''ਹੁਣ ਜਦੋਂਕਿ ਤੂਫ਼ਾਨ ਮੁੱਕ ਗਿਆ ਹੈ, ਸਾਨੂੰ ਇੱਥੋਂ ਜਾਣ ਲਈ ਕਹਿ ਦਿੱਤਾ ਗਿਆ ਹੈ,'' ਕਾਲੀਦਾਸਪੁਰ ਪਿੰਡ ਦੀ ਰਹਿਣ ਵਾਲ਼ੀ ਅਮੀਨਾ ਬੀਬੀ ਨੇ ਮਈ ਦੇ ਅੰਤ ਵਿੱਚ ਮੈਨੂੰ ਦੱਸਿਆ। ''ਪਰ ਅਸੀਂ ਜਾਈਏ ਤਾਂ ਜਾਈਏ ਕਿੱਥੇ?''
ਉਸ ਤੂਫ਼ਾਨ ਤੋਂ ਇੱਕ ਦਿਨ ਪਹਿਲਾਂ, ਅੰਫਨ ਚੱਕਰਵਾਤ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਵਿੱਚ ਅਮੀਨਾ ਦੇ ਪਿੰਡੋਂ ਕਰੀਬ 150 ਕਿਲੋਮੀਟਰ ਦੂਰ ਜ਼ਮੀਨ ਨਾਲ਼ ਟਕਰਾਇਆ ਸੀ, ਉਦੋਂ ਸਥਾਨਕ ਅਧਿਕਾਰੀਆਂ ਨੇ ਕਈ ਪਿੰਡਾਂ ਤੋਂ ਪਰਿਵਾਰਾਂ ਨੂੰ ਕੱਢ ਕੇ ਰਾਹਤ ਖ਼ੇਮਿਆਂ ਵਿੱਚ ਰੱਖੀ ਰੱਖਿਆ ਸੀ। ਅਮੀਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਸਾਲ 19 ਮਈ ਨੂੰ, ਗੁਆਂਢ ਦੇ ਇੱਕ ਪਿੰਡ ਵਿੱਚ ਬਣੇ ਅਸਥਾਈ ਕਮਰਿਆਂ ਵਿੱਚ ਲਿਜਾਇਆ ਗਿਆ।
ਇਸ ਚੱਕਰਵਾਤ ਨੇ ਸੁੰਦਰਬਨ ਵਿਖੇ ਸਥਿਤ ਗੋਸਾਬਾ ਬਲਾਕ ਵਿੱਚ, ਕਰੀਬ 5,800 ਲੋਕਾਂ ਦੀ ਵਸੋਂ ਵਾਲ਼ੇ ਪਿੰਡ ਵਿਖੇ ਅਮੀਨਾ ਦੇ ਕੱਚੇ ਢਾਰੇ ਨੂੰ ਉਜਾੜ ਦਿੱਤਾ। ਉਨ੍ਹਾਂ ਦਾ ਸਾਰਾ ਮਾਲ਼-ਅਸਬਾਬ ਰੁੜ੍ਹ ਗਿਆ। 48 ਸਾਲਾ ਅਮੀਨਾ, ਉਨ੍ਹਾਂ ਦੇ ਪਤੀ, 56 ਸਾਲਾ ਮੁਹੰਮਦ ਰਮਜ਼ਾਨ ਮੋਲਾ ਅਤੇ ਉਨ੍ਹਾਂ ਦੇ ਛੇ ਬੱਚੇ (ਉਮਰ 2 ਸਾਲ ਤੋਂ 16 ਸਾਲ ਦਰਮਿਆਨ) ਸੁਰੱਖਿਅਤ ਬਚੇ ਰਹਿਣ ਵਿੱਚ ਕਾਮਯਾਬ ਰਹੇ।
ਮੁਹੰਮਦ ਮੋਲਾ ਚੱਕਰਵਾਤ ਆਉਣ ਤੋਂ ਦੋ ਹਫ਼ਤੇ ਪਹਿਲਾਂ ਹੀ ਪਿੰਡ ਮੁੜੇ ਸਨ। ਉਹ ਮਹਾਰਾਸ਼ਟਰ ਦੇ ਪੂਨੇ ਵਿਖੇ ਇੱਕ ਮਾਲ (mall) ਵਿੱਚ ਸਫ਼ਾਈ ਦਾ ਕੰਮ ਕਰਦੇ ਸਨ ਅਤੇ 10,000 ਰੁਪਏ ਮਹੀਨਾ ਕਮਾਉਂਦੇ ਸਨ। ਇਸ ਵਾਰ, ਉਨ੍ਹਾਂ ਨੇ ਪਿੰਡ ਵਿੱਚ ਹੀ ਰੁਕੇ ਰਹਿਣ ਅਤੇ ਨੇੜੇ ਪੈਂਦੇ ਮੋਲਾ ਖਲੀ ਬਜ਼ਾਰ ਵਿੱਚ ਚਾਹ ਦੀ ਦੁਕਾਨ ਖੋਲ੍ਹਣ ਦੀ ਯੋਜਨਾ ਬਣਾਈ ਸੀ।
ਅਮੀਨਾ ਆਪਣੇ ਘਰ ਦਾ ਕੰਮ ਮੁਕਾਉਣ ਬਾਅਦ ਨੇੜਲੀ ਗੋਮੋਰ ਨਦੀਓਂ ਕੇਕੜੇ ਅਤੇ ਮੱਛੀਆਂ ਫੜ੍ਹਦੀ ਅਤੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਂਦੀ। ਉਹ ਇਨ੍ਹਾਂ ਨੂੰ ਬਜ਼ਾਰ ਵਿੱਚ ਵੇਚਿਆ ਕਰਦੀ। ''ਪਰ ਉਸ ਕੰਮ ਵਿੱਚ ਮੈਂ ਰੋਜ਼ਾਨਾ ਕਦੇ 100 ਰੁਪਏ ਵੀ ਨਹੀਂ ਕਮਾਏ ਹੋਣੇ,'' ਉਨ੍ਹਾਂ ਨੇ ਮੈਨੂੰ ਕਿਹਾ।
ਉਨ੍ਹਾਂ ਦੇ ਸਭ ਤੋਂ ਵੱਡੇ ਬੱਚੇ, ਰਕੀਬ ਅਲੀ ਨੇ 2018 ਵਿੱਚ ਸਕੂਲ ਛੱਡ ਦਿੱਤਾ, ਜਦੋਂ ਉਹ 14 ਸਾਲ ਦਾ ਸੀ। ''ਅੱਬਾ ਜੋ ਪੈਸੇ ਘਰ ਭੇਜਦੇ, ਉਸ ਨਾਲ਼ ਅਸੀਂ ਗੁਜ਼ਾਰਾ ਨਹੀਂ ਕਰ ਸਕਦੇ ਸਾਂ। ਇਸਲਈ ਮੈਂ ਕੰਮ ਕਰਨ ਲੱਗਿਆ,'' ਰਕੀਬ ਕਹਿੰਦਾ ਹੈ ਜੋ ਕੋਲਕਾਤਾ ਵਿਖੇ ਸਿਲਾਈ ਦੀ ਇੱਕ ਦੁਕਾਨ 'ਤੇ ਬਤੌਰ ਇੱਕ ਸਹਾਇਕ ਕੰਮ ਕਰਕੇ 5,000 ਰੁਪਏ ਮਹੀਨਾ ਕਮਾਉਂਦਾ ਸੀ। ਕੋਵਿਡ-19 ਤਾਲਾਬੰਦੀ ਦੌਰਾਨ ਜਦੋਂ ਅੰਫ਼ਨ ਚੱਕਰਵਾਤ ਆਇਆ ਤਾਂ ਉਹ ਆਪਣੇ ਘਰ ਹੀ ਸੀ।
ਪਰਿਵਾਰ ਦਾ ਕੱਚਾ ਢਾਰਾ ਜਿਹਦੀ ਛੱਤ ਕੱਖਾਂ ਦੀ ਬਣੀ ਹੋਈ ਹੈ, ਗੋਮੋਰ ਨਦੀ ਕੰਢੇ ਖੜ੍ਹਾ ਸੀ। ਇੱਥੇ ਆਉਂਦੇ ਹਰ ਚੱਕਰਵਾਤ-ਸਿਦਰ (2007), ਆਇਲਾ (2009) ਅਤੇ ਬੁਲਬੁਲ (2019), ਦੇ ਨਾਲ਼ ਇਹ ਨਦੀ ਉਨ੍ਹਾਂ ਦੇ ਘਰ ਦੇ ਨੇੜੇ ਹੋਰ ਨੇੜੇ ਆਉਂਦੀ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਤਿੰਨ ਵਿਘਾ ਜ਼ਮੀਨ (ਇੱਕ ਏਕੜ) ਪਾਣੀ ਵਿੱਚ ਸਮਾ ਗਈ। ਇਸੇ ਜ਼ਮੀਨ 'ਤੇ ਉਹ ਸਾਲ ਵਿੱਚ ਇੱਕ ਵਾਰ ਥੋੜ੍ਹੀਆਂ ਬਹੁਤ ਸਬਜ਼ੀਆਂ ਬੀਜਦੇ ਅਤੇ ਝੋਨਾ ਵੀ ਬੀਜਿਆ ਕਰਦੇ ਸਨ। ਜਿਸ ਸਮੇਂ ਅੰਫਨ ਆਇਆ, ਉਨ੍ਹਾਂ ਕੋਲ਼ ਕੋਈ ਜ਼ਮੀਨ ਬਚੀ ਨਹੀਂ ਰਹਿ ਗਈ ਸੀ।














