ਮਧੁਰਈ ਵਿੱਚ ਸਾਡੇ ਘਰ ਦੇ ਬਾਹਰ ਬੱਤੀ ਵਾਲ਼ਾ ਖੰਭਾ ਹੋਇਆ ਕਰਦਾ ਸੀ ਅਤੇ ਉਸ ਖੰਭੇ ਨਾਲ਼ ਜੁੜੀਆਂ ਮੇਰੀਆਂ ਵੰਨ-ਸੁਵੰਨੀਆਂ ਯਾਦਾਂ ਹਨ। ਉਸ ਖੰਭੇ ਨਾਲ਼ ਮੇਰਾ ਨਿਰਾਲਾ ਹੀ ਰਿਸ਼ਤਾ ਸੀ। ਕਈ ਸਾਲਾਂ ਤੀਕਰ ਸਾਡੇ ਘਰ ਵਿੱਚ ਬਿਜਲੀ ਦੀ ਸਪਲਾਈ ਨਹੀਂ ਸੀ, ਇੱਥੋਂ ਤੱਕ ਕਿ ਬਗ਼ੈਰ ਬੱਤੀ ਦੇ ਮੇਰਾ ਸਕੂਲ ਵੀ ਪੂਰਾ ਹੋ ਗਿਆ। 2006 ਵਿੱਚ ਸਾਡੇ ਘਰ ਬੱਤੀ ਜਗੀ। 8x8 ਫੁੱਟ ਦਾ ਇੱਕ ਕਮਰਾ ਹੀ ਸਾਡਾ ਘਰ ਹੁੰਦਾ ਅਤੇ ਅਸੀਂ ਪੰਜ ਜਣੇ ਉਸੇ ਇੱਕ ਕਮਰੇ ਵਿੱਚ ਰਿਹਾ ਕਰਦੇ। ਬੱਸ ਇਹੀ ਵੇਲ਼ਾ ਸੀ ਜਦੋਂ ਇਸ ਬੱਤੀ ਵਾਲ਼ੇ ਖੰਭੇ ਨਾਲ਼ ਮੇਰੀ ਨੇੜਤਾ ਵਧੀ।
ਮੇਰੇ ਬਚਪਨ ਦੇ ਦਿਨੀਂ ਅਸੀਂ ਅਕਸਰ ਘਰ ਬਦਲਿਆ ਕਰਦੇ। ਝੌਂਪੜੀ ਤੋਂ ਸ਼ੁਰੂ ਹੋਇਆ ਇਹ ਸਫ਼ਰ, ਕੱਚੇ ਢਾਰੇ ਥਾਣੀ ਹੁੰਦਾ ਹੋਇਆ ਇੱਕ ਕਿਰਾਏ ਦੇ ਕਮਰੇ 'ਤੇ ਜਾ ਰੁਕਿਆ... ਅਖ਼ੀਰ 20x20 ਫੁੱਟ ਦਾ ਘਰ ਸਾਡਾ ਸਿਰ ਲੁਕਾਵਾ ਬਣ ਗਿਆ। ਜਿਸਦੀ ਇੱਕ ਇੱਕ ਇੱਟ ਜੋੜਨ ਲਈ ਮੇਰੇ ਮਾਪਿਆਂ ਨੂੰ ਕਰੀਬ 12 ਸਾਲ ਲੱਗ ਗਏ। ਹਾਂ, ਸੱਚੀ। ਬੇਸ਼ੱਕ ਉਨ੍ਹਾਂ ਨੂੰ ਦਿਹਾੜੀ 'ਤੇ ਮਿਸਤਰੀ ਲੈਣਾ ਪਿਆ ਪਰ ਮਜ਼ਦੂਰ ਦੀ ਥਾਂ ਆਪਣੀ ਹੱਡ-ਭੰਨ੍ਹਵੀਂ ਮਿਹਨਤ ਇਸ ਘਰ ਵਿੱਚ ਲਾਉਂਦੇ ਰਹੇ। ਅਜੇ ਸਾਡਾ ਘਰ ਬਣ ਹੀ ਰਿਹਾ ਸੀ ਪਰ ਅਸੀਂ ਇੱਥੇ ਰਹਿਣ ਆ ਗਏ। ਅਸੀਂ ਜਿੰਨੇ ਵੀ ਘਰ ਬਦਲੇ ਉਨ੍ਹਾਂ ਦੇ ਨੇੜੇ ਬੱਤੀ ਵਾਲ਼ਾ ਖੰਭਾ ਹੁੰਦਾ ਹੀ ਸੀ। ਮੈਂ ਉਨ੍ਹਾਂ ਦੀ ਚੱਕਰਾਕਾਰ ਰੌਸ਼ਨੀ ਵਿੱਚ ਬਹਿ ਕੇ ਮੈਂ ਚੀ ਗਵੇਰਾ, ਨੈਪੋਲੀਅਨ, ਸੁਜਾਤਾ ਅਤੇ ਹੋਰਨਾਂ ਮਹਾਨ ਹਸਤੀਆਂ ਦੀਆਂ ਕਿਤਾਬਾਂ ਪੜ੍ਹਿਆ ਕਰਦਾ।
ਹੁਣ ਵੀ, ਇਸ ਲੇਖਣੀ ਦਾ ਗਵਾਹ ਓਹੀ ਬੱਤੀ ਵਾਲ਼ਾ ਖੰਭਾ ਹੈ।






























