ਸ਼੍ਰੀਕਾਕੁਲਮ ਪਰਦੇਸਮ ਕਹਿੰਦੇ ਹਨ ਉਨ੍ਹਾਂ ਨੇ ਇਸ ਦੀਵਾਲੀ ਕਰੀਬ 10,000-12,000 ਦੀਵੇ ਬਣਾਏ ਹਨ। ਦੀਵਾਲੀ ਇਸ ਹਫ਼ਤੇ ਮਨਾਈ ਜਾ ਰਹੀ ਹੈ ਤੇ ਇਸ 92 ਸਾਲਾ ਘੁਮਿਆਰ ਨੇ ਤਿਓਹਾਰ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਦੀਵੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਪਰਦੇਸਮ ਹਰ ਰੋਜ਼ ਉਹ ਚਾਹ ਦਾ ਇੱਕ ਕੱਪ ਪੀਂਦੇ ਤੇ ਸਵੇਰੇ 7 ਵਜੇ ਕੰਮੇ ਲੱਗੇ ਜਾਂਦੇ ਤੇ ਦੇਰ ਤਿਰਕਾਲੀਂ ਲੱਗੇ ਰਹਿੰਦੇ ਤੇ ਇੰਨੇ ਸਮੇਂ ਵਿੱਚ ਉਹ ਮਸਾਂ ਹੀ ਦੋ ਕੁ ਵਾਰ ਉੱਠਦੇ ਹੋਣੇ।
ਅਕਤੂਬਰ ਦੇ ਪਹਿਲੇ ਹਫ਼ਤਿਆਂ ਦੌਰਾਨ, ਪਰਦੇਸਮ ਨੇ ਛੋਟੇ ਜਿਹੇ ਪੜਾਵੇ ਵਾਲ਼ੇ ਦੀਵੇ ਬਣਾਉਣ 'ਚ ਆਪਣਾ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ। ''ਇਹ ਬਣਾਉਣੇ ਥੋੜ੍ਹੇ ਔਖ਼ੇ ਹੁੰਦੇ ਨੇ। ਦੀਵੇ ਦੇ ਪੜਾਵੇ ਦੀ ਮੋਟਾਈ ਸਹੀ ਰੱਖਣੀ ਪੈਂਦੀ ਹੈ,'' ਉਹ ਕਹਿੰਦੇ ਹਨ। ਪੜਾਵਾ ਤੇਲ਼ ਨਾਲ਼ ਭਰੇ ਕੱਪ-ਨੁਮਾ ਦੀਵੇ ਨੂੰ ਪਲ਼ਟਣ ਤੋਂ ਰੋਕਦਾ ਹੈ ਤੇ ਬਲ਼ਦੀ ਬੱਤੀ ਨੂੰ ਬਾਹਰ ਵੀ ਡਿੱਗਣ ਨਹੀਂ ਦਿੰਦਾ। ਇਸ ਇੱਕ ਦੀਵੇ ਨੂੰ ਬਣਾਉਣ 'ਚ ਪੰਜ ਮਿੰਟ ਵੱਧ ਲੱਗਦੇ ਹਨ ਜਦੋਂਕਿ ਸਧਾਰਣ ਦੀਵਾ ਬਣਨ 'ਚ ਵੱਧ ਤੋਂ ਵੱਧ ਦੋ ਮਿੰਟ ਲੱਗਦੇ ਹਨ। ਪਰ ਗਾਹਕ ਹੱਥੋਂ ਖੁੱਸ ਨਾ ਜਾਣ ਇਸ ਕਰਕੇ ਉਹ 3 ਰੁਪਏ ਵਿੱਚ ਵਿਕਣ ਵਾਲ਼ੇ ਸਧਾਰਣ ਦੀਵੇ ਨਾਲ਼ੋਂ ਇਸ ਦੀਵੇ ਵਾਸਤੇ ਸਿਰਫ਼ ਇੱਕ ਰੁਪਿਆ ਹੀ ਵੱਧ ਲੈਂਦੇ ਹਨ।
ਆਪਣੀ ਕਲਾ ਨੂੰ ਲੈ ਕੇ ਇਹ ਪਰਦੇਸਮ ਦਾ ਉਤਸ਼ਾਹ ਤੇ ਸ਼ੌਕ ਹੀ ਹੈ ਜਿਹਨੇ ਅੱਠ ਦਹਾਕਿਆ ਤੱਕ ਵਿਸ਼ਾਖਾਪਟਨਮ ਦੇ ਕੁੰਮਰੀਵੇਧੀ (ਘੁਮਿਆਰਾਂ ਦੀ ਗਲ਼ੀ) ਵਿਖੇ ਪੈਂਦੇ ਆਪਣੇ ਮਕਾਨ ਅੰਦਰ ਇਸ ਚਾਕ ਨੂੰ ਘੁੰਮਦਾ ਰੱਖਿਆ। ਇੰਨੇ ਸਮੇਂ ਦੌਰਾਨ ਉਨ੍ਹਾਂ ਦੇ ਹੱਥੀਂ ਤਿਆਰ ਲੱਖਾਂ-ਲੱਖ ਦੀਵਿਆਂ ਨੇ ਦੀਵਾਲੀ ਮੌਕੇ ਕਈ ਘਰਾਂ ਨੂੰ ਰੌਸ਼ਨ ਕੀਤਾ ਹੋਣਾ। ''ਦੇਖਦੇ ਹੀ ਦੇਖਦੇ ਇਹ ਅਕਾਰਹੀਣ ਘਾਣੀ ਚਾਕ 'ਤੇ ਚੜ੍ਹਦਿਆਂ ਹੀ ਸਿਰਫ਼ ਸਾਡੇ ਹੱਥਾਂ ਦੀ ਛੂਹ ਤੇ ਊਰਜਾ ਨਾਲ਼ ਇੱਕ ਵਸਤੂ ਦਾ ਅਕਾਰ ਲੈਣ ਲੱਗਦੀ ਏ। ਇਹੀ ਤਾਂ ਕਲਾ ਹੈ,'' ਸੌ ਸਾਲ ਨੂੰ ਢੁੱਕਣ ਵਾਲ਼ੇ ਇਸ ਬਜ਼ੁਰਗ ਦਾ ਕਹਿਣਾ ਹੈ ਜੋ ਆਪਣੇ ਪਰਿਵਾਰ ਦੇ ਨਾਲ਼ ਰਹਿੰਦਾ ਹੈ ਤੇ ਬਹੁਤਾ ਕਰਕੇ ਘਰੋਂ ਬਾਹਰ ਨਹੀਂ ਜਾਂਦਾ ਕਿਉਂਕਿ ਉਹਨੂੰ ਥੋੜ੍ਹਾ ਉੱਚਾ ਸੁਣਦਾ ਹੈ।
ਕੁੰਮਰੀ ਵੇਧੀ, ਵਿਸ਼ਾਖਾਪਟਨਮ ਸ਼ਹਿਰ ਦੇ ਅਕਯਾਪਾਲਮ ਦੇ ਰੁਝੇਵੇਂ ਭਰੇ ਬਾਜ਼ਾਰ ਦੇ ਨੇੜੇ ਸਥਿਤ ਇੱਕ ਭੀੜੀ ਗਲ਼ੀ ਹੈ। ਇਸ ਗਲ਼ੀ ਦੇ ਜ਼ਿਆਦਾਤਰ ਵਾਸੀ ਕੁੰਮਰਾ ਹੀ ਹਨ- ਇੱਕ ਅਜਿਹਾ ਭਾਈਚਾਰਾ ਜੋ ਪੀੜ੍ਹੀਆਂ ਤੋਂ ਮਿੱਟੀ ਦੀਆਂ ਵਸਤਾਂ ਤੇ ਮੂਰਤੀਆਂ ਬਣਾਉਂਦਾ ਆਇਆ ਹੈ। ਪਰਦੇਸਮ ਦੇ ਦਾਦਾ ਕੰਮ ਦੀ ਭਾਲ ਵਿੱਚ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਪਦਮਨਾਭਨ ਮੰਡਲ ਦੇ ਪੋਟਨਰੂ ਪਿੰਡ ਤੋਂ ਇੱਥੇ ਸ਼ਹਿਰ ਆ ਗਏ ਸਨ। ਉਨ੍ਹਾਂ ਨੂੰ ਉਹ ਸਮਾਂ ਯਾਦ ਹੈ ਜਦੋਂ ਉਹ ਛੋਟੇ ਹੁੰਦੇ ਸਨ ਅਤੇ ਇਸੇ ਘੁਮਿਆਰ ਗਲੀ ਦੇ ਸਾਰੇ ਹੀ 30 ਕੁੰਮਰਾ ਪਰਿਵਾਰ ਦੀਵੇ, ਪੌਦਿਆਂ ਲਈ ਗਮਲੇ, 'ਪਿਗੀ ਬੈਂਕ', ਮਿੱਟੀ ਦੇ ਜਾਰ, ਕੱਪ ਅਤੇ ਮੂਰਤੀਆਂ ਸਮੇਤ ਹੋਰ ਮਿੱਟੀ ਦੀਆਂ ਚੀਜ਼ਾਂ ਬਣਾ ਰਹੇ ਹੁੰਦੇ।
ਅੱਜ, ਪਰਦੇਸਮ ਦੀਵੇ ਬਣਾਉਣ ਦੇ ਅਖ਼ੀਰਲੇ ਕਾਰੀਗਰ ਹਨ, ਉਸ ਥਾਵੇਂ ਜਿਹਨੂੰ ਵਿਸ਼ਾਖਾਪਟਨਮ ਦੇ ਘੁਮਿਆਰਾਂ ਦੇ ਇਕਲੌਤੇ ਘਰ ਵਜੋਂ ਦੇਖਿਆ ਜਾਂਦਾ ਹੈ। ਘੁਮਿਆਰਾਂ ਦੇ ਬਾਕੀ ਪਰਿਵਾਰ ਜਾਂ ਤਾਂ ਸਿਰਫ਼ ਮੂਰਤੀ ਤੇ ਮਿੱਟੀ ਦੀਆਂ ਹੋਰ ਵਸਤਾਂ ਬਣਾਉਂਦੇ ਹਨ ਜਾਂ ਇਸ ਕਲਾ ਨੂੰ ਹੀ ਪੂਰੀ ਤਰ੍ਹਾਂ ਛੱਡ ਗਏ ਹਨ। ਇੱਕ ਦਹਾਕਾ ਪਹਿਲਾਂ ਤੀਕਰ, ਉਹ (ਪਰਦੇਸਮ) ਵੀ ਤਿਓਹਾਰਾਂ ਵਾਸਤੇ ਮੂਰਤੀਆਂ ਬਣਾਉਂਦੇ ਸਨ ਪਰ ਹੌਲ਼ੀ-ਹੌਲ਼ੀ ਉਹ ਕੰਮ ਛੱਡ ਗਏ। ਉਹ ਕਹਿੰਦੇ ਹਨ ਕਿ ਮੂਰਤੀਆਂ ਬਣਾਉਣਾ ਸਰੀਰਕ ਮਿਹਨਤ ਪੱਖੋਂ ਵੱਧ ਔਖ਼ਾ ਕੰਮ ਹੈ ਤੇ ਉਨ੍ਹਾਂ ਨੂੰ ਘੰਟਿਆਂ-ਬੱਧੀ ਭੁੰਜੇ ਬੈਠਣਾ ਮੁਸ਼ਕਲ ਲੱਗਦਾ ਹੈ।













