕ, ਜਦੋਂ ਤੱਕ ਕਿ ਮੇਰੀਆਂ ਅੱਖਾਂ ਵਿੱਚ ਰੌਸ਼ਨੀ ਹੈ, ਉਦੋਂ ਤੱਕ ਮੈਂ ਆਉਂਦੀ ਰਹੂੰਗੀ।"
ਉਨ੍ਹਾਂ ਦੇ, ਅਤੇ ਇੱਥੇ ਇਕੱਠੇ ਹੋਣ ਵਾਲੇ ਲਗਭਗ ਹਰ ਵਿਅਕਤੀ ਦੇ ਦੇਵ ਡਾਕਟਰ ਬਾਬਾ ਸਾਹਬ ਅੰਬੇਦਕਰ ਹਨ। ਸਖੁਬਾਈ ਇੱਕ ਨਵਬੌਧ ਦਲਿਤ ਹਨ, ਉਮਰ ਕਰੀਬ 70 ਸਾਲ ਹੈ। ਉਹ ਜਲਗਾਓਂ ਜਿਲ੍ਹਾ ਦੇ ਭੁਸਾਵਲ ਤੋਂ ਬੁੱਧਬਾਰ, 6 ਦਸੰਬਰ ਨੂੰ ਇੱਥੇ, ਬਾਬਾ ਸਾਹਬ ਅੰਬੇਦਕਰ ਦੀ ਬਰਸੀ 'ਤੇ ਉਨ੍ਹਾਂ ਨੇ ਸ਼ਰਧਾਂਜਲੀ ਭੇਂਟ ਕਰਨ ਆਈ ਹਨ।
ਇਹ ਉਹ ਦਿਨ ਹੈ, ਜਦੋਂ ਹਰ ਸਾਲ ਸ਼ਿਵਾਜੀ ਪਾਰਕ, ਅਤੇ ਉਹਦੇ ਨੇੜੇ ਹੀ ਦਾਦਰ ਵਿੱਚ ਸਥਿਤ ਚੈਤਯਭੂਮੀ 'ਤੇ ਦਲਿਤ ਭਾਈਚਾਰੇ ਦੇ ਹਜਾਰਾਂ, ਲੱਖਾਂ ਲੋਕ ਇਕੱਠੇ ਹੁੰਦੇ ਹਨ। ਚੈਤਯਭੂਮੀ ਉਹ ਥਾਂ ਹੈ, ਜਿੱਥੇ 1956 ਵਿੱਚ ਭਾਰਤੀ ਸੰਵਿਧਾਨ ਦੀ ਮੁੱਖ ਰਚੇਤਾ, ਡਾਕਟਰ ਅੰਬਦੇਕਰ ਦਾ ਅੰਤਿਮ-ਸਸਕਾਰ ਕੀਤਾ ਗਿਆ ਸੀ। ਇਹ ਲੋਕ ਇੱਥੇ ਬੀ.ਆਰ. ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ, ਜੋ 20ਵੀਂ ਸਦੀ ਦੇ ਇੱਕ ਮਹਾਨ ਲੀਡਰ ਅਤੇ ਸਮਾਜ-ਸੁਧਾਰਕ ਸਨ ਅਤੇ ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕ ਲਈ ਅਵਾਜ਼ ਬੁਲੰਦ ਕੀਤੀ। ਇਹ ਲੋਕ ਬੱਸਾਂ, ਰੇਲਾਂ ਰਾਹੀਂ ਅਤੇ ਕਦੇ-ਕਦਾਈਂ ਪੈਦਲ ਤੁਰ ਕੇ ਇੰਨਾ ਲੰਬਾ ਪੈਂਡਾ ਤੈਅ ਕਰਕੇ ਇਸ ਦਿਨ ਇੱਥੇ ਅੱਪੜਦੇ ਹਨ। ਉਹ ਬੜੇ ਹੀ ਆਦਰ, ਆਭਾਰ ਅਤੇ ਪਿਆਰ ਦੀ ਭਾਵਨਾ ਦੇ ਨਾਲ਼ ਲਬਰੇਜ਼ ਹੋ ਕੇ, ਇੱਥੇ ਮੁੰਬਈ, ਮਹਾਂਰਾਸ਼ਟਰ ਅਤੇ ਕਈ ਹੋਰ ਰਾਜਾਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਉਂਦੇ ਹਨ। ਬਹੁਤੇਰਿਆਂ ਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਕਈ ਦਿਨਾਂ ਦੀ ਲੰਬੀ ਯਾਤਰਾ ਕਰਨੀ ਪੈਂਦੀ ਹੈ।












